ਇਕਬਾਲ ਸਿੰਘ ਲਾਲਪੁਰਾ
ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਅਕਾਲ ਰੂਪ ਸਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ।
ਗੁਰੂ ਨਾਨਕ ਦੇਵ ਜੀ ਨੇ ਆਮ ਮਾਨਸ ਨੂੰ ਦੇਵਤੇ ਬਣਾ ਕੇ ਗੁਲਾਮੀ ਦੀ ਥਾਂ ਗ਼ੈਰਤ ਨਾਲ ਜਿਉਣ ਦੀ ਪ੍ਰੇਰਨਾ ਦਿੱਤੀ। ਸ਼੍ਰੀ ਗੁਰੂ ਨਾਨਕ ਦੇਵ ਦੇ ਅਨੁਯਾਈ ਸਿੱਖ ਅਖਵਾਉਂਦੇ ਹਨ। ਸ਼੍ਰੀ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਕਰਮ ਕਾਂਡ ਤੋਂ ਦੂਰ ਅਧਿਆਤਮਵਾਦ ਹੈ, ਜਿਸ ਵਿੱਚ ਗਿਆਨ ਰਾਹੀਂ ਅੰਦਰ ਦਾ ਦੀਵਾ ਜਗਾਉਣ ਤੇ ਮਨੁੱਖਤਾ ਦੀ ਸੇਵਾ ਹੀ ਅਕਾਲ ਪੁਰਖ ਨਾਲ ਇੱਕ-ਮਿਕ ਹੋਣ ਦੀ ਵਿਧੀ ਹੈ। ਸਿੱਖੀ ਦੇ ਪ੍ਰੇਮ ਮਾਰਗ ਤੇ ਚੱਲਣ ਵਾਲੇ ਲਈ ਸਿਰ ਤਲੀ ਤੇ ਰੱਖਣ ਦੀ ਪੁਕਾਰ ਵੀ ਹੈ।
ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੱਕ, ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼੍ਰੀ ਗੁਰੂ ਨਾਨਕ ਦੇਵ ਵਿੱਚ ਅਭੇਦ ਕਰ ਕੇ ਇਸ ਫ਼ਲਸਫ਼ੇ ਨੂੰ ਅੱਗੇ ਤੋਰਿਆ। ਇਸ ਲਈ ਭਾਵੇਂ ਆਪਣੀ ਸ਼ਹਾਦਤ ਦੇਣੀ ਪਈ। ਦਸਮ ਪਾਤਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਣਾਏ ਦੇਵਤਿਆਂ ਨੂੰ ਆਪਣੇ ਪੁੱਤਰ – ਪੁੱਤਰੀਆਂ ਤੇ ਅਕਾਲ ਪੁਰਖ ਦੀ ਫੌਜ ਦੇ ਸਿਪਾਹੀ ਬਣਾ ਕੇ ਮਨੁੱਖਤਾ ਦੀ ਰਾਖੀ ਦੀ ਜ਼ਿੰਮੇਵਾਰੀ ਦੇ ਦਿੱਤੀ।
ਇਨ੍ਹਾਂ ਜਾਤ-ਪਾਤ ਰਹਿਤ, ਕੇਵਲ ਇੱਕ ਅਕਾਲ ਦੇ ਪੁਜਾਰੀਆਂ ਨੇ, ਦੇਸ਼ ਦੀ ਕਰੀਬ ਇੱਕ ਹਜ਼ਾਰ ਸਾਲ ਦੀ ਗੁਲਾਮੀ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖ਼ਤਮ ਕਰ, 1710 ਦੀ ਵਿੱਚ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ। ਇਹ ਰਾਜ ਕਰੀਬ ਪੰਜ ਸਾਲਾਂ ਤੱਕ ਰਿਹਾ, ਪਰ ਖਾਲਸਾ ਨੂੰ ਰਾਜ ਕਰਨ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ।
1716 ਈ ਤੋਂ 1783 ਈ ਤੱਕ ਸਿੱਖ ਕੌਮ ਲਈ ਬੜਾ ਮੁਸ਼ਕਿਲ ਤੇ ਇਮਤਿਹਾਨ ਦਾ ਸਮਾਂ ਸੀ। ਜਿੱਥੇ ਵੀ ਸਿੱਖ ਨਜ਼ਰ ਆਏ, ਉਸ ਨੂੰ ਕਤਲ ਕਰ ਕੇ ਇਨਾਮ ਪ੍ਰਾਪਤ ਕਰਨ ਦਾ ਹੁਕਮ, ਮੁਗਲ ਬਾਦਸ਼ਾਹਾਂ ਤੇ ਅਫ਼ਗਾਨ ਧਾੜਵੀਆਂ ਨੇ ਜਾਰੀ ਕੀਤੇ ਸਨ, ਪਰ ਗੁਰੂ ਸਾਹਿਬਾਨ ਦੇ ਹੁਕਮ ਤੇ ਚੱਲਣ ਵਾਲੇ, ਸਿਰ ਤਲੀ ਤੇ ਰੱਖਣ ਵਾਲੇ ਸਿੰਘ ਤੇ ਸਿੰਘਣੀਆਂ ਨੇ, ਕੁਰਬਾਨੀ ਤੇ ਬਹਾਦਰੀ ਨਾਲ ਸਿੱਖ ਫ਼ਲਸਫ਼ੇ ਦੇ ਨਵੇਂ ਇਤਿਹਾਸ ਦੀ ਰਚਨਾ ਕੀਤੀ। ਮਨੂੰ ਦੀ ਦਾਤਰੀ ਨਾਲ ਕੱਟੇ ਜਾਂਦੇ, ਸੌਏ ਦੂਣ ਸਵਾਏ ਹੋ ਲਾਹੌਰ ਤੇ ਦਿੱਲੀ ਦੇ ਮਾਲਕ ਬਣ ਗਏ। ਰਾਮਗੜ੍ਹੀਆ ਬੁੰਗੇ ਵਿੱਚ ਪਿਆ ਤਖ਼ਤ ਖਾਲਸੇ ਦੀ ਸ਼ਕਤੀ ਦਾ ਗਵਾਹ ਹੈ। ਇਸ ਸਮੇਂ ਦੇ ਆਗੂ ਭਾਈ ਦਰਬਾਰਾ ਸਿੰਘ, ਭਾਈ ਮਨੀ ਸਿੰਘ, ਸਰਦਾਰ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੜਤ ਸਿੰਘ, ਸਰਦਾਰ ਬਘੇਲ ਸਿੰਘ, ਭਾਈ ਗਰਜਾ ਸਿੰਘ ਭਾਈ ਬੌਤਾ ਸਿੰਘ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਤੇ ਅਨੇਕਾਂ ਸਿੰਘਾਂ ਤੇ ਸਿੰਘਣੀਆਂ ਦਾ ਇਤਿਹਾਸ ਅੱਜ ਵੀ ਖਾਲਸੇ ਦੇ ਸਿਰੜ ਤੇ ਚਰਿੱਤਰ ਦੀ ਗਵਾਹੀ ਭਰਦਾ ਹੈ।
ਅਗਲਾ ਸਮਾਂ 1799 ਈ ਤੋਂ 1839 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਉਭਾਰ, ਮਜ਼ਬੂਤ ਖਾਲਸਾ ਸ਼ਕਤੀ, ਹਲੇਮੀ ਰਾਜ ਦੇ ਗੁਰੂ ਸੰਕਲਪ ਨੂੰ ਪ੍ਰਗਟ ਕਰਨ ਦਾ ਸੀ। ਬਹਾਦਰੀ, ਸਰਬ ਸਾਂਝੀਵਾਲਤਾ, ਵਿਕਾਸ ਤੇ ਇਨਸਾਫ਼ ਆਧਾਰਿਤ ਇਸ ਰਾਜ ਕਾਰਨ, ਮਹਾਰਾਜਾ ਅੱਜ ਵੀ ਦੁਨੀਆ ਦੇ ਰਾਜਿਆਂ ਵਿੱਚ ਇੱਕ ਨੰਬਰ ਤੇ ਮੰਨਿਆ ਜਾਂਦਾ ਹੈ। ਇਸ ਸਮੇਂ ਤੱਕ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਰਾਹੀਂ ਭਾਰਤ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਸੀ। ਸਿੱਖ ਮਿਸਲਦਾਰਾਂ ਤੇ ਸਰਦਾਰਾਂ ਦਾ ਇੱਕ ਹਿੱਸਾ ਮਹਾਰਾਜਾ ਰਣਜੀਤ ਸਿੰਘ ਦੀ ਸਰਪ੍ਰਸਤੀ ਛੱਡ ਅੰਗਰੇਜ਼ਾਂ ਨਾਲ ਮਿਲ ਗਿਆ ਅਤੇ ਮਹਾਰਾਜਾ ਵੱਲੋਂ ਦਿੱਲੀ ਵੱਲ ਵਧਣ ਵਿੱਚ ਰੁਕਾਵਟ ਬਣ ਗਿਆ। ਕੌਮ ਦੋ ਹਿੱਸਿਆਂ ਵਿੱਚ ਵੰਡੀ ਗਈ। ਮਹਾਰਾਜਾ ਨੇ ਤਾਂ ਪੱਗਾਂ ਵੱਟਾ ਕੇ ਇਹਨਾਂ ਨੂੰ ਭਰਾ ਤੇ ਇੱਜ਼ਤ ਦੇ ਭਾਈਵਾਲ ਬਣਾਉਣ ਦਾ ਯਤਨ ਵੀ ਕੀਤਾ ਸੀ। ਪਰ ਕੁਝ ਤਾਂ ਪਹਿਲਾਂ ਅਹਿਮਦ ਸ਼ਾਹ ਨਾਲ ਕੌਮ ਵਿਰੁੱਧ ਖੜੇ ਸਨ, ਉਨ੍ਹਾਂ ਤੋਂ ਅਜਿਹੀ ਆਸ ਕਰਨੀ ਵੀ ਔਖੀ ਹੀ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਅੰਗਰੇਜ਼ਾਂ ਨੇ ਖਾਲਸਾ ਰਾਜ ਦੇ ਅਹਿਲਕਾਰਾਂ ਨੂੰ ਸਾਮ, ਦਾਮ, ਦੰਡ, ਭੇਦ ਦੀ ਨੀਤੀ ਨਾਲ ਕਾਬੂ ਕਰ, ਮਜ਼ਬੂਤ ਖਾਲਸਾ ਰਾਜ ਦਾ ਅੰਤ ਕਰ ਦਿੱਤਾ। ਕਰਨਲ ਸਟਨਵੇਕ ਵੱਲੋਂ, 1845 ਈ ਦੀ ਰਿਪੋਰਟ ਮੁਤਾਬਕ ਮੁਸਲਮਾਨਾਂ ਨੂੰ ਖਾਲਸਾ ਵਿਰੁੱਧ ਹੋ ਚੁੱਕੇ ਸਨ, ਹੁਣ ਕੇਵਲ ਹਿੰਦੂ ਤੇ ਸਿੱਖਾਂ ਨੂੰ ਵੱਖ ਕਰਨ ਦੀ ਲੋੜ ਬਾਕੀ ਹੈ। ਜਿਸ ਬਾਰੇ ਨੀਤੀ ਬਣਾ ਕੇ ਅੰਗਰੇਜ਼ ਨੇ, ਸਿੱਖੀ ਦੇ ਅਸੂਲਾਂ ਤੇ ਪਰਪੱਕ ਤੇ ਬਹਾਦੁਰ ਖਾਲਸੇ ਦੀਆਂ, ਤੇਗਾਂ ਦਾ ਮੂੰਹ ਇੱਕ ਦੂਜੇ ਵੱਲ, ਆਪਸ ਵਿੱਚ ਹੀ ਮੋੜ ਦਿੱਤਾ। ਮਹਾਰਾਣੀ ਜਿੰਦਾਂ ਨੂੰ ਆਪਣੇ ਰਾਜ ਤੋਂ ਬਾਹਰ ਕੈਦ ਕਰ ਦਿੱਤਾ ਗਿਆ, ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾ ਵਲੈਤ ਭੇਜ ਦਿੱਤਾ ਗਿਆ। ਇਤਿਹਾਸਕ ਗੁਰੂ ਘਰਾਂ ਤੇ ਕਬਜ਼ਾ ਕਰ ਲਿਆ ਗਿਆ।
ਇਸ ਤਰਾਂ ਮੁਗਲਾਂ ਤੇ ਅਫ਼ਗਾਨਾਂ ਦੀ ਸਿੱਖ ਮਾਰਨ ਤੇ ਗੁਰੂ ਘਰ ਢਾਹੁਣ ਦੀ ਥਾਂ, ਸਿੱਖ ਫਲਸਫੇ ਤੇ ਨਿਯਮਾਂ ਨੂੰ ਢਾਹ ਲਾਉਣ ਦੀ ਨੀਤੀ ਅੰਗਰੇਜ਼ ਵੱਲੋਂ ਬਣਾਈ ਗਈ। ਅੰਗਰੇਜ਼ ਪ੍ਰਸਤ ਸਿੱਖਾਂ ਦੀ ਨਵੀਂ ਲੀਡਰਸ਼ਿਪ ਖੜ੍ਹੀ ਕਰ ਦਿੱਤੀ ਗਈ ਸੀ।
ਸਿੱਖ ਫੌਜੀ ਦੁਨੀਆਂ ਭਰ ਵਿੱਚ ਅੰਗਰੇਜ਼ਾਂ ਲਈ ਲੜਦੇ ਤੇ ਮਰਦੇ ਰਹੇ।
ਮਹਾਰਾਜਾ ਦਲੀਪ ਸਿੰਘ ਤੇ ਉਸਦਾ ਬਹਾਦਰੀ ਵਾਲਾ ਡੀ ਐਨ ਏ ਹੀ ਖਤਮ ਕਰ ਦਿੱਤਾ ਗਿਆ। ਛੋਟੇ ਛੋਟੇ ਅਜ਼ਾਦੀ ਲਈ, ਦੇਸ਼ ਅੰਦਰ ਤੇ ਵਿਦੇਸ਼ੀ ਧਰਤੀ ਤੋਂ ਉੱਠੇ, ਸਿੱਖ ਅੰਦੋਲਨ ਸਰਕਾਰੀ ਸੂਹਿਆਂ ਦੀ ਮਦਦ ਨਾਲ ਖ਼ਤਮ ਕਰ ਦਿੱਤੇ ਗਏ।
1920 ਈ ਵਿੱਚ ਗੁਰਦੁਆਰਾ ਸੁਧਾਰ ਲਹਿਰ ਨੇ ਮੁੜ ਕੌਮ ਨੂੰ ਜਾਗ੍ਰਿਤ ਕੀਤਾ। ਨਨਕਾਣਾ ਸਾਹਿਬ ਤੇ ਹੋਰ ਥਾਂਵਾਂ ਤੇ ਵੱਡੀਆਂ ਕੁਰਬਾਨੀਆਂ ਹੋਈਆਂ, ਪਰ 1925 ਦੀ ਤੱਕ ਅੰਗਰੇਜ਼ਾਂ ਨੇ ਨਵੀਂ ਨੀਤੀ, ਜਿਸ ਵਿੱਚ ਇਸ ਅੰਦੋਲਨ ਨੂੰ ਫੈਲਣ ਤੋਂ ਰੋਕਣਾ, ਸਿੱਖ ਗੁਰਦੁਆਰਾ ਪ੍ਰਬੰਧ ਵਿੱਚ ਦਖਲਅੰਦਾਜ਼ੀ ਬੰਦ ਕਰਕੇ ਤੇ ਅੰਗਰੇਜ਼ ਪੱਖੀ ਸਿੱਖ ਆਗੂਆਂ ਨੂੰ ਮਜ਼ਬੂਤ ਕਰਨਾ ਸੀ, ਰਾਹੀਂ ਕਾਬੂ ਕਰ ਲਿਆ ਗਿਆ।
ਦੂਜੇ ਪਾਸੇ ਅੰਦੋਲਨਕਾਰੀ ਸਿੱਖ ਆਗੂ ਮਹਾਤਮਾ ਗਾਂਧੀ ਦੇ ਅਜ਼ਾਦੀ ਦੀ ਪਹਿਲੀ ਜੰਗ ਜਿੱਤਣ ਦੇ ਬਿਆਨ ਤੋਂ ਪ੍ਰਭਾਵਿਤ ਹੋ ਕਾਂਗਰਸ ਨਾਲ ਜੁੜ ਗਏ। ਆਜ਼ਾਦੀ ਪਿੱਛੋਂ ਨਿੱਘ ਮਾਨਣ ਲਈ, ਇੱਕ ਖਿਤਾ ਬਣਾਉਣ ਦਾ ਵਾਅਦਾ ਲੈ, ਇਹ ਆਗੂ ਲਾਹੌਰ ਬੈਠੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਰਾਜ ਕੁਮਾਰੀ ਬੰਬਾ ਨੂੰ ਭੁੱਲ ਗਏ।
