
ਸੈਨਬਰਨੋ-ਕੈਲੀਫ਼ੋਰਨੀਆ/ਪ੍ਰਮਿੰਦਰ ਸਿੰਘ ਪ੍ਰਵਾਨਾ
ਅਮਰੀਕੀ ਪੰਜਾਬੀ ਕਵੀਆਂ ਵੱਲੋਂ ਸਿੱਖ ਗੁਰਦੁਆਰਾ ਸਾਹਿਬ ਸੈਨ ਬਰਨੋ ਕੈਲੀਫ਼ੋਰਨੀਆ ਵਿਖੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜੀ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਸਜਾਇਆ ਗਿਆ। ਪ੍ਰਵਾਨਾ ਵੱਲੋਂ ਮੰਚ ਸੰਭਾਲਦਿਆਂ ਇਤਿਹਾਸ ’ਤੇ ਰੌਸ਼ਨੀ ਪਾਈ ਗਈ ਕਿ ਸ਼ਹੀਦ ਦਾ ਵਿਸ਼ਵਾਸ ਸਰਬੋਤਮ ਕੁਰਬਾਨੀ ਦੇ ਕੇ ਕੁਰਬਾਨੀ ਦੀ ਸੱਚਾਈ ਪ੍ਰਤੀ ਆਪਣੀ ਵਫ਼ਦਾਰੀ ਦੀ ਗਵਾਹੀ ਦਿੰਦਾ ਹੈ। ਆਪਣੇ ਵਿਸ਼ਵਾਸ਼ਾਂ ਜਾਂ ਆਦਰਸ਼ ਨੂੰ ਤਿਆਗਣ ਦੀ ਬਜਾਏ ਇਸ ਲਈ ਮਰਨ ਵਾਸਤੇ ਤਿਆਰ ਹੁੰਦਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਹੁਕਮਰਾਨਾਂ ਨੂੰ ਉਹਨਾਂ ਦੇ ਜੁਲਮ ਦੀ ਚੁਣੌਤੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਬਚਾਉਣ ਲਈ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ਼ਹੀਦੀ ਮਾਰਗ ’ਤੇ ਚਲਦਿਆਂ ਆਪਣਾ ਸਰਬੰਸ ਵਾਰ ਦਿੱਤਾ। ਇਸ ਤੋਂ ਸੇਧ ਲੈ ਕੇ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਜੀ ਨੇ ਦੁਰਾਚਾਰੀ ਮੱਸਾ ਰੰਘੜ ਦਾ ਸਿਰ ਵੱਢ ਕੇ ਕਤਲ ਕੀਤਾ। ਜੋ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਦਾ ਸੀ। ਧਰਮ ਦੀ ਰੱਖਿਆ ਵਾਸਤੇ ਉਹਨਾਂ ਦੋਵੇਂ ਸੂਰਬੀਰਾਂ ਨੇ ਅੰਤ ਵਿੱਚ ਸ਼ਹੀਦੀਆਂ ਪਾਈਆਂ।
ਧਾਰਮਿਕ ਕਵੀ ਦਰਬਾਰ ਦੇ ਦੌਰ ਵਿੱਚ ਕਵੀ ਤ੍ਰਲੋਚਨ ਸਿੰਘ ਦੁਪਾਲਪੁਰੀ, ਤਰਸੇਮ ਸਿੰਘ ਸੁਮੰਨ, ਪ੍ਰਮਿੰਦਰ ਸਿੰਘ ਪ੍ਰਵਾਨਾ, ਤ੍ਰਲੋਚਨ ਸਿੰਘ ਲਾਲੀ, ਜਸਦੀਪ ਸਿੰਘ ਫਰੀਮੈਂਟ ਨੇ ਬੀਰ ਰਸੀ ਰਚਨਾਵਾਂ ਪੇਸ਼ ਕੀਤੀਆਂ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਵੱਲੋਂ ਪ੍ਰੋਗਰਾਮ ਦੀ ਸਿਫ਼ਤ ਕਰਦਿਆਂ ਖੁਸ਼ੀ ਪ੍ਰਗਟਾਈ ਗਈ। ਯਾਦਗਾਰੀ ਤਸਵੀਰ ਨਾਲ ਪ੍ਰੋਗਰਾਮ ਸੰਪੰਨ ਹੋਇਆ।