ਹੇਵਰਡ : ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫ਼ੋਰਨੀਆ ਵੱਲੋਂ ਆਪਣੀ 25ਵੀਂ ਵਰ੍ਹੇਗੰਢ ਉੱਤੇ ਤਿੰਨ ਰੋਜ਼ਾ ਪੰਜਾਬੀ ਸਾਹਿਤਕ ਕਾਨਫ਼ਰੰਸ ਸੈਫ਼ਾਇਰ ਬੈਂਕੁਇੱਟ ਹਾਲ ਹੇਵਰਡ (ਕੈਲੀਫ਼ੋਰਨੀਆ) ਵਿਖੇ ਕਰਵਾਈ ਗਈ। ਅਮਰੀਕਾ ਵਿੱਚ ਇਹ ਪਹਿਲੀ ਪੰਜਾਬੀ ਸਾਹਿਤਕ ਕਾਨਫ਼ਰੰਸ ਸੀ ਜੋ ਤਿੰਨ ਦਿਨ ਚੱਲੀ ਅਤੇ ਇਸ ਵਿੱਚ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਲਗਾਤਾਰ ਤਿੰਨ ਦਿਨ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੇ ਵੱਖ ਵੱਖ ਪਹਿਲੂਆਂ ਉੱਪਰ ਗੰਭੀਰ ਚਿੰਤਨ ਕੀਤਾ ਗਿਆ।
ਕਾਨਫ਼ਰੰਸ ਦੀ ਸ਼ੁਰੂਆਤ ਪੰਜਾਬੀ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫ਼ੋਰਨੀਆ ਦੇ ਰੂਹੇ-ਰਵਾਂ ਅਤੇ ਨਾਮਵਰ ਸ਼ਾਇਰ ਕੁਲਵਿੰਦਰ ਦੇ ਮੋਹ ਭਰੇ ਸ਼ਬਦਾਂ ਨਾਲ਼ ਹੋਈ। ਕੁਲਵਿੰਦਰ ਨੇ ਅਕਾਦਮੀ ਦੀ ਸਥਾਪਨਾ, ਸਰਗਰਮੀਆਂ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਅਕਾਦਮੀ ਦੇ ਵਿੱਛੜ ਚੁੱਕੇ ਮੁੱਢਲੇ ਮੈਂਬਰ ਗੁਰੂਮੇਲ ਸਿੱਧੂ ਨੂੰ ਯਾਦ ਕੀਤਾ ਅਤੇ ਸੁਖਵਿੰਦਰ ਕੰਬੋਜ ਤੇ ਸੁਰਿੰਦਰ ਸੀਰਤ ਦੀ ਯੋਗਦਾਨ ਦੀ ਪ੍ਰਸੰਸਾ ਕੀਤੀ। ਕੁਲਵਿੰਦਰ ਨੇ ਕਿਹਾ ਕਿ “ਭਾਸ਼ਾ ਸਿਰਫ ਸ਼ਬਦਾਂ ਦਾ ਸਮੂਹ ਹੀ ਨਹੀਂ ਹੁੰਦੀ, ਇਹ ਸਾਡੀ ਪਹਿਚਾਣ ਹੈ, ਸਾਡਾ ਵਿਰਸਾ ਹੈ, ਸਾਡੀ ਰੂਹ ਦੀ ਖੁਰਾਕ ਹੈ। ਇਸ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ। ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਇਹ ਸੰਸਾਰ ਹਮੇਸ਼ਾ ਜਿਉਂਦਾ ਰਹੇ, ਅੱਗੇ ਵੱਧਦਾ ਰਹੇ”। ਉਹਨਾਂ ਕਾਨਫ਼ਰੰਸ ਵਿੱਚ ਸ਼ਾਮਲ ਸਾਰੇ ਲੇਖਕਾਂ ਅਤੇ ਸ੍ਰੋਤਿਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਆਸ ਕੀਤੀ ਕਿ ਸਾਰੇ ਹਾਜ਼ਰੀਨ ਤਿੰਨ ਦਿਨ ਸਾਹਿਤ, ਸੰਗੀਤ ਅਤੇ ਸ਼ਾਇਰੀ ਦਾ ਆਨੰਦ ਮਾਨਣਗੇ।
ਵਿਪਸਾ ਦੇ ਪ੍ਰਬੰਧਕਾਂ ਨੂੰ ਸਿਲਵਰ ਜੁਬਲੀ ਸਮਾਗਮ ਦੀ ਮੁਬਾਰਕਬਾਦ ਦਿੰਦਿਆਂ ਇਸ ਸੰਸਥਾ ਦੇ ਮੁੱਖ ਸਹਿਯੋਗੀ ਅਤੇ ਉੱਘੇ ਬਿਜ਼ਨਸਮੈਨ ਜਸਵੀਰ ਗਿੱਲ, ਨਾਵਲਕਾਰ ਡਾ. ਗੁਰਪ੍ਰੀਤ ਧੁੱਗਾ ਅਤੇ ਪੰਕਜ ਆਂਸਲ ਨੇ ਅਕਾਦਮੀ ਵੱਲੋਂ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਸਰਗਰਮੀਆਂ ਦੀ ਸ਼ਲਾਘਾ ਕੀਤੀ।