ਅੰਗਰੇਜ਼ਾਂ ਨਾਲ ਆਜ਼ਾਦੀ ਦੀ ਗੱਲਬਾਤ ਵਿੱਚ ਰਾਜ ਕੁਮਾਰੀਆਂ ਬੰਬਾਂ ਤੇ ਸੌਫੀਆ ਨੂੰ ਸਿੱਖ ਆਗੂਆਂ ਨੇ ਨਾਲ ਕਿਉਂ ਨਹੀਂ ਲਿਆ? ਇਸ ਦਾ ਜਵਾਬ ਇਤਿਹਾਸ ਜਰੂਰ ਮੰਗੇਗਾ। ਦੇਸ਼ ਦੀ ਵੰਡ ਸਮੇਂ ਪੰਜਾਬ ਦੇ 36 ਜ਼ਿਲ੍ਹੇ ਵੰਡੇ ਜਾਣੇ ਸਨ, ਪੰਜਾਬ ਦੀ ਮੁਸਲਿਮ ਆਬਾਦੀ 53 ਫ਼ੀਸਦੀ ਸੀ, ਹਿੰਦੂ 29 ਫ਼ੀਸਦੀ ਤੇ ਸਿੱਖ 15 ਫੀਸਦੀ ਸਨ ਪਰ ਅੰਗਰੇਜ਼ਾਂ ਨੇ ਸਿੱਖਾਂ ਨਾਲ ਧੋਖਾ ਕੀਤਾ ਤੇ ਮੁਸਲਮਾਨਾਂ ਨੂੰ ਪੰਜਾਬ ਦੇ 24 ਜ਼ਿਲ੍ਹੇ ਭਾਵ 67 ਫ਼ੀਸਦੀ ਹਿੱਸਾ ਦੇ ਦਿੱਤਾ, ਜੇਕਰ ਆਬਾਦੀ ਦੇ ਹਿਸਾਬ ਨਾਲ ਵੰਡ ਹੁੰਦੀ ਤਾਂ ਘੱਟੋ-ਘੱਟ ਪੰਜ ਹੋਰ ਜ਼ਿਲ੍ਹੇ ਭਾਰਤ ਦੇ ਹਿੱਸੇ ਆਉਣੇ ਚਾਹੀਦੇ ਸਨ।
ਆਜ਼ਾਦੀ ਤੋਂ ਬਾਅਦ, ਸ਼੍ਰੀ ਜਵਾਹਰ ਲਾਲ ਨੈਹਰੂ ਆਜ਼ਾਦੀ ਦੇ ਨਿੱਘ ਮਾਨਣ ਵਾਲੇ ਖਿੱਤੇ ਦੀ ਗੱਲ ਤੋਂ ਪਿੱਛੇ ਹਟ ਗਏ। ਕੇਵਲ ਇਹ ਹੀ ਨਹੀਂ 1948 ਤੇ 1956 ਵਿੱਚ ਅਕਾਲੀ ਦਲ, ਰਾਜਸੀ ਰੂਪ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦੋ ਫਾੜ ਹੋ ਗਿਆ, ਕੁਰਸੀ ਮਿਲਣ ਤੇ ਵੱਡੇ ਅਕਾਲੀ ਕਾਂਗਰਸੀ ਬਣ ਗਏ। ਅੰਗਰੇਜ਼ ਰਾਜ ਵਿੱਚ ਮੌਜਾਂ ਮਾਨਣ ਵਾਲੇ ਰਜਵਾੜੇ ਤਾਂ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਸਨ।
ਹੁਣ ਸੰਘਰਸ਼ ਪੰਜਾਬੀ ਬੋਲੀ ਨੂੰ ਬਚਾਉਣ ਲਈ ਅਕਾਲੀ ਦਲ ਵੱਲੋਂ ਅਰੰਭਿਆ ਗਿਆ ਤੇ ਗੁਰੂ ਘਰ ਰਾਜਸੀ ਅੰਦੋਲਨ ਦਾ ਕੇਂਦਰ ਬਣ ਗਏ, ਧਰਮ ਪ੍ਰਚਾਰ ਕਿਸੇ ਦੇ ਵੀ ਏਜੰਡੇ ਤੇ ਨਹੀਂ ਰਿਹਾ।
1966 ਦੀ ਵਿੱਚ ਪੰਜਾਬ ਮੁੜ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਵਿੱਚ ਵੰਡਿਆ ਗਿਆ, ਇੱਕ ਨਵੀਂ ਲੜਾਈ ਦਰਿਆਈ ਪਾਣੀਆਂ, ਚੰਡੀਗੜ੍ਹ, ਭਾਖੜਾ ਡੈਮ ਤੇ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਖੜੀ ਹੋ ਗਈ, ਜਿਸਦਾ ਹੱਲ ਪਿਛਲੇ 59 ਸਾਲਾਂ ਵਿੱਚ ਵੀ ਨਹੀਂ ਹੋ ਸਕਿਆ, ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਕਈ ਮੋਰਚਿਆਂ ਰਾਹੀਂ, ਕੌਮੀ ਨੁਕਸਾਨ ਵੀ ਕਰਵਾਇਆ ਤੇ ਸਰਕਾਰਾਂ ਵਿੱਚ ਭਾਈਵਾਲੀ ਵੀ ਕੀਤੀ।
1982 ਈ ਵਿੱਚ ਸੰਤ ਜਰਨੈਲ ਸਿੰਘ ਨੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਹਰਾ ਸਿੰਘ ਦੀ ਰਿਹਾਈ ਲਈ ਮੋਰਚਾ, 19 ਜੁਲਾਈ ਨੂੰ ਆਰੰਭ ਕੀਤਾ ਸੀ, ਜਿਸ ਦਾ ਅੰਤ ਸਾਕਾ ਨੀਲਾ ਤਾਰਾ ਵਿਚ ਹੋਇਆ।ਕਾਂਗਰਸ ਦੀਆਂ ਘਟੀਆ ਸਿਆਸੀ ਨੀਤੀਆਂ ਕਾਰਣ ਪੰਜਾਬ ਨੂੰ ਸੰਤਾਪ ਝਲਣਾ ਪਿਆ। ਇੰਦਰਾ ਸਰਕਾਰ ਨੇ ਕੋਈ ਉਚਿਤ ਮੰਗ ਪੰਜਾਬ ਦੀ ਨਾ ਮੰਨੀ।
ਕਾਂਗਰਸ ਸਰਕਾਰ ਨੇ, 1985 ਦੀਆਂ ਲੋਕ ਸਭਾ ਚੋਣਾਂ, ਸਿੱਖ ਸੰਤਾਪ ਸਿਰਜਕੇ ਜਿੱਤਣ ਦੀ ਨੀਤੀ ਬਣਾਈ ਸੀ। ਕਾਂਗਰਸ ਦੀਆਂ ਗਲਤ ਨੀਤੀਆਂ ਕਾਰਣ ਪਾਕਿਸਤਾਨ ਨੂੰ ਪੰਜਾਬ ਵਿਚ ਦਖਲਅੰਦਾਜ਼ੀ ਦਾ ਮੌਕਾ ਮਿਲਿਆ ਤੇ ਸਿੱਖ ਦੇਵਤਿਆਂ ਤੋਂ ਅੱਤਵਾਦੀ ਵਜੋਂ ਬਦਨਾਮ ਕਰ ਦਿੱਤੇ ਗਏ।
ਕੁਝ ਲੋਕਾਂ ਨੂੰ ਰਾਜਸੀ ਲਾਭ ਵੀ ਹੋਇਆ ਤੇ ਬਹੁਤਿਆਂ ਨੂੰ ਵਿਦੇਸ਼ਾਂ ਵਿੱਚ ਜਾਣ ਲਈ ਰਾਜਸੀ ਸ਼ਰਨ ਵੀ ਮਿਲ ਗਈ। ਪੰਜਾਬ ਵਿੱਚ ਸਿੱਖ ਆਬਾਦੀ 63 ਤੋਂ ਘੱਟ ਕੇ ਪਿਛਲੇ ਤੀਹ ਸਾਲ ਵਿੱਚ 57 ਫੀਸਦੀ ਰਹਿ ਗਈ ਹੈ, ਜਦੋਂ ਕਿ ਇਹ ਅੰਕੜਾ ਵਧਣਾ ਚਾਹੀਦਾ ਸੀ। ਅਕਾਲੀ ਆਗੂ ਜੋ ਸਿੱਖ ਧਰਮ ਦੇ ਬਚਾਅ ਲਈ, ਕੁਰਬਾਨੀ ਦਿੰਦੇ ਸਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਮਦਦ ਕਰਨ ਦੇ ਦੋਸ਼ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਏ ਗਏ, ਜੋ ਉਨ੍ਹਾਂ ਸਵੀਕਾਰ ਵੀ ਕਰ ਲਏ।
