ਸਿੱਖ ਧਰਮ ਤੇ ਸਿੱਖਾਂ ਦੀ ਦੁਨੀਆਂ ਵਿੱਚ ਵੱਖਰੀ ਪਹਿਚਾਣ : ਤਰਲੋਚਨ ਸਿੰਘ

In ਮੁੱਖ ਖ਼ਬਰਾਂ
April 09, 2025
ਚੰਡੀਗੜ੍ਹ/ਏ.ਟੀ.ਨਿਊਜ਼: ਸਾਬਕਾ ਰਾਜ ਸਭਾ ਮੈਂਬਰ ਸ੍ਰ. ਤਰਲੋਚਨ ਸਿੰਘ ਨੇ ਕਿਹਾ ਹੈ ਕਿ ਸਿੱਖ ਧਰਮ ਤੇ ਸਿੱਖਾਂ ਦੀ ਦੁਨੀਆਂ ਵਿੱਚ ਵੱਖਰੀ ਪਹਿਚਾਣ ਹੈ। ਸਿੱਖ ਧਰਮ ਵਿੱਚ ਜਥੇਦਾਰ ਦਾ ਬਹੁਤ ਵੱਡਾ ਅਹੁਦਾ ਹੈ ਜਿਸ ਨੂੰ ਸਾਰੀ ਦੁਨੀਆਂ ਜਾਣਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ 2 ਦਸੰਬਰ 2024 ਨੂੰ ਹੁਕਮਨਾਮਾ ਕਢਿਆ ਗਿਆ, ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੱਡੇ ਵੱਡੇ ਰਾਜਨੀਤਕ ਆਗੂਆਂ ਨੇ ਆਪਣੇ ਗੁਨਾਹ ਕਬੂਲ ਕੀਤੇ ਤੇ ਦੁਨੀਆਂ ਦੇਖਦੀ ਰਹਿ ਗਈ। ਇਹ ਅਜਿਹੀ ਅਦਾਲਤ ਹੈ, ਜਿਸ ਦੇ ਫ਼ੈਸਲੇ ਨੇ ਸਿੱਖ ਧਰਮ ਨੂੰ ਅਸਮਾਨ ’ਤੇ ਚੜਾ ਦਿਤਾ। ਇਸ ਫ਼ੈਸਲੇ ਦੀਆਂ ਖ਼ਬਰਾਂ ਦੁਨੀਆਂ ਭਰ ਦੀ ਮੀਡੀਆ ਨੇ ਛਾਪੀਆਂ। ਸ੍ਰੀ ਅਕਾਲ ਤਖ਼ਤ ਸਿੱਖਾਂ ਦਾ ਹੈ ਪਰ ਸਾਡੀ ਗ਼ਲਤਫ਼ਹਿਮੀ ਇਹ ਹੋ ਗਈ ਕਿ ਇਹ ਸਿਰਫ਼ ਅਕਾਲੀਆਂ ਦਾ ਹੈ। ਸਿੱਖਾਂ ’ਚੋਂ ਅਕਾਲੀ ਤਾਂ ਸਿਰਫ਼ 10 ਫ਼ੀਸਦੀ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਲੀਡਰਸ਼ਿਪ ਹੈ। ਇੰਨੀ ਉਚਾਈ ’ਤੇ ਜਾ ਕੇ ਇਸ ਨੂੰ ਹੇਠਾਂ ਕਿਸ ਨੇ ਸੁੱਟਿਆ, ਅਸੀਂ ਆਪ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਛੋਟੇ ਤੋ ਛੋਟੇ ਅਹੁਦੇ ’ਤੇ ਕੰਮ ਕਰ ਰਹੇ ਅਧਿਕਾਰੀ ਜਾਂ ਕਰਮਚਾਰੀ ਨੂੰ ਕੱਢਣ ਤੋਂ ਪਹਿਲਾਂ ਨੋਟਿਸ ਦਿਤਾ ਜਾਂਦਾ ਹੈ ਤਾਂ ਇਹ ਤਾਂ ਜਥੇਦਾਰ ਸੀ। ਇਨ੍ਹਾਂ ਨੇ ਜਥੇਦਾਰਾਂ ਨੂੰ ਇੱਕ ਮਿੰਟ ਵਿੱਚ ਕੱਢ ਦਿੱਤਾ, ਨਾ ਨੋਟਿਸ, ਨਾ ਸੁਣਵਾਈ ਬਸ ਅਹੁਦੇ ਤੋਂ ਹਟਾ ਦਿੱਤਾ। ਇਨ੍ਹਾਂ ਦਾ ਅਸਤੀਫ਼ਾ ਹੀ ਲੈ ਲੈਂਦੇ। ਫਿਰ ਇਸ ਐਸ.ਜੀ.ਪੀ.ਸੀ. ਨੇ ਦਿਖਾਵਾ ਕੀਤਾ ਤੇ ਇਨ੍ਹਾਂ ਤੋਂ ਅਸਤੀਫ਼ੇ ਲਏ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿਚ ਕੁੱਝ ਵਿਚਾਰ ਲਿਖੇ ਗਏ ਹਨ, ਜਿਵੇਂ ਜਥੇਦਾਰ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ?,ਉਹ ਕਿਨਾ ਪੜਿ੍ਹਆ ਹੋਣਾ ਚਾਹੀਦਾ ਹੈ?, ਉਸ ਦਾ ਤਜਰਬਾ ਤੇ ਕਰੈਕਟਰ ਆਦਿ ਕਿਹੋ ਜਿਹਾ ਹੈ? ਇਹ ਸਭ ਕਰਨ ਲਈ ਇਕ ਕਮੇਟੀ ਬਣਾਉਣੀ ਚਾਹੀਦੀ ਹੈ। ਜਿਸ ਦੇ ਮੈਂਬਰ ਅਜਿਹੇ ਹੋਣ ਜੋ ਨਿਰਪੱਖ ਚੋਣ ਕਰਨ। ਜਥੇਦਾਰ ਦੇ ਅਹੁਦੇ ਲਈ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜਿਸ ਨੇ ਸਿੱਖ ਧਰਮ ਲਈ 20 ਤੋਂ 25 ਸਾਲ ਕੁੱਝ ਕੀਤਾ ਹੋਵੇ।

Loading