ਸਿੱਖ ਨੌਜਵਾਨਾਂ ਵਿੱਚ ਦਸਤਾਰ ਸਜਾਉਣ ਦੀ ਵਧ ਰਹੀ ਹੈ ਰੁਚੀ

In ਖਾਸ ਰਿਪੋਰਟ
February 06, 2026

ਬਲਵਿੰਦਰਪਾਲ ਸਿੰਘ ਪ੍ਰੋਫੈਸਰ
9815700916

ਸਿੱਖ ਨੌਜਵਾਨਾਂ ਵਿੱਚ ਦਸਤਾਰ (ਪੱਗ ਜਾਂ ਪੱਗੜੀ) ਸਜਾਉਣ ਦੀ ਰੁਚੀ ਵਧ ਰਹੀ ਹੈ, ਜੋ ਸਿੱਖ ਧਰਮ ਅਤੇ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਨੂੰ ਮਜ਼ਬੂਤ ਕਰ ਰਹੀ ਹੈ। ਇਹ ਰੁਝਾਨ ਨਾ ਸਿਰਫ਼ ਪੰਜਾਬ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਡਾਇਸਪੋਰਾ ਵਿੱਚ ਵੀ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ, ੳੁੱਪਰ ਇਸ ਦਾ ਗਲੋਬਲ ਪੱਧਰ ’ਤੇ ਪ੍ਰਚਾਰ ਹੋ ਰਿਹਾ ਹੈ, ਜਿਸ ਨਾਲ ਦਸਤਾਰ ਇੱਕ ਫੈਸ਼ਨ ਆਈਕਨ ਵੀ ਬਣ ਰਹੀ ਹੈ। ਅੱਜ ਅੰਤਰਰਾਸ਼ਟਰੀ ਪੱਧਰ ’ਤੇ ਵੀ ਇਹ ਮਸ਼ਹੂਰ ਹੋ ਰਹੀ ਹੈ, ਜਿੱਥੇ ਸਿੱਖ ਔਰਤਾਂ ਵੀ ਇਸ ਨੂੰ ਅਪਣਾ ਰਹੀਆਂ ਹਨ।
ਨੌਜਵਾਨਾਂ ਵਿੱਚ ਵਧ ਰਹੀ ਰੁਚੀ: ਕਾਰਨ ਅਤੇ ਪ੍ਰਭਾਵ
ਸਿੱਖ ਨੌਜਵਾਨਾਂ ਵਿੱਚ ਦਸਤਾਰ ਸਜਾਉਣ ਦੀ ਰੁਚੀ ਵਧਣ ਦੇ ਪਿੱਛੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਹੈ ਸੱਭਿਆਚਾਰਕ ਜਾਗਰੂਕਤਾ ਅਤੇ ਆਪਣੀ ਪਛਾਣ ਨਾਲ ਜੁੜਨ ਦੀ ਭਾਵਨਾ ਹੈ। ਪਿਛਲੇ ਕੁਝ ਸਾਲਾਂ ਵਿੱਚ ਨੌਜਵਾਨ ਪੀੜ੍ਹੀ ਵਿੱਚ ਪੱਛਮੀਕਰਨ ਕਾਰਨ ਪੱਗ ਪਹਿਨਣ ਵਿੱਚ ਰੁਚੀ ਘਟੀ ਸੀ, ਪਰ ਹੁਣ ਇਹ ਰੁਝਾਨ ਵਧ ਰਿਹਾ ਹੈ। ਇੱਕ ਅਧਿਐਨ ਮੁਤਾਬਕ, 35 ਸਾਲ ਤੋਂ ਵੱਧ ਉਮਰ ਵਾਲੇ 79% ਸਿੱਖ ਪੱਗ ਪਹਿਨਦੇ ਹਨ, ਜਦਕਿ 35 ਸਾਲ ਤੋਂ ਘੱਟ ਵਾਲੇ 58% ਹਨ, ਪਰ ਸੋਸ਼ਲ ਮੀਡੀਆ ਅਤੇ ਸਿੱਖ ਜਾਗਰੂਕਤਾ ਮੁਹਿੰਮਾਂ ਨੇ ਇਸ ਅੰਤਰ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਵਿੱਚ ਅਕਾਲ ਪੁਰਖ ਕੀ ਫ਼ੌਜ ਵਰਗੀਆਂ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਟਰਬਨ ਕਲੀਨਿਕ ਅਤੇ ਕੈਂਪ ਨੌਜਵਾਨਾਂ ਨੂੰ ਵੱਖ-ਵੱਖ ਸਟਾਈਲ ਸਿਖਾਉਾਂਦੇਹਨ। ਇਹ ਕੈਂਪ 500 ਤੋਂ ਵੱਧ ਪਿੰਡਾਂ ਵਿੱਚ ਲੱਗ ਚੁਕੇ ਹਨ, ਜਿੱਥੇ 80% ਬੱਚੇ ਵਾਲ ਰੱਖ ਕੇ ਪੱਗ ਪਹਿਨਣ ਲੱਗ ਪਏ ਹਨ।
ਅਕਾਲ ਪੁਰਖ ਕੀ ਫ਼ੌਜ ਦੇ ਚੇਅਰਮੈਨ ਜਸਵਿੰਦਰ ਸਿੰਘ ਐਡਵੋਕੇਟ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿੱਚ ਅਕਾਲ ਪੁਰਖ ਕੀ ਫ਼ੌਜ ਵੱਲੋਂ ਟਰਬਨ ਕਲੀਨਿਕ ਚਲਾਏ ਜਾ ਰਹੇ ਹਨ ਜਿੱਥੇ ਨੌਜਵਾਨਾਂ ਨੂੰ ਵੱਖ-ਵੱਖ ਸਟਾਈਲ ਸਿਖਾਏ ਜਾਂਦੇ ਹਨ। ਇਸ ਨਾਲ ਨੌਜਵਾਨਾਂ ਵਿੱਚ ਰੁਚੀ ਵਧੀ ਹੈ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨ ਵੀ ਆਨਲਾਈਨ ਸਿੱਖ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਇਸ ਨੂੰ ਨਫ਼ਰਤੀ ਹਮਲਿਆਂ ਦੇ ਬਾਵਜੂਦ ਸਿੱਖ ਮਜ਼ਬੂਤੀ ਨਾਲ ਰੱਖ ਰਹੇ ਹਨ, ਜਿਸ ਨਾਲ ਇਸ ਦੀ ਮਸ਼ਹੂਰੀ ਵਧੀ ਹੈ।
ਸਿੱਖ ਔਰਤਾਂ ਵਿੱਚ ਵੀ ਇਹ ਰੁਝਾਨ ਵਧ ਰਿਹਾ ਹੈ, ਖਾਸ ਕਰਕੇ ਡਾਇਸਪੋਰਾ ਵਿੱਚ। ਬ੍ਰਿਟੇਨ, ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਕਈ ਔਰਤਾਂ ਦਸਤਾਰ ਸਜਾ ਰਹੀਆਂ ਹਨ, ਜੋ ਲਿੰਗਕ ਬਰਾਬਰੀ ਅਤੇ ਆਪਣੀ ਪਛਾਣ ਨੂੰ ਮਜ਼ਬੂਤ ਕਰ ਰਿਹਾ ਹੈ। ਇਹ ਬਦਲਾਅ ਪੰਜਾਬੀ ਸਮਾਜ ਵਿੱਚ ਰੂੜ੍ਹੀਆਂ ਨੂੰ ਚੁਣੌਤੀ ਦੇ ਰਿਹਾ ਹੈ ਅਤੇ ਔਰਤਾਂ ਨੂੰ ਸਿੱਖ ਸਭਿਆਚਾਰਕ ਹੋਂਦ ਨਾਲ ਜੋੜ ਰਿਹਾ ਹੈ।