ਗੁਰੂ ਕਾਲ ਦੀਆਂ ਧਰਮ ਪ੍ਰਚਾਰ ਲਈ ਸਹਿਯੋਗੀ ਸੰਸਥਾਵਾਂ ਉਦਾਸੀ ਤੇ ਨਿਰਮਲੇ ਪਿੱਛੇ ਧੱਕ ਦਿੱਤੇ ਗਏ ਹਨ। ਸਿੱਖ ਧਰਮ ਵਿੱਚ ਕਥਾ, ਕੀਰਤਨ, ਪਾਠ ਤੇ ਅਰਦਾਸ ਇੱਕ ਰੋਜ਼ੀ ਰੋਟੀ ਦੇ ਕਿੱਤਾ ਤੱਕ ਸੀਮਤ ਹੋ ਗਏ ਹਨ।
ਆਪਸੀ ਫੁੱਟ ਤੇ ਗੁਰੂ ਘਰਾਂ ਦੇ ਸਾਧਨਾਂ ਦੀ ਦੁਰਵਰਤੋਂ ਨੇ, ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਖੜੋਤ ਪੈਦਾ ਕਰ ਦਿੱਤੀ ਹੈ। ਕੁਝ ਦੂਜੇ ਧਰਮਾਂ ਵਿੱਚ ਨਵੇਂ ਬਣੇ ਧਾਰਮਿਕ ਆਗੂ ਪੰਜਾਬ ਵਿੱਚ ਹੀ ਸਿੱਖਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ ਵਿੱਚ ਸਫਲ ਹੋ ਰਹੇ ਹਨ।
ਗੁਰੂ ਸਾਹਿਬਾਨ ਨਾਲ ਸਬੰਧਤ ਸ਼ਤਾਬਦੀਆਂ ਵੀ ਧਰਮ ਦੇ ਪ੍ਰਚਾਰ ਕਰਨ ਦੀ ਥਾਂ ਕੌਮੀ ਸਰਮਾਏ ਦੇ ਉਜਾੜੇ ਤੋਂ ਵੱਧ ਕੁਝ ਵੀ ਪ੍ਰਾਪਤ ਨਹੀਂ ਕਰ ਸਕੀਆਂ।
ਸਿੱਖ ਧਰਮ ਜਾਂ ਪੰਥ ਕਰਮ ਕਾਂਡ ਰਹਿਤ ਹੈ, ਗੁਰੂ ਨਾਨਕ ਦੇਵ ਜੀ ਦਾ ਨਿਰਮਲ ਪੰਥ ਹਿੰਦੂ ਤੇ ਮੁਸਲਮਾਨ ਧਰਮ ਨਾਲੋਂ ਵੱਖਰਾ ਹੈ, ਜਿਸ ਬਾਰੇ ਕਿਸੇ ਦੇ ਪ੍ਰਮਾਣ ਪੱਤਰ ਦੀ ਲੋੜ ਨਹੀਂ। ਗੱਲ ਤਾਂ ਸੰਗਠਿਤ ਰੂਪ ਵਿੱਚ ਦੇਸ਼ ਦੇ ਹਰ ਖੇਤਰ ਤੇ ਵਿਦੇਸ਼ਾਂ ਵਿੱਚ ਪ੍ਰਚਾਰ ਕੇਂਦਰ ਸਥਾਪਤ ਕਰਨ ਦੀ ਹੈ।
ਭਾਰਤ ਵਿੱਚ ਅਕਾਲੀ ਦਲ ਦੀ ਆਜ਼ਾਦੀ ਤੋਂ ਪਹਿਲਾਂ ਭਾਈਵਾਲ ਕਾਂਗਰਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ, ਪਰ ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ ਜਾਂ ਜਨ ਸੰਘ ਨਾਲ 1967 ਤੋਂ ਬਾਅਦ, ਕਈ ਵਾਰ ਮਿਲ ਕੇ ਸਰਕਾਰਾਂ ਬਣਾਈਆਂ ਹਨ। ਜੇਕਰ ਉਹ ਸਿੱਖ ਕੌਮ ਦੇ ਵਿਰੋਧੀ ਹਨ ਤਾਂ ਕੇਵਲ ਰਾਜਸੀ ਲਾਭ ਲਈ ਗਠਜੋੜ ਕਰਨ ਦਾ ਗੁਨਾਹ ਕਰਨ ਦੇ ਅਕਾਲੀ ਕੀ ਜ਼ਿੰਮੇਵਾਰ ਨਹੀਂ ਹਨ?
