
ਜਲੰਧਰ, 8 ਅਪਰੈਲ :
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇਰ ਰਾਤ ਇਕ – ਡੇਢ ਵਜੇ ਦੇ ਕਰੀਬ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਘਰ ’ਚ ਖੜ੍ਹੀ ਕਾਰ, ਮੋਟਰਸਾਈਕਲ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਗ਼ਨੀਮਤ ਰਹੀ ਕਿ ਇਸ ਧਮਾਕੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮਨੋਰੰਜਨ ਕਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ ਕਰੀਬ 12 ਵਜੇ ਆਪਣੇ ਘਰ ਦੇ ਵਿਹੜੇ ’ਚ ਘੁੰਮ ਰਹੇ ਸਨ। ਜਦੋਂ ਉਹ ਆਪਣੇ ਕਮਰੇ ਵਿਚ ਸੌਣ ਲਈ ਗਏ ਤਾਂ ਕੁਝ ਹੀ ਦੇਰ ਬਾਅਦ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਮੁਲਾਜ਼ਮ ਸਹਿਮ ਗਏ। ਸ੍ਰੀ ਕਾਲੀਆ ਨੇ ਦੱਸਿਆ ਕਿ ਧਮਾਕਾ ਐਨਾ ਜ਼ਬਰਦਸਤ ਸੀ ਕਿ ਇਸ ਨਾਲ ਵਿਹੜੇ ਵਿਚ ਲੱਗੇ ਪੱਥਰ ’ਚ ਟੋਇਆ ਪੈ ਗਿਆ ਅਤੇ ਮੋਟਰਸਾਈਕਲ ਅਤੇ ਕਾਰ ਦਾ ਵੀ ਭਾਰੀ ਨੁਕਸਾਨ ਹੋਇਆ। ਦਰਵਾਜ਼ਿਆਂ ਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਘਟਨਾ ਦਾ ਪਤਾ ਲਗਦੇ ਹੀ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਜਾਂਚ ਚਲ ਰਹੀ ਹੈ ਤੇ ਛੇਤੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਲੈ ਕੇ ਹਮਲਾਵਰਾਂ ਦੇ ਵਾਪਸੀ ਰੂਟ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਤਾ ਲਗਾ ਹੈ ਕਿ ਤਿੰਨ ਨੌਜਵਾਨ ਮੋਟਰਸਾਈਕਲ ਤੇ ਈ ਰਿਕਸ਼ਾ ’ਤੇ ਆਏ ਸਨ। ਇਨ੍ਹਾਂ ਵਿਚੋਂ ਇਕ ਨੇ ਕਾਲੀਆ ਦੇ ਘਰ ਅੰਦਰ ਹੈਂਡ ਗ੍ਰਨੇਡ ਸੁੱਟਿਆ ਤੇ ਫ਼ਰਾਰ ਹੋ ਗਏ।