ਸਿੱਖ ਕੌਮ ਦਾ ਸਿਰ ਉੱਚਾ ਕਰਦਿਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਦੇ ਸਾਬਕਾ ਵਿਦਿਆਰਥੀ 58 ਸਾਲਾ ਡਾ. ਗੁਰਤੇਜ ਸਿੰਘ ਸੰਧੂ ਨੇ ਵਿਸ਼ਵ ਪੱਧਰ ’ਤੇ ਤਕਨੀਕੀ ਜਗਤ ਵਿੱਚ ਅਜਿਹਾ ਕਮਾਲ ਕੀਤਾ ਹੈ, ਜਿਸ ਨੇ ਨਾ ਸਿਰਫ਼ ਭਾਰਤ, ਸਗੋਂ ਪੂਰੀ ਦੁਨੀਆ ਨੂੰ ਮਾਣ ਮਹਿਸੂਸ ਕਰਵਾਇਆ। 1,382 ਅਮਰੀਕੀ ਪੇਟੈਂਟਸ ਨਾਲ ਡਾ. ਸੰਧੂ ਨੇ ਮਹਾਨ ਅਮਰੀਕੀ ਖੋਜੀ ਥਾਮਸ ਐਡੀਸਨ ਦੇ 1,093 ਪੇਟੈਂਟਸ ਦੇ ਰਿਕਾਰਡ ਨੂੰ ਪਛਾੜਦਿਆਂ ਦੁਨੀਆ ਦੇ ਸੱਤਵੇਂ ਸਭ ਤੋਂ ਵੱਡੇ ਖੋਜੀ ਵਜੋਂ ਆਪਣਾ ਨਾਂਅ ਇਤਿਹਾਸ ਦੇ ਪੰਨਿਆਂ ’ਤੇ ਸੁਨਹਿਰੀ ਅੱਖਰਾਂ ਨਾਲ ਲਿਖਵਾਕੇ ਸਿੱਖ ਪੰਥ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਮਾਈਕ੍ਰੋਨ ਟੈਕਨਾਲੋਜੀ ਦੇ ਸੀਨੀਅਰ ਫ਼ੈਲੋ ਅਤੇ ਵਾਈਸ ਪ੍ਰੈਜ਼ੀਡੈਂਟ ਵਜੋਂ, ਉਨ੍ਹਾਂ ਨੇ ਸੈਮੀਕੰਡਕਟਰ ਤਕਨੀਕ ਵਿੱਚ ਕ੍ਰਾਂਤੀਕਾਰੀ ਯੋਗਦਾਨ ਪਾਇਆ, ਜਿਸ ਨੇ ਸਮਾਰਟਫ਼ੋਨ, ਕੈਮਰੇ ਅਤੇ ਕਲਾਊਡ ਸਟੋਰੇਜ ਵਰਗੇ ਉਪਕਰਣਾਂ ਨੂੰ ਛੋਟਾ, ਤੇਜ਼, ਅਤੇ ਵਧੇਰੇ ਕੁਸ਼ਲ ਬਣਾਇਆ।
ਡਾ. ਗੁਰਤੇਜ ਸਿੰਘ ਸੰਧੂ ਦੀ ਇਹ ਸਫ਼ਲਤਾ ਦੀ ਕਹਾਣੀ ਅੰਮ੍ਰਿਤਸਰ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੈ। ਜੀ.ਐਨ.ਡੀ.ਯੂ. ਦੇ ਕੈਮਿਸਟਰੀ ਵਿਭਾਗ ਦੇ ਸੰਸਥਾਪਕ ਮੁਖੀ ਪ੍ਰੋ. ਐਸ.ਐਸ. ਸੰਧੂ ਦੇ ਪੁੱਤਰ ਵਜੋਂ ਜਨਮੇ ਗੁਰਤੇਜ ਸਿੰਘ ਨੇ 1980 ਦੇ ਦਹਾਕੇ ’ਚ ਇਸ ਯੂਨੀਵਰਸਿਟੀ ਤੋਂ ਫ਼ਿਜ਼ਿਕਸ ਵਿੱਚ ਐਮ.