
-ਜਸਵਿੰਦਰ ਸਿੰਘ ਰੁਪਾਲ
ਜੇਠ ਹਾੜ੍ਹ ਦੀ ਲੋਹੜੇ ਦੀ ਗਰਮੀ ਤੋਂ ਬਾਅਦ ਸਾਉਣ ਦਾ ਮਹੀਨਾ ਖੁਸ਼ੀਆਂ ਲੈ ਕੇ
ਆਉਂਦਾ ਹੈ। ਬੜੀ ਤੀਬਰਤਾ ਨਾਲ ਇਸ ਮਹੀਨੇ ਦੀ ਉਡੀਕ ਕੀਤੀ ਹੁੰਦੀ ਹੈ। ਪੰਜਾਬ ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਰਿਹਾ ਹੈ ਅਤੇ ਫ਼ਸਲਾਂ ਨੂੰ ਮੀਂਹ ਦੀ ਖਾਸ ਲੋੜ ਹੁੰਦੀ ਹੈ। ਕੁਝ ਸਮਾਂ ਪਹਿਲਾਂ ਖੇਤੀ ਪੂਰੀ ਦੀ ਪੂਰੀ ਮੀਂਹ ’ਤੇ ਹੀ ਨਿਰਭਰ ਕਰਦੀ ਸੀ। ਇਸ ਲਈ ਪੰਜਾਬੀਆਂ ਨੇ ਹੋਰ ਸਭ ਨਾਲੋਂ ਵੱਧ ਚਾਅ ਨਾਲ ਇਸ ਮਹੀਨੇ ਦੀ ਮੰਗ ਕੀਤੀ ਹੁੰਦੀ ਹੈ। ਬੱਚਿਆਂ ਦੇ ਮੂੰਹੋਂ ਨਿਕਲੇ ਗੀਤ ਇਸ ਦਾ ਸਬੂਤ ਹਨ।
*ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਰਸਾ ਦੇ ਜ਼ੋਰੋ ਜੋਰ ।
- ਰੱਬਾ ਰੱਬਾ ਮੀਂਹ ਵਰਸਾ
ਸਾਡੀ ਕੋਠੀ ਦਾਣੇ ਪਾ ।
ਕੁੜੀਆਂ ਨੇ ਮੀਂਹ ਪੁਆਉਣ ਲਈ ਗੁੱਡੀ ਵੀ ਫ਼ੂਕੀ ਹੁੰਦੀ ਹੈ । ਅੰਤ ਉਨ੍ਹਾਂ ਦੀ ਇੱਛਾ ਪੂਰੀ ਹੁੰਦੀ ਹੈ ਅਤੇ ਜੋਰ ਦੀ ਪੈਂਦਾ ਮੀਂਹ ਸਭ ਦੇ ਚਿਹਰੇ ਤੇ ਖੁਸ਼ੀ ਲੈ ਆਉਾਂਦਾਹੈ। ਫ਼ਸਲਾਂ ਨੂੰ ਪਾਣੀ ਮਿਲਦਾ ਹੈ, ਵਧੀਆ ਉਪਜ ਦੀ ਆਸ ਬੱਝਦੀ ਹੈ।ਵਰ੍ਹਦੇ ਮੀਂਹ ਵਿੱਚ ਬੱਚਿਆਂ ਨੂੰ ਨ੍ਹਾਉਣ ਦਾ ਵੱਖਰਾ ਹੀ ਆਨੰਦ ਆਉਂਦਾ ਹੈ। ਕਾਗਜ਼ ਦੀਆਂ ਕਿਸ਼ਤੀਆਂ ਚੱਲਦੀਆਂ ਹਨ। ਘਰਾਂ ਵਿੱਚ ਖੀਰ ਪੂੜੇ ਦੇ ਪਕਵਾਨ ਬਣਦੇ ਹਨ । ਮੀਂਹ ਨਾਲ ਗਰਮੀ ਦੂਰ ਹੁੰਦੀ ਹੈ, ਚਾਰੇ ਪਾਸੇ ਹਰਿਆਵਲ ਛਾ ਜਾਂਦੀ ਹੈ। ਕੁਦਰਤ ਦਾ ਹਰ ਕੋਨਾ ਪਸ਼ੂ, ਪੰਛੀ, ਬੂਟੇ ਆਦਿ ਇਸ ਦਾ ਸਵਾਗਤ ਕਰਦੇ ਜਾਪਦੇ ਹਨ। ਬਨਸਪਤੀ ’ਤੇ ਆਈ ਹਰਿਆਲੀ ਕਾਰਨ ਅਤੇ ਵਾਤਾਵਰਣ ਦੀ ਗਰਮੀ ਘਟਣ ਕਾਰਨ ਪੰਛੀ ਚਹਿਕਦੇ ਹਨ। ਬਾਗਾਂ ਵਿੱਚ ਕੋਇਲਾਂ ਕੂਕਦੀਆਂ ਹਨ, ਮੋਰ ਬੋਲਦੇ ਹਨ। ਅਸਮਾਨ ਵਿੱਚ ਪੰਛੀ ਚਹਿਚਹਾਉਂਦੇ ਹਨ। ਤਿਤਲੀਆਂ ਅਤੇ ਭੌਰ ਫ਼ੁੱਲਾਂ ਦੁਆਲੇ ਮੰਡਰਾਉਂਦੇ ਨਜ਼ਰ ਆਉਂਦੇ ਹਨ। - ਲੱਖ ਖੁਸ਼ੀਆਂ ਤੇ ਸੱਧਰਾਂ ਲੈ ਕੇ, ਚੜਿ੍ਹਆ ਸਾਉਣ ਮਹੀਨਾ ।
ਕੂ ਕੂ ਕਰਕੇ ਕੋਇਲਾਂ ਕੂਕਣ, ਬੀਂਡੇ ਵਾਂਗਰ ਬੀਨਾ ।
ਗੁਰਬਾਣੀ ਵਿੱਚ ਵੀ ਮੋਰਾਂ ਦੇ ਬੋਲਣ ਦਾ ਜਿਕਰ ਗੁਰੂ ਨਾਨਕ ਦੇਵ ਜੀ ਕਰਦੇ ਹਨ-
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ ॥………………………………(ਪੰਨਾ 557, ਵਡਹੰਸੁ ਮਹਲਾ 1 ਘਰੁ 2)
ਸਾਉਣ ਮਹੀਨੇ ਵਿੱਚ ਰੱਜ ਕੇ ਮੀਂਹ ਪੈਂਦਾ ਹੈ। ਪਰਨਾਲੇ ਚੱਲ ਪੈਂਦੇ ਹਨ। ਆਉਣ ਜਾਣ ਵੇਲੇ ਵੀ ਅਤੇ ਆਮ ਜੀਵਨ ਵਿੱਚ ਵੀ ਵਰ੍ਹਦੇ ਮੀਂਹ ਤੋਂ ਬਚਣ ਦੇ ਪ੍ਰਬੰਧ ਵੀ ਕੀਤੇ ਜਾਂਦੇ ਸਨ।
- ਸਾਉਣ ਦੇ ਮਹੀਨੇ ਕਿਤੇ ਜਾਈਏ ਨਾ ਪ੍ਰਾਹੁਣੇ
ਪੈਣਗੇ ਪਰਨਾਲੇ ਕਿਸੇ ਸੁੱਤੇ ਨਾ ਜਗਾਉਣੇ । - ਸਾਉਣ ਮਹੀਨੇ ਮੀਂਹ ਪਿਆ ਪੈਂਦਾ ਗੋਡੇ ਗੋਡੇ ਪਾਣੀ
ਡੋਰੀਆ ਭਿੱਜ ਗਿਆ ਵੇ, ਤੈਂ ਛਤਰੀ ਨਾ ਤਾਣੀ।
*ਸਾਉਣ ਮਹੀਨਾ ਵਰ੍ਹੇ ਮੇਘਲਾ,ਵਗੇ ਪੁਰੇ ਦੀ ਵਾਅ,
ਵੇ ਖਾ ਲਈ ਨਾਗਾਂ ਨੇ ਜੋਗੀ ਬੀਨ ਵਜਾ, ਵੇ ਖਾ ਲਈ ਨਾਗਾਂ ਨੇ…
