
ਲੁਧਿਆਣਾ, 11 ਜਨਵਰੀ :
ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਘਰ ਵਿਚ ਹੀ ਗੋਲੀ ਲੱਗਣ ਕਰਕੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਗੋਗੀ ਦੇ ਸਿਰ ਵਿਚ ਗੋਲੀ ਲੱਗਣ ਦੀਆਂ ਰਿਪੋਰਟਾਂ ਹਨ। ਇਹ ਘਟਨਾ ਰਾਤ 11:30 ਵਜੇ ਦੀ ਦੱਸੀ ਜਾਂਦੀ ਹੈ। ਪੁਲੀਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਪੁਸ਼ਟੀ ਹੋਵੇਗੀ ਕਿ ਬੱਸੀ ਨੇ ਖੁਦਕੁਸ਼ੀ ਕੀਤੀ ਸੀ ਜਾਂ ਉਨ੍ਹਾਂ ਗਲਤੀ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਸੀ। ਸੰਯੁਕਤ ਪੁਲੀਸ ਕਮਿਸ਼ਨਰ ਜਸਕਰਨ ਸਿੰਘ ਤੇਜਾ ਨੇ ਲੁਧਿਆਣਾ ਵਿੱਚ ਮੀਡੀਆ ਨੂੰ ਦੱਸਿਆ ਕਿ ਗੁਰਪ੍ਰੀਤ ਗੋਗੀ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀਐਚ) ਵਿੱਚ ਮ੍ਰਿਤਕ ਲਿਆਂਦਾ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰਨਾਂ ਸਿਆਸੀ ਆਗੂਆਂ ਨੇ ਆਪ ਵਿਧਾਇਕ ਦੇ ਅਕਾਲ ਚਲਾਣੇ ’ਤੇ ਦੁਖ ਜਤਾਇਆ ਹੈ।
ਤੇਜਾ ਨੇ ਕਿਹਾ, “ਪਰਿਵਾਰਕ ਮੈਂਬਰਾਂ ਅਨੁਸਾਰ ਗੋਗੀ ਨੇ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ ਅਤੇ ਉਸ ਦੇ ਸਿਰ ਵਿੱਚ ਗੋਲੀ ਲੱਗੀ। ਗੁਰਪ੍ਰੀਤ ਗੋਗੀ ਨੂੰ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ ਨੂੰ ਡੀਐਮਸੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।’’ ਇਹ ਘਟਨਾ ਇੱਕ ਜਨਤਕ ਸਮਾਗਮ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ, ਸਵੇਰੇ 12 ਵਜੇ ਦੇ ਕਰੀਬ ਵਾਪਰੀ। ਗੋਗੀ ਦੀ ਪਤਨੀ, ਜੋ ਦੂਜੇ ਕਮਰੇ ਵਿੱਚ ਸੀ, ਨੇ ਗੋਲੀਆਂ ਦੀ ਆਵਾਜ਼ ਸੁਣੀ ਅਤੇ ਉਸ ਨੂੰ ਖੂਨ ਨਾਲ ਲੱਥਪਥ ਪਿਆ ਦੇਖਿਆ। ਗੋਗੀ ਦੇ ਸੁਰੱਖਿਆ ਗਾਰਡ ਤੁਰੰਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।