ਐਸ.ਸੀ. ਆਨਰਜ਼ ਕੀਤੀ। ਉਨ੍ਹਾਂ ਦੀ ਸਿੱਖਿਆ ਦੀ ਨੀਂਹ ਅੰਮ੍ਰਿਤਸਰ ਦੀ ਇਸ ਮਹਾਨ ਸੰਸਥਾ ਵਿੱਚ ਪੱਕੀ ਹੋਈ, ਜਿਸ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ’ਤੇ ਚਮਕਣ ਦਾ ਮੌਕਾ ਦਿੱਤਾ। ਇਸ ਤੋਂ ਬਾਅਦ, ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ’ਚ ਬੀ.ਟੈਕ ਅਤੇ ਯੂਨੀਵਰਸਿਟੀ ਆਫ਼ ਨਾਰਥ ਕੈਰੋਲੀਨਾ, ਚੈਪਲ ਹਿੱਲ ਤੋਂ ਫ਼ਿਜ਼ਿਕਸ ਵਿੱਚ ਪੀ.ਐਚ.ਡੀ. ਹਾਸਲ ਕਰਕੇ ਆਪਣੇ ਗਿਆਨ ਨੂੰ ਹੋਰ ਪਰਵਾਜ਼ ਦਿੱਤੀ।
ਜੀ.ਐਨ.ਡੀ.ਯੂ. ਦੇ ਵਾਈਸ-ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਡਾ. ਸੰਧੂ ਦੀਆਂ ਪ੍ਰਾਪਤੀਆਂ ਨੂੰ ਯੂਨੀਵਰਸਿਟੀ ਅਤੇ ਭਾਰਤ ਲਈ ਮਾਣ ਵਾਲੀ ਗੱਲ ਦੱਸਿਆ।
ਥਾਮਸ ਐਡੀਸਨ, ਜਿਸ ਨੂੰ 19ਵੀਂ ਸਦੀ ਦਾ ਮਹਾਨ ਖੋਜੀ ਮੰਨਿਆ ਜਾਂਦਾ ਹੈ, ਨੇ ਇਲੈਕਟ੍ਰਿਕ ਬਲਬ, ਫ਼ੋਨੋਗ੍ਰਾਫ਼, ਅਤੇ ਫ਼ਿਲਮ ਕੈਮਰੇ ਵਰਗੀਆਂ ਖੋਜਾਂ ਨਾਲ ਮਨੁੱਖੀ ਜੀਵਨ ਨੂੰ ਬਦਲ ਦਿੱਤਾ ਸੀ। ਉਸ ਦੀਆਂ 1,093 ਪੇਟੈਂਟਸ ਨੇ ਉਦਯੋਗਿਕ ਅਤੇ ਸਮਾਜਿਕ ਵਿਕਾਸ ਦੀ ਨੀਂਹ ਰੱਖੀ ਸੀ। ਪਰ ਡਾ. ਸੰਧੂ ਦੀਆਂ ਖੋਜਾਂ 21ਵੀਂ ਸਦੀ ਦੀ ਡਿਜੀਟਲ ਕ੍ਰਾਂਤੀ ਦਾ ਅਧਾਰ ਬਣੀਆਂ। ਉਨ੍ਹਾਂ ਦੀਆਂ ਨਵੀਨਤਾਵਾਂ, ਜਿਵੇਂ ਕਿ ਐਟੋਮਿਕ ਲੇਅਰ ਡਿਪੋਜ਼ੀਸ਼ਨ, ਆਕਸੀਜਨ-ਮੁਕਤ ਟਾਈਟੇਨੀਅਮ ਕੋਟਿੰਗ ਅਤੇ ਪਿੱਚ-ਡਬਲਿੰਗ ਤਕਨੀਕਾਂ, ਨੇ ਸੈਮੀਕੰਡਕਟਰ ਉਦਯੋਗ ਨੂੰ ਨਵੀਂ ਉਚਾਈਆਂ ’ਤੇ ਪਹੁੰਚਾਇਆ ਹੈ।