ਪਹਿਲੇ ਦਿਨ ਹੋਈ ਸੰਗੀਤਮਈ ਦਿਲਕਸ਼ ਸ਼ਾਮ ਵਿਚ ਗ਼ਜ਼ਲ ਗਾਇਕ ਸੁਖਦੇਵ ਸਾਹਿਬ, ਪਰਮਿੰਦਰ ਗੁਰੀ ਅਤੇ ਗਾਇਕਾ ਟੀਨਾ ਮਾਨ ਨੇ ਡਾ. ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਜਸਵਿੰਦਰ, ਕੁਲਵਿੰਦਰ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ ਅਤੇ ਹੋਰ ਪੰਜਾਬੀ ਸ਼ਾਇਰਾਂ ਦੇ ਕਲਾਮ ਨੂੰ ਆਪਣੇ ਸੁਰੀਲੇ ਸੁਰਾਂ ਦੀ ਛੋਹ ਨਾਲ ਬਹੁਤ ਖੂਬਸੂਰਤ ਸੰਗੀਤਕ ਮਾਹੌਲ ਸਿਰਜਿਆ। ਸੰਗੀਤਕ ਸ਼ਾਮ ਦਾ ਸੰਚਾਲਨ ਕਰ ਰਹੀ ਸਟੇਜ ਦੀ ਮਲਿਕਾ ਆਸ਼ਾ ਸ਼ਰਮਾ ਵੱਲੋਂ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੇ ਸ਼ਿਅਰਾਂ ਨੇ ਇਸ ਮਹਿਫ਼ਲ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਵਿਪਸਾ ਮੈਂਬਰ ਅਤੇ ਸਟੇਜ ਵਿਅੰਗ ਕਲਾਕਰ ਵਿਜੇ ਸਿੰਘ ਨੇ ਵੀ ਸ਼ਾਮ ਦੇ ਅੰਤ ‘ਤੇ ਆਪਣੀ ਹਾਜ਼ਰੀ ਲਵਾਈ। 25ਵੀਂ ਵਰ੍ਹੇਗੰਢ ਮੌਕੇ ਵਿਪਸਾ ਬਾਰੇ ਤਿਆਰ ਕੀਤੀ ਡਾਕੂਮੈਂਟਰੀ ਵੀ ਵਿਖਾਈ ਗਈ। ਡਾਕੂਮੈਂਟਰੀ ਨੇ ਦਿਖਾਇਆ ਕਿ ਕਿਵੇਂ ਪੰਜਾਬੀ ਲੇਖਕਾਂ ਦਾ ਇਹ ਕਾਫ਼ਲਾ ਪਿੱਛਲੇ ਤਿੰਨ ਦਹਾਕਿਆਂ ਵਿੱਚ ਕੈਲੀਫ਼ੋਰਨੀਆ ਵਿੱਚ ਪੰਜਾਬੀ ਸਾਹਿਤ ਦੀ ਝੰਡਾਬਰਦਾਰ ਸੰਸਥਾ ਵਜੋਂ ਉਭਰਿਆ ਹੈ। 25ਵੀਂ ਵਰ੍ਹੇਗੰਢ ‘ਤੇ ਵਿੱਛੜ ਚੁੱਕੇ ਮੁੱਢਲੇ ਵਿਪਸਾ ਮੈਂਬਰਾਂ ਡਾ ਗੁਰੂਮੇਲ, ਗੁੱਡੀ ਸਿੱਧੂ, ਰੇਸ਼ਮ, ਆਜ਼ਾਦ ਜਾਲੰਧਰੀ, ਈਸ਼ਰ ਸਿੰਘ ਮੋਮਨ, ਹਰਭਜਨ ਢਿਲੋਂ ਨੂੰ ਯਾਦ ਕੀਤਾ ਗਿਆ।
ਕਾਨਫ਼ਰੰਸ ਦੇ ਦੂਜੇ ਦਿਨ ‘ਏਆਈ ਬਨਾਮ ਸਾਹਿਤ’ ਬਾਰੇ ਹੋਏ ਸੈਸ਼ਨ ਵਿੱਚ ਡਿਜ਼ੀਟਲ ਦੁਨੀਆਂ ਦੇ ਮਾਹਿਰ ਨੌਜਵਾਨ ਸ਼ਾਇਰ ਚਰਨਜੀਤ ਗਿੱਲ ਨੇ ਪੰਜਾਬੀ ਫੌਂਟਸ, ਪੰਜਾਬੀ ਸ਼ਬਦਾਵਲੀ ਅਤੇ ਡਿਜ਼ੀਟਲ ਪੰਜਾਬੀ ਡਿਕਸ਼ਨਰੀ ਬਾਰੇ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਪ੍ਰਦਰਸ਼ਿਤ ਕੀਤੀ। ਉਹ ਪੰਜਾਬੀ ਦੇ 7 ਪ੍ਰਵਾਣਿਤ ਸ਼ਬਦ ਕੋਸ਼ ਏਆਈ ਨੂੰ ਸਿੱਖਣ ਲਈ ਦੇ ਰਿਹਾ ਤਾਂ ਜੋ ਪੰਜਾਬੀ ਸ਼ਬਦਾਂ ਦੇ ਸਹੀ ਸ਼ਬਦ-ਜੋੜ, ਅਰਥ ਅਤੇ ਵਰਤੋਂ ਦੇ ਸੰਦਰਭ ਏਆਈ ਕੋਲ ਹੋਣ। ਇਹ ਸ਼ਬਦ ਏਆਈ ਤੋਂ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ ਅਤੇ ਰੋਮਨ ਆਦਿ ਕਿਸੇ ਵੀ ਲਿੱਪੀ ਵਿੱਚ ਲੱਭੇ ਜਾ ਸਕਣਗੇ। ਡਾ. ਰਾਜੇਸ਼ ਸ਼ਰਮਾ ਨੇ ਆਪਣੇ ਪ੍ਰਵਚਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਪੰਜਾਬੀ ਸਾਹਿਤ ਉੱਪਰ ਪੈ ਰਹੇ ਅਤੇ ਪੈਣ ਵਾਲੇ ਪ੍ਰਭਾਵ ਬਾਰੇ ਵਿਸਥਾਰ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਰੇ ਪਹਿਲੂਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਏਆਈ ਏਨਾਂ ਪ੍ਰਭਾਵਿਤ ਕਰਦੀ ਹੈ ਅਤੇ ਲੱਗਦਾ ਹੈ ਕਿ ਇਹ ਤੁਹਾਡੇ ਤੋਂ ਵਧੀਆ ਲਿਖ ਸਕਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕੁਝ ਪੜ੍ਹਿਆ ਜਾਂ ਲਿਖਿਆ ਨਹੀਂ ਅਤੇ ਤੁਹਾਨੂੰ ਲਿਖਣਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਏਆਈ ਵਿਦਿਆਰਥੀਆਂ, ਲੇਖਕਾਂ, ਆਲੋਚਕਾਂ ਲਈ ਇੱਕ ਮੀਲ ਪੱਥਰ ਹੈ ਅਤੇ ਅਸੀਂ ਇਸ ਮੀਲ ਪੱਥਰ ਤੋਂ ਅੱਗੇ ਆਪਣਾ ਕੰਮ ਸ਼ੁਰੂ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਦੀ ਪੂਜਾ ਕਰਦੇ ਫਿਰਦੇ ਹਨ ਉਹਨਾਂ ਤੋਂ ਪੰਜਾਬ ਦੀ ਰਹਿਨੁਮਾਈ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਰਾਜਵੰਤ ਰਾਜ ਨੇ ਕਿਹਾ ਕਿ ਏਆਈ ਅਜੇ ਬੱਚਾ ਹੈ ਅਤੇ ਇਸ ਦੇ ਭਵਿੱਖ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇੰਟਰਨੈੱਟ ਦੇ ਖੇਤਰ ਵਿਚ ਇਹ ਬਹੁਤ ਵੱਡੀ ਤਬਦੀਲੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮਨੁੱਖ ਇਸ ਨੂੰ ਚੰਗੇ ਕਾਰਜ ਲਈ ਵਰਤੇਗਾ, ਮਾੜੇ ਲਈ ਨਹੀਂ। ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਏਆਈ ਵੀ ਬਾਕੀ ਨਵੀਆਂ ਤਕਨੀਕਾਂ ਵਾਂਗ ਜ਼ਿੰਦਗੀ ਨੂੰ ਸੁਖਾਲਾ ਕਰੇਗੀ ਪਰ ਮਨੁੱਖੀ ਕਪਲਨਾ ਅਤੇ ਕ੍ਰੀਏਟਿਵਿਟੀ ਦਾ ਬਦਲ ਨਹੀਂ ਬਣ ਸਕੇਗੀ, ਸੋ ਸਾਨੂੰ ਇਸ ਤੋਂ ਡਰਨਾ ਨਹੀਂ ਚਾਹੀਦਾ। ਇਸ ਸੈਸ਼ਨ ਦੀ ਪ੍ਰਧਾਨਗੀ ਡਾ ਬਲਦੇਵ ਧਾਲੀਵਾਲ ਨੇ ਕੀਤੀ ਅਤੇ ਜਸਵੀਰ ਗਿੱਲ ਮੁੱਖ ਮਹਿਮਾਨ ਸਨ।
ਦੂਜਾ ਸੈਸ਼ਨ ‘ਪੰਜਾਬੀ ਬੋਲੀ ਦਾ ਪੀੜ੍ਹੀ ਦਰ ਪੀੜ੍ਹੀ ਸਫ਼ਰ’ ਵਿੱਚ ਆਪਣੀ ਬੋਲੀ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਣ ਦੇ ਫ਼ਿਕਰ, ਸੰਭਾਵਨਾਵਾਂ ਅਤੇ ਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਬੱਚਿਆਂ ਅਭੀਤਾਬ ਸੈਣੀ ਅਤੇ ਸਵਲੀਨ ਕੌਰ ਨੇ ਅਮਰੀਕਾ ਵਿੱਚ ਪੰਜਾਬੀ ਸਿੱਖਣ ਦੇ ਆਪਣੇ ਅਨੁਭਵ ਸਾਂਝੇ ਕੀਤੇ। ਸੈਸ਼ਨ ਦੇ ਮੁੱਖ ਮਹਿਮਾਨ ਡਾ. ਜਸਵਿੰਦਰ ਸਿੰਘ ਸਨ ਅਤੇ ਪ੍ਰਧਾਨਗੀ ਕੀਤੀ ਡਾ. ਵਰਿਆਮ ਸਿੰਘ ਸੰਧੂ ਨੇ। ਮੁੱਖ ਵਕਤਾ ਡਾ. ਗੁਰਪਾਲ ਸਿੰਘ ਸੰਧੂ ਨੇ ਕੈਲੀਫ਼ੋਰਨੀਆ ਸੂਬੇ ਵਿੱਚ ਪੰਜਾਬੀ ਭਾਸ਼ਾ ਪੜ੍ਹਾਏ ਜਾਣ ਬਾਰੇ ਕਿਹਾ ਕਿ ਇਹ ਸੂਬਾ ਬਹੁ-ਭਾਸ਼ਾਈ ਸੂਬਾ ਹੈ ਅਤੇ ਇਸਦੀ ਐਜੂਕੇਸ਼ਨ ਪਾਲਿਸੀ ਮੁਤਾਬਕ ਸਕੂਲਾਂ ਵਿੱਚ ਪੰਜਾਬੀ ਇੱਕ ਚੋਣਵੇਂ ਵਿਸ਼ੇ ਵਜੋਂ ਪੜਾਈ ਜਾ ਸਕਦੀ ਹੈ ਅਤੇ ਕੁਝ ਇੱਕ ਸਕੂਲ ਜਿਥੇ ਪੰਜਾਬੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ ਓਥੇ ਅਜਿਹਾ ਹੋ ਵੀ ਰਿਹਾ ਹੈ। ਦੂਜੀ ਵਿਧੀ ਗੁਰਦੁਆਰਾ ਸਕੂਲਾਂ ਰਾਹੀਂ ਪੰਜਾਬੀ ਸਿਖਾਉਣ ਦੀ ਹੈ ਜੋ ਪਿੱਛਲੇ ਸਾਲਾਂ ਵਿੱਚ ਹੋਰ ਵੀ ਸ਼ਿਦਤ ਨਾਲ ਚਲ ਰਹੀ ਹੈ। ਡਾ. ਮਨਜੀਤ ਕੌਰ ਨੇ ਕਿਹਾ ਕਿ ਬੋਲੀ ਸਿਰਫ਼ ਸ਼ਬਦਾਂ ਦੀ ਨਹੀਂ ਇਸ਼ਾਰਿਆਂ ਦੀ ਭਾਸ਼ਾ ਵੀ ਹੈ ਅਤੇ ਸਭਿਚਾਰਕ ਤੌਰ ‘ਤੇ ਬੋਲੀ ਨੂੰ ਜਿਉਂਦਿਆਂ ਰੱਖਣ ਲਈ ਸਾਨੂੰ ਚਿਹਰੇ ਦੇ ਹਾਵਾਂ ਭਾਵਾਂ ਅਤੇ ਇਸ਼ਾਰਿਆਂ ਦੀ ਸਮਝ ਵੀ ਬੱਚਿਆਂ ਨੂੰ ਸਿਖਾਉਣ ਦੀ ਲੋੜ ਹੈ। ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਪਰਦੇਸ ਆ ਵੱਸਣ ਵਾਲੇ ਲੋਕਾਂ ਵਲੋਂ ਬਹੁਤ ਚਿਰ ਆਪਣੀ ਭਾਸ਼ਾ ਨੂੰ ਜ਼ਿੰਦਾ ਰੱਖ ਸਕਣਾ ਬਹੁਤ ਕਠਨ ਹੈ, ਅੰਤ ਕਿਸੇ ਨਾ ਕਿਸੇ ਪੀੜ੍ਹੀ ਤੋਂ ਇਹ ਸੁਭਾਵਿਕ ਹੀ ਛੱਡ ਹੋ ਜਾਂਦੀ ਹੈ। ਪਰ ਸਾਨੂੰ ਆਸ ਰੱਖਣੀ ਚਾਹੀਦੀ ਹੈ ਅਤੇ ਇਸ ਲਈ ਯਤਨਸ਼ੀਲ ਰਹਿਣਾ ਪਵੇਗਾ। ਇਸ ਦਿਨ ਦੇ ਪਹਿਲੇ ਦੋਹਾਂ ਸੈਸ਼ਨਾਂ ਦਾ ਸੰਚਾਲਨ ਵਿਪਸਾ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਕੀਤਾ।
ਦੂਜੇ ਦਿਨ ਸ਼ਾਮ ਨੂੰ ਪੰਜਾਬ ਲੋਕ ਰੰਗ ਵਲੋਂ ਵੱਲੋਂ ਸੁਰਿੰਦਰ ਸਿੰਘ ਧਨੋਆ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਜ਼ਫ਼ਰਨਾਮਾ – ਕਲਮ ਦੀ ਤਲਵਾਰ ਉੱਪਰ ਜਿੱਤ’ ਖੇਡਿਆ ਗਿਆ। ਇਸ ਨਾਟਕ ਦੀ ਪੇਸ਼ਕਾਰੀ ਬਹੁਤ ਹੀ ਪ੍ਰਭਾਵਸ਼ਾਲੀ ਰਹੀ। ਸਾਰੇ ਕਲਾਕਾਰਾਂ ਦੀ ਅਦਾਕਾਰੀ ਨੇ ਦਰਸ਼ਕਾਂ ਦੇ ਮਨਾਂ ਨੂੰ ਬੇਹੱਦ ਟੁੰਬਿਆ। ਜੰਮੂ ਯੂਨੀਵਰਿਸਟੀ ਤੋਂ ਡਾ ਬਲਜੀਤ ਕੌਰ ਨੇ ਇਸ ਨਾਟਕ ਬਾਰੇ ਆਪਣੇ ਬਹੁਮੁੱਲੇ ਵਿਚਾਰ ਰੱਖੇ ਅਤੇ ਭਾਰਤ ਵਿੱਚ ਇਸ ਨਾਟਕ ਦੀਆਂ 15 ਤੋਂ ਵੱਧ ਹੋਈਆਂ ਪੇਸ਼ਕਾਰੀਆਂ ਬਾਰੇ ਦਸਿਆ। ਡਾ. ਬਲਜੀਤ ਕੌਰ ਨੇ ਜੰਮੂ ਅਤੇ ਕਸ਼ਮੀਰ ਵਿੱਚ ਪੰਜਾਬੀ ਬੋਲੀ ਦੀ ਪੜਾਈ ਅਤੇ ਵਰਤੋਂ ਬਾਰੇ ਕੀਤੇ ਜਾ ਰਹੇ ਸੰਘਰਸ਼ ਬਾਰੇ ਵੀ ਚਾਨਣਾ ਪਾਇਆ। ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਅਜਿਹਾ ਇਤਿਹਾਸਕ ਨਾਟਕ ਏਨੀਂ ਕਲਾ ਕੌਸ਼ਲਤਾ ਨਾਲ ਕਰਨਾ ਬਹੁਤ ਵੱਡੀ ਗੱਲ ਹੈ ਅਤੇ ਸੁਰਿੰਦਰ ਧਨੋਆ ਇਸ ਕਠਨ ਕਾਰਜ ਵਿੱਚ ਸਫਲ ਹੋਏ ਹਨ। ਇਸ ਨਾਟਕ ਵਿੱਚ ਸੁਰਿੰਦਰ ਧਨੋਆ ਦੇ ਨਾਲ਼ ਮੁਕੇਸ਼ ਸ਼ਰਮਾ, ਰਮਨੀਤ ਕੌਰ, ਸੋਨੂੰ ਚੌਧਰੀ, ਸਵਲੀਨ ਅਤੇ ਪੰਜਾਬ ਲੋਕ ਰੰਗ ਦੇ ਹੋਰ ਕਲਾਕਾਰਾਂ ਨੇ ਭਾਗ ਲਿਆ।
