ਸੈਂਟਾ ਕਲਾਰਾ/ਕੈਲੀਫ਼ੋਰਨੀਆ/ਏ.ਟੀ.ਨਿਊਜ਼: ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਸਿਲੀਕੋਨ ਵੈਲੀ ਸਿੱਖ ਗੁਰਦੁਆਰਾ ਸੈਂਟਾ ਕਲਾਰਾ ਕੈਲੀਫ਼ੋਰਨੀਆ ਵਿਖੇ ਹਫ਼ਤਾਵਾਰੀ ਦੀਵਾਨਾ ਵਿੱਚ ਵਿਸ਼ੇਸ਼ ਤੌਰ ’ਤੇ ਵੱਡਾ ਘੱਲੂੁਘਾਰਾ (ਕੁੱਪ ਰੇਹੀੜਾ) ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸਜਾਇਆ ਗਿਆ। ਪ੍ਰਵਾਨ ਵੱਲੋਂ ਵੱਡਾ ਘੱਲੂਘਾਰਾ ਪ੍ਰਤੀ ਮਾਣਮੱਤੇ ਸਿੱਖ ਇਤਿਹਾਸ ’ਤੇ ਰੋਸ਼ਨੀ ਪਾਈ ਗਈ ਕਿ ਅਹਿਮਦ ਸ਼ਾਹ ਅਬਦਾਲੀ ਨੇ ਮਾਲੇਰਕੋਟਲਾ ਨੇੜੇ ਕੁੱਪ ਰੇਹੀੜਾ ਪਿੰਡ ਵਿੱਚ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ। ਇਹ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ ਸੀ। ਇਸ ਜੰਗ ਵਿੱਚ ਸਿੱਖ ਯੋਧਿਆਂ ਨੇ ਬੜੀ ਬਹਾਦਰੀ ਨਾਲ ਲੜਦਿਆਂ ਆਪਣੇ ਪਰਿਵਾਰਾਂ ਦੀ ਅਤੇ ਵਹੀਰ ਦੀ ਰੱਖਿਆ ਕੀਤੀ। ਇਸ ਜੰਗ ਵਿੱਚ 10 ਹ ਜ਼ਾਰ ਤੋਂ 30 ਹਜ਼ਾਰ ਦੇ ਕਰੀਬ ਸ਼ਹੀਦੀਆਂ ਹੋਈਆਂ। ਭਾਰੀ ਨੁਕਸਾਨ ਦੇ ਬਾਵਜੂਦ ਸਿੱਖ ਯੋਧਿਆਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਇਸ ਸਾਕੇ ਨੇ ਸਿੱਖਾਂ ਨੂੰ ਹੋਰ ਮਜ਼ਬੂਤ ਕੀਤਾ। ਬਾਅਦ ਵਿੱਚ ਅਬਦਾਲੀ ਨੂੰ ਕਰਾਰੀ ਟੱਕਰ ਦਿੱਤੀ।
ਧਾਰਮਿਕ ਕਵੀ ਦਰਬਾਰ ਦੇ ਦੌਰ ਵਿੱਚ ਕਵੀ ਤਰਸੇਮ ਸਿੰਘ ਸੁਮੰਨ, ਤਰਲੋਚਨ ਸਿੰਘ ਦੁਪਾਲਪੁਰੀ, ਪ੍ਰਮਿੰਦਰ ਸਿੰਘ ਪ੍ਰਵਾਨਾ, ਬਲਕਾਰ ਸਿੰਘ, ਅਮਰਜੀਤ ਸਿੰਘ ਮੁਲਤਾਨੀ, ਜਸਦੀਪ ਸਿੰਘ ਫਰੀਮੋਂਟ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਗੁਰਦੁਆਰਾ ਸਾਹਿਬ ਦੇ ਸਟੇਜ਼ ਸਕੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਕਵੀ ਹਮੇਸ਼ਾ ਹੀ ਸਾਡੇ ਸੱਦੇ ’ਤੇ ਆਪਣਾ ਕੀਮਤੀ ਸਮਾਂ ਕੱਢ ਕੇ ਸੰਗਤਾਂ ਨੂੰ ਸਿੱਖ ਵਿਰਸੇ ਦੇ ਮਾਣਮੱਤੇ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹਨ। ਯਾਦਗਾਰੀ ਤਸਵੀਰਾਂ ਨਾਲ ਪ੍ਰੋਗਰਾਮ ਸੰਪੰਨ ਹੋਇਆ।
![]()
