ਤਲਵਿੰਦਰ ਸਿੰਘ:
ਪੰਚਮ ਪਾਤਸ਼ਾਹ, ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ, ਆਪਣੇ ਸਮੇਤ ਆਪਣੇ ਤੋਂ ਪੂਰਬਲੇ ਚਾਰ ਗੁਰੂ ਸਾਹਿਬਾਨ ਦੀ ਗੁਰਬਾਣੀ ਦੀਆਂ ਪੋਥੀਆਂ ਇਕੱਤਰ ਕਰਨ ਤੋਂ ਬਾਅਦ 15 ਭਗਤਾਂ, 11 ਭੱਟਾਂ ਅਤੇ 3 (ਕੁਝ ਇਤਿਹਾਸਕਾਰਾਂ ਅਨੁਸਾਰ 4) ਗੁਰਸਿੱਖਾਂ ਦੀ ਬਾਣੀ ਇਕੱਤਰ ਕਰਕੇ ਆਦਿ ਸ੍ਰੀ (ਗੁਰੂ) ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮਨੁੱਖਤਾ ਦੇ ਸੰਸਾਰੀ ਅਤੇ ਆਤਮਿਕ ਕਲਿਆਣ ਲਈ ਇਕ ਬੇਨਜ਼ੀਰ ਪਰਉਪਕਾਰ ਕੀਤਾ ਗਿਆ ਸੀ।
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਲਾਹੌਰ 'ਚ ਤੱਤੀ ਤਵੀ 'ਤੇ ਬਿਠਾ ਕੇ ਬੇਅੰਤ ਤਸੀਹੇ ਦੇਣ ਤੋਂ ਬਾਅਦ ਸ਼ਹੀਦ ਕਰਵਾਇਆ ਤਾਂ ਆਪ ਜੀ ਦੇ ਸਪੁੱਤਰ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੰਚਮ ਪਾਤਸ਼ਾਹ ਜੀ ਨਮਿਤ ਕੋਠੜੀ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਵਾਇਆ। ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਕੋਲੋਂ 13 ਦਿਨਾਂ 'ਚ ਸਹਿਜ ਪਾਠ ਸਰਵਣ ਕੀਤਾ। ਭੋਗ ਸਮੇਂ ਭਾਈ ਗੁਰਦਾਸ ਜੀ ਚੌਰ ਦੀ ਸੇਵਾ ਕਰ ਰਹੇ ਸਨ ਅਤੇ ਅਰਦਾਸ ਤੋਂ ਬਾਅਦ ਮੁਖਵਾਕ ਲੈ ਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਪੰਜ ਘੋੜੇ, ਇਕ ਹਾਥੀ, ਪੰਜ ਸੌ ਮੋਹਰਾਂ ਅਤੇ ਸੁੰਦਰ ਪੁਸ਼ਾਕੇ ਗ੍ਰੰਥੀ ਸਿੰਘ ਵਜੋਂ ਬਖ਼ਸ਼ਿਸ਼ ਕੀਤੇ। ਇੱਥੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਪਰੰਪਰਾ ਸ਼ੁਰੂ ਹੋਈ। ਇਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ, ਮਾਤਾ ਗੰਗਾ ਜੀ ਸੱਚਖੰਡ ਪਿਆਨਾ ਕੀਤੇ ਤਾਂ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪੂਜਨੀਕ ਮਾਤਾ ਜੀ ਨਮਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਈ ਗੁਰਦਾਸ ਜੀ ਪਾਸੋਂ ਸਹਿਜ ਪਾਠ ਕਰਵਾਇਆ। ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਦੇ ਅਕਾਲ ਚਲਾਣੇ ਉਪਰੰਤ ਵੀ ਉਨ੍ਹਾਂ ਨਮਿਤ ਸਹਿਜ ਪਾਠ ਕੀਤੇ ਗਏ। ਇਸੇ ਤਰ੍ਹਾਂ ਸਭ ਤੋਂ ਪਹਿਲਾ ਅਖੰਡ ਪਾਠ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪ੍ਰਯਾਗਰਾਜ ਤ੍ਰਿਬੈਣੀ (ਇਲਾਹਾਬਾਦ) ਵਿਖੇ ਗੁਰਮਤਿ ਪ੍ਰਚਾਰ ਦੀ ਫੇਰੀ ਦੌਰਾਨ ਕਰਵਾਇਆ ਸੀ। ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੰਸਾਰੀ ਉਮਰ ਲਗਪਗ 45 ਸਾਲ ਹੋ ਗਈ ਤਾਂ ਆਪ ਜੀ ਦੇ ਮਾਤਾ ਜੀ ਪੂਜਨੀਕ ਮਾਤਾ ਨਾਨਕੀ ਜੀ ਕਹਿਣ ਲੱਗੇ, 'ਆਪ ਦੇ ਪਿਤਾ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਤੁਸੀਂ ਪੋਤਰੇ ਨੂੰ ਖਿਡਾਵੋਗੇ। ਉਹ ਸਮਾਂ ਕਦੋਂ ਆਵੇਗਾ?' ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਫ਼ਰਮਾਉਣ ਲੱਗੇ, 'ਮਾਤਾ ਜੀ! ਇਹ ਵਾਹਿਗੁਰੂ ਜੀ ਦੇ ਵੱਸ ਹੈ। ਜਦੋਂ ਸੱਚੇ ਪਾਤਸ਼ਾਹ ਜੀ ਨੂੰ ਭਾਇਆ, ਉਹ ਅਵੱਸ਼ ਬਖ਼ਸ਼ਿਸ਼ ਕਰਨਗੇ।'
ਉਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤ੍ਰਿਬੈਣੀ (ਹੁਣ ਗੁਰਦੁਆਰਾ ਸਿੱਖ ਸੰਗਤ ਇਲਾਹਾਬਾਦ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ। ਇਸ ਦੌਰਾਨ ਪੰਜ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਅਖੰਡ ਪਾਠ ਸਾਹਿਬ ਕੀਤਾ, ਜਿਨ੍ਹਾਂ 'ਚ ਭਾਈ ਮਤੀ ਦਾਸ ਜੀ, ਭਾਈ ਦਇਆਲਾ ਜੀ, ਭਾਈ ਗੁਰਬਖ਼ਸ਼ ਸਿੰਘ ਜੀ ਮਸੰਦ, ਭਾਈ ਗੁਰਦਿੱਤਾ ਜੀ (ਬਾਬਾ ਬੁੱਢਾ ਜੀ ਦੇ ਵੰਸ਼ਜ) ਅਤੇ ਭਾਈ ਸਤੀ ਰਾਮ ਸ਼ਾਮਿਲ ਸਨ। ਭੋਗ ਦੀ ਅਰਦਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਕੀਤੀ। ਇਸ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਬਚਿੱਤ੍ਰ ਨਾਟਕ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪੂੰ ਜ਼ਿਕਰ ਕਰਦੇ ਹਨ:
ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥੧॥
ਤਹੀ ਪ੍ਰਕਾਸ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥× ॥੨॥
ਦੂਜੀ ਵਾਰ ਅਖੰਡ ਪਾਠ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ 'ਤੇ ਅਖੀਰਲੀ ਜੰਗ ਫ਼ਤਹਿ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਦਰਜ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੰਪੂਰਨ ਕਰਨ ਤੋਂ ਬਾਅਦ ਕਰਵਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਵੱਲ ਰਵਾਨਾ ਹੋਣ ਤੋਂ ਤਿੰਨ ਦਿਨ ਪਹਿਲਾਂ, 23 ਸਾਵਣ, 1762 ਬਿਕਰਮੀ ਨੂੰ ਭਾਈ ਮਨੀ ਸਿੰਘ ਜੀ ਨੂੰ ਆਗਿਆ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ। ਉੱਚੀ ਠੇਰੀ 'ਤੇ ਪ੍ਰਕਾਸ਼ ਕੀਤਾ ਗਿਆ। ਇਸੇ ਅਸਥਾਨ ਦਾ ਨਾਂਅ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਰੱਖਿਆ। ਦਸਮ ਪਾਤਸ਼ਾਹ ਜੀ ਨੇ ਸ਼ੁੱਧ ਗੁਰਬਾਣੀ ਪੜ੍ਹਨ ਵਾਲੇ ਪੰਜ ਅਖੰਡ ਪਾਠੀ ਸਿੰਘ ਚੁਣੇ। ਉਨ੍ਹਾਂ ਨੂੰ ਕੇਸਾਂ ਸਹਿਤ ਇਸ਼ਨਾਨ ਕਰਾਇਆ ਤੇ ਸਵੱਛ ਵਸਤਰ ਪਹਿਨਾਏ। ਪੰਜ ਪਹਿਰੇਦਾਰ, ਪੰਜ ਲਾਂਗਰੀ, ਪੰਜ ਵਰਨੀਏ ਲਾਏ। ਇਸ ਤਰ੍ਹਾਂ ਅਖੰਡ ਪਾਠ ਲਈ ਕੁੱਲ 25 ਸਿੰਘ ਨੀਯਤ ਕਰਨ ਤੋਂ ਬਾਅਦ ਨਾਰੀਅਲ, ਦਰਸ਼ਨੀ ਭੇਟਾ ਮਾਇਆ ਰੱਖ ਕੇ, ਕੜਾਹ ਪ੍ਰਸ਼ਾਦ ਤਿਆਰ ਕਰਕੇ ਚੌਂਕੀ 'ਤੇ ਰੱਖਿਆ ਗਿਆ। ਸ਼ਬਦ ਕੀਰਤਨ ਹੋਇਆ। ਫਿਰ ਅਨੰਦ ਸਾਹਿਬ ਦਾ ਪਾਠ ਕਰਕੇ, ਪਿੱਛੋਂ ਅਰਦਾਸ ਕੀਤੀ ਗਈ। ਭਾਈ ਮਨੀ ਸਿੰਘ ਜੀ ਨੇ ਗੁਰੂ ਜੀ ਦੀ ਆਗਿਆ ਲੈ ਕੇ ਅਖੰਡ ਪਾਠ ਪ੍ਰਾਰੰਭ ਕੀਤਾ। ਆਰੰਭ ਦਾ ਵਾਕ ਸੀ:
ਟੋਡੀ ਮਹਲਾ ੫
ਸਤਿਗੁਰ ਆਇਓ ਸਰਣਿ ਤੁਹਾਰੀ॥
ਮਿਲੈ ਸੂਖੁ ਨਾਮੁ ਹਰਿ ਸੋਭਾ
ਚਿੰਤਾ ਲਾਹਿ ਹਮਾਰੀ॥੧॥ਰਹਾਉ॥
(ਅੰਗ: ੭੧੩)
