
ਸਫਲਤਾ ਦਾ ਰਾਹ ਨਿਯਮਿਤ ਹਾਜ਼ਰੀ ਤੇ ਸਮਰਪਣ ਨਾਲ ਤਿਆਰ ਕੀਤਾ ਜਾਂਦਾ ਹੈ। ਸਕੂਲ ’ਚ ਮੌਜੂਦਗੀ ਭਾਵ ਲਗਾਤਾਰ ਹਾਜ਼ਰੀ ਵਿਦਿਆਰਥੀ ਦੀ ਸਿੱਖਣ ਪ੍ਰਕਿਰਿਆ, ਨਿੱਜੀ ਵਿਕਾਸ ਤੇ ਭਵਿੱਖ ਦੇ ਮੌਕਿਆਂ ’ਤੇ ਸਿੱਧਾ ਅਸਰ ਪਾਉਂਦੀ ਹੈ। ਨਿਯਮਿਤ ਹਾਜ਼ਰੀ ਦਾ ਹੋਣਾ ਵਿਦਿਆਰਥੀ ਦੀ ਸਿੱਖਣ ਪ੍ਰਤੀ ਸਮਰਪਣ ਭਾਵਨਾ ’ਤੇ ਨਿਰਭਰ ਕਰਦਾ ਹੈ। ਸੋ ਵਿਦਿਆਰਥੀ ਨੂੰ ਸਿੱਖਣ ਪ੍ਰਤੀ ਤੇ ਸਕੂਲ ਵਿੱਚ ਲਗਾਤਾਰ ਹਾਜ਼ਰੀ ਯਕੀਨੀ ਬਣਾਉਣ ਨੂੰ ਸਮਰਪਿਤ ਹੋਣ ਲਈ ਪ੍ਰੇਰਿਤ ਕਰਨਾ ਜ਼ਰੂਰੀ ਹੈ।
ਨਿਯਮਿਤ ਹਾਜ਼ਰੀ ਵਿਦਿਆਰਥੀ ਨੂੰ ਸਬੰਧਿਤ ਪਾਠਕ੍ਰਮ ਅਤੇ ਅਸਾਈਨਮੈਂਟ ਪ੍ਰਤੀ ਜਾਗਰੂਕ ਕਰਦੀ ਹੈ। ਸਬੰਧਿਤ ਪਾਠਕ੍ਰਮ ਨੂੰ ਸਮਝਣ ਵਿੱਚ ਆਈਆਂ ਮੁਸ਼ਕਿਲਾਂ ਮੌਜੂਦ ਅਧਿਆਪਕ ਵੱਲੋਂ ਮੌਕੇ ’ਤੇ ਦੂਰ ਕੀਤੀਆਂ ਜਾਂਦੀਆਂ ਹਨ ਅਤੇ ਵਿਦਿਆਰਥੀ ਨੂੰ ਹਰ ਸੰਭਵ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਨਾਲ ਵਿਦਿਆਰਥੀ ਅਕਾਦਮਿਕ ਪ੍ਰਾਪਤੀ ਕਰਦਾ ਹੈ। ਉਸ ਦਾ ਵਿਸ਼ੇ ਪ੍ਰਤੀ ਗਿਆਨ ਵੀ ਵਿਸ਼ਾਲ ਹੁੰਦਾ ਹੈ ਅਤੇ ਉਹ ਪ੍ਰੀਖਿਆ ਵਿੱਚ ਨਾ ਸਿਰਫ਼ ਚੰਗੇ ਅੰਕ ਹੀ ਪ੍ਰਾਪਤ ਕਰਦਾ ਹੈ ਸਗੋਂ ਸਬੰਧਿਤ ਪਾਠਕ੍ਰਮ ਕਿਰਿਆਵਾਂ ਨੂੰ ਹੱਥੀਂ ਕਰਦਾ ਹੋਇਆ ਆਪਣਾ ਅਰਜਿਤ ਕੀਤਾ ਹੋਇਆ ਗਿਆਨ ਸਦੀਵੀ ਵੀ ਬਣਾਉਂਦਾ ਹੈ।
ਲਗਾਤਾਰ ਹਾਜ਼ਰੀ ਵਿਦਿਆਰਥੀ ਵਿੱਚ ਕੋਮਲ ਹੁਨਰ, ਜਿਵੇਂ ਆਪਸੀ ਗੱਲਬਾਤ ਦਾ ਸੰਚਾਰ, ਸਮਾਂ ਪ੍ਰਬੰਧਨ ਭਾਵ ਸਮੇਂ ਦੀ ਸਹੀ ਅਤੇ ਸੁਚੱਜੀ ਵਰਤੋਂ ਅਤੇ ਸਮੱਸਿਆ ਦਾ ਹੱਲ ਯਾਨੀ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਲ ਸਿਖਾਉਾਂਦੀਹੈ। ਇਹ ਸਭ ਹੁਨਰ ਅੱਗੇ ਜਾ ਕੇ ਵਿਦਿਆਰਥੀ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸਕੂਲ ਵਿੱਚ ਮੌਜੂਦ ਹੋਣਾ ਅਨੁਸ਼ਾਸਨ, ਸਮੇਂ ਦੀ ਪਾਬੰਦਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦਾ ਹੈ। ਸਵੇਰ ਦੀ ਸਭਾ ਤੋਂ ਹੀ ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ ਅਨੁਸਾਰ ਪੀਰੀਅਡ ਲਗਾਉਣ ਦਾ ਲਗਾਤਾਰ ਅਭਿਆਸ ਵਿਦਿਆਰਥੀ ਨੂੰ ਜ਼ਿੰਮੇਵਾਰ ਬਣਾਉਂਦਾ ਹੈ। ਸਕੂਲ ਵਿੱਚ ਵਿਦਿਆਰਥੀਆਂ ਦਾ ਸਭ ਕੁਝ ਯਾਨੀ ਵਰਦੀ, ਕੰਮ ਅਤੇ ਪਾਠਕ੍ਰਮ ਦੀ ਇਕਸਾਰਤਾ ਆਪ-ਮੁਹਾਰੇ ਹੀ ਉਸ ਅੰਦਰ ਉਹ ਸਾਰੇ ਗੁਣ ਪੈਦਾ ਕਰ ਦਿੰਦੀ ਹੈ, ਜੋ ਜੀਵਨ ਦੀ ਸਫਲਤਾ ਲਈ ਬੇਹੱਦ ਜ਼ਰੂਰੀ ਹੁੰਦੇ ਹਨ।
ਸਕੂਲ ਵਿੱਚ ਹੀ ਵਿਦਿਆਰਥੀ ਹਾਣੀਆਂ ਨਾਲ ਗੱਲਬਾਤ ਕਰਨ, ਦੋਸਤ ਬਣਾਉਣ ਅਤੇ ਟੀਮ ਵਰਕ ਆਦਿ ਸਿੱਖਦਾ ਹੈ। ਉਹ ਆਪਸੀ ਟਕਰਾਅ ਦੇ ਹੱਲ ਵਰਗੇ ਸਮਾਜਿਕ ਗੁਣ ਵੀ ਸਿੱਖਦਾ ਹੈ। ਉਹ ਪ੍ਰਤੀਬੰਧ ਰਹਿਣਾ ਸਿੱਖਦਾ ਹੈ ਅਤੇ ਖ਼ੁਦ ਨੂੰ ਮਾਹੌਲ ਅਨੁਸਾਰ ਢਾਲਣਾ ਵੀ ਸਿੱਖਦਾ ਹੈ।
ਸਕੂਲ ਵਿਦਿਆਰਥੀ ਲਈ ਉਹ ਸਹਾਇਕ ਢਾਂਚਾ ਪੇਸ਼ ਕਰਦਾ ਹੈ, ਜਿੱਥੇ ਉਹ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਭਾਵਨਾਤਮਿਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਬਣਦਾ ਹੈ। ਇੱਥੇ ਉਹ ਆਪਣੇ ਅਧਿਆਪਕਾਂ ਤੋਂ ਸਲਾਹਾ ਤੇ ਮਦਦ ਲੈ ਕੇ ਖ਼ੁਦ ਨੂੰ ਮਜ਼ਬੂਤ ਬਣਾ ਸਕਦਾ ਹੈ ਅਤੇ ਅਧਿਆਪਕਾਂ ਦੀ ਪੂਰੀ ਕੋਸ਼ਿਸ਼ ਅਤੇ ਮਿਹਨਤ ਇਸ ਗੱਲ ’ਤੇ ਲੱਗਦੀ ਹੈ ਕਿ ਉਹ ਵਿਦਿਆਰਥੀ ਨੂੰ ਹਰ ਮਾਨਸਿਕ ਗੁੰਝਲ ’ਚੋਂ ਕੱਢ ਕੇ ਉਸ ਨੂੰ ਸਮਰੱਥ ਬਣਾਉਣ। ਦੂਜੇ ਪਾਸੇ ਆਪਣੇ ਹਾਣੀਆਂ ਨਾਲ ਉਸ ਦੇ ਦੋਸਤਾਨਾ ਸੰਬੰਧ ਵੀ ਉਸ ਨੂੰ ਆਪਣੀਆਂ ਭਾਵਨਾਵਾਂ ਵਿਕਸਿਤ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਸਕੂਲ ਉਸ ਨੂੰ ਅਜਿਹੀਆਂ ਯਾਦਾਂ ਨਾਲ ਭਰਦਾ ਹੈ, ਜੋ ਆਉਣ ਵਾਲੀ ਜ਼ਿੰਦਗੀ ਵਿੱਚ ਵੀ ਉਸ ਨੂੰ ਖ਼ੁਸ਼ੀ ਦੇ ਪਲ ਦੇ ਸਕਦੀਆਂ ਹਨ।
