
ਬੀਤੇ ਪੈਂਤੀ-ਚਾਲੀ ਵਰਿ੍ਹਆਂ ਤੋਂ ਸਿੱਖਿਆ ਪ੍ਰਣਾਲੀ ’ਚ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਵਰਤਾਏ ਜਾ ਰਹੇ ਵਰਤਾਰਿਆਂ ਨੂੰ ਮੈਂ ਨੇੜਿਓਂ ਤੱਕਿਆ ਹੈ। ਹਰ ਨਵੀਂ ਸਰਕਾਰ ਸਿੱਖਿਆ ਤੇ ਸਿਹਤ ਨੂੰ ਤਰਜੀਹ ਦਿੰਦੀ ਹੈ ਪਰ ਇੱਕ ਗੱਲ ਅਜੇ ਤੱਕ ਸਮਝ ਨਹੀਂ ਆਈ ਕਿ ਸਿੱਖਿਆ ਦੇ ਖੇਤਰ ਵਿੱਚ ਜਿਹੜੇ ਸੁਧਾਰਾਂ ਦੀ ਜ਼ਰੂਰਤ ਹੈ, ਉਹ ਨਜ਼ਰ ਨਹੀਂ ਪੈ ਰਹੇ। ਜੇਕਰ ਸਾਡੀ ਸਿੱਖਿਆ ਉੱਚ ਪਾਏ ਦੀ ਹੁੰਦੀ ਤਾਂ ਅੱਜ ਅਸੀਂ ਬੇਰੁਜ਼ਗਾਰੀ, ਭੁੱਖਮਰੀ, ਗੈਂਗਵਾਰ ਦੇ ਸ਼ਿਕਾਰ ਨਾ ਹੁੰਦੇ ਅਤੇ ਸਿਹਤ ਪੱਖੋਂ ਕਮਜ਼ੋਰ ਨਾਗਰਿਕ ਵੀ ਨਾ ਬਣਦੇ। ਆਮ ਨਾਗਰਿਕਾਂ ਨੂੰ ਤਾਂ ਗ਼ਰੀਬੀ ਨੇ ਇੰਨਾ ਦੱਬਿਆ ਹੋਇਆ ਹੈ ਕਿ ਉਹ ਤਰੱਕੀ ਦੀਆਂ ਰਾਹਾਂ ਲੱਭ ਹੀ ਨਹੀਂ ਸਕਦੇ। ਉਨ੍ਹਾਂ ਨੂੰ ਤਾਂ ਰੋਜ਼ੀ-ਰੋਟੀ ਦੇ ਮਸਲੇ ਹੀ ਮਾਰੀ ਜਾ ਰਹੇ ਹਨ।
ਜੇ ਬੱਚੇ ਪੜ੍ਹਨ ਨੂੰ ਤਰਜੀਹ ਦਿੰਦੇ ਹਨ ਤਾਂ ਸਕੂਲੀ ਸਿੱਖਿਆ ਪ੍ਰਣਾਲੀ ਵਿੱਚ ਲੱਭਦਾ ਕੁਝ ਨਹੀਂ। ਰੱਟਾ ਮੈਥਡ ਨੇ ਸਭ ਕਾਸੇ ਦਾ ਨਾਸ ਮਾਰ ਦਿੱਤਾ ਹੈ। ਨਤੀਜਿਆਂ ’ਤੇ ਝਾਤ ਮਾਰਦੇ ਹਾਂ ਤਾਂ ਬਹੁਤੇ ਵਿਦਿਆਰਥੀ 95% ਦੇ ਦੁਆਲੇ ਨੰਬਰ ਲੈ ਕੇ ਪਾਸ ਹੋਏ ਹੁੰਦੇ ਹਨ ਪਰ ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਉਹ ਕਿਤੇ ਲੱਭਦੇ ਹੀ ਨਹੀਂ। ਇੱਥੋਂ ਸਿੱਧ ਹੁੰਦਾ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸਾਰਾ ਖੋਖਲਾਪਣ ਆ ਚੁੱਕਾ ਹੈ।