ਪਰ ਸੱਚ ਇਹ ਹੈ ਕਿ ਪਹਿਲਾਂ ਸ਼੍ਰੀ ਅਟੱਲ ਬਿਹਾਰੀ ਵਾਜਪਾਈ ਤੇ ਹੁਣ ਸ਼੍ਰੀ ਨਰਿੰਦਰ ਮੋਦੀ ਜੀ, ਸਿੱਖ ਕੌਮ ਦਾ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਦੇ ਹਰ ਮਸਲੇ ਦਾ ਹੱਲ ਕਰਨ ਦਾ ਕੰਮ ਵੀ ਕੀਤਾ ਹੈ ਤੇ ਅੱਗੇ ਲਈ ਵੀ ਤਿਆਰ ਹਨ। ਕਮੀ ਕੇਵਲ ਗੱਲਬਾਤ ਕਰਨ ਦੀ ਹੈ।
ਸਿੱਖ ਧਰਮ ਦੇ ਸੁਨਹਿਰੀ ਨਿਯਮ ਤੇ ਫ਼ਲਸਫ਼ਾ ਕਿਸੇ ਵੀ ਤਰ੍ਹਾਂ, ਦੂਜੇ ਧਰਮਾਂ ਵਾਲੇ ਕਮਜ਼ੋਰ ਨਹੀਂ ਕਰ ਸਕਦੇ, ਸਮੱਸਿਆ ਤਾਂ ਇਹ ਹੈ ਕਿ, 1920 ਵਿੱਚ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਅਦਾਰਿਆਂ ਨੇ, ਗੁਰੂ ਘਰਾਂ ਦਾ ਸਰਮਾਇਆ ਕੌਮ ਵਿੱਚ, ਧਰਮ ਪ੍ਰਚਾਰ, ਵਿੱਦਿਆ, ਸਿਹਤ ਸਹੂਲਤਾਂ ਤੇ ਰੁਜ਼ਗਾਰ ਪੈਦਾ ਕਰਨ ਤੇ ਨਹੀਂ ਲਾ ਸਕੇ, ਜਿਸ ਕਾਰਨ ਸਿੱਖ ਸਭ ਸੰਵਿਧਾਨਕ ਸੰਸਥਾਵਾਂ ਤੋਂ ਬਾਹਰ ਹੋ ਰਹੇ ਹਨ। ਆਪਣੀ ਕਮਜ਼ੋਰੀ ਦਾ ਦੋਸ਼, ਕਿਸੇ ਹੋਰ ਤੇ ਮੜ੍ਹ ਕੇ ਸੁਰਖੁਰੂ ਹੋਣਾ ਚਾਹੁੰਦੇ ਹਾਂ, ਕਿਉਂ ਨਹੀਂ ਗੱਲਬਾਤ ਕਰਕੇ ਆਪਣੇ ਡਰ ਤੇ ਤੌਖਲੇ ਉਨ੍ਹਾਂ ਨਾਲ ਸਪਸ਼ਟ ਕੀਤੇ ਜਾਣ।
ਸਥਿਤੀ ਹੋਰ ਗੰਭੀਰ ਹੋਣ ਤੋਂ ਪਹਿਲਾਂ ਪੰਥਕ ਵਿਦਵਾਨਾਂ, ਵਿਚਾਰਵਾਨਾਂ ਤੇ ਧਾਰਮਿਕ ਆਗੂਆਂ ਨੂੰ ਮਿਲ ਬੈਠ ਕੇ ਨਵੀਂ ਨੀਤੀ ਨਾਲ ਅੱਗੇ ਵਧਣ ਦੀ ਲੋੜ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵਾਂ ਸ਼ਹੀਦੀ ਦਿਵਸ ਇਸ ਲਈ ਢੁਕਵਾਂ ਸਮਾਂ ਹੈ, ਆਓ ਇਸ ਦਿਸ਼ਾ ਵੱਲ ਉੱਦਮ ਕਰੀਏ।
ਸਾਬਕਾ ਚੇਅਰਮੈਨ ਕੌਮੀ ਘੱਟਗਿਣਤੀ ਕਮਿਸ਼ਨ
ਭਾਰਤ ਸਰਕਾਰ