ਸੋਸ਼ਲ ਮੀਡੀਆ ਦਾ ਅਹਿਮ ਰੋਲ: ਡਿਜੀਟਲ ਪ੍ਰਚਾਰ ਅਤੇ ਗਲੋਬਲ ਟਰੈਂਡ
ਸੋਸ਼ਲ ਮੀਡੀਆ ਨੇ ਦਸਤਾਰ ਨੂੰ ਗਲੋਬਲ ਟਰੈਂਡ ਬਣਾ ਦਿੱਤਾ ਹੈ। ਇੰਸਟਾਗ੍ਰਾਮ, ਟਿਕਟੌਕ ਅਤੇ ਯੂਟਿਊਬ ਤੇ ਟਿਊਟੋਰੀਅਲ ਵੀਡੀਓਜ਼ ਨੂੰ ਲੱਖਾਂ ਵਿਊਜ਼ ਮਿਲ ਰਹੇ ਹਨ। ਨੌਜਵਾਨ ਇਨਫਲੂਐਂਸਰ ਨਵੇਂ ਸਟਾਈਲ ਸਾਂਝੇ ਕਰ ਰਹੇ ਹਨ, ਜਿਵੇਂ ਪਟਿਆਲਾ ਸ਼ਾਹੀ, ਅੰਮ੍ਰਿਤਸਰੀ, ਮੁਲਤਾਨੀ ਅਤੇ ਮਾਡਰਨ ਫੈਸ਼ਨ ਪੱਗ। ਇਹ ਵੀਡੀਓ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਵੀ ਲੋਕ ਆਨਲਾਈਨ ਸਿੱਖ ਰਹੇ ਹਨ।
ਪੰਜਾਬ ਵਿੱਚ ਪੱਗ ਸਿਖਾਉਣ ਵਾਲੀਆਂ ਸੰਸਥਾਵਾਂ ਜਿਵੇਂ ਫਿਰੋਜ਼ਪੁਰੀਆ ਟਰਬਨ ਟ੍ਰੇਨਿੰਗ ਸੈਂਟਰ, ਦਸਤਾਰ ਅਕੈਡਮੀ (ਲੁਧਿਆਣਾ), ਹਨੀ ਟਰਬਨ ਟਾਈਂਗ (ਪਟਿਆਲਾ) ਅਤੇ ਚੜ੍ਹਦੀ ਕਲਾ ਟਰਬਨ ਅਕੈਡਮੀ (ਚੰਡੀਗੜ੍ਹ) ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪਹੁੰਚ ਵਧਾਈ ਹੈ। ਯੂਨੀਵਰਸਿਟੀਆਂ ਵਿੱਚ ਪੱਗ ਬੰਨ੍ਹਣ ਦੇ ਮੁਕਾਬਲੇ ਵੀ ਆਯੋਜਿਤ ਹੋ ਰਹੇ ਹਨ।
ਇਨ੍ਹਾਂ ਨੌਜਵਾਨਾਂ ਦੀ ਮਿਹਨਤ ਦਾ ਇਹ ਅਸਰ ਹੈ ਕਿ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੱਗ ਬੰਨ੍ਹਣ ਦਾ ਰੁਝਾਨ ਸਾਫ਼ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਨਾਲ ਇਹ ਨੌਜਵਾਨ ਪੱਗ ਬੰਨ੍ਹਣ ਦੀ ਕਲਾ ਨੂੰ ਸਿਰਫ਼ ਪ੍ਰਚਾਰ ਤੱਕ ਹੀ ਸੀਮਿਤ ਨਹੀਂ ਰੱਖ ਰਹੇ, ਸਗੋਂ ਇਸ ਨੂੰ ਉਨ੍ਹਾਂ ਨੇ ਰੁਜ਼ਗਾਰ ਦਾ ਮਜ਼ਬੂਤ ਸਰੋਤ ਵੀ ਬਣਾਇਆ ਹੈ। ਵਿਆਹਾਂ ਦੇ ਸੀਜ਼ਨ ਵਿੱਚ ਇੱਕ ਮਾਹਿਰ ਪੱਗ ਕਲਾਕਾਰ ਦੀ ਕਮਾਈ ਹਰ ਸਮਾਗਮ ਵਿੱਚ ਕਈ ਵਾਰ 10 