
ਪੰਜਾਬ ਦੀ ਜਵਾਨੀ ਨੂੰ ਸਿੰਥੈਟਿਕ ਡਰੱਗਜ਼ ਦਾ ਜ਼ਹਿਰ ਖਾ ਰਿਹਾ ਹੈ। ਹੈਰੋਇਨ, ਆਈਸ (ਕ੍ਰਿਸਟਲ ਮੈਥ), ਕੈਟਾਮਾਈਨ, ਐਮ.ਡੀ.ਐਮ.ਏ. ਵਰਗੀਆਂ ਡਰੱਗਜ਼ ਨੇ ਸੂਬੇ ਨੂੰ ਨਸ਼ੇ ਦੀ ਚਪੇਟ ਵਿੱਚ ਲਿਆ ਹੋਇਆ ਹੈ। ਪੰਜਾਬ ਪੁਲਿਸ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਹਜ਼ਾਰਾਂ ਨਸ਼ੇੜੀਆਂ ਅਤੇ ਸਮਗਲਰਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ, ਪਰ ਵੱਡੇ ਮਾਸਟਰਮਾਈਂਡ ਅਜੇ ਵੀ ਕਾਨੂੰਨ ਦੀ ਪਕੜ ਤੋਂ ਬਾਹਰ ਹਨ। ਸਵਾਲ ਉੱਠ ਰਿਹਾ ਹੈ ਕਿ ਨਸ਼ਿਆਂ ਦੀ ਸਪਲਾਈ ਦਾ ਜਾਲ ਕਿਵੇਂ ਤੋੜਿਆ ਜਾਵੇ ਅਤੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਕਿਵੇਂ ਬਚਾਇਆ ਜਾਵੇ?
ਪੁਲਿਸ ਦੀਆਂ ਛਾਪੇਮਾਰੀਆਂ ਦੌਰਾਨ ਹੈਰਾਨੀਜਨਕ ਖੁਲਾਸੇ ਹੋਏ ਹਨ। ਨਸ਼ੇੜੀਆਂ ਕੋਲੋਂ 10-20 ਰੁਪਏ ਦੇ ਸੜੇ-ਝੁਲਸੇ ਨੋਟ ਮਿਲ ਰਹੇ ਹਨ, ਜਿਨ੍ਹਾਂ ਨੂੰ ਹੈਰੋਇਨ ਸੁੰਘਣ ਲਈ ਪਾਈਪ ਵਾਂਗ ਵਰਤਿਆ ਜਾਂਦਾ ਹੈ। ਇਹ ਛੋਟੀ ਕਰੰਸੀ ਨਸ਼ਿਆਂ ਦੀ ਖਰੀਦ-ਫ਼ਰੋਖਤ ਵਿੱਚ ਵੀ ਚੱਲਦੀ ਹੈ, ਕਿਉਂਕਿ ਵੱਡੇ ਨੋਟ ਪੁਲਿਸ ਦਾ ਸ਼ੱਕ ਵਧਾਉਂਦੇ ਹਨ। 2023-2025 ਦੌਰਾਨ ਪੁਲਿਸ ਨੇ 500 ਕਿਲੋ ਤੋਂ ਵੱਧ ਹੈਰੋਇਨ, 3 ਕਿਲੋ ਆਈਸ, 100 ਕਿਲੋ ਗਾਂਜਾ ਅਤੇ ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ, ਪਰ ਸਮਗਲਿੰਗ ਦਾ ਜਾਲ ਟੁੱਟਣ ਦਾ ਨਾਂ ਨਹੀਂ ਲੈ ਰਿਹਾ।ਸਿੰਥੈਟਿਕ ਡਰੱਗਜ਼ ਦੀ ਸਪਲਾਈ ਹਿਮਾਚਲ ਦੀਆਂ ਗੁਪਤ ਲੈਬਾਂ, ਗੁਜਰਾਤ ਦੀਆਂ ਫ਼ਾਰਮਾ ਕੰਪਨੀਆਂ ਤੋਂ ਹੋ ਰਹੀ ਹੈ। ਹੈਰੋਇਨ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਰਾਹੀਂ ਡਰੋਨ, ਸੁਰੰਗਾਂ ਅਤੇ ਸਮੁੰਦਰੀ ਰਸਤਿਆਂ ਪੰਜਾਬ ਪਹੁੰਚਦੀ ਹੈ। ਨਵੀਂ ਪੀੜ੍ਹੀ ਦੇ ਸਮਗਲਰ ਡਾਰਕ ਵੈੱਬ ਰਾਹੀਂ ਡਰੱਗਜ਼ ਮੰਗਵਾਉਂਦੇ ਹਨ, ਜੋ ਕੋਰੀਅਰ ਸਰਵਿਸ ਜਾਂ ਡਾਕ ’ਤੇ ਛੋਟੇ ਪਾਰਸਲਾਂ ਵਿੱਚ ਆਉਂਦੀਆਂ ਹਨ।