ਕਾਨਫ਼ਰੰਸ ਦੇ ਤੀਜੇ ਦਿਨ ‘ਅਮਰੀਕੀ ਪੰਜਾਬੀ ਕਵਿਤਾ- ਮੁਲਾਂਕਣ’ ਵਿਸ਼ੇ ‘ਤੇ ਡਾ. ਮਨਜਿੰਦਰ ਸਿੰਘ ਨੇ ਅਮਰੀਕਾ ਵਿਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਬਾਰੇ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਅਮਰੀਕੀ ਪੰਜਾਬੀ ਕਵਿਤਾ ਨੇ ਵਿਦਵਾਨਾਂ ਦੇ ਪੁਰਾਣੇ ਮਾਪਦੰਡਾਂ ਨੂੰ ਤੋੜਿਆ ਹੈ। ਇਸ ਕਵਿਤਾ ਨੂੰ ਹੁਣ ਮੁੱਖ ਧਾਰਾ ਦੀ ਕਵਿਤਾ ਮੰਨ ਕੇ ਮੁਲਾਂਕਣ ਕਰਨ ਦੀ ਲੋੜ ਹੈ। ਇਹ ਕਵਿਤਾ ਮਨੁੱਖ ਨੂੰ ਸਵੈ-ਮੁਲਾਂਕਣ ਲਈ ਪ੍ਰੇਰਦੀ ਹੈ, ਮਾਨਵਤਾ ਦੀ ਗੱਲ ਕਰਦੀ ਹੈ ਅਤੇ ਬਹੁਪੱਖੀ ਧਰਾਤਲਾਂ ਨੂੰ ਪਛਾਣਦੀ ਹੈ। ਇਹ ਪ੍ਰਸਥਿਤੀਆਂ ਦਾ ਰੁਦਨ ਨਹੀਂ ਕਰਦੀ, ਸੰਘਰਸ਼ ਦਾ ਰਾਹ ਚੁਣਦੀ ਹੈ। ਡਾ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਅਮਰੀਕਾ ਵਿਚ ਗ਼ਜ਼ਲ ਵਧੀਆ ਲਿਖੀ ਜਾ ਰਹੀ ਹੈ। ਸਮੁੱਚੀ ਅਮਰੀਕੀ ਪੰਜਾਬੀ ਕਵਿਤਾ ਸੱਚ ਤੱਕ ਪਹੁੰਚਦੀ ਹੈ। ਸ਼ਾਇਰ ਜਸਵਿੰਦਰ ਨੇ ਕਿਹਾ ਕਿ ਗ਼ਜ਼ਲ ਮੁੱਖ ਵਿਧਾ ਬਣੀ ਹੋਈ ਹੈ ਅਤੇ ਅਮਰੀਕਾ ਦੇ ਸ਼ਾਇਰਾਂ ਦੇ ਸ਼ਿਅਰ ਅਕਸਰ ਲੋਕ ਕੋਟ ਕਰਦੇ ਹਨ। ਡਾ. ਜਸਵਿੰਦਰ ਨੇ ਕਿਹਾ ਕਿ ਵਰਤਮਾਨ ਪੰਜਾਬੀ ਕਵਿਤਾ ਨੇ ਵਿਕਸਤ ਪੂੰਜੀਵਾਦ ਅਤੇ ਰਾਜਨੀਤੀ ਦੀਆਂ ਅੰਦਰਲੀਆਂ ਰੌਆਂ ਨੂੰ ਪਛਾਣਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਗ਼ਜ਼ਲ ਨੇ ਕਵਿਤਾ ਨੂੰ ਬਚਾਇਆ ਹੈ। ਇਸ ਸੈਸ਼ਨ ਨੇ ਮੁੱਖ ਮਹਿਮਾਨ ਸਨ ਡਾ. ਗੁਰਪਾਲ ਸਿੰਘ ਸੰਧੂ ਅਤੇ ਪ੍ਰਧਾਨਗੀ ਕੀਤੀ ਡਾ. ਜਸਵਿੰਦਰ ਸਿੰਘ ਨੇ। ਇਸ ਸੈਸ਼ਨ ਦਾ ਸੰਚਾਲਨ ਕਵੀ ਹਰਜਿੰਦਰ ਕੰਗ ਨੇ ਕੀਤਾ।
‘ਅਮਰੀਕਾ ਪੰਜਾਬੀ ਕਹਾਣੀ – ਨਵੇਂ ਰੁਝਾਨ’ ਵਿਚ ਅਮਰੀਕਾ ਵਿੱਚ ਰਚੀ ਜਾ ਰਹੀ ਪੰਜਾਬੀ ਕਹਾਣੀ ਬਾਰੇ ਗੱਲਬਾਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਨਾਮਵਰ ਕਹਾਣੀਕਾਰ ਡਾ. ਵਰਿਆਮ ਸੰਧੂ ਨੇ ਕੀਤੀ ਅਤੇ ਮੁੱਖ ਮਹਿਮਾਨ ਸਨ ਡਾ. ਧਨਵੰਤ ਕੌਰ। ਡਾ. ਬਲਦੇਵ ਧਾਲੀਵਾਲ ਨੇ ਆਪਣੇ ਪਰਚੇ ਵਿਚ ਕਿਹਾ ਕਿ ਅਮਰੀਕੀ ਪੰਜਾਬੀ ਕਹਾਣੀ ਦੀ ਉਮਰ ਅੱਧੀ ਕੁ ਸਦੀ ਹੈ। 9/11 ਦੀ ਘਟਨਾ ਨੇ ਇਸ ਨੂੰ ਚਿੰਤਨ ਦੇ ਰਾਹ ਪਾਇਆ ਹੈ। ਇਸ ਵਿਚ ਨਾਬਰੀ ਅਤੇ ਪ੍ਰਤੀਰੋਧ ਦੀ ਸੁਰ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਪੰਜਾਬੀ ਕਹਾਣੀ ਬੰਦੇ ਦੇ ਨਾਲ਼ ਨਾਲ਼ ਚਲਦੀ ਹੈ ਪਰ ਕਲਾ ਪੱਖੋਂ ਅਜੇ ਕਈ ਊਣਤਾਈਆਂ ਹਨ। ਇਸ ਮੌਕੇ ਉਨ੍ਹਾਂ 22 ਲੇਖਕਾਂ ਦੀਆਂ ਕਹਾਣੀਆਂ ਦਾ ਵੀ ਸੰਖੇਪ ਮੁਲਾਂਕਣ ਕੀਤਾ ਜੋ ਵਿਪਸਾ ਵਲੋਂ ਇਸ ਕਾਨਫ਼ਰੰਸ ਵਿੱਚ ਰਿਲੀਜ਼ ਕੀਤੀ ਗਈ ਕਿਤਾਬ ‘ਅਮਰੀਕੀ ਪੰਜਾਬੀ ਕਹਾਣੀ’ ਵਿੱਚ ਸ਼ਾਮਲ ਹਨ। ਇਸ ਕਹਾਣੀ ਸੰਗ੍ਰਹਿ ਦਾ ਸੰਪਾਦਨ ਪ੍ਰੋ ਸੁਰਿੰਦਰ ਸੀਰਤ ਨੇ ਕੀਤਾ ਹੈ ਅਤੇ ਚੇਤਨਾ ਪ੍ਰਕਾਸ਼ਨ ਨੇ ਇਸ ਨੂੰ ਪ੍ਰਕਾਸ਼ਤ ਕੀਤਾ ਹੈ। ਇਸ ਸੈਸ਼ਨ ਦਾ ਸੰਚਾਲਨ ਕੀਤਾ ਲੇਖਿਕਾ ਲਾਜ ਨੀਲਮ ਸੈਣੀ ਨੇ ਅਤੇ ਪ੍ਰਧਾਨਗੀ ਮੰਡਲ ਵਿੱਚ ਹੋਰਨਾਂ ਨਾਲ ਸ਼ਾਮਲ ਸਨ ਸੁਰਿੰਦਰ ਸੀਰਤ, ਰਵੀ ਸ਼ੇਰਗਿੱਲ, ਬਲਜਿੰਦਰ ਸਵੈਚ, ਹਰਪ੍ਰੀਤ ਕੌਰ ਧੂਤ, ਗੁਰਮੀਤ ਪਨਾਗ, ਹਰਜਿੰਦਰ ਪੰਧੇਰ ਅਤੇ ਅਮਰਜੀਤ ਕੌਰ ਪੰਨੂ। ਡਾ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਹਾਣੀ ਦੀ ਭਾਸ਼ਾ ਸ਼ੈਲੀ ਨੂੰ ਘੜ੍ਹਣ ਅਤੇ ਕਹਾਣੀ ਨੂੰ ਦਿਲਚਸਪ ਬਣਾਉਣ ਦੀਆਂ ਵਿਧੀਆਂ ਬਾਰੇ ਆਪਣੇ ਵਿਚਾਰ ਰੱਖੇ। ਡਾ. ਧਨਵੰਤ ਕੌਰ ਨੇ ਵੀ ਅਮਰੀਕੀ ਪੰਜਾਬੀ ਕਹਾਣੀ ਬਾਰੇ ਚਰਚਾ ਵਿੱਚ ਹਿੱਸਾ ਲਿਆ। ‘ਅਮਰੀਕੀ ਪੰਜਾਬੀ ਕਹਾਣੀ’ ਸੰਗ੍ਰਹਿ ਨੂੰ ਪ੍ਰਧਾਨਗੀ ਮੰਡਲ ਅਤੇ ਵਿਪਸਾ ਦੇ ਮੈਂਬਰ ਕਹਾਣੀਕਾਰਾਂ ਨੇ ਰਿਲੀਜ਼ ਕੀਤਾ। ਕਹਾਣੀਕਾਰਾ ਅਤੇ ਕਵਿਤਰੀ ਹਰਪ੍ਰੀਤ ਕੌਰ ਧੂਤ ਦਾ ਨਵਾਂ ਕਹਾਣੀ ਸੰਗ੍ਰਹਿ ‘ਖ਼ਤਰਾ ਤਾਂ ਹੈ” ਵੀ ਇਸ ਸੈਸ਼ਨ ਵਿੱਚ ਵਿਸ਼ੇਸ਼ ਤੌਰ ਤੇ ਰਿਲੀਜ਼ ਕੀਤਾ ਗਿਆ। ਐਸ਼ ਦੀ ਕਿਤਾਬ “Chirag! The Happiest kid in the world’, ਲਖਵਿੰਦਰ ਕੌਰ ਲੱਕੀ ਦੇ ਕਾਵਿ ਸੰਗ੍ਰਹਿ ‘ਧੜਕਣ ਲੱਗੀ ਹਾਂ ਮੈਂ’, ਚਰਨਜੀਤ ਸਿੰਘ ਪੰਨੂੰ ਦੀ ਕਿਤਾਬ ‘ਵਸੀਅਤਨਾਮਾ’ ਦਾ ਸ਼ਾਹਮੁਖੀ ਐਡੀਸ਼ਨ ਦੇ ਨਾਲ ਪੰਜਾਬੀ ਮੈਗ਼ਜ਼ੀਨ ‘ਮੰਤਵ’, ‘ਏਕਮ’ ਅਤੇ ਆਨਲਈਨ ਮੈਗ਼ਜ਼ੀਨ ‘ਨਕਸ਼’ ਵੀ ਰਿਲੀਜ਼ ਕੀਤੇ ਗਏ।
ਲੇਖਕ, ਪਾਠਕ ਅਤੇ ਪ੍ਰਕਾਸ਼ਕ ਵਿਸ਼ੇ ‘ਤੇ ਵੀ ਮਹੱਤਵਪੂਰਨ ਵਿਚਾਰ ਚਰਚਾ ਹੋਈ ਜਿਸ ਵਿਚ ਡਾ. ਰਾਜੇਸ਼ ਸ਼ਰਮਾ, ਸਤੀਸ਼ ਗੁਲਾਟੀ, ਦਲਜੀਤ ਸਰਾਂ, ਡਾ. ਗੁਰਪ੍ਰੀਤ ਧੁੱਗਾ ਅਤੇ ਸੋਨੀਆ ਮਨਜਿੰਦਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਵਿਚ ਮੁੱਖ ਤੌਰ ‘ਤੇ ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਨ ਵਿਚ ਸੰਪਾਦਨ ਦੀ ਅਣਹੋਂਦ ਦਾ ਮਸਲਾ ਉੱਭਰ ਕੇ ਸਾਹਮਣੇ ਆਇਆ ਜਿਸ ਕਾਰਨ ਬਹੁਤ ਸਾਰੀਆਂ ਗ਼ੈਰ-ਮਿਆਰੀ ਪੁਸਤਕਾਂ ਛਪ ਰਹੀਆਂ ਹਨ। ਅਜਿਹੀਆਂ ਪੁਸਤਕਾਂ ਪੰਜਾਬੀ ਪਾਠਕਾਂ ਨੂੰ ਵੀ ਨਿਰਾਸ਼ ਕਰਦੀਆਂ ਹਨ ਅਤੇ ਪਾਠਕਾਂ ਦੀ ਸਾਹਿਤ ਪ੍ਰਤੀ ਦਿਲਚਸਪੀ ਘਟਾਉਣ ਦਾ ਕਾਰਨ ਵੀ ਬਣਦੀਆਂ ਹਨ। ਇਸ ਸੈਸ਼ਨ ਦੇ ਮੁੱਖ ਮਹਿਮਾਨ ਸਨ ਦਲਜੀਤ ਸਰਾਂ ਅਤੇ ਪ੍ਰਧਾਨਗੀ ਕੀਤੀ ਡਾ. ਗੁਰਪ੍ਰੀਤ ਧੁੱਗਾ ਨੇ।
