ਨਿਊਜ਼ ਵਿਸ਼ਲੇਸ਼ਣ
ਸਿੱਖ ਧਰਮ ਦੀ ਏਕਤਾ ਅਤੇ ਪਛਾਣ ਨੂੰ ਚੁਣੌਤੀ ਦੇਣ ਵਾਲੇ ਲੋਕਾਂ ਵਿੱਚ ਡਾ. ਪਰਮਜੀਤ ਸਿੰਘ ਰਾਣੂ ਵਰਗੇ ਨਾਮ ਹਮੇਸ਼ਾ ਅੱਗੇ ਆਉਂਦੇ ਹਨ। ਆਪਣੇ ਆਪ ਨੂੰ ਸਹਿਜਧਾਰੀ ਸਿੱਖ ਪਾਰਟੀ ਦਾ ਕੌਮੀ ਪ੍ਰਧਾਨ ਕਹਾਉਣ ਵਾਲੇ ਰਾਣੂ ਨੇ ਹਾਲ ਹੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ 2027 ਦੀ ਜਨਗਣਨਾ ਵਿੱਚ ਸਹਿਜਧਾਰੀ ਸਿੱਖਾਂ ਨੂੰ ਵੱਖਰੀ ਸ਼੍ਰੇਣੀ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ ਹੈ। ਇਹ ਮੰਗ ਨਾ ਸਿਰਫ਼ ਸਿੱਖ ਧਰਮ ਦੇ ਮੂਲ ਸਿਧਾਂਤਾਂ ਨਾਲ ਵਿਰੋਧੀ ਹੈ ਬਲਕਿ ਇੱਕ ਗਹਿਰੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ ਜੋ ਸਿੱਖ ਕੌਮ ਨੂੰ ਵੰਡਣ ਅਤੇ ਕਮਜ਼ੋਰ ਕਰਨ ਲਈ ਰਚੀ ਜਾ ਰਹੀ ਹੈ। ਰਾਣੂ ਵਰਗੇ ਲੋਕ ਸਿੱਖ ਇਤਿਹਾਸ, ਰਹਿਤ ਮਰਿਯਾਦਾ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ, ਜਿਸ ਨਾਲ ਕੌਮ ਵਿੱਚ ਵਿਵਾਦ ਅਤੇ ਵੰਡ ਪੈਦਾ ਹੋ ਸਕੇ ।
ਡਾ. ਪਰਮਜੀਤ ਸਿੰਘ ਰਾਣੂ ਵੱਲੋਂ 2027 ਦੀ ਜਨਗਣਨਾ ਵਿੱਚ ਸਹਿਜਧਾਰੀ ਸਿੱਖਾਂ ਲਈ ਵੱਖਰੀ ਸ਼੍ਰੇਣੀ ਦੀ ਮੰਗ ਕਰਨਾ ਸਿੱਖ ਇਤਿਹਾਸ, ਮਰਯਾਦਾ ਅਤੇ ਸਿਧਾਂਤਾਂ ਨਾਲ ਇੱਕ ਕੋਝਾ ਮਜ਼ਾਕ ਹੈ। ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖਿਆ ਗਿਆ ਪੱਤਰ ਸਿਰਫ਼ ਇੱਕ ਪ੍ਰਬੰਧਕੀ ਮੰਗ ਨਹੀਂ, ਸਗੋਂ ਸਿੱਖੀ ਦੇ ਮੌਲਿਕ ਸਰੂਪ ਨੂੰ ਵਿਗਾੜਨ ਦੀ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਪ੍ਰਤੀਤ ਹੁੰਦਾ ਹੈ।
ਰਾਣੂ ਦਾ ਇਹ ਦਾਅਵਾ ਕਿ 1.3 ਕਰੋੜ ਸਹਿਜਧਾਰੀ ਸਿੱਖ ਹਾਸ਼ੀਏ ’ਤੇ ਹਨ, ਤੱਥਾਂ ਤੋਂ ਕੋਹਾਂ ਦੂਰ ਹੈ। ਸਿੱਖੀ ਵਿੱਚ ਸਹਿਜਧਾਰੀ ਉਹ ਸੀ ਜੋ ਸਿੱਖੀ ਦੇ ਬੂਟੇ ਨੂੰ ਪਾਲ ਰਿਹਾ ਸੀ, ਨਾ ਕਿ ਉਹ ਜੋ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਆਪਣੀਆਂ ਜੜ੍ਹਾਂ (ਕੇਸਾਂ) ਨੂੰ ਵੱਢ ਰਿਹਾ ਹੋਵੇ। ਜਿਨ੍ਹਾਂ ਨੂੰ ਰਾਣੂ ਸਹਿਜਧਾਰੀ ਕਹਿ ਕੇ ਪੇਸ਼ ਕਰ ਰਹੇ ਹਨ, ਉਹ ਅਸਲ ਵਿੱਚ ਉਹ ਲੋਕ ਹਨ ਜਿਨ੍ਹਾਂ ਨੇ ਪੱਛਮੀ ਪ੍ਰਭਾਵ ਜਾਂ ਮਨਮਤਿ ਕਾਰਨ ਸਿੱਖੀ ਸਰੂਪ ਤਿਆਗ ਦਿੱਤਾ ਹੈ। ਧਰਮ ਵਿੱਚ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈ, ਪਰ ਮੂਲ ਸਿਧਾਂਤਾਂ ਨੂੰ ਬਦਲਣ ਦਾ ਹੱਕ ਕਿਸੇ ਸਿਆਸੀ ਪਾਰਟੀ ਦੇ ਪ੍ਰਧਾਨ ਜਾਂ ਕਿਸੇ ਬੰਦੇ ਕੋਲ ਨਹੀਂ ਹੁੰਦਾ।
ਅਦਾਲਤੀ ਫੈਸਲੇ ਅਤੇ ਮਰਯਾਦਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੁਰੂ ਰਾਮਦਾਸ ਮੈਡੀਕਲ ਕਾਲਜ ਵਾਲੇ ਕੇਸ ਵਿੱਚ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸਿੱਖ ਕੇਵਲ ਉਹੀ ਹੈ ਜੋ ਸਾਬਤ-ਸੂਰਤ ਹੈ। ਰਾਣੂ ਵਰਗੇ ਲੋਕ ਲਿੰਗਾਇਤ ਭਾਈਚਾਰੇ ਦੀ ਮਿਸਾਲ ਦੇ ਕੇ ਸਿੱਖੀ ਨੂੰ ਇੱਕ ਜਾਤੀਗਤ ਜਾਂ ਸ਼੍ਰੇਣੀਗਤ ਢਾਂਚੇ ਵਿੱਚ ਬੰਨ੍ਹਣਾ ਚਾਹੁੰਦੇ ਹਨ, ਜਦਕਿ ਸਿੱਖੀ ਇੱਕ ਵਿਚਾਰਧਾਰਕ ਇਨਕਲਾਬ ਹੈ। ਵਾਲ ਕਟਾਉਣਾ ਸਿੱਖ ਧਰਮ ਵਿੱਚ ਕੁਰਹਿਤ ਹੈ, ਅਤੇ ਕੁਰਹਿਤੀਆ ਕਦੇ ਵੀ ਧਰਮ ਦਾ ਮਾਰਗਦਰਸ਼ਕ ਜਾਂ ਵੱਖਰੀ ਸ਼੍ਰੇਣੀ ਦਾ ਪ੍ਰਤੀਕ ਨਹੀਂ ਹੋ ਸਕਦਾ।
ਸਰਕਾਰਾਂ ਅਤੇ ਅਦਾਲਤਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਧਾਰਮਿਕ ਮਰਯਾਦਾਵਾਂ ਤੈਅ ਕਰਨਾ ਸਬੰਧਿਤ ਧਰਮ ਦੀਆਂ ਸਰਵਉੱਚ ਸੰਸਥਾਵਾਂ (ਅਕਾਲ ਤਖ਼ਤ ਸਾਹਿਬ ) ਤੇ ਗੁਰੂ ਪੰਥ ਦਾ ਕੰਮ ਹੈ। ਡਾ. ਰਾਣੂ ਸਿੱਖ ਧਰਮ ਦੇ ਰਹਿਬਰ ਨਹੀਂ ਹਨ ਕਿ ਉਹ ਸਦੀਆਂ ਪੁਰਾਣੀ ਪਰਿਭਾਸ਼ਾ ਨੂੰ ਆਪਣੀ ਸਿਆਸੀ ਸਹੂਲਤ ਅਨੁਸਾਰ ਬਦਲ ਸਕਣ। ਅਜਿਹੀਆਂ ਮੰਗਾਂ ਪੰਥ ਵਿੱਚ ਦੁਫੇੜ ਪਾਉਣ ਅਤੇ ਪਤਿਤਪੁਣੇ ਨੂੰ ਸੰਵਿਧਾਨਕ ਮਾਨਤਾ ਦਿਵਾਉਣ ਦੀ ਕੋਸ਼ਿਸ਼ ਮਾਤਰ ਹਨ, ਜਿਸ ਦਾ ਸਿੱਖ ਜਗਤ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਸਿੱਖ ਧਰਮ ਵਿੱਚ ‘ਸਹਿਜਧਾਰੀ’ ਦਾ ਸੰਕਲਪ
ਸਿੱਖ ਇਤਿਹਾਸ ਅਨੁਸਾਰ ‘ਸਹਿਜਧਾਰੀ’ ਉਹ ਵਿਅਕਤੀ ਸਨ ਜੋ ਗੈਰ-ਸਿੱਖ ਪਿਛੋਕੜ (ਜ਼ਿਆਦਾਤਰ ਹਿੰਦੂ ਤੇ ਦਲਿਤ ਸ੍ਰੇਣੀ) ਤੋਂ ਸਨ ਪਰ ਗੁਰੂ ਸਾਹਿਬਾਨ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਹੌਲੀ-ਹੌਲੀ ਸਿੱਖੀ ਵੱਲ ਵਧ ਰਹੇ ਸਨ। ਉਹ ਸਿੱਖੀ ਦੇ ‘ਸਹਿਜ ਮਾਰਗ’ ਦੇ ਪਾਂਧੀ ਸਨ। ਨਾਨਕ ਪੰਥੀ ਸਨ। ਇਤਿਹਾਸਕ ਤੌਰ ’ਤੇ ਸਹਿਜਧਾਰੀ ਉਹ ਸੀ ਜਿਸ ਨੇ ਅਜੇ ਖੰਡੇ ਦੀ ਪਾਹੁਲ ਨਹੀਂ ਸੀ ਲਈ ਪਰ ਉਹ ਮੂਰਤੀ ਪੂਜਾ ਨਹੀਂ ਕਰਦਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਵਿਸ਼ਵਾਸ ਰੱਖਦਾ ਸੀ।
ਅੱਜਕੱਲ੍ਹ ਉਹ ਲੋਕ ਆਪਣੇ ਆਪ ਨੂੰ ਸਹਿਜਧਾਰੀ ਅਖਵਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਸਿੱਖ ਪਰਿਵਾਰਾਂ ਵਿੱਚ ਪੈਦਾ ਹੋਏ ਹਨ ਪਰ ਕੇਸ ਕਤਲ ਕਰਵਾ ਕੇ ਪਤਿਤ ਹੋ ਚੁੱਕੇ ਹਨ। ਸਿੱਖ ਸਿਧਾਂਤ ਅਨੁਸਾਰ ਇੱਕ ਸਿੱਖ ਪਰਿਵਾਰ ਦਾ ਬੱਚਾ ਪਤਿਤ ਤਾਂ ਹੋ ਸਕਦਾ ਹੈ, ਪਰ ਸਹਿਜਧਾਰੀ ਨਹੀਂ।
ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖ਼ਤ ਸਾਹਿਬ ਦਾ ਪੱਖ
ਪੰਥ ਪ੍ਰਵਾਨਿਤ ‘ਸਿੱਖ ਰਹਿਤ ਮਰਯਾਦਾ’ (ਜੋ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੈ) ਸਿੱਖ ਦੀ ਪਰਿਭਾਸ਼ਾ ਬਹੁਤ ਸਪੱਸ਼ਟ ਕਰਦੀ ਹੈ:
‘‘ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।’’
ਮਰਯਾਦਾ ਅਨੁਸਾਰ ਮੁੱਖ ਨੁਕਤੇ:
ਕੇਸਾਂ ਦੀ ਬੇਅਦਬੀ ਕਰਨਾ ‘ਬੱਜਰ ਕੁਰਹਿਤ’ ਹੈ।
ਅਰਦਾਸ ਵਿੱਚ ‘ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੁਣ’ ਦੀ ਮੰਗ ਕੀਤੀ ਜਾਂਦੀ ਹੈ, ਜੋ ਸਾਬਤ-ਸੂਰਤ ਸਰੂਪ ਦੀ ਅਨਿਖੜਵੀਂ ਅਹਿਮੀਅਤ ਨੂੰ ਦਰਸਾਉਂਦੀ ਹੈ।
ਅਕਾਲ ਤਖ਼ਤ ਸਾਹਿਬ ਅਨੁਸਾਰ ਕੇਸ ਸਿੱਖੀ ਦੀ ‘ਮੋਹਰ’ ਹਨ।
ਬੁੱਧੀਜੀਵੀਆਂ ਅਤੇ ਸਰਦਾਰ ਗੁਰਤੇਜ ਸਿੰਘ, ਜਸਪਾਲ ਸਿੰਘ ਮੰਝਪੁਰ ਦਾ ਪੱਖ
ਸਰਦਾਰ ਗੁਰਤੇਜ ਸਿੰਘ, ਜਸਪਾਲ ਸਿੰਘ ਮੰਝਪੁਰ ਤੇ ਹੋਰ ਪੰਥਕ ਵਿਦਵਾਨਾਂ ਦਾ ਮੰਨਣਾ ਹੈ ਕਿ ‘ਸਹਿਜਧਾਰੀ’ ਸ਼ਬਦ ਦੀ ਦੁਰਵਰਤੋਂ ਸਿੱਖੀ ਦੀ ਵਿਲੱਖਣ ਪਛਾਣ ਨੂੰ ਖ਼ਤਮ ਕਰਨ ਲਈ ਇੱਕ ਰਾਜਨੀਤਿਕ ਹਥਿਆਰ ਵਜੋਂ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ, ਜੇਕਰ ਕੇਸਾਂ ਤੋਂ ਬਿਨਾਂ ਕਿਸੇ ਨੂੰ ਸਿੱਖ ਮੰਨ ਲਿਆ ਜਾਵੇ ਤਾਂ ਸਿੱਖੀ ਅਤੇ ਹੋਰ ਮਤਾਂ ਵਿਚਕਾਰਲੀ ਲਕੀਰ ਧੁੰਦਲੀ ਹੋ ਜਾਵੇਗੀ।
![]()
