
ਪ੍ਰੋਫ਼ੈਸਰ ਬਲਵਿੰਦਰ ਪਾਲ ਸਿੰਘ
ਸਿੱਖੀ, ਜਿਹੜੀ ਗੁਰੂ ਨਾਨਕ ਦੇਵ ਜੀ ਦੀ ਚਾਨਣ-ਮੁਨਾਰੀ ਸਿੱਖਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਕਾਰਾਂ ਦੀ ਅਮਰ ਦੇਣ ਹੈ, ਅੱਜ ਗਲੋਬਲੀਕਰਨ ਦੀਆਂ ਤੂਫ਼ਾਨੀ ਲਹਿਰਾਂ ਅਤੇ ਪੱਛਮੀ ਸੱਭਿਆਚਾਰ ਦੀ ਚਮਕ-ਦਮਕ ਵਿੱਚ ਆਪਣੀ ਚਮਕ ਗੁਆ ਰਹੀ ਹੈ। ਸਿੱਖ ਪਛਾਣ ਵੀ ਪੱਛਮੀ ਫ਼ੈਸ਼ਨ, ਨੌਜਵਾਨਾਂ ਦੀ ਅਗਿਆਨਤਾ ਅਤੇ ਭਾਸ਼ਾਈ ਅਣਦੇਖੀ ਦੀਆਂ ਧੁੰਦਲੀਆਂ ਪਰਤਾਂ ਵਿੱਚ ਲੁਕਦੀ ਜਾ ਰਹੀ ਹੈ। ਪੱਛਮੀ ਸੱਭਿਆਚਾਰ ਦੀਆਂ ਲਹਿਰਾਂ ਸਿੱਖ ਨੌਜਵਾਨਾਂ ਦੀ ਸੁਰਤ ਤੇ ਵਿਚਾਰ ਨੂੰ ਨਿਗਲ ਰਹੀਆਂ ਹਨ। ਸੋਸ਼ਲ ਮੀਡੀਆ ਦੀਆਂ ਚਮਕਦਾਰ ਸਕਰੀਨਾਂ, ਜਿੱਥੇ ਫ਼ੈਸ਼ਨ ਦੇ ਰੁਝਾਨ ਅਤੇ ਟੈਟੂਆਂ ਦੀਆਂ ਸਿਆਹੀਆਂ ਨੌਜਵਾਨਾਂ ਦੇ ਦਿਮਾਗਾਂ ’ਤੇ ਰਾਜ ਕਰ ਰਹੀਆਂ ਹਨ, ਸਿੱਖੀ ਦੀ ਸਾਦਗੀ ਨੂੰ ਚੁਣੌਤੀ ਦੇ ਰਹੀਆਂ ਹਨ।
ਪੰਜਾਬ ਦੀ ਹਰੀ ਕ੍ਰਾਂਤੀ, ਜਿਸ ਨੇ ਖੇਤੀ ਨੂੰ ਸੁਨਹਿਰੀ ਰੰਗ ਦਿੱਤਾ, ਨਾਲ ਹੀ ਇੱਕ ਸੱਭਿਆਚਾਰਕ ਸੰਕਟ ਦਾ ਤੂਫ਼ਾਨ ਵੀ ਲਿਆਂਦਾ। ਇਹ ਤੂਫ਼ਾਨ ਅਸ਼ਲੀਲ ਫ਼ਿਲਮਾਂ, ਲੱਚਰ ਗੀਤਾਂ ਅਤੇ ਸ਼ਰਾਬ-ਸਿਗਰਟ ਤੇ ਨਸ਼ਿਆਂ ਦੀਆਂ ਲੱਤਾਂ ਦਾ ਰੂਪ ਧਾਰ ਗਿਆ ਜੋ ਹੁਣ ਤੱਕ ਆਧੁਨਿਕਤਾ ਦੇ ਰੂਪ ਵਿੱਚ ਜਾਰੀ ਹੈ ਤੇ ਅਜਗਰ ਵਾਂਗ ਸਿੱਖ ਯੂਥ ਨੂੰ ਨਿਗਲ ਰਿਹਾ ਹੈ। ਪੇਂਡੂ ਜਿੰਮੀਦਾਰ ਸਿੱਖ ਪਰਿਵਾਰਾਂ ਦੇ ਨੌਜਵਾਨ, ਜੋ ਪਹਿਲਾਂ ਗੁਰੂ ਦੀ ਬਖਸ਼ੀ ਸੁਰਤ ਦੇ ਮਾਣਕ ਸਨ, ਅੱਜ ਇਹ ਪਤਿਤਪੁਣੇ ਅਤੇ ਸ਼ੋਸ਼ਲ ਮੀਡੀਆ ਦੇ ਲੁੱਚੇ ,ਅਸ਼ਲੀਲ ਰੁਝਾਨ ਵਿੱਚ ਡੁੱਬ ਰਹੇ ਹਨ। ‘ਸਿੰਘ’ ਅਤੇ ‘ਕੌਰ’ ਨਾਮਾਂ ਨੂੰ ਛੱਡ ਕੇ, ਉਹ ਆਪਣੇ ਆਪ ਨੂੰ ‘ਅਗਾਂਹਵਧੂ’ ਸਮਝ ਰਹੇ ਹਨ, ਪਰ ਇਹ ਅਖੌਤੀ ਆਧੁਨਿਕਤਾਵਾਦ ਸਿਰਫ਼ ਬਾਹਰੀ ਚਮਕ ਹੈ, ਜਿਵੇਂ ਬਿਨਾਂ ਜੜ੍ਹਾਂ ਦੇ ਰੁੱਖ ਦੀ ਛਾਂ। ਵਿਦੇਸ਼ਾਂ ਵਿੱਚ ਵੱਸਦੇ ਸਿੱਖ ਨੌਜਵਾਨ ਸਮਾਜਿਕ ਦਬਾਅ ਅਤੇ ਨਸਲਵਾਦ ਦੀ ਮਾਰ ਹੇਠ ਕੇਸ ਕਟ ਰਹੇ ਹਨ। ਪੱਛਮੀ ਫ਼ੈਸ਼ਨ ਦੀ ਇਸ ਲਹਿਰ ਨੇ ਸਿਰਫ਼ ਸਿੱਖੀ ਦੀ ਸੁਰਤ ਨੂੰ ਨਹੀਂ, ਸਗੋਂ ਇਸ ਦੀ ਰੂਹ ਨੂੰ ਵੀ ਚੁਣੌਤੀ ਦਿਂਤੀ ਹੈ।
ਪੰਜਾਬੀ ਭਾਸ਼ਾ ਸਿੱਖੀ ਦੀ ਜਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜੋ ਗੁਰਮੁਖੀ ਦੀ ਸਰਗਮ ਵਿੱਚ ਸੁਰੀਲੀ ਹੁੰਦੀ ਹੈ, ਸਿੱਖਾਂ ਦੇ ਦਿਲਾਂ ਨੂੰ ਜੋੜਦੀ ਹੈ। ਪਰ ਅੱਜ, ਜਿਵੇਂ ਝਰਨੇ ਦਾ ਪਾਣੀ ਸੁੱਕ ਜਾਂਦਾ ਹੈ, ਤਿਵੇਂ ਪੰਜਾਬੀ ਭਾਸ਼ਾ ਸੁੱਕ ਰਹੀ ਹੈ। ਅਸੀਂ ਆਪਣੇ ਵਜੂਦ ਪੰਜਾਬੀ ਭਾਸ਼ਾ ਤੋਂ ਵਿਛੜ ਰਹੇ ਹਾਂ।ਸ਼ਹਿਰੀ ਸਿੱਖ ਨੌਜਵਾਨ ਅੰਗਰੇਜ਼ੀ,ਹਿੰਦੀ ਨੂੰ ਰੁਤਬੇ ਦੀ ਨਿਸ਼ਾਨੀ ਮੰਨਦੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਧਿਐਨ ਅਨੁਸਾਰ, ਸ਼ਹਿਰੀ ਖੇਤਰਾਂ ਵਿੱਚ ਪੰਜਾਬੀ ਨੌਜਵਾਨ ਪੰਜਾਬੀ ਬੋਲਣ ਵਿਚ ਸ਼ਰਮ ਮਹਿਸੂਸ ਕਰਦੇ ਹਨ। ਪ੍ਰੋਫ਼ੈਸਰ ਪੂਰਨ ਸਿੰਘ ਨੇ ਕਿਹਾ ਸੀ, “ਪੰਜਾਬੀ ਉਹ ਸਰਗਮ ਹੈ, ਜਿਸ ਵਿੱਚ ਗੁਰੂਆਂ ਦੀ ਬਾਣੀ ਦਾ ਸੁਰ ਸੁਣਾਈ ਦਿੰਦਾ ਹੈ।” ਜੇਕਰ ਇਹ ਸਰਗਮ ਹੀ ਖਤਮ ਹੋ ਜਾਵੇ, ਤਾਂ ਸਿੱਖੀ ਦਾ ਸੁਰ ਕਿਵੇਂ ਜੀਵੇਗਾ?
ਪੰਜਾਬੀ ਭਾਸ਼ਾ ਦੀ ਅਣਦੇਖੀ ਸਿੱਖੀ ਦੀ ਰੂਹ ਨੂੰ ਕਮਜ਼ੋਰ ਕਰ ਰਹੀ ਹੈ। ਜਦੋਂ ਨੌਜਵਾਨ ਆਪਣੀ ਮਾਂ-ਬੋਲੀ ਨੂੰ ਛੱਡਦੇ ਹਨ, ਤਾਂ ਉਹ ਗੁਰਬਾਣੀ ਦੇ ਫ਼ਲਸਫ਼ੇ ਤੇ ਸਿਧਾਂਤ ਤੋਂ ਵੀ ਦੂਰ ਹੁੰਦੇ ਜਾਂਦੇ ਹਨ।
ਗੁਰਦੁਆਰੇ ਸਿੱਖੀ ਦਾ ਸੋਮਾ ਹਨ ਪਰ ਸਿੱਖ ਨੌਜਵਾਨ ਗੁਰਦੁਆਰਿਆਂ ਦੀ ਸੰਗਤ ਤੋਂ ਮੂੰਹ ਮੋੜ ਰਹੇ ਹਨ। ਇਸ ਦਾ ਕਾਰਨ ਸਿਰਫ਼ ਪੰਜਾਬੀ ਪੌਪ ਸੱਭਿਆਚਾਰ ਦੀ ਚਮਕ ਨਹੀਂ, ਸਗੋਂ ਉਹ ਗਾਣੇ ਵੀ ਹਨ, ਜੋ ਨਸ਼ਿਆਂ, ਹਿੰਸਾ ਅਤੇ ਭੌਤਿਕਵਾਦ ਨੂੰ ਪ੍ਰਮੋਟ ਕਰਕੇ ਸਿੱਖ ਯੂਥ ਦੀਆਂ ਰੂਹਾਂ ਨੂੰ ਮਾਲੀਨ ਕਰ ਰਹੇ ਹਨ। ਸਿੱਖੀ ਦੇ ਸਿਧਾਂਤ—ਸੇਵਾ, ਸਿਮਰਨ, ਸੰਗਤ—ਇਸ ਜਹਿਰ ਅੱਗੇ ਫ਼ਿੱਕੇ ਪੈ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੀ ਇਸ ਸੰਕਟ ਦੇ ਹੱਲ ਦੀ ਜ਼ਿੰਮੇਵਾਰੀ ਆਉਂਦੀ ਹੈ। ਉਹ ਸਿੱਖ ਸਕੂਲਾਂ ਵਿੱਚ ਗੁਰਮਤ ਸਿੱਖਿਆ ਨੂੰ ਪ੍ਰਮੁੱਖਤਾ ਨਹੀਂ ਦੇ ਸਕੀ, ਨਾ ਹੀ ਸਿੱਖ ਗਿਆਨ ਸਿਲੇਬਸਾਂ ਵਾਲੇ ਉੱਚ ਪੱਧਰ ਦੇ ਸਕੂਲ ਖੋਲ ਸਕੀ ਹੈ। ਸ਼੍ਰੋਮਣੀ ਕਮੇਟੀ ਨੂੰ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫ਼ਾਰਮਾਂ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਸਿੱਖੀ ਦੇ ਸੁਨੇਹੇ ਨਾਲ ਜੋੜਨ ਦੀ ਲੋੜ ਹੈ। ਜੇਕਰ ਗੁਰਦੁਆਰੇ ਸਿਰਫ਼ ਸਿੱਖ ਯੂਥ ਦੀ ਸ਼ਮੂਲੀਅਤ ਨਾ ਰਹੀ ਤਾਂ ਸਿੱਖੀ ਦੀ ਰੌਣਕ ਕਿਵੇਂ ਪਰਤੇਗੀ?
