ਸਿੱਖ ਆਗੂ ਬਲਵੀਰ ਸਿੰਘ ਨੇ ਨਿਊ ਜਰਸੀ ਜਨਰਲ ਅਸੰਬਲੀ ਦੇ ਵਿਧਾਇਕ ਵਜੋਂ ਸਹੁੰ ਚੁੱਕੀ

In ਅਮਰੀਕਾ
February 13, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-20 ਸਾਲ ਤੋਂ ਵਧ ਸਮਾਂ ਅਧਿਆਪਕ ਰਹੇ ਤੇ ਬਰਲਿੰਗਟਨ ਕਾਊਂਟੀ ਦੇ ਸਾਬਕਾ ਕਮਿਸ਼ਨਰ ਬਲਵੀਰ ਸਿੰਘ ਨੇ ਨਿਊ ਜਰਸੀ ਜਨਰਲ ਅਸੰਬਲੀ ਦੇ ਮੈਂਬਰ ਵਜੋਂ ਸਹੁੰ ਚੁੱਕੀ। ਨਿਊਜਰਸੀ ਦੇ ਇਤਿਹਾਸ ਵਿਚ ਪਹਿਲਾ ਸਿੱਖ ਵਿਧਾਇਕ ਬਣ ਕੇ ਉਨਾਂ ਨੇ ਇਤਿਹਾਸ ਰਚ ਦਿੱਤਾ ਹੈ। ਬਲਵੀਰ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਸਹੁੰ ਚੁੱਕੀ। ਉਨਾਂ ਨੂੰ ਅਹੁੱਦੇ ਦੀ ਸਹੁੰ ਸਪੀਕਰ ਕਰੈਗ ਜੇ ਕੌਗਲਿਨ ਨੇ ਚੁੱਕਾਈ । ਉਹ ਬਰਲਿੰਗਟਨ ਕਾਊਂਟੀ ਵਿਚ 7ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਨਗੇ। ਡੈਮੋਕਰੈਟਿਕ ਆਗੂ ਬਲਵੀਰ ਸਿੰਘ ਨੇ ਇਸ ਮੌਕੇ ਕਿਹਾ ਕਿ ''ਉਹ ਸਿੱਖਿਆ, ਆਰਥਿਕ ਅਵਸਰਾਂ ਤੇ ਹਰ ਇਕ ਲਈ ਉੁਚਿੱਤ ਸੇਵਾਵਾਂ 'ਤੇ ਆਪਣਾ ਧਿਆਨ ਕੇਂਦ੍ਰਿਤ ਕਰਨਗੇ। ਮੈ ਬਰਲਿੰਗਟਨ ਕਾਊਂਟੀ ਤੇ ਸਮੁੱਚੇ ਨਿਊ ਜਰਸੀ ਰਾਜ ਦੇ ਲੋਕਾਂ ਦੀ ਆਵਾਜ਼ ਨੂੰ ਟਰੈਨਟਨ ਵਿਧਾਨ ਸਭਾ ਵਿਚ ਪਹੁੰਚਾਏ ਜਾਣ ਨੂੰ ਯਕੀਨੀ ਬਣਾਵਾਂਗਾ। ਮੈ ਲੋਕਾਂ ਨੂੰ ਸਮਰਪਿਤ ਹਾਂ।'' ਬਲਵੀਰ ਸਿੰਘ 1999 ਵਿਚ 14 ਸਾਲ ਦੀ ਉਮਰ ਵਿਚ ਪੰਜਾਬ ਤੋਂ ਅਮਰੀਕਾ ਗਏ ਸਨ। ਉਨਾਂ ਨੇ ਬਰਲਿੰਗਟਨ ਸਿਟੀ ਹਾਈ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਤੇ ਕਾਲਜ ਆਫ ਨਿਊ ਜਰਸੀ ਤੇ ਰੂਟਗਰਸ ਯੁਨੀਵਰਸਿਟੀ ਤੋਂ ਡਿਗਰੀਆਂ ਕੀਤੀਆਂ।

Loading