ਪੰਜਾਬ ਸਿਰਫ਼ ਨਸ਼ਿਆਂ ਦਾ ਸ਼ਿਕਾਰ ਨਹੀਂ, ਸਗੋਂ ਸਪਲਾਈ ਦਾ ਕੇਂਦਰ ਵੀ ਬਣ ਰਿਹਾ ਹੈ। ਕੈਟਾਮਾਈਨ, ਜੋ ਮੈਡੀਕਲ ਵਰਤੋਂ ਲਈ ਬਣਦੀ ਹੈ, ਯੂਰਪ, ਅਮਰੀਕਾ, ਅਤੇ ਆਸਟ੍ਰੇਲੀਆ ਵਿੱਚ ਸਮਗਲ ਹੋ ਰਹੀ ਹੈ। ਯੂਰਪ ਵਿੱਚ 2023-24 ਦੌਰਾਨ ਕੈਟਾਮੀਨ ਦੀ ਵਰਤੋਂ 85-90% ਵਧੀ ਹੈ ਅਤੇ 53 ਮੌਤਾਂ ਇਸ ਨਾਲ ਜੁੜੀਆਂ ਹਨ। ਸਮਗਲਰ ਫ਼ਰਜ਼ੀ ਕੰਪਨੀਆਂ ਦੀ ਆੜ ਵਿੱਚ ਕੈਟਾਮਾਈਨ ਨੂੰ ਵਿਦੇਸ਼ ਭੇਜਦੇ ਹਨ।
ਹੁਸ਼ਿਆਰਪੁਰ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੇਲ੍ ਅਧਿਕਾਰੀਆਂ ਦੀ ਮਿਲੀਭੁਗਤ ’ਤੇ ਸਖਤ ਨਾਰਾਜ਼ਗੀ ਜਤਾਈ ਹੈ, ਜਿਨ੍ਹਾਂ ਵਿੱਚ ਸੀਨੀਅਰ ਸੁਪਰਡੈਂਟ ਬਲਜੀਤ ਸਿੰਘ ਵੀ ਸ਼ਾਮਲ ਹੈ, ਜੋ ਫ਼ਰਾਰ ਹੈ। ਅਦਾਲਤ ਨੇ ਜਾਂਚ ਦੀ ਨਿਗਰਾਨੀ ਖੁਦ ਕਰਨ ਦਾ ਫ਼ੈਸਲਾ ਕੀਤਾ ਅਤੇ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ।ਸਰਕਾਰ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਦੇ, ਵੱਡੇ ਸਮਗਲਰਾਂ ਨੂੰ ਫ਼ੜਨ ਵਿਚ ਨਾਕਾਮੀ ਨੇ ਲੋਕਾਂ ਦਾ ਭਰੋਸਾ ਡਗਮਗਾਇਆ ਹੈ। ਸਿਆਸੀ ਗਠਜੋੜ ਅਤੇ ਸਮਗਲਰਾਂ ਦੀ ਮਿਲੀਭੁਗਤ ਦੀਆਂ ਅਫ਼ਵਾਹਾਂ ਨੇ ਮਸਲੇ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਪੰਜਾਬ ਨੂੰ ਨਸ਼ੇ ਦੀ ਇਸ ਪੱਖੋਂ ਬਚਾਉਣ ਲਈ ਸਖ਼ਤ ਕਦਮ ਚੁੱਕਣ, ਅੰਤਰਰਾਸ਼ਟਰੀ ਸਹਿਯੋਗ ਵਧਾਉਣ ਅਤੇ ਸਾਈਬਰ ਨਿਗਰਾਨੀ ਵਧਾਉਣ ਦੀ ਲੋੜ ਹੈ।