ਸਿੱਖ ਪੰਥ ਨੇ ਮੁਗਲਾਂ ਦੀ ਰਾਜਨੀਤਕ ਗੁਲਾਮੀ ਤੋਂ ਤਾਂ ਛੁਟਕਾਰਾ ਪਾ ਲਿਆ, ਪਰ ਬ੍ਰਾਹਮਣੀ ਸੱਭਿਆਚਾਰਕ ਗੁਲਾਮੀ ਅਤੇ ਅੰਗਰੇਜ਼ੀ ਸਾਮਰਾਜ ਦੀ ਨਵੀਂ ਰਾਜਨੀਤਕ ਗੁਲਾਮੀ ਨੇ ਸਿੱਖ ਪਛਾਣ ਨੂੰ ਜਕੜ ਲਿਆ। ਜਿਵੇਂ ਪੰਛੀ ਦੇ ਪੰਜੇ ਵਿੱਚ ਨਾਗ ਲਿਪਟ ਜਾਵੇ, ਤਿਵੇਂ ਸਿੱਖ ਸਿਆਸਤ ਵਕਤੀ ਲੋੜਾਂ ਦੇ ਚੱਕਰ ਵਿੱਚ ਫ਼ਸ ਗਈ ਹੈ। ਸਿੱਖ ਸੰਸਥਾਵਾਂ ’ਤੇ ਰਾਜਨੀਤਕ ਕੰਟਰੋਲ ਨੇ ਸਿੱਖੀ ਦੀ ਵਿਚਾਰਧਾਰਕ ਅਤੇ ਰੂਹਾਨੀ ਤਾਕਤ ਨੂੰ ਕਮਜ਼ੋਰ ਕਰ ਦਿੱਤਾ ਹੈ। ਸਰਕਾਰੀ ਕਬਜ਼ੇ ਸਿੱਖ ਸੰਸਥਾਵਾਂ ਉਪਰ ਹੋ ਰਹੇ ਹਨ। ਸਿੱਖ ਇਤਿਹਾਸ ਨੂੰ ਸਰਕਾਰਾਂ ਵੱਲੋਂ ਤੇ ਪੰਥ ਵਿਰੋਧੀਆਂ ਵੱਲੋਂ ਵਿਗਾੜਿਆ ਜਾ ਰਿਹਾ ਹੈ। ਕੁਝ ਸਿੱਖ ਡੇਰੇ ਇਸ ਵਿੱਚ ਸਿੱਖ ਵਿਰੋਧੀ ਭੂਮਿਕਾ ਨਿਭਾ ਰਹੇ ਹਨ। ਮੂਲ ਮੰਤਰ ਤੇ ਗੁਟਕਿਆਂ ਦੀ ਬਾਣੀ ਵਿੱਚ ਰਲਾਵਟ ਕਰ ਰਹੇ ਹਨ।ਸ਼੍ਰੋਮਣੀ ਕਮੇਟੀ ਕੋਈ ਨੋਟਿਸ ਨਹੀਂ ਲੈ ਰਹੀ।ਆਦਰਸ਼ ਸਿੱਖ ਰਾਜਨੀਤੀ ਦਾ ਖੁਰਨਾ ਇਸ ਸੰਕਟ ਦਾ ਕਾਰਨ ਹੈ।ਰਾਜਨੀਤਕ ਸਿੱਖ ਲੀਡਰਸ਼ਿਪ ਦੀ ਇੱਛਾ ਸਿਰਫ਼ ਸੱਤਾ ਤੱਕ ਸੀਮਤ ਹੈ।ਸਿੱਖ ਸੰਕਟ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ।
ਖਾਲਸਾ ਰਾਜ ਦੀ ਹਾਰ ਤੋਂ ਬਾਅਦ ਸਿੱਖਾਂ ਦੇ ਦਿਲਾਂ ਵਿੱਚ ਰਾਜਸੀ ਡਰ ਨੇ ਨਿਘਾਰ ਲਿਆਂਦਾ ਹੈ। ਖਾੜਕੂ ਲਹਿਰ ਦੀ ਅਸਫ਼ਲਤਾ ਨੇ ਇਸ ਨਿਘਾਰ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਪਰ ਸਿੱਖ ਇਤਿਹਾਸ ਸਾਖੀ ਹੈ ਕਿ ਜਦੋਂ ਵੀ ਸਿੱਖਾਂ ਨੇ ਇਸ ਡਰ ਨੂੰ ਚੁਣੌਤੀ ਦਿੱਤੀ ਹੈ, ਉਹਨਾਂ ਦੀ ਪਛਾਣ ਦੀ ਜੋਤ ਜਗਮਗਾਈ ਹੈ। ਸਿੱਖੀ ਦੀ ਸੁਰਤ ਨੂੰ ਕਾਇਮ ਰੱਖਣ ਦੀ ਪਹਿਲੀ ਸ਼ਰਤ ਇਹ ਹੈ ਕਿ ਸਿੱਖ ਨਾ ਕਿਸੇ ਦੇ ਗੁਲਾਮ ਹੋਣ, ਨਾ ਹੀ ਕੋਈ ਤਾਕਤ ਉਹਨਾਂ ਨੂੰ ਗੁਲਾਮ ਬਣਾ ਸਕੇ।
ਸਿੱਖ ਪਛਾਣ ਦਾ ਸਵਾਲ ਸਿਰਫ਼ ਬਾਹਰੀ ਪ੍ਰਤੀਕਾਂ ਜਾਂ ਭਾਸ਼ਾ ਦਾ ਨਹੀਂ, ਸਗੋਂ ਵਿਚਾਰਧਾਰਕ ਅਤੇ ਰੂਹਾਨੀ ਆਧਾਰ ਦਾ ਹੈ। ਸਿੱਖੀ ਇੱਕ ਅਜਿਹੀ ਸਭਿਅਤਾ ਹੈ, ਜਿਸ ਦੀਆਂ ਜੜ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੇਵਾ,ਨਿਆਂ, ਸਾਂਝੀਵਾਲਤਾ, ਸਮਾਨਤਾ ਅਤੇ ਸੱਚਾਈ ਵਿੱਚ ਹਨ। ਇਹ ਸੱਭਿਅਤਾ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈ ਸਕਦੀ ਹੈ। ਪਰ ਇਸ ਲਈ ਸਿੱਖ ਪੰਥ ਨੂੰ ਸੰਗਠਿਤ ਯਤਨ ਕਰਨੇ ਪੈਣਗੇ।