ਯੂ.ਐਸ. ਪੇਟੈਂਟ ਅਤੇ ਟ੍ਰੇਡਮਾਰਕ ਆਫ਼ਿਸ ਦੇ ਅੰਕੜਿਆਂ ਅਨੁਸਾਰ, ਡਾ. ਸੰਧੂ ਦੀਆਂ ਪੇਟੈਂਟਸ ਨੇ ਸੈਮੀਕੰਡਕਟਰ ਡਿਵਾਈਸ ਫ਼ੈਬਰੀਕੇਸ਼ਨ, ਥਿੰਨ-ਫ਼ਿਲਮ ਪ੍ਰਕਿਰਿਆਵਾਂ, ਅਤੇ ਵੈਰੀ ਲਾਰਜ ਸਕੇਲ ਇੰਟੀਗਰੇਸ਼ਨ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ। ਅੰਤਰਰਾਸ਼ਟਰੀ ਅਖ਼ਬਾਰਾਂ ਨੇ ਉਨ੍ਹਾਂ ਦੀ ਸਾਦਗੀ ਅਤੇ ਸਮਰਪਣ ਦੀ ਵੀ ਸਰਾਹਨਾ ਕੀਤੀ, ਜਿਵੇਂ ਕਿ ਕਿਪਲਿੰਗਰ ਨੇ ਲਿਖਿਆ, ‘ਸੰਧੂ ਨੂੰ ਸ਼ੁਰੂ ਵਿੱਚ ਨਹੀਂ ਸੀ ਪਤਾ ਸੀ ਕਿ ਉਸ ਦੀ ਖੋਜ ਇੰਨੀ ਵੱਡੀ ਹੋਵੇਗੀ, ਪਰ ਅੱਜ ਉਸ ਦੀ ਤਕਨੀਕ ਦੁਨੀਆ ਦੇ ਹਰ ਸਮਾਰਟ ਡਿਵਾਈਸ ਵਿੱਚ ਮੌਜੂਦ ਹੈ।’
ਅਮਰੀਕੀ ਪ੍ਰਸ਼ਾਸਨ ਨੇ ਡਾ. ਸੰਧੂ ਦੇ ਯੋਗਦਾਨ ਨੂੰ ਸਤਿਕਾਰ ਨਾਲ ਵੇਖਿਆ ਹੈ। 2018 ਵਿੱਚ, ਇੰਸਟੀਚਿਊਟ ਆਫ਼ ਇਲੈਕਟ੍ਰਿਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਜ਼ ਨੇ ਉਨ੍ਹਾਂ ਨੂੰ ਐਂਡਰਿਊ ਐਸ. ਗ੍ਰੋਵ ਅਵਾਰਡ ਨਾਲ ਸਨਮਾਨਿਤ ਕੀਤਾ ਸੀ, ਜੋ ਸੈਮੀਕੰਡਕਟਰ ਤਕਨੀਕ ਵਿੱਚ ਸਭ ਤੋਂ ਵੱਕਾਰੀ ਪੁਰਸਕਾਰਾਂ ’ਚੋਂ ਇੱਕ ਹੈ। ਅਮਰੀਕੀ ਸਰਕਾਰ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੀਆਂ ਖੋਜਾਂ ਨੂੰ ‘ਅਮਰੀਕੀ ਤਕਨੀਕੀ ਨਵੀਨਤਾ ਦਾ ਮੁੱਖ ਹਿੱਸਾ’ ਦੱਸਿਆ। ਮਾਈਕ੍ਰੋਨ ਟੈਕਨਾਲੋਜੀ, ਜੋ ਅਮਰੀਕਾ ਦੀ ਅਰਥ-ਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਨੇ ਸੰਧੂ ਦੀ ਅਗਵਾਈ ਵਿੱਚ 40,000 ਤੋਂ ਵੱਧ ਪੇਟੈਂਟਸ ਹਾਸਲ ਕੀਤੇ, ਜਿਨ੍ਹਾਂ ਵਿਚੋਂ 1,325 ਇਕੱਲੇ ਸੰਧੂ ਦੇ ਨਾਂਅ ਹਨ।
ਸ਼੍ਰੋਮਣੀ ਕਮੇਟੀ ਅਤੇ ਸਿੱਖ ਆਗੂਆਂ ਨੇ ਡਾ. ਸੰਧੂ ਦੀਆਂ ਪ੍ਰਾਪਤੀਆਂ ਨੂੰ ਸਿੱਖ ਪੰਥ ਦੀ ਬੋਧਿਕ ਸਮਰੱਥਾ ਦਾ ਪ੍ਰਤੀਕ ਦੱਸਿਆ। ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਡਾ. ਗੁਰਤੇਜ ਸੰਧੂ ਨੇ ਸਿੱਖ ਪੰਥ ਦਾ ਨਾਂਅ ਵਿਸ਼ਵ ਪੱਧਰ ’ਤੇ ਰੋਸ਼ਨ ਕੀਤਾ ਹੈ। ਉਨ੍ਹਾਂ ਦੀਆਂ ਖੋਜਾਂ ਸਾਡੇ ਲਈ ਮਾਣ ਦਾ ਵਿਸ਼ਾ ਹਨ। ਸਿੱਖ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਯੋਜਨਾ ਵੀ ਬਣਾਈ ਹੈ, ਪਰ ਅਜੇ ਤੱਕ ਕੋਈ ਅਧਿਕਾਰਤ ਸਮਾਗਮ ਦਾ ਐਲਾਨ ਨਹੀਂ ਹੋਇਆ।
ਡਾ. ਸੰਧੂ ਨੇ ਮਾਈਕ੍ਰੋਨ ਟੈਕਨਾਲੋਜੀ ਨੂੰ ਵਿਸ਼ਵ ਦੀਆਂ ਪ੍ਰਮੁੱਖ ਸੈਮੀਕੰਡਕਟਰ ਕੰਪਨੀਆਂ ਵਿੱਚ ਸ਼ੁਮਾਰ ਕਰਵਾਇਆ। ਜਦੋਂ ਉਹ 1990 ’ਚ ਮਾਈਕ੍ਰੋਨ ਨਾਲ ਜੁੜੇ, ਕੰਪਨੀ ਕੰਪਿਊਟਰ ਮੈਮਰੀ ਬਣਾਉਣ ਵਾਲੀਆਂ ਕੰਪਨੀਆਂ ਵਿੱਚ 18ਵੇਂ ਨੰਬਰ ’ਤੇ ਸੀ। ਅੱਜ, ਉਨ੍ਹਾਂ ਦੀਆਂ ਖੋਜਾਂ ਸਦਕਾ, ਮਾਈਕ੍ਰੋਨ ਵਿਸ਼ਵ ਦੀਆਂ ਚੋਟੀ ਦੀਆਂ ਕੰਪਨੀਆਂ ਵਿਚੋਂ ਇੱਕ ਹੈ। ਉਨ੍ਹਾਂ ਦੀਆਂ ਪੇਟੈਂਟਸ ਨੇ ਮੈਮੋਰੀ ਚਿਪਸ ਦੀ ਕੀਮਤ ਘਟਾਈ ਅਤੇ ਕਾਰਜਕੁਸ਼ਲਤਾ ਵਧਾਈ, ਜਿਸ ਨਾਲ ਸਮਾਰਟ ਡਿਵਾਈਸਾਂ ਹਰ ਵਰਗ ਦੇ ਲੋਕਾਂ ਦੀ ਪਹੁੰਚ ਵਿੱਚ ਆਈਆਂ।
![]()
