ਸਿੱਖ ਮਾਮਲਿਆਂ ਸਬੰਧੀ ਜਥੇਦਾਰ ਗੜਗੱਜ ਨੇ ਗ੍ਰੰਥੀ ਸਾਹਿਬਾਨ ਨਾਲ ਕੀਤੀ ਮੀਟਿੰਗ

In ਮੁੱਖ ਖ਼ਬਰਾਂ
July 04, 2025

ਅੰਮ੍ਰਿਤਸਰ/ਏ.ਟੀ.ਨਿਊਜ਼:

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਵੱਖ-ਵੱਖ ਧਾਰਮਿਕ ਮਾਮਲਿਆਂ ਨੂੰ ਵਿਚਾਰਨ ਲਈ ਗੈਰਰਸਮੀ ਮੀਟਿੰਗ ਕੀਤੀ। ਇਸ ਵਿੱਚ ਉਨ੍ਹਾਂ ਸਣੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਟੇਕ ਸਿੰਘ ਅਤੇ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਾਹਿਬਾਨ ਸ਼ਾਮਲ ਹੋਏ।
ਗਿਆਨੀ ਗੜਗੱਜ ਨੇ ਆਖਿਆ ਕਿ ਕੋਈ ਮੀਟਿੰਗ ਨਹੀਂ ਕੀਤੀ ਸਗੋਂ ਉਹ ਗੈਰਰਸਮੀ ਤੌਰ ’ਤੇ ਵਿਚਾਰ ਚਰਚਾ ਕਰਨ ਲਈ ਇਕੱਠੇ ਹੋਏ ਸਨ। ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਨੂੰ 15 ਦਿਨਾਂ ਵਿੱਚ ਆਪਣਾ ਸਪੱਸ਼ਟੀਕਰਨ ਦੇਣ ਬਾਰੇ ਦਿੱਤੇ ਗਏ ਪੱਤਰ ਸਬੰਧੀ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਵਿੱਚ ਸਮਾਂ ਬਾਕੀ ਹੈ ਅਤੇ ਸਮਾਂ ਪੂਰਾ ਹੋਣ ਤੋਂ ਬਾਅਦ ਹੀ ਇਸ ਬਾਰੇ ਕੁਝ ਆਖਣਗੇ। ਦੋ ਤਖ਼ਤਾਂ ਵਿਚਾਲੇ ਪੈਦਾ ਹੋਏ ਤਣਾਅ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਵੀ ਜਲਦੀ ਠੀਕ ਹੋ ਜਾਵੇਗਾ। ਉਨ੍ਹਾਂ ਮੀਡੀਆ ਨਾਲ ਗੱਲ ਕਰਨ ਤੋਂ ਸੰਕੋਚ ਕੀਤਾ। ਮਗਰੋਂ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਵੱਲੋਂ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਗਈ ਕਿ ਜਥੇਦਾਰ ਵੱਲੋਂ ਕੋਈ ਵੀ ਮੀਡੀਆ ਬਾਈਟ ਜਾਂ ਸੰਬੋਧਨ ਕਰਨਾ ਹੋਵੇਗਾ ਤਾਂ ਇਸ ਸਬੰਧੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਸੱਦਿਆ ਜਾਵੇਗਾ।
ਹਰਿਮੰਦਰ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਮੀਡੀਆ ਚੈਨਲਾਂ ਵੱਲੋਂ ਮਾਈਕ ਉਨ੍ਹਾਂ ਦੇ ਅੱਗੇ ਕੀਤੇ ਜਾਣ ਨਾਲ ਪ੍ਰੋਟੋਕੋਲ ਦੀ ਉਲੰਘਣਾ ਹੁੰਦੀ ਹੈ ਅਤੇ ਅਜਿਹਾ ਨਾ ਕੀਤਾ ਜਾਵੇ। ਇਸ ਦੌਰਾਨ ਚੀਫ਼
ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਭੇਜੇ ਗਏ ਪੱਤਰ ਵਿੱਚ ਆਖਿਆ ਗਿਆ ਹੈ ਕਿ ਦੀਵਾਨ ਦੇ ਪ੍ਰਬੰਧ ਅਤੇ ਅਹੁਦੇਦਾਰਾਂ ਖ਼ਿਲਾਫ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ। ਇਸ ਸਬੰਧ ਵਿੱਚ ਚੀਫ਼ ਖ਼ਾਲਸਾ ਦੀਵਾਨ ਦੀ ਸਮੁੱਚੀ ਕਾਰਜਕਰਨੀ 15 ਦਿਨਾਂ ਵਿੱਚ ਆਪਣਾ ਪੱਖ ਰੱਖਣ ਲਈ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੁੱਜੇ। ਇਹ ਪੱਤਰ 20 ਜੂਨ ਨੂੰ ਜਾਰੀ ਕੀਤਾ ਗਿਆ ਸੀ।

Loading