ਤਲਵਿੰਦਰ ਸਿੰਘ ਬੁਟਰ
:
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਤਾਂ ਉਸ ਵੇਲੇ ਸਮਾਜ ਅਤੇ ਧਰਮ ਜਾਤ-ਪਾਤ ਦੇ ਵਿਤਕਰਿਆਂ 'ਚ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। ਜਾਤ-ਵਰਣ ਦੇ ਵੰਡ-ਵਿਤਕਰਿਆਂ ਵਾਲੇ ਸਮਾਜ 'ਚ ਅਖੌਤੀ ਨੀਚ ਜਾਤ ਆਖੇ ਜਾਣ ਵਾਲੇ ਲੋਕਾਂ ਕੋਲੋਂ ਉਨ੍ਹਾਂ ਦੇ ਸਾਰੇ ਮਨੁੱਖੀ ਹਕੂਕ ਅਤੇ ਧਰਮ ਕਰਮ ਦੇ ਅਧਿਕਾਰ ਖੋਹ ਲਏ ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦਾ ਖੰਡਨ ਕੀਤਾ ਅਤੇ ਹਰੇਕ ਮਨੁੱਖ ਨੂੰ ਇਕ ਰਬੀ ਜੋਤ ਜਾਣ ਕੇ ਮਨੁੱਖੀ ਭਾਈਚਾਰੇ ਨੂੰ ਆਪਸੀ ਸਦਭਾਵਨਾ ਅਤੇ ਪਿਆਰ ਦਾ ਸੁਨੇਹਾ ਦਿੱਤਾ। ਗੁਰੂ ਸਾਹਿਬ ਨੇ ਬੁਲੰਦ ਆਵਾਜ਼ ਵਿਚ ਫ਼ਰਮਾਇਆ:
'ਜਾਣਹੁ ਜੋਤਿ ਨ ਪੂਛਹੁ ਜਾਤੀ
ਆਗੈ ਜਾਤਿ ਨ ਹੇ।।' (ਅੰਗ: 349)
ਗੁਰੂ ਸਾਹਿਬ ਨੇ ਜਾਤ ਨਾਲੋਂ ਮਨੁੱਖ ਦੇ ਕਰਮਾਂ ਦੀ ਪ੍ਰਧਾਨਤਾ 'ਤੇ ਜ਼ੋਰ ਦਿੰਦਿਆਂ ਆਖਿਆ ਕਿ ਰੱਬ ਦੀ ਦਰਗਾਹ 'ਚ ਕਿਸੇ ਦੀ ਉੱਚੀ-ਨੀਵੀਂ ਜਾਤ ਨਹੀਂ ਦੇਖੀ ਜਾਂਦੀ, ਉੱਥੇ ਸਿਰਫ਼ ਮਨੁੱਖ ਦੇ ਕੀਤੇ ਭਲੇ ਕਰਮਾਂ ਨੂੰ ਹੀ ਆਦਰ ਮਿਲਦਾ ਹੈ-
'ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ।।
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ।।
(ਅੰਗ: 469)
ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਚਹੁੰ ਵਰਣਾਂ ਦੇ ਲੋਕਾਂ ਨੂੰ ਇਕ ਬਾਟੇ ਵਿਚੋਂ ਅੰਮਿ੍ਤ ਛਕਾਇਆ।। ਜਾਤ-ਪਾਤ ਭਿੰਨ-ਭੇਦ ਮਿਟਾ ਦਿੱਤਾ।ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਅੱਜ ਤੋਂ ਤੁਸੀਂ 'ਸਤਿਗੁਰ ਕੈ ਜਨਮੇ ਗਵਨੁ ਮਿਟਾਇਆ' (ਅੰਗ: 938) ਹੈ ਅਤੇ ਪਿਛਲੀ ਕੁਲ, ਵੰਸ਼, ਜਾਤ, ਦੇਸ਼ ਅਤੇ ਕਰਮ ਦਾ ਖ਼ਿਆਲ ਤੱਕ ਤਿਆਗ ਦੇਣਾ ਹੈ।ਜਿਹੜਾ ਸਿੱਖ, ਸਿੱਖ ਨੂੰ ਉਸ ਦੀ ਜਾਤ ਪੁੱਛੇਗਾ, ਸੋ ਤਨਖ਼ਾਹੀਆ ਹੋਵੇਗਾ। ਉਹ ਗੁਰੂ ਦੀ ਪ੍ਰਸੰਨਤਾ ਹਾਸਿਲ ਨਹੀਂ ਕਰ ਸਕਦਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ 'ਵਿਚ ਪਹਾੜੀ ਰਾਜਿਆਂ ਨੇ ਸੁਲ੍ਹਾ-ਸਫ਼ਾਈ ਲਈ ਬਾਸ਼ਰਤ ਤਜਵੀਜ਼ ਭੇਜੀ ਕਿ, (ਅਖÏਤੀ) ਸਵਰਨ ਜਾਤਾਂ ਨੂੰ 'ਸ਼ੂਦਰਾਂ' ਤੋਂ ਵੱਖਰੇ ਬਾਟੇ ਵਿਚ ਅੰਮਿ੍ਤ ਛਕਾਇਆ ਜਾਵੇ ਅਤੇ (ਅਖੌਤੀ) ਸਵਰਨ ਜਾਤਾਂ ਲਈ ਪੰਗਤ ਛੋਟੀਆਂ ਜਾਤਾਂ ਤੋਂ ਵੱਖਰੀ ਲਗਾਈ ਜਾਵੇ, ਤਾਂ ਗੁਰੂ ਸਾਹਿਬ ਨੇ ਇਨ੍ਹਾਂ ਸ਼ਰਤਾਂ ਨੂੰ ਮੁੱਢੋਂ ਹੀ ਖਾਰਜ ਕਰਕੇ ਫ਼ਰਮਾਇਆ,
'ਇਨ ਗਰੀਬ ਸਿਖਨ ਕੋ ਦੈ ਪਾਤਸ਼ਾਹੀ,
ਯਿਹ ਯਾਦ ਰਖੈਂ ਹਮਰੀ ਗੁਰਿਆਈ।।' (ਪੰਥ ਪ੍ਰਕਾਸ਼)
ਅਠ੍ਹਾਰਵੀੰ ਸਦੀ 'ਚ ਅਕਾਲੀ ਫ਼ੂਲਾ ਸਿੰਘ ਦੇ ਅਕਾਲ ਚਲਾਣੇ ਤੋਂ ਉਪਰੰਤ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਅਤੇ ਬਾਅਦ ਵਿਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਉਨ੍ਹਾਂ ਮਹੰਤਾਂ ਕੋਲ ਚਲੀ ਗਈ, ਜਿਨ੍ਹਾਂ ਵਿਚ ਬ੍ਰਾਹਮਣੀ ਕਰਮ-ਕਾਂਡਾਂ ਅਤੇ ਰੀਤੀ-ਰਿਵਾਜਾਂ ਦਾ ਬੋਲਬਾਲਾ ਸੀ। ਅੰਗਰੇਜ਼ਾਂ ਨੇ ਵੀ ਸਿੱਖਾਂ ਦੀ ਪੰਥਕ ਏਕਤਾ ਨੂੰ ਖੇਰੂੰ-ਖੇਰੂੰ ਕਰਨ ਦੇ ਮਕਸਦ ਲਈ ਇਨ੍ਹਾਂ ਮਹੰਤਾਂ ਨੂੰ ਥਾਪੜਾ ਦਿੱਤਾ ਅਤੇ 'ਜਾਤ-ਪਾਤ' ਨੂੰ ਉਤਸ਼ਾਹਿਤ ਕਰਨ 'ਚ ਲੁਕਵੀਂ ਭੂਮਿਕਾ ਨਿਭਾਈ।
ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ 'ਤੇ ਕਾਬਜ਼ ਪੁਜਾਰੀਆਂ ਨੇ ਦਲਿਤ ਆਖੇ ਜਾਣ ਵਾਲੇ ਸਿੱਖਾਂ ਦਾ ਕੜਾਹ ਪ੍ਰਸ਼ਾਦ ਕਬੂਲ ਕਰਨਾ ਬੰਦ ਕਰ ਦਿੱਤਾ। ਵੀਹਵੀਂ ਸਦੀ ਦੀ ਸ਼ੁਰੂਆਤ ਦÏਰਾਨ ਸਿੰਘ ਸਭਾ ਲਹਿਰ, ਅਕਾਲੀ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ¢ ਇਸ ਦÏਰਾਨ 10 ਤੋਂ 12 ਅਕਤੂਬਰ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਤਹਿਤ ਜਲਿ੍ਹਆਂਵਾਲਾ ਬਾਗ਼ 'ਚ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਇਕ ਵੱਡਾ ਇਕੱਠ ਬੁਲਾਇਆ ਗਿਆ। ਇਸ ਦੌਰਾਨ ਵੀ ਉਨ੍ਹਾਂ ਸਿੱਖਾਂ ਨੂੰ ਲੰਗਰ ਵਾਸਤੇ ਭਾਂਡੇ ਨਾ ਦਿੱਤੇ ਗਏ। 11 ਅਕਤੂਬਰ ਨੂੰ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖ ਸ੍ਰੀ ਦਰਬਾਰ ਸਾਹਿਬ ਪ੍ਰਸ਼ਾਦ ਲੈ ਕੇ ਜਾਣਗੇ। ਅਗਲੇ ਦਿਨ ਬਹੁਤ ਸਾਰੇ ਪੱਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੇ ਅੰਮਿ੍ਤ ਛਕਿਆ ਅਤੇ ਬਾਅਦ ਵਿਚ ਸਾਰੇ ਸਿੰਘ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਗਏ। ਉਨ੍ਹਾਂ ਦਾ ਪ੍ਰਸ਼ਾਦ ਪੁਜਾਰੀਆਂ ਨੇ ਕਬੂਲ ਨਾ ਕੀਤਾ¢ ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਤਿੰਨ ਵਾਰੀ ਪੁਜਾਰੀਆਂ ਨੂੰ ਅਰਜ ਕੀਤੀ, ਪਰ ਉਨ੍ਹਾਂ ਨੇ ਫਿਰ ਵੀ ਪ੍ਰਸ਼ਾਦ ਕਬੂਲ ਨਾ ਕੀਤਾ। ਇਸ ਦੌਰਾਨ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ 'ਚ ਸੰਗਤਾਂ ਨੇ ਇਸ ਕੁਰੀਤੀ ਦੇ ਖ਼ਿਲਾਫ਼ ਮੋਰਚਾ ਲਾ ਲਿਆ। ਪੁਜਾਰੀ ਆਪਣੀ ਗੱਲ 'ਤੇ ਅੜੇ ਰਹੇ¢ ਅਖ਼ੀਰ ਫ਼ੈਸਲਾ ਹੋਇਆ ਕਿ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਲਿਆ ਜਾਵੇ¢ ਹੁਕਮ ਆਇਆ:
ਸੋਰਠਿ ਮ: 3 ਦੁਤੁਕੀ
ਨਿਗੁਣਿਆ ਨੋ ਆਪੇ ਬਖਸਿ ਲਏ
ਭਾਈ ਸਤਿਗੁਰ ਕੀ ਸੇਵਾ ਲਾਇ।।
ਸਤਿਗੁਰ ਕੀ ਸੇਵਾ ਊਤਮ ਹੈ
ਭਾਈ ਰਾਮ ਨਾਮਿ ਚਿਤੁ ਲਾਇ।।