ਸਿੱਖੀ ਦੇ ਸਿਧਾਂਤਾਂ ਨੂੰ ਅੱਜ ਦੇ ਸਮੇਂ ਦੀਆਂ ਲੋੜਾਂ ਮੁਤਾਬਕ ਪੁਨਰ-ਵਿਆਖਿਆ ਕਰਨ ਦੀ ਜ਼ਰੂਰਤ ਹੈ। ਸੋਸ਼ਲ ਮੀਡੀਆ ਦੀ ਵਰਤੋਂ, ਸਿੱਖ ਸਕੂਲਾਂ ਵਿੱਚ ਗੁਰਮਤਿ ਸਿੱਖਿਆ ਅਤੇ ਨੌਜਵਾਨਾਂ ਨੂੰ ਜੋੜਨ ਲਈ ਸਮਾਜਿਕ ਜਾਗਰੂਕਤਾ ਦੀ ਲੋੜ ਹੈ। ਸਿੱਖਾਂ ਨੂੰ ਮਿਸਲਾਂ ਦੇ ਸਮੇਂ ਵਾਂਗ ਇਕੱਠੇ ਹੋ ਕੇ ਗੁਰਮਤੇ ਕਰਨੇ ਚਾਹੀਦੇ ਹਨ, ਜਿਵੇਂ ਪੁਰਾਣੇ ਸਮੇਂ ਵਿੱਚ ਸਿੱਖ ਇਕਜੁਟਤਾ ਨਾਲ ਚੁਣੌਤੀਆਂ ਦਾ ਮੁਕਾਬਲਾ ਕਰਦੇ ਸਨ। ਸਿੱਖੀ ਦੀ ਸੁੱਚੀ ਰੂਹ ਨੂੰ ਜੀਵਤ ਰੱਖਣ ਲਈ ਸਿੱਖ ਸਮਾਜ ਨੂੰ ਆਪਸ ਵਿੱਚ ਮਦਦ ਕਰਨੀ ਪਵੇਗੀ।ਸਿੱਖ ਪਛਾਣ ਦਾ ਸੰਕਟ ਕੋਈ ਨਵਾਂ ਨਹੀਂ, ਪਰ ਇਸ ਦਾ ਹੱਲ ਸਿੱਖੀ ਦੀ ਰੂਹ ਅਰਥਾਤ ਗੁਰੂ ਗ੍ਰੂੰਥ ਸਾਹਿਬ ਦੇ ਸਿਧਾਂਤ ਵਿੱਚ ਹੀ ਲੁਕਿਆ ਹੈ। ਸਿੱਖ ਪੰਥ ਨੂੰ ਵੀ ਵਿਚਾਰਧਾਰਕ ਅਤੇ ਰੂਹਾਨੀ ਜਾਗਰੂਕਤਾ ਨਾਲ ਇਸ ਸੰਕਟ ਵਿਚੋਂ ਨਿਕਲਣਾ ਹੋਵੇਗਾ। ਸਿੱਖੀ ਦੀ ਸੁਰਤ ਅਤੇ ਸੁੱਚੀ ਰੂਹ ਨੂੰ ਜੀਵਤ ਰੱਖਣ ਲਈ ਸਿੱਖਾਂ ਨੂੰ ਆਪਣੀ ਮਾਂ-ਬੋਲੀ, ਗੁਰਦੁਆਰਿਆਂ ਦੀ ਸੰਗਤ ਅਤੇ ਗੁਰੂ ਦੀਆਂ ਸਿੱਖਿਆਵਾਂ ਨਾਲ ਜੁੜਨਾ ਪਵੇਗਾ। ਜੇ ਸਿੱਖ ਆਪਣੇ ਸਿਧਾਂਤਾਂ ਮੁਤਾਬਕ ਸੱਚਾ ਜੀਵਨ ਜੀਅ ਸਕੇ, ਤਾਂ ਸਿੱਖ ਸਰੂਪ ਦੁਨੀਆ ਲਈ ਫ਼ੈਸ਼ਨ ਵੀ ਬਣ ਸਕਦਾ ਹੈ। ਇਹ ਸਮਾਂ ਸਿੱਖ ਪੰਥ ਲਈ ਚੁਣੌਤੀਆਂ ਦੇ ਨਾਲ-ਨਾਲ ਸੰਭਾਵਨਾਵਾਂ ਦਾ ਵੀ ਹੈ।