
ਨਵੀਂ ਦਿੱਲੀ, 24 ਅਕਤੂਬਰ :
ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਐਮਰਜੈਂਸੀ ਫ਼ਿਲਮ ਵਿੱਚ ਕੁੱਝ ਅਜਿਹੇ ਸੀਨ ਸਨ ਜਿਹੜੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਇਤਰਾਜ਼ਯੋਗ ਲੱਗੇ ਅਤੇ ਇਹ ਦ੍ਰਿਸ਼ ਸਿੱਖ ਸੰਗਤ ਨੂੰ ਵੀ ਪ੍ਰਵਾਨ ਨਹੀਂ ਸਨ। ਫ਼ਿਲਮ ਦੇ ਇਤਰਾਜ਼ਯੋਗ ਹਿੱਸੇ ਸਿੱਖ ਬੁੱਧੀਜੀਵੀ ਵਿਜੈ ਸਤਬੀਰ ਸਿੰਘ, ਚੇਅਰਮੈਨ ਨਾਂਦੇੜ ਸਾਹਿਬ ਬੋਰਡ ਅਤੇ ਲੁਧਿਆਣਾ ਤੋਂ ਜੌਹਲ ਸਾਹਿਬ ਦੀ ਨਿਗਰਾਨੀ ਹੇਠ ਕਟਵਾਏ ਜਾ ਚੁੱਕੇ ਹਨ। ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਫ਼ਿਲਮ ਵਿੱਚ ਸਿੱਖ ਸੰਗਤ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਚੀਜ਼ ਨਾ ਦਿਖਾਈ ਜਾਵੇ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਇੰਦਰਾ ਗਾਂਧੀ ਦੇ ਸਿੱਖ ਵਿਰੋਧੀ ਕੁਕਰਮਾਂ ਨੂੰ ਦਿਖਾਉਣ ਤੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਇਹ ਪ੍ਰੇਸ਼ਾਨੀ ਸਿਰਫ਼ ਕਾਂਗਰਸ ਦੇ ਕੁੱਝ ਆਗੂਆਂ ਨੂੰ, ਜੋ ਆਪਣੇ ਨਾਮ ਪਿੱਛੇ ਸਿੰਘ ਤਾਂ ਲਗਾਉਂਦੇ ਹਨ ਪਰ ਇੰਦਰੀ ਗਾਂਧੀ ਦੀ ਸਿੱਖ ਵਿਰੋਧੀ ਰਾਜਨੀਤੀ ਨੂੰ ਲੋਕਾਂ ਸਾਹਮਣੇ ਆਉਣ ਨਹੀਂ ਦੇਣਾ ਚਾਹੁੰਦੇ।