ਸਿੱਖ ਪੰਥ ਦੀ ਆਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ’ਤੇ ਕੇਂਦਰਿਤ ਹੋਈ

In ਮੁੱਖ ਖ਼ਬਰਾਂ
February 12, 2025
ਅੰਮ੍ਰਿਤਸਰ/ਏ.ਟੀ.ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪੱਕੀ ਛੁੱਟੀ ਕਰਨ ਤੋਂ ਬਾਅਦ ਇਸ ਫੈਸਲੇ ’ਤੇ ਰੋਕ ਲਗਾਉਂਣ ਲਈ ਸਿੱਖ ਪੰਥ ਦੀ ਆਸ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ’ਤੇ ਕੇਂਦਰਿਤ ਹੋ ਗਈ ਹੈ। ਬਹੁਤ ਸਾਰੀਆਂ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨੂੰ ਗਲਤ ਦੱਸਦਿਆਂ ਜਥੇਦਾਰ ਨੂੰ ਇਸ ਉਪਰ ਰੋਕ ਲਗਾਉਂਣ ਲਈ ਆਪਣੇ ਬਿਆਨ ਜਾਰੀ ਕੀਤੇ ਹਨ। ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਆਪਣੀ ਕਹੀ ਗੱਲ ਪੁਗਾਉਂਣ ਲਈ ਪਹਿਰਾ ਦੇਣਗੇ? ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਸਤੀਫਾ ਦੇਣ ਮੌਕੇ ਉਹਨਾਂ ਦੇ ਹੱਕ ’ਚ ਅਹੁਦਾ ਛੱਡਣ ਦੀ ਗੱਲ ਕਹੀ ਸੀ, ਜਿਸ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਵੀ ਅਹੁਦਾ ਛੱਡਣ ਦੇ ਸੰਕੇਤ ਦਿੰਦਿਆ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾ ਪ੍ਰਵਾਨ ਕਰਨ ਦਾ ਆਦੇਸ਼ ਦਿੱਤਾ ਸੀ। ਅਸਤੀਫਾ ਪ੍ਰਵਾਨ ਕਰਨ ਦੇ ਫਲਸਰੂਪ ਆਪਣਾ ਅਹੁਦਾ ਤਿਆਗਣ ਦੀ ਗੱਲ ਕਹੀ ਸੀ ਜਿਸ ਤੋਂ ਬਾਅਦ ਪ੍ਰਧਾਨ ਨੇ ਅਸਤੀਫਾ ਅਪ੍ਰਵਾਨ ਕੀਤਾ ਸੀ। ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੀ ਅੰਤਿ੍ਰੰਗ ਕਮੇਟੀ ਨੇ 19 ਦਸੰਬਰ 2024 ਨੂੰ ਜਾਂਚ ਲਈ ਤਿੰਨ ਮੈਂਬਰੀ ਸਬ ਕਮੇਟੀ ਗਠਿਤ ਕੀਤੀ ਸੀ ਜਿਸ ਸਬੰਧੀ ਜਥੇਦਾਰ ਰਘਬੀਰ ਸਿੰਘ ਨੇ 6 ਜਨਵਰੀ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਦੋਸ਼ਾ ਕਰਾਰ ਦਿੰਦੇ ਜਾਂਚ ਸਬ ਕਮੇਟੀ ਨੂੰ ਰੱਦ ਕੀਤਾ ਸੀ। ਜਥੇਦਾਰ ਨੇ ਮੀਡੀਆ ਨੂੰ ਬਿਆਨ ਦਿੱਤਾ ਸੀ ਕਿ ਜਥੇਦਾਰ/ ਸਿੰਘ ਸਾਹਿਬਾਨ ਦੀ ਪੜਤਾਲ ਕਰਨ ਦਾ ਅਧਿਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੈ, ਇਹ ਅਧਿਕਾਰ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਕਮੇਟੀ ਨੂੰ ਨਹੀਂ ਹੈ। ਦੱਸਣਯੋਗ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ 28 ਜਨਵਰੀ ਨੂੰ 15 ਦਿਨ ਲਈ ਵਿਦੇਸ਼ ਦੌਰੇ ’ਤੇ ਚੱਲੇ ਗਏ ਸਨ, ਜਿਨ੍ਹਾਂ ਦੀ ਵਾਪਸੀ 11 ਫਰਵਰੀ ਨੂੰ ਸੀ ਪਰ ਸੂਤਰਾਂ ਮੁਤਾਬਕ ਉਨ੍ਹਾਂ ਨੇ ਆਪਣੀ ਵਿਦੇਸ਼ ਯਾਤਰਾ ਇੱਕ ਹਫਤੇ ਲਈ ਹੋਰ ਵਧਾ ਦਿੱਤੀ ਹੈ ਪਰ ਸਿੱਖ ਪੰਥ ਦੀਆਂ ਨਜ਼ਰਾਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਹਨ ਕਿ ਜਥੇਦਾਰ ਆਪਣੇ ਤੌਰ ’ਤੇ ਇਸ ਮਾਮਲੇ ਵਿੱਚ ਦਖਲ ਦੇਣਗੇ ਜਾਂ ਫਿਰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਮਾਮਲੇ ਨੂੰ ਵਿਚਾਰਨਗੇ।

Loading