ਸਿੱਖ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਪੁਸਤਕ ਲੋਕ ਅਰਪਣ

In ਅਮਰੀਕਾ
June 13, 2025
ਸੈਨਹੋਜ਼ੇ(ਕੈਲੀਫ਼ੋਰਨੀਆ)/ਪ੍ਰਮਿੰਦਰ ਸਿੰਘ ਪ੍ਰਵਾਨਾ: ਬੀਤੇ ਦਿਨੀਂ ਉੱਤਰੀ ਅਮਰੀਕਾ ਦੇ ਸ਼ਹਿਰ ਸੈਨਹੋਜ਼ੇ ਦੇ ਵਸਨੀਕ ਅਮਰਜੀਤ ਸਿੰਘ ਇਬਰਾਹੀਮ ਪੁਰੀ ਦੀ ਕਾਵਿ ਪੁਸਤਕ ‘ਇੱਕ ਕਲਮ ਦੇ ਬੋਲ’ ਲੋਕ ਅਰਪਣ ਹੋਈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਵਿੱਚ ਬੁਲਾਰਿਆਂ ਡਾਕਟਰ ਦਲਵੀਰ ਸਿੰਘ ਪੰਨੂੰ, ਮਝੈਲ ਸਿੰਘ ਸਰਾਂ, ਨਰਿੰਦਰ ਪਾਲ ਸਿੰਘ ਹੁੰਦਲ, ਸੁਖਦੇਵ ਸਿੰਘ ਬੈਨੀਵਾਲ ਅਤੇ ਰਾਜਿੰਦਰ ਸਿੰਘ ਮਘਰ ਨੇ ਪੁਸਤਕ ’ਤੇ ਵਿਚਾਰ ਸਾਂਝੇ ਕੀਤੇ। ਸਾਂਝੇ ਵਿਚਾਰਾਂ ਵਿੱਚ ਇੱਕ ਗੱਲ ਉਭਰ ਕੇ ਆਈ ਕਿ ਕਾਵਿ ਪੁਸਤਕ ਵਿੱਚਧਾਰਮਿਕ, ਸੱਭਿਆਚਾਰਕ, ਰਾਜਨੀਤਿਕ ਵਿਸ਼ਿਆਂ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ ਹੈ। ਇਹ ਪੁਸਤਕ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਨਾਲ ਲਬਰੇਜ਼ ਹੈ। ਇਸ ਮੌਕੇ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਇਬਰਾਹੀਮਪੁਰੀ ਨੇ ਕਿਹਾ ਕਿ ਮੈਨੂੰ ਕਵਿਤਾ ਲਿਖਣ ਦਾ ਸ਼ੌਂਕ ਬਚਪਨ ਤੋਂ ਹੀ ਸੀ। ਮੇਰੀਆਂ ਰਚਨਾਵਾਂ ਅਖਬਾਰਾਂ ਵਿੱਚ ਛਪਦੀਆਂ ਵੀ ਰਹੀਆਂ ਪਰ ਗਿਆਨੀ ਦਇਆ ਸਿੰਘ ਦਿਲਬਰ, ਕਰਮ ਸਿੰਘ ਸਾਰੰਗੀ, ਕਵੀਸ਼ਰ ਢਾਡੀ ਕਰਤਾਰ ਸਿੰਘ ਜੀ ਦੇ ਪ੍ਰਸੰਗ ਸਰਵਣ ਕਰਕੇ ਮੇਰਾ ਉਤਸ਼ਾਹ ਹੋਰ ਵੀ ਵਧਿਆ। ਪਹਿਲਾਂ ਇੱਕ ਕਾਵਿ ਪੁਸਤਕ ‘ਇੱਕ ਸੰਤ ਸਿਪਾਹੀ’ ਛਪ ਚੁੱਕੀ ਹੈ। ਇਸ ਮੌਕੇ ਸਾਹਿਤਕਾਰ ਪ੍ਰਮਿੰਦਰ ਸਿੰਘ ਪ੍ਰਵਾਨਾ ਅਤੇ ਕਵੀ ਜਸਦੀਪ ਸਿੰਘ ਫਰੀਮੈਂਟ ਨੇ ਵੀ ਹਾਜ਼ਰੀ ਲੁਆਈ। ਪ੍ਰਬੰਧਕਾਂ ਵੱਲੋਂ ਇਬਰਾਹਿਮ ਪੁਰੀ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਯਾਦਗਾਰੀ ਤਸਵੀਰਾਂ ਨਾਲ ਸਮਾਗਮ ਸੰਪੰਨ ਹੋਇਆ।

Loading