ਕਾਨਫ਼ਰੰਸ ਦੌਰਾਨ ਦੋ ਦਿਨ ਵਿਸ਼ਾਲ ਕਵੀ ਦਰਬਾਰ ਵੀ ਹੋਇਆ। ਪਹਿਲੇ ਦਿਨ ਕਵੀ ਦਰਬਾਰ ਦਾ ਸੰਚਾਲਨ ਵਿਪਸਾ ਮੀਤ ਪ੍ਰਧਾਨ ਅਤੇ ਸ਼ਾਇਰ/ਲੇਖਕ ਸੁਰਿੰਦਰ ਸੀਰਤ ਨੇ ਕੀਤਾ ਅਤੇ ਕਵੀ ਦਰਬਾਰ ਲਈ ਸ਼ਮਾ ਰਾਕਿੰਦ ਕੌਰ ਨੇ ਰੋਸ਼ਨ ਕੀਤੀ। ਦੂਜੇ ਦਿਨ ਕਵੀ ਦਰਬਾਰ ਦਾ ਸੰਚਾਲਨ ਵਿਪਸਾ ਸਰਪ੍ਰਸਤ ਸੁਖਵਿੰਦਰ ਕੰਬੋਜ ਅਤੇ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਕੀਤਾ। ਇਹਨਾਂ ਕਵੀ ਦਰਬਾਰਾਂ ਦੇ ਪ੍ਰਧਾਨ ਅਤੇ ਮੁੱਖ ਮਹਿਮਾਨ ਸਨ ਦਰਸ਼ਨ ਬੁੱਟਰ, ਤਾਹਿਰਾ ਸਰਾ ਅਤੇ ਸ਼ਾਇਰ ਜਸਵਿੰਦਰ। ਹਾਜ਼ਰ ਕਵੀਆਂ ਵਿੱਚੋਂ ਇਸ ਕਵੀ ਦਰਬਾਰ ਵਿੱਚ ਕੁਲਵਿੰਦਰ, ਤਾਹਿਰਾ ਸਰਾ, ਸੁਰਿੰਦਰ ਸੀਰਤ, ਸੁਖਵਿੰਦਰ ਕੰਬੋਜ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਸਤੀਸ਼ ਗੁਲਾਟੀ, ਸੁਰਜੀਤ ਸਖੀ, ਹਰਪ੍ਰੀਤ ਕੌਰ ਧੂਤ, ਜਗਜੀਤ ਨੌਸ਼ਹਿਰਵੀ, ਲਾਜ ਨੀਲਮ ਸੈਣੀ, ਹਰਜਿੰਦਰ ਕੰਗ, ਸੰਤੋਖ ਮਿਨਹਾਸ, ਹਰਦਮ ਮਾਨ, ਜਸਵੀਰ ਗਿੱਲ, ਚਰਨਜੀਤ ਗਿੱਲ, ਦਿਲ ਨਿੱਝਰ,ਡਾ. ਅੰਬਰੀਸ਼, ਡਾ. ਮਨਜੀਤ ਕੌਰ, ਲਖਵਿੰਦਰ ਕੌਰ ਲੱਕੀ, ਨਛੱਤਰ ਭੋਗਲ ਭਾਖੜੀਆਣਾ, ਡਾ. ਬਿਕਰਮ ਸੋਹੀ, ਹਰਜਿੰਦਰ ਢੇਸੀ, ਦਲਜੀਤ ਰਿਆੜ,ਜਸਵੰਤ ਸ਼ਾਦ, ਦਲਵੀਰ ਕੌਰ ਯੂ.ਕੇ. ਡਾ. ਸੁਖਪਾਲ ਸੰਘੇੜਾ, ਪਿਆਰਾ ਸਿੰਘ ਕੁੱਦੋਵਾਲ, ਕੁਲਵਿੰਦਰ ਖਹਿਰਾ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਭੁਪਿੰਦਰ ਦੂਲੇ, ਲਖਵਿੰਦਰ ਗਿੱਲ, ਅਮਰ ਸੂਫ਼ੀ, ਗੁਰਚਰਨ ਸੱਗੂ, ਰਾਕਿੰਦ ਕੌਰ, ਰਾਜਵੰਤ ਕੌਰ ਸੰਧੂ, ਗੁਰਦੇਵ ਚੌਹਾਨ, ਗੁਲਸ਼ਨ ਦਿਆਲ, ਅਰਤਿੰਦਰ ਸੰਧੂ, ਅੰਜੂ ਮੀਰਾ, ਮੁਕੇਸ਼ ਸ਼ਰਮਾ, ਗੁਰੁਤੇਜ ਪਾਰਸਾ, ਡਾ. ਕੁਲਜੀਤ ਜੰਜੂਆ, ਬਲਬੀਰ ਸਿੰਘ ਐਮ.ਏ., ਅਮਰਜੀਤ ਜੌਹਲ, ਹਰਕੰਵਲਜੀਤ ਸਾਹਿਲ, ਕਾਕਾ ਕਲੇਰ, ਡਾ. ਇੰਦਰਪਾਲ ਕੌਰ, ਹਰਜੀਤ ਹਮਸਫ਼ਰ, ਕੁਲਵੰਤ ਸੇਖੋਂ, ਸੁੱਖੀ ਧਾਲੀਵਾਲ, ਅਮਰਜੀਤ ਕੌਰ ਪੰਨੂ, ਐਸ਼ ਕੁਮ ਐਸ਼, ਗਗਨਦੀਪ ਮਾਹਲ ਅਤੇ ਹੋਰ ਸਥਾਨਕ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ।
ਵਿਪਸਾ ਪ੍ਰਧਾਨ ਕੁਲਵਿੰਦਰ ਨੇ ਸਾਰੇ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਾਨਫ਼ਰੰਸ ਨੂੰ ਸਫਲ ਬਣਾਉਣ ਲਈ ਕਈ ਹਫ਼ਤੇ ਮਿਹਨਤ ਕੀਤੀ। ਕਾਨਫ਼ਰੰਸ ਹਾਲ ਵਿੱਚ ਕਵੀ/ਅਦਾਕਾਰ ਅਤੇ ਚਿੱਤਰਕਾਰ ਮੁਕੇਸ਼ ਸ਼ਰਮਾ ਅਤੇ ਰਿੰਮੀ ਸੰਧੂ ਵਲੋਂ ਬਣਾਏ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਕਾਨਫ਼ਰੰਸ ਸਟੇਜ ਦਾ ਡਿਜ਼ਾਈਨ ਮੁਕੇਸ਼ ਸ਼ਰਮਾ ਅਤੇ ਵਿਜੇ ਸਿੰਘ ਨੇ ਕੀਤਾ। ਆਸਿਫ ਰਜ਼ਾ ਨੇ ਗ੍ਰਾਫਿਕ ਡਿਜ਼ਾਈਨ ਵਿੱਚ ਦੂਰ ਬੈਠਿਆਂ ਯੋਗਦਾਨ ਪਾਇਆ। ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਤਿੰਨੇ ਦਿਨ ਸਟੇਜ ਸੂਤਰਧਾਰ ਦੀ ਭੂਮਿਕਾ ਨਿਭਾਈ।