ਤੋਂ 20 ਹਜ਼ਾਰ ਰੁਪਏ ਤੱਕ ਪਹੁੰਚ ਜਾਂਦੀ ਹੈ। ਲਾੜੇ ਤੋਂ ਲੈ ਕੇ ਉਸ ਦੇ ਮਿੱਤਰਾਂ, ਭਰਾਵਾਂ ਅਤੇ ਰਿਸ਼ਤੇਦਾਰਾਂ ਤੱਕ ਪੱਗਾਂ ਬੰਨ੍ਹਣ ਲਈ ਹੁਣ ਵੱਖਰਾ ਆਰਟਿਸਟ ਬੁਲਾਉਣ ਦੀ ਰਵਾਇਤ ਆਮ ਹੋ ਰਹੀ ਹੈ। ਇਹ ਮੰਗ ਇਸ ਕਦਰ ਵਧ ਗਈ ਹੈ ਕਿ ਕਈ ਨੌਜਵਾਨ ਦਿੱਲੀ, ਮੁੰਬਈ, ਚੰਡੀਗੜ੍ਹ, ਹਰਿਆਣਾ, ਰਾਜਸਥਾਨ ਵਰਗੇ ਦੂਜੇ ਸੂਬਿਆਂ ਤੱਕ ਵੀ ਵਿਸ਼ੇਸ਼ ਤੌਰ ’ਤੇ ਬੁਲਾਏ ਜਾ ਰਹੇ ਹਨ। ਕੁਝ ਮਾਮਲਿਆਂ ਵਿੱਚ ਤਾਂ ਪ੍ਰਦੇਸਾਂ ਵਿੱਚ ਵਸਦੇ ਪੰਜਾਬੀ ਪਰਿਵਾਰ ਵੀ ਆਪਣੇ ਖ਼ਾਸ ਸਮਾਗਮਾਂ ਲਈ ਇਨ੍ਹਾਂ ਨੂੰ ਉਚੇਚੇ ਤੌਰ ’ਤੇ ਬੁਲਾਉਂਦੇ ਹਨ।
ਫਿਲਮ ਉਦਯੋਗ ਵਿੱਚ ਵੀ ਪੰਜਾਬੀ ਨੌਜਵਾਨਾਂ ਦੀ ਇਹ ਕਲਾ ਵੱਡਾ ਮਾਣ ਹਾਸਿਲ ਕਰ ਰਹੀ ਹੈ। ਜਦੋਂ ਜਦੋਂ ਬਾਲੀਵੁੱਡ ਵਿਚ ਕੋਈ ਅਦਾਕਾਰ ਸਰਦਾਰ ਦਾ ਕਿਰਦਾਰ ਨਿਭਾਉਂਦਾ ਹੈ ਤਾਂ ਉਸ ਦੀ ਪੱਗ ਬੰਨ੍ਹਣ ਲਈ ਵੀ ਇਹੀ ਨੌਜਵਾਨ ਮਾਹਿਰ ਬੁਲਾਏ ਜਾਂਦੇ ਹਨ। ਕਈ ਵੱਡੀਆਂ ਫਿਲਮਾਂ ਤੇ ਵੈੱਬ ਸੀਰੀਜ਼ ਵਿੱਚ ਕੰਮ ਕਰ ਚੁੱਕੇ ਇਹ ਪੱਗ ਕਲਾਕਾਰ ਆਪਣੀ ਨਿਪੁੰਨਤਾ ਨਾਲ ਪੰਜਾਬੀ ਰਵਾਇਤ ਦੀ ਝਲਕ ਬਿਲਕੁਲ ਅਸਲ ਰੂਪ ਵਿੱਚ ਪੇਸ਼ ਕਰਦੇ ਹਨ। ਸੱਭਿਆਚਾਰਕ ਮਾਹਿਰਾਂ ਦਾ ਮਤ ਹੈ ਕਿ ਜੇ ਨੌਜਵਾਨਾਂ ਵਿੱਚ ਪੱਗ ਨਾਲ ਜੁੜੀ ਇਹ ਸਿਰਜਣਾਤਮਿਕ ਲਹਿਰ ਇਸੇ ਤਰ੍ਹਾਂ ਕਾਇਮ ਰਹੀ ਤਾਂ ਪੰਜਾਬ ਦੀ ਇਹ ਰਵਾਇਤੀ ਨਿਸ਼ਾਨੀ ਭਵਿੱਖ ਦੀਆਂ ਪੀੜ੍ਹੀਆਂ ਵਿੱਚ ਹੋਰ ਮਜ਼ਬੂਤੀ ਅਤੇ ਚੜ੍ਹਦੀ ਕਲਾ ਨਾਲ ਅੱਗੇ ਵਧੇਗੀ।

ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰੀ: ਕਾਰਨ ਅਤੇ ਯਤਨ