ਇਸ ਖੋਖਲੇਪਣ ਨੂੰ ਦੂਰ ਕਰਨ ਲਈ ਪ੍ਰਾਈਵੇਟ ਕੋਚਿੰਗ ਸੈਂਟਰ ਧੜਾਧੜ ਖੁੱਲ੍ਹ ਰਹੇ ਹਨ। ਪੰਜਾਬ ਅਤੇ ਹਰਿਆਣਾ ਵਿੱਚ ਇਨ੍ਹਾਂ ਦਾ ਬੜਾ ਵੱਡਾ ਨੈੱਟਵਰਕ ਫੈਲ ਚੁੱਕਾ ਹੈ। ਇਨ੍ਹਾਂ ਦਾ ਨੈੱਟਵਰਕ ਫੈਲਣ ਦਾ ਮੁੱਖ ਕਾਰਨ ਇਹ ਹੈ ਕਿ ਸਕੂਲਾਂ ਵਿੱਚ ਵਿਦਿਆਰਥੀ ਰੱਟਾ ਲਗਾ ਕੇ ਕਲਾਸਾਂ ਤਾਂ ਪਾਸ ਕਰ ਰਹੇ ਹਨ ਪਰ ਵਿਵਹਾਰਕ ਗਿਆਨ ਤੋਂ ਕੋਰੇ ਹਨ। ਇੱਥੇ ਫਿਰ ਆਮ ਇਨਸਾਨ ਦਾ ਮਸਲਾ ਖੜ੍ਹਾ ਹੋ ਜਾਂਦਾ ਹੈ ਕਿ ਸਾਧਾਰਨ ਆਮਦਨ ਵਾਲਾ ਵਿਅਕਤੀ ਆਪਣੇ ਦਿਮਾਗੀ ਅਤੇ ਹੁਸ਼ਿਆਰ ਬੱਚੇ ਨੂੰ ਤਰੱਕੀ ਦੀਆਂ ਮੰਜ਼ਿਲਾਂ ’ਤੇ ਕਿਵੇਂ ਪਹਿਚਾਵੇ? ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਅਤੇ ਕੋਚਿੰਗ ਸੈਂਟਰਾਂ ਦੀ ਫੀਸ ਉਸ ਨੂੰ ਇਸ ਤਰ੍ਹਾਂ ਦੱਬ ਲੈਂਦੀ ਹੈ ਕਿ ਉਹ ਅੱਗੇ ਵਧ ਹੀ ਨਹੀਂ ਸਕਦਾ।
ਭਾਰਤ ਸਰਕਾਰ ਦੇ ਯੋਜਨਾਵਾਂ ਲਾਗੂ ਕਰਨ ਵਾਲੇ ਮੰਤਰਾਲੇ ਵੱਲੋਂ ਕਰਵਾਏ ਵਿਆਪਕ ਮੋਡਿਊਲਰ ਸਰਵੇਖਣ ਸਿੱਖਿਆ ਅਪ੍ਰੈਲ-ਜੂਨ 2025 ਤੋਂ ਆਏ ਅੰਕੜਿਆਂ ਅਨੁਸਾਰ ਪੂਰੇ ਦੇਸ਼ ਦੇ ਲਗਪਗ ਇੱਕ ਚੌਥਾਈ ਸਕੂਲੀ ਬੱਚਿਆਂ ਨੇ ਕੋਚਿੰਗ ਲਈ ਜੋ 27 ਫ਼ੀਸਦੀ ਬਣਦੀ ਹੈ। ਪ੍ਰਾਈਵੇਟ ਕੋਚਿੰਗ ਲੈਣ ਵਾਲਿਆਂ ਵਿੱਚ 30.7 ਫ਼ੀਸਦੀ ਸ਼ਹਿਰੀ ਅਤੇ 25.5 ਫ਼ੀਸਦੀ ਪੇਂਡੂ ਖੇਤਰਾਂ ਦੇ ਬੱਚੇ ਹਨ।