ਕੁੜੀਆਂ ਭਾਵੇ ਕੁਆਰੀਆਂ ਹੋਣ ਜਾਂ ਵਿਆਹੀਆਂ, ਦੋਹਾਂ ਨੂੰ ਖੁਸ਼ੀ ਬਰਾਬਰ ਦੀ ਹੁੰਦੀ ਹੈ। ਕਿਉਂਕਿ ਇਸ ਮਹੀਨੇ ਤੀਆਂ ਜੋ ਲੱਗਦੀਆਂ ਹਨ ਜਿਸ ਵਿੱਚ ਉਨ੍ਹਾਂ ਪਿੱਪਲਾਂ ’ਤੇ ਪੀਂਘਾਂ ਝੂਟਣੀਆਂ ਹਨ। ਵਿਆਹੀਆਂ ਕੁੜੀਆਂ ਨੂੰ ਬਹਾਨੇ ਨਾਲ ਆਪੋ ਆਪਣੇ ਪੇਕੇ ਘਰ ਆਉਣ ਦਾ ਮੌਕਾ ਮਿਲਦਾ ਹੈ ਅਤੇ ਹੋਰ ਹਮ ਉਮਰ ਸਹੇਲੀਆਂ ਨੂੰ ਮਿਲਣ ਦਾ ਵਧੀਆ ਅਵਸਰ ਵੀ। ਸਾਉਣ ਮਹੀਨੇ ਦੇ ਚਾਨਣ ਪੱਖ ਵਾਲੇ ਪੰਦਰਵਾੜੇ ਦੀ ਤੀਜ ਤੋਂ ਆਰੰਭ ਹੋਣ ਕਾਰਨ ਹੀ ਤੀਆਂ ਨਾਮ ਪ੍ਰਚਲਿਤ ਹੋ ਗਿਆ ਹੈ। ਲੜਕੀਆਂ ਮਹਿੰਦੀ ਲਗਾਉਂਦੀਆਂ ਹਨ, ਚੂੜੀਆਂ ਪਾਉਂਦੀਆਂ ਹਨ ਅਤੇ ਹੋਰ ਹਰ ਸ਼ਿੰਗਾਰ ਕਰ ਕੇ ਗਿੱਧੇ ਦੇ ਪਿੜ ਵਿੱਚ ਆ ਕੇ ਧਮਾਲ ਪਾਉਂਦੀਆਂ ਹਨ। ਆਪਣੇ ਦਿਲੀ ਜਜ਼ਬਿਆਂ ਨੂੰ ਬੋਲੀਆਂ ਰਾਹੀਂ ਬਾਹਰ ਕੱਢਦੀਆਂ ਹਨ ਅਤੇ ਹੌਲ਼ੀਆਂ ਫ਼ੁੱਲ ਹੋ ਜਾਂਦੀਆਂ ਹਨ। ਤੀਆਂ ਦੇ ਪਿੜ ਵਿੱਚ ਨਾ ਕੋਈ ਮਰਦ ਹੁੰਦਾ ਹੈ, ਨਾ ਹੀ ਮਾਪਿਆਂ ਜਾਂ ਸਹੁਰਿਆਂ ਦੇ ਟੋਕੇ ਜਾਣ ਦਾ ਡਰ ਹੁੰਦਾ ਹੈ। ਇਸ ਲਈ ਉਹ ਦਿਲ ਦੇ ਉਬਾਲ ਕੱਢਦੀਆਂ ਹਨ। ਇਹਨਾਂ ਬੋਲੀਆਂ ਤੇ ਟੱਪਿਆਂ ਰਾਹੀਂ ਜਿਥੇ ਕੁਆਰੀਆਂ ਕੁੜੀਆਂ ਆਪੋ ਆਪਣੀ ਇਸ਼ਕ ਮੁਹੱਬਤ ਦਾ ਇਜ਼ਹਾਰ ਕਰਦੀਆਂ ਹਨ, ਉੱਥੇ ਵਿਆਹੀਆਂ ਕੁੜੀਆਂ ਆਪਣੇ ਪਤੀ, ਸੱਸ ,ਜਾਂ ਸਹੁਰੇ ਪਰਿਵਾਰ ਵਿੱਚ ਕਿਸੇ ਵੀ ਤਰ੍ਹਾਂ ਦੇ ਝੱਲੇ ਹੋਏ ਕਸ਼ਟ ਅਤੇ ਪਰਿਵਾਰ ਤੇ ਇਤਰਾਜ਼ ਪ੍ਰਗਟਾਉਂਦੀਆਂ ਹਨ।