ਗੁਰੂ ਜੀ ਅਤੇ ਸੰਗਤ ਨੇ ਰਲ ਕੇ ਸਾਰਾ ਅਖੰਡ ਪਾਠ ਸੁਣਿਆ। ਤੀਜੇ ਦਿਨ ਭੋਗ ਪਿਆ। ਸੰਗਤ ਨੇ ਬੜੀ ਖ਼ੁਸ਼ੀ ਮਨਾਈ।
ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਵੱਲ ਨਾਂਦੇੜ ਪਹੁੰਚਣ ਤੋਂ ਬਾਅਦ ਕੱਤਕ ਵਦੀ ਮੱਸਿਆ, ਸੰਮਤ 1765, ਈਸਵੀ 1708 ਨੂੰ ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਵਾਲੇ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ। ਚੋਜੀ ਪ੍ਰੀਤਮ ਜੀ ਨੇ ਚਿੱਟਾ ਪੁਸ਼ਾਕਾ ਪਹਿਨ ਕੇ ਸਾਰਾ ਪਾਠ ਇਕੋ ਚੌਂਕੜੇ 'ਚ ਬੈਠ ਕੇ ਸੁਣਿਆ। ਕੱਤਕ ਸੁਦੀ ਦੂਜ ਸੰਮਤ 1765 ਬਿਕਰਮੀ ਦੀ ਸਵੇਰ ਨੂੰ ਭੋਗ ਪਿਆ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਗੁਰਬਖ਼ਸ਼ ਸਿੰਘ ਜੀ (ਜਿਨ੍ਹਾਂ ਦਾ ਸ਼ਹੀਦੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਹੈ), ਬਾਬਾ ਦੀਪ ਸਿੰਘ ਜੀ ਸ਼ਹੀਦ, ਪਿਆਰੇ ਭਾਈ ਧਰਮ ਸਿੰਘ ਜੀ, ਭਾਈ ਸੇਵਾ ਸਿੰਘ ਜੀ ਸੇਵਾਦਾਰ ਸ੍ਰੀ ਹਜ਼ੂਰ ਸਾਹਿਬ ਅਤੇ ਭਾਈ ਹਰਿ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਖੜ੍ਹੇ ਕਰਕੇ ਪੰਜ ਪੈਸੇ, ਨਾਰੀਅਲ ਰੱਖ ਕੇ ਪੰਜ ਪਰਕਰਮਾ ਕੀਤੀਆਂ ਅਤੇ ਗੁਰਤਾਗੱਦੀ ਦਾ ਤਿਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਇਆ। ਫਿਰ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦੇ ਕੇ ਕੱਤਕ ਸੁਦੀ ਪੰਚਵੀਂ 1765 ਬਿਕਰਮੀ ਨੂੰ ਆਪ ਜੀ ਜੋਤੀ ਜੋਤਿ ਸਮਾ ਗਏ।
ਇਸ ਤਰ੍ਹਾਂ ਗੁਰੂ ਸਾਹਿਬਾਨ ਦੁਆਰਾ ਚਲਾਈ ਅਖੰਡ ਪਾਠ ਦੀ ਮਰਯਾਦਾ ਪੰਥ 'ਚ ਚਲੀ ਆ ਰਹੀ ਹੈ ਅਤੇ ਹਰ ਔਖੇ-ਸੌਖੇ ਸਮੇਂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰਖਵਾ ਕੇ ਅਕਾਲੀ ਬਾਣੀ ਦਾ ਆਸਰਾ ਤੱਕਦੇ ਆਏ ਹਨ। ਅਠਾਰ੍ਹਵੀਂ ਸਦੀ 'ਚ ਸਿੰਘ ਜੰਗਲਾਂ 'ਚ ਰਹਿੰਦਿਆਂ ਵੀ, ਇਕੱਤਰ ਹੋ ਕੇ ਤਿੰਨ ਦਿਨਾਂ 'ਚ ਅਖੰਡ ਪਾਠ ਪ੍ਰੇਮ ਨਾਲ ਕਰਦੇ, ਸੁਣਦੇ ਅਤੇ ਫਿਰ ਸ਼ਹੀਦੀਆਂ ਪਾਉਣ ਲਈ ਜਾਂਦੇ। ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਕਾਹਨੂੰਵਾਨ ਦੇ ਛੰਭ 'ਚ ਵੀ ਲਾਹੌਰ ਦੇ ਦੀਵਾਨ ਲੱਖਪਤ ਰਾਏ ਨਾਲ ਜੰਗ ਤੋਂ ਬਾਅਦ ਸਿੰਘਾਂ ਨੇ ਛੰਭ 'ਚ ਅਖੰਡ ਪਾਠ ਕੀਤਾ। ਬੀਬੀ ਸੁੰਦਰੀ ਜਦੋਂ ਮੁਗ਼ਲਾਂ ਨਾਲ ਲੜਦਿਆਂ ਜ਼ਖ਼ਮੀ ਹੋ ਗਈ ਤਾਂ ਉਸ ਨੇ ਆਪਣਾ ਪਰਲੋਕ ਗਮਨ ਕਰਨ ਦਾ ਵੇਲਾ ਨੇੜੇ ਜਾਣ ਕੇ ਅਖੰਡ ਪਾਠ ਸੁਣਨ ਦੀ ਇੱਛਾ ਜ਼ਾਹਿਰ ਕੀਤੀ। ਇਸ ਤਰ੍ਹਾਂ 16 ਪਹਿਰ 'ਚ ਅਖੰਡ ਪਾਠ ਕੀਤਾ ਗਿਆ। ਭੋਗ ਤੋਂ ਬਾਅਦ ਇਕੱਤਰ ਹੋਏ ਸਿੰਘਾਂ ਦਾ ਭਾਰੀ ਦੀਵਾਨ ਲਗ ਗਿਆ। ਪਹਿਲਾਂ ਸਾਰਿਆਂ ਨੇ ਭੋਗ ਦੇ ਸ਼ਬਦ ਰਲ ਕੇ ਪੜ੍ਹੇ ਅਤੇ ਫਿਰ ਕੀਰਤਨ ਕੀਤਾ। ਅਨੰਦ ਸਾਹਿਬ ਦਾ ਪਾਠ ਕੀਤਾ ਗਿਆ। ਅਰਦਾਸ ਕਰਕੇ ਮੁਖਵਾਕ ਸੁਣ ਕੇ ਕੜਾਹ ਪ੍ਰਸ਼ਾਦ ਸੰਗਤ 'ਚ ਵਰਤਾਇਆ ਗਿਆ। ਇਸ ਤਰ੍ਹਾਂ ਬੀਬੀ ਸੁੰਦਰੀ ਅਕਾਲ ਪੁਰਖ ਦਾ ਜਸ ਸੁਣਦੀ ਹੋਈ ਸਾਰੇ ਸਿੰਘਾਂ ਨੂੰ ਫ਼ਤਹਿ ਬੁਲਾ ਕੇ ਸੱਚਖੰਡ ਜਾ ਬਿਰਾਜੀ।
ਸਮੇਂ-ਸਮੇਂ 'ਤੇ ਬੜੀਆਂ ਉੱਚੀਆਂ ਸੁਰਤੀਆਂ ਵਾਲੇ ਅਖੰਡ ਪਾਠੀ ਅਤੇ ਸਰੋਤੇ ਹੋਏ ਹਨ, ਜੋ ਇਕੋ ਚੌਂਕੜੇ 'ਚ ਪੂਰਾ ਅਖੰਡ ਪਾਠ ਕਰਦੇ ਅਤੇ ਸੁਣਦੇ ਰਹੇ। ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਨੇ ਬਾਬਾ ਨਾਰਾਇਣ ਸਿੰਘ ਪਿੱਥੋ ਵਾਲਿਆਂ ਕੋਲੋਂ ਇਕੋ ਚੌਂਕੜੇ 'ਚ ਬੈਠ ਕੇ ਪੂਰਾ ਅਖੰਡ ਪਾਠ ਸੁਣਿਆ ਸੀ ਅਤੇ ਭੇਟਾ ਵਜੋਂ ਉਨ੍ਹਾਂ ਨੂੰ ਜਦੋਂ ਜਗੀਰ ਦੇਣ ਦੀ ਪੇਸ਼ਕਸ਼ ਕੀਤੀ ਤਾਂ ਬਾਬਾ ਨਾਰਾਇਣ ਸਿੰਘ ਨੇ ਅੰਗੀਕਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਸਤਿਕਾਰ 'ਚ ਮਹਾਰਾਜਾ ਹੀਰਾ ਸਿੰਘ ਨੇ ਇਕ ਪਾਲਕੀ ਮੰਗਵਾਈ ਅਤੇ ਉਸ 'ਚ ਬਾਬਾ ਨਾਰਾਇਣ ਸਿੰਘ ਨੂੰ ਬਿਠਾ ਕੇ ਮਹਾਰਾਜਾ ਖ਼ੁਦ ਕਹਾਰਾਂ 'ਚ ਸ਼ਾਮਿਲ ਹੋ ਕੇ ਬਾਬਾ ਜੀ ਨੂੰ ਉਨ੍ਹਾਂ ਦੇ ਡੇਰੇ ਛੱਡਣ ਗਏ ਸਨ।