(ਅੰਗ: 638)
ਸੰਗਤਾਂ ਇਹ ਇਲਾਹੀ ਹੁਕਮ ਸੁਣ ਕੇ ਵਿਸਮਾਦ 'ਚ ਆ ਗਈਆਂ¢ ਅਖ਼ੀਰ ਪੁਜਾਰੀਆਂ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਕਰਨਾ ਪਿਆ ਅਤੇ ਪ੍ਰਸ਼ਾਦ ਸਾਰੀ ਸੰਗਤ 'ਚ ਵਰਤਾਇਆ ਗਿਆ।ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੀ ਇਕ ਪਵਿੱਤਰ ਭਾਵਨਾ ਗੁਰਦੁਆਰਿਆਂ ਅਤੇ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਪੈਦਾ ਹੋਏ ਵਿਤਕਰੇ ਨੂੰ ਦੂਰ ਕਰਨਾ ਵੀ ਸੀ¢ ਅਖ਼ੀਰ ਮਹੰਤਾਂ ਨੂੰ ਗੁਰਦੁਆਰੇ ਛੱਡਣੇ ਪਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ।
ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਨਾਲ ਹੀ ਸਿੱਖ ਪੰਥ ਨੇ ਜਾਤ-ਪਾਤ ਦੀ ਕੁਰੀਤੀ ਖ਼ਤਮ ਕਰਨ ਲਈ ਕਥਿਤ ਨੀਵੀਆਂ ਜਾਤਾਂ ਸਮਝੇ ਜਾਣ ਵਾਲੇ ਲੋਕਾਂ ਨੂੰ ਅੰਮਿ੍ਤ ਛਕਾ ਕੇ ਖ਼ਾਲਸਾ ਪੰਥ 'ਚ ਸ਼ਾਮਿਲ ਕਰਨ ਦੀ ਜ਼ੋਰਦਾਰ ਮੁਹਿੰਮ ਆਰੰਭੀ। ਇਨ੍ਹਾਂ ਨਵੇਂ ਸਜੇ ਸਿੰਘਾਂ ਨਾਲ ਵੀ ਕੁਝ ਕੁ ਥਾਵਾਂ 'ਤੇ ਵਿਤਕਰਾ ਕਰਨ ਦੀਆਂ ਪੰਥ ਨੂੰ ਖ਼ਬਰਾਂ ਮਿਲੀਆਂ ਤਾਂ ਸ਼੍ਰੋਮਣੀ ਕਮੇਟੀ ਨੇ 14 ਮਾਰਚ 1927 ਨੂੰ ਸਰਬਸੰਮਤੀ ਨਾਲ ਗੁਰਮਤਾ ਪਾਸ ਕੀਤਾ ਕਿ, 'ਸਿੱਖਾਂ 'ਚ ਜਾਤ-ਪਾਤ ਦੇ ਖ਼ਿਆਲ ਨਾਲ ਕਿਸੇ ਵਿਅਕਤੀ ਨੂੰ ਉੱਚਾ ਜਾਂ ਨੀਵਾਂ ਨਹੀਂ ਮੰਨਿਆ ਜਾਂਦਾ¢ ਇਸ ਲਈ ਹਰ ਇਕ ਜਾਤ 'ਚੋਂ ਸਜ ਕੇ ਆਏ ਸਿੱਖ ਨਾਲ ਸੰਗਤ ਪੰਗਤ ਦੁਆਰਾ ਅਭੇਦ ਵਰਤਿਆ ਜਾਵੇ।' ਇਸੇ ਤਰ੍ਹਾਂ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਲਈ ਇਕ ਹੋਰ ਮਤਾ 15 ਮਾਰਚ 1927 ਨੂੰ ਪਾਸ ਕੀਤਾ ਗਿਆ, ਜਿਸ ਵਿਚ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਹ ਸਿੱਖਾਂ ਲਈ ਸਰਕਾਰੀ ਕਾਗਜ਼ਾਂ 'ਚ ਜਾਤ-ਪਾਤ ਨਾ ਲਿਖੇ। ਸ਼੍ਰੋਮਣੀ ਕਮੇਟੀ ਵਲੋਂ ਇਨ੍ਹਾਂ ਕਥਿਤ ਦਲਿਤ ਜਾਂ ਪੱਛੜੀਆਂ ਆਖੀਆਂ ਜਾਣ ਵਾਲੀਆਂ ਜਾਤਾਂ ਤੋਂ ਸਿੰਘ ਸਜੇ ਲੋਕਾਂ ਦੇ ਜੀਵਨ ਨੂੰ ਹਰ ਪੱਖ ਤੋਂ ਉੱਚਾ ਚੁੱਕਣ ਅਤੇ ਗੁਰਦੁਆਰਾ ਸੇਵਾ-ਸੰਭਾਲ ਵਿਚ ਬਰਾਬਰ ਭਾਈਵਾਲ ਬਣਾਉਣ ਲਈ ਕਮੇਟੀ ਦੇ ਮੈਂਬਰਾਂ ਵਿਚ ਵੀ ਇਨ੍ਹਾਂ ਦਾ ਰਾਖ਼ਵਾਂਕਰਨ ਆਰੰਭ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 28 ਅਪ੍ਰੈਲ 1985 ਨੂੰ ਪੰਜ ਸਿੰਘ ਸਾਹਿਬਾਨ ਵਲੋਂ ਇਕ ਆਦੇਸ਼ ਕੀਤਾ ਗਿਆ ਸੀ ਕਿ, 'ਕੋਈ ਸਿੰਘ ਜਾਂ ਸਿੰਘਣੀ ਆਪਣੇ ਨਾਮ ਨਾਲ ਜਾਤ, ਗੋਤ ਦੀ ਵਰਤੋਂ ਨਾ ਕਰੇ। ਜਾਤ, ਗੋਤ ਦੀ ਵਰਤੋਂ ਕਰਨੀ ਮਨਮਤ ਹੈ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਹੈ¢'
ਪਰ ਦੁੱਖ ਦੀ ਗੱਲ ਹੈ ਕਿ ਅੱਜ ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ 'ਤੇ ਉੱਨ੍ਹੀਵੀਂ ਸਦੀ 'ਚ ਕਾਬਜ਼ ਰਹੇ 'ਮਹੰਤਾਂ' ਵਲੋਂ ਚਲਾਈਆਂ ਗਈਆਂ, ਗੁਰਮਤਿ ਵਿਰੋਧੀ ਕੁਰੀਤੀਆਂ ਅੱਜ ਵੀ, ਕਈ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ 'ਚ 'ਪਰੰਪਰਾ' ਬਣ ਕੇ ਬੇਰੋਕ ਜਾਰੀ ਹਨ ਅਤੇ ਇਨ੍ਹਾਂ 'ਚੋਂ ਹੀ ਇਕ ਵੱਡੀ ਕੁਰੀਤੀ ਜਾਤ-ਪਾਤ ਦਾ ਵਰਤਾਰਾ ਹੈ। ਇਸ ਤਹਿਤ ਕਥਿਤ ਦਲਿਤ ਆਖੇ ਜਾਣ ਵਾਲੇ ਲੋਕਾਂ ਨਾਲ ਮਨੂੰਵਾਦੀ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅੰਮਿ੍ਤ ਛਕਾਉਣ ਵੇਲੇ ਵੱਖਰੇ ਬਾਟੇ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਲਈ ਲੰਗਰ ਦੀ ਵੱਖਰੀ ਪੰਗਤ ਲਗਾਈ ਜਾਂਦੀ ਹੈ। ਇਹ ਸਿੱਖ ਕÏਮ ਦੇ ਭਵਿੱਖ ਲਈ ਬੇਹੱਦ ਖ਼ਤਰਨਾਕ ਵਰਤਾਰਾ ਹੈ। ਪਿੰਡਾਂ ਵਿਚ ਤੇਜ਼ੀ ਨਾਲ ਜਾਤਾਂ 'ਤੇ ਆਧਾਰਿਤ ਗੁਰਦੁਆਰੇ ਬਣ ਰਹੇ ਹਨ, ਜਿਨ੍ਹਾਂ ਵਿਚ ਦੂਜੀ ਜਾਤ ਦੇ ਸਿੱਖਾਂ ਦੇ ਦਾਖ਼ਲ ਹੋਣ ਤੱਕ ਪਾਬੰਦੀਆਂ ਲੱਗ ਰਹੀਆਂ ਹਨ। ਗੁਰੂ ਸਾਹਿਬਾਨ ਨੇ ਜਿਸ ਜਾਤ-ਪਾਤ ਨੂੰ ਖ਼ਤਮ ਕਰਨ ਲਈ ਸੰਗਤ ਅਤੇ ਪੰਗਤ, ਸਾਂਝੇ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਬਣਾ ਕੇ ਚਾਰੇ ਵਰਣਾਂ, ਚਾਰੇ ਦਿਸ਼ਾਵਾਂ ਤੋਂ ਆਉਣ ਵਾਲੇ ਲੋਕਾਂ ਨੂੰ ਗਲੇ ਨਾਲ ਲਗਾਇਆ ਸੀ, ਅੱਜ ਉਹ ਜਾਤ-ਪਾਤ ਸਿੱਖ ਸਮਾਜ ਨੂੰ ਬੁਰੀ ਤਰ੍ਹਾਂ ਜਕੜ ਚੁੱਕੀ ਹੈ।
ਸਿੱਖ ਧਰਮ ਦਾ ਭਵਿੱਖ ਇਸ ਗੱਲ ਦੀ ਮੰਗ ਕਰਦਾ ਹੈ ਕਿ ਅੱਜ ਮੁੜ ਸਿੱਖ ਸਮਾਜ ਨੂੰ ਜਾਤ-ਪਾਤ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੀ ਇਤਿਹਾਸਕ ਭੂਮਿਕਾ ਤੋਂ ਸੇਧ ਲੈਂਦਿਆਂ ਵੱਡੇ ਉਦੇਸ਼ਾਂ 'ਤੇ ਆਧਾਰਿਤ ਧਰਮ ਪ੍ਰਚਾਰ ਲਹਿਰ ਆਰੰਭ ਕੀਤੀ ਜਾਵੇ, ਤਾਂ ਜੋ ਗੁਰੂ ਸਾਹਿਬਾਨ ਦੇ 'ਸਰਬ ਸਾਂਝੀਵਾਲਤਾ' ਵਾਲੇ ਮਹਾਨ ਫ਼ਲਸਫ਼ੇ ਨੂੰ ਵਿਸ਼ਵ ਸਮਾਜ ਅਤੇ ਮਨੁੱਖੀ ਭਾਈਚਾਰੇ ਦੇ ਪ੍ਰਸੰਗ ਵਿਚ ਰੱਖ ਕੇ ਸਹੀ ਰੂਪ 'ਚ ਸਮਝਣ ਦੀਆਂ ਅੰਤਰ-ਦਿ੍ਸ਼ਟੀਆਂ ਖੋਲ੍ਹੀਆਂ ਜਾ ਸਕਣ। ਸਿੱਖੀ ਤੋਂ ਟੁੱਟ ਰਹੇ ਭਾਈਚਾਰਿਆਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜ ਕੇ 'ਚਾਰਿ ਵਰਨ ਇਕ ਵਰਨੁ ਕਰਾਇਆ' ਅਨੁਸਾਰ ਗੁਰੂ ਨਾਨਕ ਸਾਹਿਬ ਦੇ ਚਿਤਵੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾਵੇ। ਰੰਘਰੇਟੇ ਸਿੱਖ, ਰਵਿਦਾਸੀਏ ਸਿੱਖ, ਕਬੀਰ ਪੰਥੀ ਸਿੱਖ, ਸ਼ਿਕਲੀਗਰ ਅਤੇ ਵਣਜਾਰੇ ਆਦਿ ਸਿੱਖਾਂ ਨੂੰ ਸਿੱਖ ਪੰਥ ਦਾ ਅਟੁੱਟ ਅੰਗ ਸਮਝ ਕੇ ਬਰਾਬਰ ਸਥਾਨ ਅਤੇ ਸਤਿਕਾਰ ਦਿੱਤਾ ਜਾਵੇ।