ਸਾਉਣ ਮਹੀਨੇ ਨੂੰ ਇਹ ਕੁੜੀਆਂ ਚੰਗਾ ਸਮਝਦੀਆਂ ਹਨ ਕਿਉਂਕਿ ਇਸ ਨੇ ਸਹੇਲੀਆਂ ਨੂੰ ਮਿਲਾਇਆ ਹੈ ਜਦ ਕਿ ਭਾਦੋਂ ਦੇ ਮਹੀਨੇ ਹਰ ਕਿਸੇ ਨੇ ਆਪੋ ਆਪਣੇ ਸਹੁਰੇ ਘਰ ਜਾਣਾ ਹੁੰਦਾ ਹੈ ਅਤੇ ਇਹ ਵਿਛੋੜਾ ਸਹਿਣ ਕਾਰਨ ਭਾਦੋਂ ਚੰਦਰੀ ਬਣ ਜਾਂਦੀ ਹੈ। ਤੀਆਂ ਤੋਂ ਸ਼ੁਰੂ ਹੋਇਆ ਇਹ ਮੇਲ ਰੱਖੜੀ ਤੱਕ ਚੱਲਦਾ ਹੈ। ਸਹੁਰੇ ਘਰ ਤੋਂ ਤੀਆਂ ਮਨਾਉਣ ਲਈ ਪੇਕੇ ਆਈਆਂ ਕੁੜੀਆਂ, ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਹੀ ਵਾਪਸ ਮੁੜਦੀਆਂ ਸਨ। - ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ ।
ਤੀਆਂ ਵਿੱਚ ਕੱਠੀਆਂ ਹੋਈਆਂ ਕੁੜੀਆਂ ਖੁੱਲ ਕੇ ਨੱਚਦੀਆਂ ਹਨ। ਤੀਆਂ ਵਿੱਚ ਲੜਕੀਆਂ ਦੀ ਖੁਸ਼ੀ ਦਾ ਅੰਦਾਜਾ ਇਸ ਗੱਲ ਤੋਂ
ਸਹਿਜੇ ਹੀ ਲੱਗ ਜਾਂਦਾ ਹੈ ਕਿ ਤੀਆਂ ਇੱਕ ਮੁਹਾਵਰਾ ਬਣ ਚੁੱਕਿਆ ਹੈ। ਆਮ ਬੋਲ ਚਾਲ ਵਿੱਚ ਵੀ ਜਿਥੇ ਕਿਤੇ ਖੁਸ਼ੀ ਦਾ ਮਾਹੌਲ ਹੋਵੇ, ਉਸ ਬਾਰੇ ਕਿਹਾ ਜਾਂਦਾ ਏ ਕਿ ਭਈ ਉਥੇ ਤਾਂ ਰੋਜ ਤੀਆਂ ਲੱਗਦੀਆਂ ਨੇ। ਇਸ ਸਮੇਂ ਦੀਆਂ ਬੋਲੀਆਂ ਨੇ ਪੈਂਦੇ ਗਿੱਧੇ ਦੀ ਧਮਕ ਨੂੰ ਅਤੇ ਪੀਂਘਾਂ ਦੇ ਝੂਟਿਆਂ ਨੂੰ ਆਪਣੇ ਵਿੱਚ ਸਮੋਇਆ ਹੋਇਆ ਹੈ। - ਸਾਉਣ ਮਹੀਨੇ ਘਾਹ ਹੋ ਗਿਆ
ਰੱਜੀਆਂ ਮੱਝੀਂ ਗਾਈਂ ।
ਗਿੱਧਿਆ ਪਿੰਡ ਵੜ ਵੇ
ਲਾਮ ਲਾਮ ਨਾ ਜਾਈਂ। - ਸਾਉਣ ਮਹੀਨਾ, ਵਰ੍ਹੇ ਮੇਘਲਾ, ਵਰਸੇ ਜ਼ੋਰੋ ਜ਼ੋਰ