ਵਿਦਿਆਰਥੀਆਂ ’ਤੇ ਇਹ ਖ਼ਰਚਾ ਹਜ਼ਾਰਾਂ ’ਚ ਅੱਪੜ ਜਾਂਦਾ ਹੈ ਜੋ ਮਾਪਿਆਂ ਦੀ ਮਜਬੂਰੀ ਬਣ ਚੁੱਕਾ ਹੈ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਸਾਰੇ ਵਿਦਿਆਰਥੀ ਸਕੂਲਾਂ ਵਿੱਚ ਜਾਂਦੇ ਹਨ, ਫਿਰ ਕੋਚਿੰਗ ਦੀ ਜ਼ਰੂਰਤ ਕਿਉਂ ਹੈ? ਇਸ ਦਾ ਜਵਾਬ ਉਦੋਂ ਮਿਲ ਜਾਂਦਾ ਹੈ ਜਦੋਂ ਇਹ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਭਾਰਤ ਦੇ ਸਕੂਲਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਅਧਿਆਪਕਾਂ ਦੀ ਕਮੀ ਹੈ। ਪੂਰੇ ਦੇਸ਼ ਵਿੱਚ ਇੱਕ ਲੱਖ ਚਾਰ ਹਜ਼ਾਰ 125 ਅਜਿਹੇ ਸਕੂਲ ਹਨ ਜਿੱਥੇ ਇੱਕ ਅਧਿਆਪਕ ਸਾਰੀਆਂ ਜਮਾਤਾਂ ਨੂੰ ਪੜ੍ਹਾਉਣ ਤੋਂ ਇਲਾਵਾ ਪ੍ਰਬੰਧਕੀ ਕਾਰਜ ਵੀ ਕਰਦਾ ਹੈ।
ਕਈ ਹੋਰ ਸਕੂਲਾਂ ਵਿੱਚ ਸਿਰਫ਼ ਦੋ ਅਧਿਆਪਕ ਹੀ ਕੰਮ ਚਲਾ ਰਹੇ ਹਨ। ਅਜਿਹੇ ਹਾਲਾਤ ਨਾਲ ਜੂਝਦੇ ਸਾਡੇ ਵਿਦਿਆਰਥੀ ਕਿਹੋ ਜਿਹੀ ਸਿੱਖਿਆ ਗ੍ਰਹਿਣ ਕਰ ਰਹੇ ਹਨ, ਉਹ ਤੁਸੀਂ ਖ਼ੁਦ ਅੰਦਾਜ਼ਾ ਲਗਾ ਸਕਦੇ ਹੋ। ਸ਼ਾਇਦ ਇਸੇ ਕਾਰਨ ਭਾਰਤ ਦੇ 14.71 ਲੱਖ ਸਕੂਲਾਂ ਵਿੱਚੋਂ 7993 ਸਕੂਲਾਂ ਵਿੱਚ ਪਿਛਲੇ ਸਾਲ ਇੱਕ ਵੀ ਦਾਖ਼ਲਾ ਨਹੀਂ ਹੋਇਆ। ਅਧਿਆਪਕਾਂ ਤੋਂ ਸੱਖਣੇ ਸਰਕਾਰੀ ਸਕੂਲਾਂ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਉਹ ਜਾਣਦੇ ਹਨ ਕਿ ਸਰਕਾਰੀ ਅਧਿਆਪਕਾਂ ਨੂੰ ਪੜ੍ਹਾਉਣ ਹੀ ਨਹੀਂ ਦਿੱਤਾ ਜਾ ਰਿਹਾ ਸਗੋਂ ਹੋਰ ਕਈ ਤਰ੍ਹਾਂ ਦੇ ਗ਼ੈਰ-ਵਿੱਦਿਅਕ ਕੰਮ ਕਰਵਾਏ ਜਾ ਰਹੇ ਹਨ।
ਸਿੱਖਿਆ ਲਈ ਗਠਿਤ ਏਕੀਕ੍ਰਿਤ ਜ਼ਿਲ੍ਹਾ ਸੂਚਨਾ ਪ੍ਰਣਾਲੀ ਦੀ ਇੱਕ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਦੁਆਰਾ ਬਣਾਈਆਂ ਯੋਜਨਾਵਾਂ ਕਾਗਜ਼ਾਂ ਵਿੱਚ ਹੀ ਮਰ-ਮੁੱਕ ਰਹੀਆਂ ਹਨ। ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੇ ਦਾਖ਼ਲਾ ਨਹੀਂ ਲਿਆ, ਉਨ੍ਹਾਂ ਵਿੱਚ ਬੰਗਾਲ ਸਭ ਤੋਂ ਮੂਹਰੇ ਹੈ ਜਿੱਥੇ ਸਿਫ਼ਰ ਦਾਖ਼ਲੇ ਵਾਲੇ ਸਕੂਲਾਂ ਦੀ ਗਿਣਤੀ 3812 ਅਤੇ ਤੇਲੰਗਾਨਾ ਵਿੱਚ 2245 ਹੈ। ਸਿੰਗਲ ਟੀਚਰ ਸਕੂਲ ਵਾਲੇ ਰਾਜਾਂ ਵਿੱਚ ਆਂਧਰ ਪ੍ਰਦੇਸ਼ ਸਭ ਤੋਂ ਅੱਗੇ ਹੈ ਜਿਸ ਵਿੱਚ 12912 ਅਜਿਹੇ ਸਕੂਲ ਹਨ। ਪੰਜਾਬ ਦੇ 2431 ਸਕੂਲ ਇੱਕੋ ਅਧਿਆਪਕ ਨਾਲ ਚਲਾਏ ਜਾ ਰਹੇ ਹਨ। ਸਿੱਖਿਆ ਮੰਤਰਾਲੇ ਦੀ ਰਿਪੋਰਟ ਅਨੁਸਾਰ ਪਹਿਲਾਂ ਇੱਕ 21 ਦਾ ਅਨੁਪਾਤ ਹੁੰਦਾ ਸੀ ਤੇ ਅੱਜ-ਕੱਲ੍ਹ ਇਹ ਅਨੁਪਾਤ ਇੱਕ ਅਧਿਆਪਕ ਪਿੱਛੇ 31 ਵਿਦਿਆਰਥੀਆਂ ਦਾ ਹੋ ਗਿਆ ਹੈ।
ਸਿੱਖਿਆ ਦਾ ਇੱਕ ਸੁਖਾਵਾਂ ਪੱਖ ਇਹ ਵੀ ਨਜ਼ਰ ਆਇਆ ਹੈ ਕਿ ਦੇਸ਼ ਵਿੱਚ ਪਿਛਲੇ 40 ਸਾਲਾਂ ਦੌਰਾਨ ਜਨਮ ਅਤੇ ਮੌਤ ਦਰ, ਦੋਨਾਂ ਵਿੱਚ ਕਮੀ ਆਈ ਹੈ। ਸਮੁੱਚੀ ਜਨਮ ਦਰ 1971 ਵਿੱਚ 36.9 ਇੱਕ ਹਜ਼ਾਰ ਪਿੱਛੇ ਘਟ ਕੇ 2023 ਵਿੱਚ 17.2 ਰਹਿ ਗਈ ਹੈ। ਜਦਕਿ ਸਮੁੱਚੀ ਮੌਤ ਦਰ 14.9 ਤੋਂ ਘਟ ਕੇ 6.4 ਰਹਿ ਗਈ ਹੈ।
ਬਿਹਤਰ ਸਿਹਤ ਸੰਭਾਲ ਅਤੇ ਪਰਿਵਾਰ ਭਲਾਈ ਸਕੀਮਾਂ ਕਰਕੇ ਬਾਲ ਮੌਤ ਦਰ 129 ਤੋਂ ਘਟ ਕੇ 22 ਰਹਿ ਗਈ ਹੈ। ਚਿਤਾਵਨੀ ਵਾਲੀ ਸੂਚਨਾ ਇਹ ਹੈ ਕਿ ਮੈਡੀਕਲ ਸਿੱਖਿਆ ਅਤੇ ਖੋਜ ਦੇ ਬਾਵਜੂਦ ਭਾਰਤੀਆਂ ਦੀ ਕੁੱਲ ਜਣਨ ਦਰ ਘਟ ਕੇ 1.9 ਰਹਿ ਗਈ ਹੈ। ਦਿਹਾਤੀ ਖੇਤਰਾਂ ਵਿੱਚ 2.1 ਅਤੇ ਸ਼ਹਿਰੀ ਖੇਤਰਾਂ ਵਿੱਚ 1.6 ਤੱਕ ਡਿੱਗਣ ਦੀ ਸੂਚਨਾ ਖ਼ਤਰੇ ਦੀ ਘੰਟੀ ਹੈ। ਕਹਿਣ ਦਾ ਭਾਵ ਇਹ ਹੈ ਕਿ ਦੇਸ਼ ਵਿੱਚੋਂ ਗੱਭਰੂਆਂ ਦੀ ਗਿਣਤੀ ਘੱਟ ਅਤੇ ਬਜ਼ੁਰਗਾਂ ਦੀ ਵੱਧ ਹੋ ਰਹੀ ਹੈ। ਇਸ ਵੇਲੇ ਦੇਸ਼ ਦੇ 42% ਨੌਜਵਾਨ ਨਾ ਤਾਂ ਨੌਕਰੀਆਂ ਵਿੱਚ ਹਨ ਅਤੇ ਨਾ ਹੀ ਕੋਈ ਰਸਮੀ ਸਿੱਖਿਆ ਲੈ ਰਹੇ ਹਨ।
ਔਰਤਾਂ ਦੀ ਕਿਰਤ ਵਿੱਚ ਹਿੱਸੇਦਾਰੀ ਸਿਰਫ਼ 37 ਫ਼ੀਸਦੀ ਹੈ ਜੋ ਆਲਮੀ ਪੱਧਰ ਦੇ ਮੁਕਾਬਲੇ ਬਹੁਤ ਘੱਟ ਹੈ। ਇੱਥੋਂ ਇਹ ਸਿੱਧ ਹੁੰਦਾ ਹੈ ਕਿ ਸਮਾਜਿਕ ਸੁਰੱਖਿਆ ਘਟ ਰਹੀ ਹੈ ਤੇ ਬੇਰੁਜ਼ਗਾਰੀ ਵਧ ਰਹੀ ਹੈ। ਇਹ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਸਿੱਖਿਆ ਨਾਲ ਹੀ ਦੇਸ਼ ਦਾ ਹਰ ਪੱਖੋਂ ਵਿਕਾਸ ਹੁੰਦਾ ਹੈ। ਕੋਈ ਸ਼ੱਕ ਨਹੀਂ ਕਿ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਨੇ ਮੱਲਾਂ ਮਾਰੀਆਂ ਹਨ ਪਰ ਜਿਸ ਵਿਸ਼ੇ ਨੂੰ ਵਿਚਾਰਨ ਦੀ ਲੋੜ ਹੈ ਉਸ ’ਤੇ ਗ਼ੌਰ ਨਹੀਂ ਕੀਤਾ ਜਾ ਰਿਹਾ।
ਭਾਰਤੀ ਸੰਵਿਧਾਨ ਭਾਰਤ ਨੂੰ ਇੱਕ ਕਲਿਆਣਕਾਰੀ ਰਾਜ ਦਾ ਦਰਜਾ ਦਿੰਦਾ ਹੈ ਜਿਸ ਵਿੱਚ ਹਰ ਆਮ ਤੇ ਖ਼ਾਸ ਨੂੰ ਬਰਾਬਰ ਦੇ ਹੱਕ ਮਿਲਣ ਪਰ ਇੱਥੇ ਤਾਂ ਸਿਰਫ਼ ਅਮੀਰਾਂ ਨੂੰ ਹੀ ਸਾਰੇ ਹੱਕ ਮਿਲ ਰਹੇ ਹਨ ਤੇ ਆਮ ਜਨਤਾ ਸਿਰਫ਼ ਤੇ ਸਿਰਫ਼ ਕਤਾਰਾਂ ਵਿੱਚ ਲੱਗ ਕੇ ਰਾਸ਼ਨ ਪ੍ਰਾਪਤ ਕਰਨ ’ਚ ਲੱਗੀ ਹੋਈ ਹੈ। ਜਨਤਾ ਨੂੰ ਮੁਫ਼ਤ ਦੀਆਂ ਰਿਓੜੀਆਂ ਦੇਣ ਦੀ ਬਜਾਏ ਉਸ ਨੂੰ ਇਹੋ ਜਿਹਾ ਹੁਨਰ ਸਿਖਾਇਆ ਜਾਵੇ ਜਿਸ ਸਹਾਰੇ ਉਹ ਖ਼ੁਦ ਆਪਣਾ ਰੁਜ਼ਗਾਰ ਹਾਸਲ ਕਰ ਕੇ ਕਿਰਤ-ਕਮਾਈ ਕਰੇ ਅਤੇ ਮਾਣ-ਮੱਤਾ ਜੀਵਨ ਜਿਉਣ ਦੇ ਕਾਬਲ ਹੋ ਸਕੇ।
ਇਹ ਕਾਬਲੀਅਤ ਤਦ ਹੀ ਆ ਸਕੇਗੀ ਜੇਕਰ ਅਵਾਮ ਨੂੰ ਸਾਰੇ ਮੁਲਕ ’ਚ ਇੱਕੋ ਜਿਹੀ ਸਮੇਂ ਦੀ ਹਾਣੀ ਸਿੱਖਿਆ ਮਿਲੇ। ਇੱਥੇ ਤਾਂ ‘ਅੱਗਾ ਦੌੜ, ਪਿੱਛਾ ਚੌੜ’ ਹੋਈ ਜਾ ਰਿਹਾ ਹੈ। ਜੇ ਬਿਲਡਿੰਗਾਂ ਸੋਹਣੀਆਂ ਬਣ ਗਈਆਂ ਤਾਂ ਅਧਿਆਪਕ ਨਹੀਂ ਅਤੇ ਜੇ ਅਧਿਆਪਕ ਆ ਗਏ ਤਾਂ ਬੱਚੇ ਨਹੀਂ ਲੱਭਦੇ। ਪਤਾ ਨਹੀਂ ਸਾਡੇ ਆਗੂਆਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਤੇ ਇਸ ਕੋਲ ਸਭ ਤੋਂ ਵੱਧ ਕਾਮੇ ਹਨ। ਉਨ੍ਹਾਂ ਕਾਮਿਆਂ ਨੂੰ ਹੁਨਰਮੰਦ ਬਣਾ ਕੇ ਅਸੀਂ ਰੁਜ਼ਗਾਰ ਦੇਈਏ ਤਾਂ ਦੇਸ਼ ਦੁਨੀਆ ਵਿੱਚ ਇੱਕ ਨੰਬਰ ’ਤੇ ਪੁੱਜ ਸਕਦਾ ਹੈ।
ਲੋੜ ਹੈ ਸਿੱਖਿਆ ਨੂੰ ਸੁਧਾਰ ਕੇ ਹੁਨਰਮੰਦ ਬਣਾਇਆ ਜਾਵੇ ਜਿਸ ਨਾਲ ਹਰ ਵਿਦਿਆਰਥੀ ਪੜ੍ਹਨ-ਲਿਖਣ ਉਪਰੰਤ ਕਿਸੇ ਨਾ ਕਿਸੇ ਰੁਜ਼ਗਾਰ ਦੇ ਕਾਬਲ ਹੋ ਸਕੇ। ਹੁਨਰਮੰਦ ਲੋਕ ਹੀ ਦੇਸ਼ ਨੂੰ ਉੱਚ ਦਰਜੇ ਦਾ ਰਾਸ਼ਟਰ ਬਣਾ ਸਕਦੇ ਹਨ। ਬੀਏ ,ਐੱਮ.ਏ., ਇੰਜੀਨੀਅਰਿੰਗ ਸਮੇਤ ਹੋਰ ਡਿਗਰੀਆਂ ਕਰਨ ਵਾਲੇ ਵੀ ਉੱਚ ਦਰਜੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਕੋਚਿੰਗ ਸੈਂਟਰਾਂ ਦਾ ਸਹਾਰਾ ਲੈਂਦੇ ਹਨ। ਜਦਕਿ ਲੋੜ ਉਨ੍ਹਾਂ ਅੰਦਰ ਹੁਨਰ ਨੂੰ ਵਿਕਸਤ ਕਰਨ ਦੀ ਹੈ।