ਸਕੂਲਾਂ ਵਿੱਚ ਸਿਰਫ਼ ਅਕਾਦਮਿਕ ਹੀ ਨਹੀਂ ਸਗੋਂ ਪਾਠਕ੍ਰਮ ਤੋਂ ਬਾਹਰੀ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਗਤੀਵਿਧੀਆਂ ਵਿੱਚ ਕੋਮਲ ਕਲਾਵਾਂ, ਜਿਵੇਂ ਪੇਂਟਿੰਗ, ਸੰਗੀਤ, ਅਦਾਕਾਰੀ, ਫੋਟੋਗ੍ਰਾਫੀ ਜਾਂ ਅੱਖਰਕਾਰੀ (ਕੈਲੀਗ੍ਰਾਫੀ) ਆਦਿ ਸ਼ਾਮਿਲ ਹਨ। ਇਨ੍ਹਾਂ ਕਿਰਿਆਤਮਿਕ ਗਤੀਵਿਧੀਆਂ ਵਿੱਚ ਵਿਦਿਆਰਥੀ ਦੀ ਭਾਗੀਦਾਰੀ ਉਸ ਅੰਦਰ ਇਨ੍ਹਾਂ ਕਲਾਵਾਂ ਅਤੇ ਹੁਨਰਾਂ ਲਈ ਰੁਚੀ ਪੈਦਾ ਕਰਦੀ ਹੈ ਅਤੇ ਇਹ ਰੁਚੀ ਹੀ ਵਿਦਿਆਰਥੀ ਦੇ ਭਵਿੱਖੀ ਰੁਜ਼ਗਾਰ ਦਾ ਸਾਧਨ ਵੀ ਬਣ ਸਕਦੀ ਹੈ। ਵਿਦਿਆਰਥੀਆਂ ਵਿੱਚ ਇਹ ਹੁਨਰਮੰਦੀ ਤਾਂ ਹੀ ਆ ਸਕਦੀ ਹੈ, ਜੇ ਉਹ ਸਕੂਲ ਵਿੱਚ ਹਾਜ਼ਰ ਹੋਣ।
ਸਕੂਲ ਅਕਸਰ ਹੀ ਕਿਸੇ ਪੇਸ਼ੇ ਜਾਂ ਮਾਨਸਿਕ ਸਿਹਤ ਸਬੰਧੀ ਕਾਊਂਸਲਿੰਗ ਦਾ ਪ੍ਰਬੰਧ ਸਮੇਂ-ਸਮੇਂ ’ਤੇ ਕਰਦੇ ਰਹਿੰਦੇ ਹਨ। ਇਹ ਸਹੂਲਤਾਂ ਨਿੱਜੀ ਰੂਪ ਵਿੱਚ ਪ੍ਰਾਪਤ ਕਰਨੀਆਂ ਮਹਿੰਗੀਆਂ ਹਨ ਪਰ ਸਕੂਲ ਵਿੱਚ ਲਗਾਤਾਰ ਹਾਜ਼ਰ ਰਹਿਣ ਵਾਲਾ ਵਿਦਿਆਰਥੀ ਬੜੀ ਆਸਾਨੀ ਨਾਲ ਇਨ੍ਹਾਂ ਸਹੂਲਤਾਂ ਨੂੰ ਪ੍ਰਾਪਤ ਕਰ ਸਕਦਾ ਹੈ।
ਸਕੂਲ ’ਚ ਲਗਾਤਾਰ ਹਾਜ਼ਰੀ ਵਿਦਿਆਰਥੀ ਦੀ ਵਿੱਦਿਆਕ ਯਾਤਰਾ ਦਾ ਬੁਨਿਆਦੀ ਪਹਿਲੂ ਹੈ। ਇਹ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਨੂੰ ਹੀ ਯਕੀਨੀ ਨਹੀਂ ਬਣਾਉਂਦਾ ਸਗੋਂ ਉਸ ਦੇ ਵਿਅਕਤੀਗਤ ਵਿਕਾਸ ਵਿੱਚ ਵੀ ਯੋਗਦਾਨ ਪਾਉਂਦਾ ਹੈ। ਸੋ ਵਿਦਿਆਰਥੀਆਂ ਦੀ ਲਗਾਤਾਰ ਹਾਜ਼ਰੀ ਨੂੰ ਬਣਾਈ ਰੱਖਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਮਾਪਿਆਂ, ਅਧਿਆਪਕਾਂ ਅਤੇ ਭਾਈਚਾਰੇ ਦੇ ਸਾਂਝੇ ਯਤਨਾਂ ਕਾਰਨ ਹੀ ਸੰਭਵ ਹੈ।
- ਹਰਪਿੰਦਰ ਰਾਣਾ