ਕਾਨਫ਼ਰੰਸ ਦੌਰਾਨ ਹੋਏ ਵੱਖ ਵੱਖ ਸੈਸ਼ਨਾਂ ਦੀ ਪ੍ਰਧਾਨਗੀ ਡਾ. ਵਰਿਆਮ ਸੰਧੂ, ਡਾ. ਰਾਜੇਸ਼ ਸ਼ਰਮਾ, ਡਾ. ਮਨਜਿੰਦਰ ਸਿੰਘ, ਡਾ. ਗੁਰਪਾਲ ਸਿੰਘ ਸੰਧੂ, ਡਾ. ਜਸਵਿੰਦਰ, ਡਾ. ਬਲਦੇਵ ਧਾਲੀਵਾਲ, ਸ਼ਾਇਰ ਜਸਵਿੰਦਰ, ਦਰਸ਼ਨ ਬੁੱਟਰ, ਤਾਹਿਰਾ ਸਰਾ, ਗੁਰਪ੍ਰੀਤ ਧੁੱਗਾ, ਦਲਜੀਤ ਸਰਾਂ ਅਤੇ ਡਾ. ਧਨੰਵਤ ਕੌਰ ਅਤੇ ਡਾ. ਬਲਜੀਤ ਕੌਰ ਨੇ ਕੀਤੀ। ਪ੍ਰਬੰਧਕਾਂ ਵੱਲੋਂ ਅਕਾਦਮੀ ਨੂੰ ਸਪਾਂਸਰ ਕਰਨ ਵਾਲੀਆਂ ਸਖ਼ਸ਼ੀਅਤਾਂ ਸਰਵ ਸ੍ਰੀ ਜਸਵੀਰ ਗਿੱਲ, ਸੁਰਿੰਦਰ ਧਨੋਆ, ਪ੍ਰੋ. ਸੁਖਦੇਵ ਸਿੰਘ, ਬਲਵਿੰਦਰ (ਲਾਲੀ) ਧਨੋਆ, ਐਸ਼ ਕੁਮ ਐਸ਼, ਡਾ. ਗੁਰਪ੍ਰੀਤ ਧੁੱਗਾ, ਪੰਕਜ ਆਂਸਲ, ਡਾ. ਸਰਬਜੀਤ ਹੁੰਦਲ, ਬਲਜਿੰਦਰ ਸਵੈਚ, ਸੁਰਿੰਦਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਅਕਾਦਮੀ ਦੇ ਪ੍ਰਧਾਨ ਕੁਲਵਿੰਦਰ ਨੇ ਕਾਨਫ਼ਰੰਸ ਨੂੰ ਸਫਲਤਾ ਤੀਕ ਪੁਚਾਉਣ ਲਈ ਆਪਣੀ ਸਮੁੱਚੀ ਕਾਰਜਸ਼ੀਲ ਟੀਮ ਅਤੇ ਹਾਜ਼ਰ ਵਿਦਵਾਨਾਂ ਮਹਿਮਾਨਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਹਿਯੋਗ ਦੀ ਉਮੀਦ ਜ਼ਾਹਿਰ ਕੀਤੀ।
ਇਹ ਵੀ ਇਸ ਕਾਨਫ਼ਰੰਸ ਦੀ ਸਾਰਥਿਕਤਾ ਰਹੀ ਕਿ ਇਸ ਨੇ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਬਾਰੇ ਪੰਜਾਬ ਦੇ ਲੇਖਕਾਂ, ਵਿਦਵਾਨਾਂ ਵਿੱਚ ਪਾਏ ਜਾਂਦੇ ਉਨ੍ਹਾਂ ਸਾਰੇ ਭਰਮਾਂ, ਮਾਪਦੰਡਾਂ ਨੂੰ ਮਾਤ ਦੇ ਦਿੱਤੀ ਕਿ ‘ਵਿਦੇਸ਼ਾਂ ਵਿਚ ਹੁੰਦੀਆਂ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਵਿਚ ਕੋਈ ਗੰਭੀਰ ਸਾਹਿਤਕ ਗੱਲ ਨਹੀਂ ਹੁੰਦੀ’। ਕਾਨਫ਼ਰੰਸ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਮਨਜਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਕਾਨਫ਼ਰੰਸ ਨੇ ਉਨ੍ਹਾਂ ਦੇ ਮਨ ਵਿਚ ਵਿਦੇਸ਼ਾਂ ਵਿਚ ਹੁੰਦੀਆਂ ਸਾਹਿਤਕ ਕਾਨਫ਼ਰੰਸਾਂ ਬਾਰੇ ਬਣੇ ਖ਼ਿਆਲ ਨੂੰ ਗ਼ਲਤ ਸਾਬਿਤ ਕਰ ਦਿੱਤਾ ਹੈ। ਕਾਨਫ਼ਰੰਸ ਵਿਚ ਵੱਖ ਵੱਖ ਸਾਹਿਤਕ ਵਿਸ਼ਿਆਂ ਉੱਪਰ ਵਿਦਵਾਨਾਂ ਨੇ ਬਹੁਤ ਹੀ ਗੰਭੀਰ ਵਿਚਾਰ ਚਰਚਾ ਕੀਤੀ ਅਤੇ ਲੇਖਕਾਂ, ਪਾਠਕਾਂ ਅਤੇ ਸਰੋਤਿਆਂ ਨੇ ਵੀ ਸਮੁੱਚੀ ਕਾਨਫ਼ਰੰਸ ਦੀ ਗੰਭੀਰਤਾ ਨੂੰ ਕਾਇਮ ਰੱਖਿਆ। ਡਾ. ਬਲਦੇਵ ਧਾਲੀਵਾਲ, ਡਾ. ਗੁਰਪਾਲ ਸਿੰਘ ਸੰਧੂ ਅਤੇ ਡਾ. ਜਸਵਿੰਦਰ ਨੇ ਵੀ ਅਜਿਹਾ ਇਜ਼ਹਾਰ ਕਰਦਿਆਂ ਕਿਹਾ ਕਿ ਅਜਿਹੀਆਂ ਸਾਹਿਤਕ ਕਾਨਫ਼ਰੰਸਾਂ ਪੰਜਾਬ ਵਿਚ ਵੀ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ।