
ਨਿਊਯਾਰਕ/ਏ.ਟੀ.ਨਿਊਜ਼: ਸਾਰਾ ਇਰਾਨੀ ਤੇ ਐਂਡਰੀਆ ਵਵਾਸੋਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਿਛਲੇ ਦਿਨੀਂ ਰਾਤ ਸਮੇਂ ਖੇਡੇ ਗਏ ਫਾਈਨਲ ’ਚ ਜਿੱਤ ਦਰਜ ਕਰਕੇ ਯੂ.ਐੈੱਸ. ਓਪਨ ਟੈਨਿਸ ਟੂਰਨਾਮੈਂਟ ’ਚ ਮਿਕਸਡ ਡਬਲਜ਼ ਦਾ ਖ਼ਿਤਾਬ ਬਰਕਰਾਰ ਰੱਖਿਆ ਹੈ।
ਇਟਲੀ ਦੀ ਇਸ ਜੋੜੀ ਨੇ ਖ਼ਿਤਾਬੀ ਮੁਕਾਬਲੇ ’ਚ ਇਗਾ ਸਵਿਆਤੇਕ ਤੇ ਕੈਸਪਰ ਰੁੱਡ ਦੀ ਜੋੜੀ ਨੂੰ 6-3, 5-7 (10-6) ਨਾਲ ਹਰਾਇਆ ਅਤੇ ਦੋ ਦਿਨਾਂ ’ਚ ਚਾਰ ਮੈਚ ਜਿੱਤ ਕੇ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਹਾਸਲ ਕੀਤੀ ਜੋ ਪਿਛਲੇ ਸਾਲ ਉਨ੍ਹਾਂ ਨੂੰ ਮਿਲੀ ਪੁਰਸਕਾਰ ਰਾਸ਼ੀ ਤੋਂ ਕਿਤੇ ਜ਼ਿਆਦਾ ਹੈ। ਇਰਾਨੀ ਤੇ ਵਵਾਸੋਰੀ ਉਨ੍ਹਾਂ ਕਈ ਖਿਡਾਰੀਆਂ ’ਚ ਸ਼ਾਮਲ ਸਨ, ਜਿਨ੍ਹਾਂ ਨੇ ਪਹਿਲਾਂ ਇਸ ਨਵੇਂ ਫਾਰਮੈਟ ਦੀ ਆਲੋਚਨਾ ਕੀਤੀ ਸੀ ਪਰ ਚੈਂਪੀਅਨ ਬਣਨ ਮਗਰੋਂ ਉਹ ਖੁਸ਼ ਨਜ਼ਰ ਆ ਰਹੇ ਸਨ। ਵਵਾਸੋਰੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇੰਨੇ ਜ਼ਿਆਦਾ ਦਰਸ਼ਕਾਂ ਸਾਹਮਣੇ ਇਸ ਮੈਦਾਨ ’ਚ ਖੇਡਣਾ ਸ਼ਾਨਦਾਰ ਸੀ ਅਤੇ ਮੈਂ ਇਸ ਮਾਹੌਲ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’’