ਵੇ ਦਿਨ ਤੀਆਂ ਦੇ ਆਏ, ਪੀਂਘਾਂ ਲੈਣ ਹੁਲਾਰੇ ਜ਼ੋਰ। - ਸਾਉਣ ਦਾ ਮਹੀਨਾ, ਪੇਕਿਆਂ ਦਾ ਪਿੰਡ, ਨਾਲੇ ਤੀਆਂ ਵਾਲਾ ਆਇਆ ਏ ਤਿਉਹਾਰ।
ਗਿੱਧੇ ਵਿੱਚ ਮੈਂ ਨੱਚਦੀ, ਮੇਰੇ ਖੇਤਾਂ ਵਿੱਚ ਨੱਚਦੀ ਬਹਾਰ। ਗਿੱਧੇ ਵਿੱਚ ਮੈਂ ਨੱਚਦੀ…..
*ਸਾਉਣ ਮਹੀਨਾ ਘਾਹ ਜੰਮ ਪਿਆ, ਰੱਜਣ ਮੱਝੀਆਂ ਗਾਈਆਂ ,
ਪੀਂਘਾਂ ਝੂਟਦੀਆਂ, ਨਣਦਾਂ ਤੇ ਭਰਜਾਈਆਂ। …..ਪੀਂਘਾਂ ਝੂਟਦੀਆਂ ….
ਥੜਿ੍ਹਆਂ ਬਾਝ ਨਾ ਸੋਂਹਦੇ ਪਿੱਪਲ, ਬਾਗਾਂ ਨਾਲ ਫ਼ਲਾਹੀਆਂ
ਹੰਸਾਂ ਨਾਲ ਹਮੇਲਾਂ ਸੁੰਹਦੀਆਂ, ਬੰਦਾਂ ਨਾਲ ਗਜਰਾਈਆਂ
ਧੰਨ ਭਾਗ ਮੇਰੇ ਆਖੇ ਪਿੱਪਲ, ਕੁੜੀਆਂ ਨੇ ਪੀਂਘਾਂ ਪਾਈਆਂ
ਸਾਉਣ ਵਿੱਚ ਕੁੜੀਆਂ ਨੇ, ਪੀਂਘਾਂ ਖੂਬ ਚੜ੍ਹਾਈਆਂ। - ਸਾਉਣ ਮਹੀਨੇ ਬੱਦਲ ਪੈਂਦਾ, ਨਿੰਮੀਆਂ ਪੈਣ ਫ਼ੁਹਾਰਾਂ ।
ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ, ਇੱਕੋ ਜਿਹੀਆਂ ਮੁਟਿਆਰਾਂ ।
ਗਿੱਧੇ ਦੇ ਵਿਚ ਏਦਾਂ ਲਿਸ਼ਕਣ, ਜਿਉਂ ਸੋਨੇ ਦੀਆਂ ਤਾਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂ, ਜਿਉਂ ਕੂੰਜਾਂ ਦੀਆਂ ਡਾਰਾਂ ।
ਜੋਰ ਜੁਆਨੀ ਦਾ, ਲੁੱਟ ਲਓ ਮੌਜ ਬਹਾਰਾਂ । - ਸਾਉਣ ਮਹੀਨਾ ਦਿਨ ਗਿੱਧੇ ਦੇ, ਕੁੜੀਆਂ ਪੀਂਘਾਂ ਪਾਈਆਂ
ਨੱਚਣ, ਕੁੱਦਣ, ਝੂਟਣ ਪੀਂਘਾਂ, ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ, ਬਾਂਕਾਂ ਮੇਚ ਨਾ ਆਈਆਂ।
ਗਿੱਧਾ ਪਾ ਰਹੀਆਂ, ਨਣਦਾਂ ਤੇ ਭਰਜਾਈਆਂ ।