ਸਿੱਖਿਆ ਪ੍ਰਣਾਲੀ ਅਤੇ ਕੋਰਸ ਅਜਿਹੇ ਢੰਗ ਨਾਲ ਘੜੇ ਜਾਣ ਤਾਂ ਕਿ ਵਿਦਿਆਰਥੀ ਆਪਣੇ-ਆਪ ਹੀ ਆਪਣੀ ਮੰਜ਼ਿਲ ਤੱਕ ਪੁੱਜ ਜਾਣ। ਨਵੀਂ ਸਿੱਖਿਆ ਨੀਤੀ ਤੋਂ ਵੀ ਆਮ ਜਨਤਾ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਲਈ ਸਭ ਤੋਂ ਵੱਧ ਸਕੂਲੀ ਸਿੱਖਿਆ ਖ਼ਾਸ ਕਰਕੇ ਪ੍ਰਾਇਮਰੀ ਸਿੱਖਿਆ ਦੇ ਸੁਧਾਰ ’ਤੇ ਜ਼ੋਰ ਦੇਣ ਦੀ ਜ਼ਰੂਰਤ ਹੈ। ਬੀ.ਐੱਡ. ਅਤੇ ਈ.ਟੀ.ਟੀ. ਕਰਵਾਉਣ ਵਾਲੀਆਂ ਸਭ ਪ੍ਰਾਈਵੇਟ ਤੇ ਸਰਕਾਰੀ ਸੰਸਥਾਵਾਂ ਦੀਆਂ ਗਤੀਵਿਧੀਆਂ ਨੂੰ ਮੁੜ ਤੋਂ ਵਿਉਂਤਣ ਦੀ ਲੋੜ ਮਹਿਸੂਸ ਹੋ ਰਹੀ ਹੈ।
ਪ੍ਰਾਈਵੇਟ ਕੋਚਿੰਗ ਸੈਂਟਰਾਂ ਦੀ ਲੁੱਟ ਤੋਂ ਲੋਕਾਂ ਨੂੰ ਬਚਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇ ਸਿੱਖਿਆ ਦੇ ਖੇਤਰ ਵਿੱਚ ਹੋਣ ਵਾਲੇ ਸੁਧਾਰਾਂ ਪ੍ਰਤੀ ਸੁਚੇਤ ਤੇ ਨਿਰਪੱਖ ਸੋਚ ਨਾਲ ਕਾਰਜ ਕੀਤਾ ਜਾਵੇ। ਜਦੋਂ ਹਰ ਅਮੀਰ-ਗ਼ਰੀਬ ਦਾ ਬੱਚਾ ਸਰਕਾਰੀ ਸਕੂਲ ਵਿੱਚ ਪੜ੍ਹੇਗਾ ਤਦ ਬਰਾਬਰੀ ਵੀ ਆਵੇਗੀ ਅਤੇ ਸਿੱਖਿਆ ਵਿੱਚ ਸੁਧਾਰ ਵੀ ਹੋਵੇਗਾ ਅਤੇ ਕੋਚਿੰਗ ਸੈਂਟਰਾਂ ਦੀ ਕੋਈ ਜ਼ਰੂਰਤ ਵੀ ਨਹੀਂ ਹੋਵੇਗੀ। ਕੁਝ ਦਹਾਕੇ ਪਹਿਲਾਂ ਇਹ ਲੱਭਿਆਂ ਵੀ ਨਹੀਂ ਸਨ ਲੱਭਦੇ।
-ਬਲਜਿੰਦਰ ਮਾਨ