ਸਰੀ : ਇੰਡੀਅਨ ਸਟੇਟ ਵੱਲੋਂ ਵਿਦੇਸ਼ਾਂ 'ਚ ਸਿੱਖਾਂ ਅੰਦਰ ਦਖਲਅੰਦਾਜ਼ੀ ਦੇ ਹਰ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਜਾ ਰਹੇ ਹਨ। ਜਿੱਥੇ ਇੱਕ ਪਾਸੇ ਕੌਮਾਂਤਰੀ ਪੱਧਰ 'ਤੇ ਸਿੱਖ ਆਗੂਆਂ 'ਤੇ ਹਮਲਿਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ, ਉੱਥੇ ਧਾਰਮਿਕ ਖੇਤਰ ਵਿੱਚ ਦਖਲ ਅੰਦਾਜ਼ੀ ਵੀ ਨਾਲੋ ਨਾਲ ਜਾਰੀ ਹੈ। ਇਸ ਦੀ ਇੱਕ ਮਿਸਾਲ ਸਰੀ ਦੇ ਮਿਊਜ਼ੀਅਮ ਅੰਦਰ ਜਿਸ ਤਰੀਕੇ ਨਾਲ 'ਹਿੰਦੂ ਸਿਵਿਲਾਈਜੇਸ਼ਨ' ਦੇ ਸਿਰਲੇਖ ਅਧੀਨ ਸਿੱਖ ਧਰਮ ਨੂੰ ਉਸ ਦਾ ਹਿੱਸਾ ਪੇਸ਼ ਕੀਤਾ ਗਿਆ ਹੈ, ਇਹ ਨਫਰਤ ਭੜਕਾਉਣ ਦੀ ਸਾਜ਼ਿਸ਼ ਘੜੀ ਗਈ ਹੈ। ਇਸ ਵਿੱਚ ਆਰਐਸਐਸ ਅਤੇ ਵਿਸ਼ਵ ਹਿੰਦੂ ਪਰਿਸ਼ਦ ਵਰਗੀਆਂ ਤਾਕਤਾਂ ਪ੍ਰਮੁੱਖ ਹਨ, ਜੋ ਬੀਸੀ ਵਿੱਚ ਵੀ ਭਾਰੂ ਹਨ। ਇਸ ਪ੍ਰਦਰਸ਼ਨੀ ਵਿੱਚ ਜਿਸ ਤਰ੍ਹਾਂ ਸਿੱਖਾਂ ਨੂੰ ਹਿੰਦੂ ਸਿਵਿਲਾਈਜੇਸ਼ਨ ਦਾ ਹਿੱਸਾ ਦਿਖਾਇਆ ਗਿਆ ਹੈ, ਉਹ ਨਾ ਸਿਰਫ ਨਿੰਦਣਯੋਗ ਹੈ, ਬਲਕਿ ਉਸਦੀ ਮੁਕੰਮਲ ਜਾਂਚ ਵੀ ਹੋਣੀ ਚਾਹੀਦੀ ਹੈ। ਇਸ ਪਿੱਛੇ ਜਿਹੜੀਆਂ ਤਾਕਤਾਂ ਸ਼ਾਮਿਲ ਹਨ, ਉਹਨਾਂ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ।ਸਿੱਖਾਂ ਤੋਂ ਇਲਾਵਾ ਜੈਨ ਧਰਮ ਅਤੇ ਬੁੱਧ ਧਰਮ ਨੂੰ ਵੀ ਇਸ ਵਿਵਾਦਗ੍ਰਸਤ ਪ੍ਰਦਰਸ਼ਨੀ ਵਿੱਚ ਹਿੰਦੂ ਸਿਵਲਾਈਜੇਸ਼ਨ ਦਾ ਹਿੱਸਾ ਵਿਖਾਇਆ ਗਿਆ ਹੈ, ਜੋ ਕਿ ਝੂਠ ਦਾ ਪੁਲੰਦਾ ਹੈ।
ਅਜਿਹੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਨੱਥ ਪਾਉਣ ਲਈ ਵਿਸ਼ਵ ਸਿੱਖ ਸੰਸਥਾ ਅਤੇ ਬੀਸੀ ਗੁਰਦੁਆਰਾ ਸਿੱਖ ਕੌਂਸਲ ਵੱਲੋਂ ਮੌਕੇ ਤੇ ਕਦਮ ਚੁੱਕੇ ਗਏ ਹਨ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਨਤਕ ਮੁਆਫੀ ਵੀ ਚਾਹੀਦੀ ਹੈ। ਆਪਣੇ ਇੱਕ ਪੱਤਰ ਰਾਹੀਂ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਸਰੀ ਮਿਊਜ਼ਮ ਵਿੱਚ ਹਿੰਦੂ ਸਭਿਅਤਾ ਦੀ ਇਕ ਪ੍ਰਦਰਸ਼ਨੀ ਵਿਚ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਤੇ ਪਵਿੱਤਰ ੴ ਨੂੰ ਹਿੰਦੂ ਧਰਮ ਦੇ ਦੂਸਰੇ ਚਿੰਨਾਂ ਵਿਚ ਵਿਖਾਏ ਜਾਣ ਤੇ ਚਿੰਤਾ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਸਿੱਖ ਸੰਸਥਾ ਵਲੋਂ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਹਿਯੋਗ ਨਾਲ ਆਯੋਜਿਤ ਇਸ ਹਿੰਦੂਤਵ-ਪ੍ਰੇਰਿਤ ਪ੍ਰਦਰਸ਼ਨੀ ਦੌਰਾਨ ਸਿੱਖ ਧਰਮ ਅਤੇ ਸਿੱਖੀ ਬਾਰੇ ਅਣਉਚਿਤ ਅਤੇ ਅਪਮਾਨਜਨਕ ਦਾਅਵੇ ਕੀਤੇ ਗਏ ਹਨ। ਇਸ ਵਿਚ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਅਧੀਨ ਅਤੇ ਵੱਖਰੀ ਸਿੱਖ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਪ੍ਰਦਰਸ਼ਨੀ ਸਿੱਖੀ ਨੂੰ ਹਿੰਦੂ ਧਰਮ ਦੀ ਸਿਰਫ਼ ਇਕ “ਪਰੰਪਰਾ” ਵਜੋਂ ਦਰਸਾਉਂਦੀ ਹੈ ਅਤੇ ਸਿੱਖ ਧਰਮ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਿੰਦੂ ਧਰਮ ਦੇ ਇਕ “ਪਵਿੱਤਰ ਗ੍ਰੰਥ” ਵਜੋਂ ਗਲਤ ਦਾਅਵਾ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ, ਹਿੰਦੂ ਪ੍ਰਤੀਕਾਂ ਦੇ ਨਾਲ ੴ ਨੂੰ ਕੇਵਲ ਇਕ ਚਿੱਤਰ ਵਜੋਂ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਕਿ ਸਿੱਖਾਂ ਲਈ ਨਿਰਾਦਰ ਹੈ। ਇਹ ਪ੍ਰਦਰਸ਼ਨੀ ਹਿੰਦੂ ਧਰਮ ਦੇ ਹੋਰ ਫਿਰਕਿਆਂ ਵਜੋਂ ਬੁੱਧ ਅਤੇ ਜੈਨ ਧਰਮ ਬਾਰੇ ਵੀ ਦਾਅਵਾ ਕਰਦੀ ਹੈ।ਪ੍ਰੈਸ ਨੋਟ ਵਿਚ ਡਬਲਿਊ ਐਸ ਓ ਨੇ ਪ੍ਰਦਰਸ਼ਨੀ ਬਾਰੇ ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ ਸਰੀ ਮਿਊਜ਼ਮ ਨੂੰ ਸਿੱਖ ਭਾਈਚਾਰੇ ਤੋਂ ਜਨਤਕ ਸਪੱਸ਼ਟੀਕਰਨ ਦੇਣ ਤੇ ਮਆਫੀ ਦੀ ਮੰਗ ਕੀਤੀ ਹੈ।
ਇਸ ਦੌਰਾਨ ਸਿੱਖਾਂ ਦੇ ਸਖਤ ਵਿਰੋਧ ਉਪਰੰਤ ਪ੍ਰਦਰਸ਼ਨੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਣ ਵਾਲੀ ਤਖਤੀ ਅਜੈਬ ਘਰ ਵਿੱਚੋਂ ਲਾਹ ਦਿੱਤੀ ਗਈ ਹੈ। ਬੀਸੀ ਗੁਰਦੁਆਰਾ ਕੌਂਸਲ ਅਤੇ ਹੋਰ ਸਿੱਖ ਸੰਸਥਾਵਾਂ ਵਲੋਂ ਸਖਤ ਇਤਰਾਜ਼ ਉਪਰੰਤ ਸਰੀ ਮਿਊਜ਼ਮ ਨੇ ਇਸ ਤਖਤੀ ਨੂੰ ਪ੍ਰਦਰਸ਼ਨੀ ਨੂੰ ਹਟਾਇਆ ਹੈ। ਇਸ ਮੌਕੇ ਡਬਲਿਊ ਐਸ ਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ “ਹਿੰਦੂਤਵੀ ਸੰਗਠਨਾਂ ਨੂੰ ਸਿੱਖੀ ਦੀ ਪਰਿਭਾਸ਼ਾ ਜਾਂ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਦੀ ਇਜ਼ਾਜਤ ਨਹੀ ਦੇਣਗੇ।
ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਿਲ ਦੇ ਬੁਲਾਰੇ ਭਾਈ ਮਨਿੰਦਰ ਸਿੰਘ ਨੇ ਦੱਸਿਆ ਕਿ ਸਰੀ ਮਿਊਜ਼ੀਅਮ ਵਿੱਚ “ਹਿੰਦੂ ਸਿਵਲਾਈਜੇਸ਼ਨ” ਹੇਠ ਐਕਸੀਬਿਟ ਜਿਸ ਵਿੱਚ ਸਿਖਾ ਨੂੰ ਹਿੰਦੂਆਂ ਦਾ ਇਕ ਅੰਗ ਦਿਖਾਇਆ ਗਿਆ ਸੀ, ਓਹੁ ਐਕਸੀਬਿਟ ਲਾਹਿਆ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਸਰੀ ਮਿਊਜ਼ੀਅਮ, ਸਿਟੀ ਆਫ ਸਰੀ, ਅਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨਾਲ ਵੀ ਇਹ ਵਿਚਾਰ ਹੋਣਗੇ ਕਿ ਇਸ ਗਲਤ ਅਤੇ ਨਫ਼ਰਤ ਭਰੇ ਐਕਸੀਬਿਟ ਦੀ ਅਪਰੂਵਲ ਕਿਓਂ ਅਤੇ ਕਿਸ ਦੀ ਸਲਾਹ ਨਾਲ ਹੋਈ? ਵਿਦੇਸ਼ਾਂ ਵਿੱਚ ਇੰਡੀਅਨ ਸਟੇਟ ਵੱਲੋਂ ਸਿੱਖਾਂ ਅੰਦਰ ਦਖਲ ਅੰਦਾਜ਼ੀ ਦੀਆਂ ਕੋਸ਼ਿਸ਼ਾਂ ਨੂੰ ਮੂੰਹ ਤੋੜ ਜਵਾਬ ਦਿੱਤੇ ਜਾਣ ਨਾਲ ਸਿੱਖ ਭਾਈਚਾਰੇ ਦਾ ਹੌਸਲਾ ਵਧਿਆ ਹੈ।
![]()