ਦਸਤਾਰ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਹੋ ਰਹੀ ਹੈ ਕਿਉਂਕਿ ਇਹ ਬਰਾਬਰੀ, ਸਨਮਾਨ ਅਤੇ ਆਜ਼ਾਦੀ ਦਾ ਪ੍ਰਤੀਕ ਹੈ। 9/11 ਤੋਂ ਬਾਅਦ ਵਧੀ ਨਫ਼ਰਤ ਨੇ ਸਿੱਖਾਂ ਨੂੰ ਆਪਣੀ ਪਛਾਣ ਨੂੰ ਮਜ਼ਬੂਤੀ ਨਾਲ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ। ਕੈਨੇਡਾ ਵਿੱਚ ਅੰਤਰਰਾਸ਼ਟਰੀ ਟਰਬਨ ਡੇ ਮਨਾਇਆ ਜਾਂਦਾ ਹੈ, ਜਿੱਥੇ ਫੈਸ਼ਨ ਬ੍ਰਾਂਡਸ ਪੱਗ ਨੂੰ ਪ੍ਰੋਮੋਟ ਕਰ ਰਹੇ ਹਨ।
ਸਿੱਖ ਅੰਤਰਰਾਸ਼ਟਰੀ ਪੱਧਰ ’ਤੇ ਪੱਗ ਰੱਖਣ ਲਈ ਕਾਨੂੰਨੀ ਲੜਾਈਆਂ ਲੜ ਰਹੇ ਹਨ। ਬ੍ਰਿਟੇਨ ਵਿੱਚ ਹੈਲਮੇਟ ਕਾਨੂੰਨ ਤੋਂ ਛੋਟ ਮਿਲੀ ਸੀ। ਅਮਰੀਕਾ ਵਿੱਚ ਸਿੱਖ ਕੋਲੀਸ਼ਨ ਨੇ ਫ਼ੌਜ ਅਤੇ ਨੌਕਰੀਆਂ ਵਿੱਚ ਪੱਗ ਦੀ ਮਨਜ਼ੂਰੀ ਲਈ ਜਦੋਜਹਿਦ ਕੀਤੀ ਸੀ। ਫਰਾਂਸ ਵਿੱਚ ਚੁਣੌਤੀਆਂ ਹਨ ਪਰ ਸਿੱਖਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਿਆ ਹੈ।

ਦਸਤਾਰ ਕਿਵੇਂ ਬਣੀ ਸਿੱਖਾਂ ਦਾ ਮਾਣ ਅਤੇ ਅਟੁੱਟ ਹਿੱਸਾ?
ਦਸਤਾਰ ਸਿੱਖ ਧਰਮ ਵਿੱਚ ਬਰਾਬਰੀ ਅਤੇ ਨਿਆਂ ਦਾ ਪ੍ਰਤੀਕ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਅਪਣਾ ਕੇ ਸਮਾਨਤਾ ਦਾ ਸੰਦੇਸ਼ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਮੁਗਲ ਵਿਰੋਧ ਵਿੱਚ ਦੋਹਰੀ ਪੱਗ ਪਹਿਨੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਵਿੱਚ ਦਸਤਾਰ ਲਾਜ਼ਮੀ ਕੀਤੀ ਸੀ ਤਾਂ ਜੋ ਸਿੱਖ ਦੀ ਪਛਾਣ ਵੱਖਰੀ ਬਣੀ ਰਹੇ।
ਦਸਤਾਰ ਨਾ ਸਿਰਫ਼ ਧਾਰਮਿਕ ਹੈ ਸਗੋਂ ਗਲੋਬਲ ਆਈਕਨ ਬਣ ਗਈ ਹੈ। ਸੋਸ਼ਲ ਮੀਡੀਆ ਅਤੇ ਨੌਜਵਾਨਾਂ ਦੇ ਯਤਨਾਂ ਨਾਲ ਇਹ ਵਧੇਰੇ ਮਜ਼ਬੂਤ ਹੋ ਰਹੀ ਹੈ।

Loading