ਇਸ ਮਹੀਨੇ ਖੀਰ ਪੂੜੇ ਜਿਆਦਾ ਬਣਦੇ ਹੋਰ ਕਰਕੇ ਇਸ ਲਈ ਲੋੜੀਦੇ ਕੱਚੇ ਮਾਲ ਦੀ ਮੰਗ ਵੱਧ ਜਾਂਦੀ ਹੈ। ਪਰ ਵਪਾਰੀ ਬਿਰਤੀ ਰੱਖਣ ਵਾਲੇ ਦੁਕਾਨਦਾਰ ਆਪਣੇ ਮੁਨਾਫ਼ੇ ਵਿੱਚ ਹੋਰ ਵਾਧਾ ਕਰਨ ਲਈ ਗੁੜ ਬਗੈਰਾ ਮਹਿੰਗਾ ਕਰ ਦਿੰਦੇ ਸਨ। ਹੇਠ ਲਿਖੀ ਬੋਲੀ ਬਾਣੀਏ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਬਿਆਨ ਕਰਦੀ ਹੈ — - ਸਾਉਣ ਮਹੀਨੇ ਲੁੱਟਣ ਬਾਣੀਏ ਨਵੀਆਂ ਹੱਟੀਆਂ ਪਾਕੇ
ਪਹਿਲਾਂ ਤਾਂ ਗੁੜ ਧੜੀਏਂ ਵਿਕਦਾ ਹੁਣ ਕਿਉਂ ਦੇਣ ਘਟਾ ਕੇ
ਕੁੜੀਆਂ ਮੁੰਡੇ ਜਿਦ ਨੇ ਕਰਦੇ ਪੂੜੇ ਦਿਓ ਬਣਾਕੇ
ਬਾਣੀਓ ਤਰਸ ਕਰੋ ਗੁੜ ਵੇਚੋ ਭਾਅ ਘਟਾ ਕੇ
ਬਾਣੀਓ ਤਰਸ ਕਰੋ…….
ਪੇਕੇ ਆਈਆਂ ਕੁੜੀਆਂ ਦਾ ਵਾਪਸ ਸਹੁਰੇ ਜਾਣ ਨੂੰ ਛੇਤੀ ਛੇਤੀ ਦਿਲ ਨਹੀਂ ਕਰਦਾ । ਕਿਉਂਕਿ ਉਹਨਾਂ ਦਾ ਦਿਲ ਲੱਗਿਆ ਹੁੰਦਾ ਹੈ। ਆਪਣੀਆਂ ਜ਼ਿੰਮੇਵਾਰੀਆਂ ਤੋਂ ਆਜ਼ਾਦ, ਕਿਸੇ ਵੀ ਟੋਕਾ ਟਾਕੀ ਤੋਂ ਦੂਰ, ਉਹਨਾਂ ਦੀ ਰੂਹ ਅੰਬਰੀਂ ਉਡਾਰੀ ਲਗਾ ਰਹੀ ਹੁੰਦੀ ਹੈ। ਪਿਆਰੀਆਂ ਪਿਆਰੀਆਂ ਸਹੇਲੀਆਂ ਤੋਂ ਵਿਛੜਨ ਨੂੰ ਦਿਲ ਨਹੀਂ ਕਰਦਾ। ਤਦੇ ਹੂਕ ਨਿਕਲਦੀ ਹੈ - ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ।
ਮੈਂ ਨਹੀਂ ਸਹੁਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ।
ਜੇ ਕਿਸੇ ਕਾਰਨ ਮੀਂਹ ਪੈਣ ਵਿੱਚ ਦੇਰੀ ਹੋ ਜਾਏ, ਕੁਝ ਦਿਨ ਸੁੱਕੇ ਲੰਘ ਜਾਣ , ਤਾਂ ਤੜਪ ਨਿਕਲਦੀ ਹੈ । ਕਿਉਂਕਿ ਮੀਂਹ ਨਾ ਪੈਣ ਦਾ ਭਾਵ ਜਮੀਨ ਨੂੰ
ਸਿੰਚਾਈ ਲਈ ਪਾਣੀ ਦਾ ਨਾ ਮਿਲਣਾ। ਅਜਿਹੇ ਵਿਹਲੇ ਸਮੇਂ ਗੱਭਰੂ ਨਸ਼ਿਆਂ ਦੇ ਆਦੀ ਹੋ ਜਾਂਦੇ ਨੇ ਅਤੇ ਪਸ਼ੂਆਂ ਨੂੰ ਵੀ ਹਰਾ ਚਾਰਾ ਨਹੀਂ
ਮਿਲਦਾ। - ਸਾਉਣ ਮਹੀਨੇ ਮੀਂਹ ਨਾ ਪੈਂਦਾ, ਸੁੱਕੀਆਂ ਵਾਹੁਣ ਜ਼ਮੀਨਾਂ
ਸੁੱਕੀ ਤੂੜੀ ਖਾ ਖਾ ਢੱਗੇ ਹਾਰ ਗਏ, ਗੱਭਰੂ ਗਿੱਝ ਗਏ ਫ਼ੀਮਾਂ
ਤੇਰੀ ਬੈਠਕ ਨੇ, ਪੱਟਿਆ ਕਬੂਤਰ ਚੀਨਾ।
ਪਰ ਅਜਿਹਾ ਤਾਂ ਕਦੇ ਕਦੇ ਹੀ ਹੁੰਦਾ ਹੈ। ਆਮ ਹਾਲਤਾਂ ਵਿੱਚ ਸਾਉਣ ਦਾ ਇਹ ਮਹੀਨਾ ਹਰ ਪਾਸੇ ਹਰਿਆਵਲ, ਹਰ ਦਿਲ ਵਿੱਚ ਉਤਸ਼ਾਹ ਅਤੇ ਚਿਹਰੇ ਤੇ ਖੁਸ਼ੀਆਂ ਲਿਆਉਂਦਾ ਹੈ।
ਸਮਾਂ ਬਹੁਤ ਬਦਲ ਗਿਆ ਹੈ। ਹੁਣ ਲੋਕਾਂ ਕੋਲ ਬਦਲਦੇ ਮੌਸਮਾਂ ਨੂੰ ਮਨਾਉਣ ਦਾ ਵਕਤ ਹੀ ਨਹੀਂ ਹੈ। ਨਾ ਹੁਣ ਵੱਡੇ ਅਤੇ ਸੰਘਣੀਆਂ ਛਾਵਾਂ ਵਾਲੇ ਪਿੱਪਲ ਅਤੇ ਬੋਹੜ ਹੀ ਰਹੇ ਹਨ ਅਤੇ ਨਾ ਹੀ ਪੀਂਘਾਂ ਝੂਟਦੀਆਂ ਕੁੜੀਆਂ ਨਜਰ ਆਉਾਂਦੀਆਂਹਨ। ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਕੁਝ ਉਚੇਚੇ ਯਤਨਾਂ ਨਾਲ ਤੀਆਂ ਲਗਾਈਆਂ ਜਾਂਦੀਆਂ ਹਨ। ਪਰ ਉਨ੍ਹਾਂ ਵਿਚ ਪੁਰਾਣੇ ਸਮੇਂ ਵਾਲਾ ਨਾ ਚਾਅ ਹੈ, ਨਾ ਉਤਸ਼ਾਹ।
ਇਕ ਰਸਮ ਪੂਰਤੀ ਕਰਕੇ ਮਨ ਨੂੰ ਧਰਵਾਸ ਦੇਣ ਦਾ ਯਤਨ ਹੈ। ਨਵੀਂ ਪੀੜ੍ਹੀ ਨੂੰ ਇਹ ਸਭ ਫ਼ਜੂਲ ਲੱਗਦਾ ਹੈ। ਵਿਰਸੇ ਦੀ ਮਹਾਨਤਾ ਨੂੰ ਅਗਲੀਆਂ ਪੀੜ੍ਹੀਆਂ ਤੱਕ ਪੁਚਾਉਣਾ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ।