ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ :
ਸਿੱਖ ਅਤੇ ਯਹੂਦੀ, ਦੋ ਅਜਿਹੀਆਂ ਕੌਮਾਂ, ਜਿਹੜੀਆਂ ਇਤਿਹਾਸ ਦੀਆਂ ਭੱਠੀਆਂ, ਘੱਲੂਘਾਰਿਆਂ ਵਿੱਚੋਂ ਤਪ ਕੇ ਨਿਕਲੀਆਂ ਤੇ ਅੱਜ ਆਪਣੀਆਂ ਵਿਲੱਖਣ ਪਛਾਣਾਂ ਦੇ ਝੰਡੇ ਝੁਲਾਉਂਦੀਆਂ ਨਜ਼ਰ ਆਉਂਦੀਆਂ ਨੇ। ਯਹੂਦੀ, ਕੌਮ ਨੂੰ ਤੌਰਾਹ ਦੇ ਰੂਹਾਨੀ ਤੇ ਦਾਰਸ਼ਨਿਕ ਸ਼ਬਦਾਂ ਅਤੇ ਸਦੀਆਂ ਦੇ ਬੇਘਰੇ ਹੋਣ ਦੇ ਦੁਖਾਂਤ ਨੇ ਗਿਆਨ, ਵਿਗਿਆਨ ਤੇ ਸਿਆਸਤ ਰਾਹੀਂ ਬੁਲੰਦੀਆਂ ’ਤੇ ਪਹੁੰਚਾਇਆ, ਦੂਜੇ ਪਾਸੇ ਸਿੱਖ, ਜਿਹਨਾਂ ਦਾ ਗੁਰੂ ਨਾਨਕ ਸਾਹਿਬ ਦਾ “ਸਰਬੱਤ ਦੇ ਭਲਾ” ਤੇ ਗਿਆਨ ਤੇ ਵਿਦਿਆ ਦਾ ਪੈਗਾਮ ਸੰਸਾਰ ਦੇ ਕੋਨੇ ਕੋਨੇ ਵਿੱਚ ਗੂੰਜਦਾ ਹੈ, ਪਰ ਉਹ ਅਜੇ ਵੀ ਆਪਣੀ ਮੰਜ਼ਿਲ ਦੀ ਪ੍ਰਾਪਤੀ ਲਈ ਜੂਝਦੇ ਨਜ਼ਰ ਆਉਂਦੇ ਨੇ।
ਜਿਵੇਂ ਯਹੂਦੀਆਂ ਦੀ ਤੌਰਾਹ ਅਤੇ ਤਾਲਮੂਦ ਉਹਨਾਂ ਦੀ ਰੂਹ ਦੀ ਰੌਸ਼ਨੀ ਹੈ, ਤਿਵੇਂ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਇਹਨਾਂ ਦੀਆਂ ਜੜ੍ਹਾਂ ਹਨ। ਤੌਰਾਹ ਦਾ ਵਿਚਾਰ ਯਹੂਦੀ ਪਰੰਪਰਾ ਵਿੱਚ ਸਮਾਜਿਕ ਨਿਆਂ, ਨੈਤਿਕਤਾ ਅਤੇ ਮਾਨਵਤਾ ਦੀ ਸੇਵਾ ਨਾਲ ਜੁੜਿਆ ਹੈ। ਇਸਦਾ ਮੂਲ ਰੱਬੀ ਸਾਹਿਤ ਅਤੇ ਕਬਾਲਾਹ (ਯਹੂਦੀ ਰਹੱਸਵਾਦ) ਵਿੱਚ ਮਿਲਦਾ ਹੈ, ਜਿੱਥੇ ਅਜਿਹਾ ਮੰਨਿਆ ਜਾਂਦਾ ਹੈ ਕਿ ਸੰਸਾਰ ਅਧੂਰਾ ਹੈ ਅਤੇ ਮਨੁੱਖਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨੇਕੀ, ਦਇਆ ਅਤੇ ਨਿਆਂ ਦੇ ਕੰਮਾਂ ਰਾਹੀਂ ਇਸ ਨੂੰ ਸੁਧਾਰਨ। ਇਹ ਸੰਕਲਪ ਯਹੂਦੀਆਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਸੰਸਾਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਸਰਗਰਮੀ ਨਾਲ ਕੰਮ ਕਰਨ। ਤਾਲਮੂਦ ਯਹੂਦੀ ਧਰਮ ਦਾ ਇੱਕ ਮਹੱਤਵਪੂਰਨ ਧਾਰਮਿਕ ਅਤੇ ਕਾਨੂੰਨੀ ਗ੍ਰੰਥ ਹੈ, ਜੋ ਮੂਸਾ ਦੀ ਤੌਰਾਤ ਦੀ ਵਿਆਖਿਆ ਅਤੇ ਵਿਸਥਾਰ ਕਰਦਾ ਹੈ।
ਦੋਵੇਂ ਧਰਮ ਇੱਕ ਰੱਬ ’ਤੇ ਅਟੱਲ ਵਿਸ਼ਵਾਸ ਰੱਖਦੇ ਨੇ। ਜਿਵੇਂ ਯਹੂਦੀਆਂ ਦੇ ਕੋਸ਼ਰ ਨਿਯਮ ਉਹਨਾਂ ਨੂੰ ਅਨੁਸ਼ਾਸਿਤ ਜੀਵਨ ਵਲ ਤੋਰਦੇ ਨੇ, ਤਿਵੇਂ ਸਿੱਖਾਂ ਦੀ ਰਹਿਤ ਮਰਯਾਦਾ ਸਾਨੂੰ ਗੁਰਮਤਿ ਦੇ ਰਾਹ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਦੀ ਧਾਰ ’ਤੇ ਚੱਲਣ ਦਾ ਸੁਨੇਹਾ ਦਿੰਦੀ ਹੈ। ਦੋਹਾਂ ਕੌਮਾਂ ਨੇ ਇਤਿਹਾਸ ਦੀਆਂ ਬੇਰਹਿਮ ਤੂਫ਼ਾਨੀ ਲਹਿਰਾਂ ਵਿੱਚੋਂ ਲੰਘਦਿਆਂ ਜੁਲਮ ਸਹੇ ਨੇ। ਦੂਜੇ ਵਿਸ਼ਵ ਯੁੱਧ (1939-1945) ਦੌਰਾਨ ਨਾਜ਼ੀ ਜਰਮਨੀ, ਅਡੋਲਫ਼ ਹਿਟਲਰ ਦੀ ਅਗਵਾਈ ਹੇਠ, 1941 ਤੋਂ 1945 ਤੱਕ ਯਹੂਦੀਆਂ ਦੇ ਯੋਜਨਾਬੱਧ ਨਸਲਕੁਸ਼ੀ ਨੂੰ ਅੰਜਾਮ ਦਿੱਤਾ, ਜਿਸ ਵਿੱਚ ਲਗਭਗ 60 ਲੱਖ ਯਹੂਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਇਹ ਅੱਤਿਆਚਾਰ 1933 ਵਿੱਚ ਨਾਜ਼ੀ ਸੱਤਾ ਵਿੱਚ ਆਉਣ ਨਾਲ ਸ਼ੁਰੂ ਹੋਏ ਅਤੇ 1945 ਵਿੱਚ ਨਾਜ਼ੀ ਜਰਮਨੀ ਦੀ ਹਾਰ ਨਾਲ ਖਤਮ ਹੋਏ।
ਜਦ ਕਿ ਸਿੱਖਾਂ ਖ਼ਾਲਸਾ ਰਾਜ ਬਾਅਦ 1849 ਤੋਂ 1947 ਤੱਕ ਆਪਣੇ ਰਾਜ ਲਈ ਸਟੇਟਲੈਸ ਲੋਕਾਂ ਵਾਂਗ ਸੰਘਰਸ਼ ਕਰਦੇ ਰਹੇ, ਜ਼ੁਲਮ ਸਹਿੰਦੇ ਰਹੇ। ਮੁਗਲ ਰਾਜ ਦੇ ਜ਼ੁਲਮਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਰਾਜ ਦੌਰਾਨ ਹੀ ਉਹ ਸੁੱਖ ਦਾ ਸਾਹ ਲੈ ਸਕੇ। 1984 ਦੇ ਸਿੱਖ ਘੱਲੂਘਾਰੇ ਅਤੇ ਉਸ ਤੋਂ ਬਾਅਦ ਦੀਆਂ ਸਰਕਾਰੀ ਜਬਰ-ਜੁਲਮ ਦੀਆਂ ਚੱਕੀਆਂ ਵਿੱਚ ਹਜ਼ਾਰਾਂ ਸਿੱਖਾਂ ਦੀ ਸ਼ਹੀਦੀ ਅਤੇ ਨਸਲਕੁਸ਼ੀ ਦੇਖੀ। ਦੋਵੇਂ ਕੌਮਾਂ ਸਿੱਖ ਤੇ ਯਹੂਦੀ ਆਪਣੀ ਪਛਾਣ ਨੂੰ ਸੰਭਾਲ ਕੇ ਅੱਗੇ ਵਧੀਆਂ।
ਯਹੂਦੀ ਸੱਭਿਆਚਾਰ, ਜਿਵੇਂ ਕੋਈ ਪੁਰਾਣਾ ਬੋਹੜ, 4000 ਸਾਲਾਂ ਦੀ ਛਾਂ ਹੇਠ ਖੜ੍ਹਾ ਹੈ, ਜਦਕਿ ਸਿੱਖੀ, 15ਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਨਾਲ ਜਗਮਗਾਈ। ਯਹੂਦੀਆਂ ਦਾ ਡਾਇਸਪੋਰਾ, ਸਦੀਆਂ ਤੋਂ ਸੰਸਾਰ ਵਿੱਚ ਖਿੰਡਿਆ ਹੋਇਆ ਹੈ, ਜਿਸ ਨੇ ਉਹਨਾਂ ਨੂੰ ਵਿਭਿੰਨ ਸੱਭਿਆਚਾਰਾਂ ਨਾਲ ਮੇਲ-ਜੋਲ ,ਸੰਪਰਕਾਂ ਤੇ ਵਿਕਸਤ ਹੋਣ ਦਾ ਮੌਕਾ ਦਿੱਤਾ। ਸਿੱਖ ਡਾਇਸਪੋਰਾ, ਹਾਲਾਂਕਿ ਹੁਣ ਫ਼ੈਲਦਾ ਜਾ ਰਿਹਾ ਹੈ, ਪਰ ਅਜੇ ਵੀ ਉਸਾਰੂ ਭੂਮਿਕਾ ਨਿਭਾਉਣ ਦੀ ਲੋੜ ਹੈ। ਯਹੂਦੀਆਂ ਨੇ ਸਿੱਖਿਆ ਨੂੰ ਆਪਣੀ ਸਭ ਤੋਂ ਵੱਡੀ ਜੰਗੀ ਤੋਪ ਬਣਾਇਆ। ਉਹਨਾਂ ਦੇ ਬੱਚੇ, ਜਿਵੇਂ ਤੌਰਾਹ ਦੀਆਂ ਸਤਰਾਂ ’ਤੇ ਚੱਲਦੇ, ਛੋਟੀ ਉਮਰ ਤੋਂ ਹੀ ਧਰਮ ਗਿਆਨ ਅਤੇ ਵਿਗਿਆਨ ਦੀ ਜੋਤ ਜਗਾਉਂਦੇ ਨੇ। ਇਸ ਸੰਤੁਲਨ ਨੇ ਨਾ ਸਿਰਫ਼ ਉਹਨਾਂ ਦੀ ਪਛਾਣ ਨੂੰ ਮਜ਼ਬੂਤ ਕੀਤਾ, ਸਗੋਂ ਸੰਸਾਰ ਦੀਆਂ ਮੋਹਰੀ ਯੂਨੀਵਰਸਿਟੀਆਂ (ਹਾਰਵਰਡ, ਸਟੈਨਫ਼ੋਰਡ) ਵਿੱਚ ਉਹ ਬਹੁਗਿਣਤੀ ਵਿੱਚ ਸਿਖਿਆ ਲੈ ਰਹੇ ਹਨ ਤੇ 22% ਨੋਬਲ ਪੁਰਸਕਾਰ ਜਿੱਤਣ ਦਾ ਸਿਹਰਾ ਵੀ ਉਹਨਾਂ ਦੇ ਸਿਰ ਬੱਝਿਆ ਹੈ।
ਸਿੱਖ, ਹਾਲਾਂਕਿ ਗੁਰਮਤਿ ਦੀ ਗਿਆਨ-ਜੋਤਿ ਨਾਲ ਸੰਪੰਨ ਨੇ, ਪਰ ਵਿਗਿਆਨ , ਮੈਡੀਕਲ, ਆਰਥਿਕ,ਦਾਰਸ਼ਨਿਕ ਅਤੇ ਤਕਨੀਕ ਦੇ ਖੇਤਰ ਵਿੱਚ ਅਜੇ ਵੀ ਪਛੜੇ ਜਾਪਦੇ ਨੇ। ਸਿੱਖਾਂ ਦੀ ਜਿਆਦਾਤਰ ਊਰਜਾ ਜ਼ੁਲਮਾਂ ਨਾਲ ਜੂਝਣ, ਸਿਆਸਤ ਅਤੇ ਧਾਰਮਿਕ ਪਛਾਣ ਸੰਭਾਲਣ ਵਿੱਚ ਖਰਚ ਹੋਈ ਹੈ।
1948 ਵਿੱਚ ਇਜ਼ਰਾਈਲ ਦੀ ਸਥਾਪਨਾ, ਯਹੂਦੀਆਂ ਲਈ ਨਾ ਸਿਰਫ਼ ਸਿਆਸੀ ਜਿੱਤ ਸੀ, ਸਗੋਂ ਉਹਨਾਂ ਦੀ ਸੱਭਿਆਚਾਰਕ ਅਤੇ ਦਾਰਸ਼ਨਿਕ ਤਾਕਤ ਦਾ ਪ੍ਰਤੀਕ ਸੀ। ਜ਼ਾਇਓਨਿਜ਼ਮ ਨੇ, ਸਾਰੇ ਯਹੂਦੀਆਂ ਨੂੰ ਇੱਕ ਸਾਂਝੇ ਸੁਪਨੇ ਲਈ ਜੋੜਿਆ।ਜ਼ਾਇਓਨਿਜ਼ਮ ਇੱਕ ਰਾਜਸੀ ਅਤੇ ਸੱਭਿਆਚਾਰਕ ਅੰਦੋਲਨ ਹੈ ਜੋ ਯਹੂਦੀ ਲੋਕਾਂ ਦੀ ਇਜ਼ਰਾਈਲ ਦੀ ਧਰਤੀ ’ਤੇ ਇੱਕ ਸੁਤੰਤਰ ਰਾਸ਼ਟਰੀ ਰਾਜ ਦੀ ਸਥਾਪਨਾ ਅਤੇ ਸਮਰਥਨ ਦੀ ਵਕਾਲਤ ਕਰਦਾ ਹੈ।
ਇਸ ਦੀ ਸ਼ੁਰੂਆਤ 19ਵੀਂ ਸਦੀ ਦੇ ਅਖੀਰ ਵਿੱਚ ਹੋਈ, ਮੁੱਖ ਤੌਰ ’ਤੇ ਥੀਓਡੋਰ ਹਰਜ਼ਲ ਦੀ ਅਗਵਾਈ ਵਿੱਚ, ਜਿਸ ਨੇ ਯਹੂਦੀਆਂ ਨੂੰ ਯੂਰਪ ਵਿੱਚ ਵਧਦੇ ਵਿਤਕਰੇ ਅਤੇ ਐਂਟੀ-ਸੈਮੀਟਿਜ਼ਮ (ਯਹੂਦੀ-ਵਿਰੋਧੀਵਾਦ) ਦੇ ਵਿਰੁੱਧ ਸੁਰੱਖਿਆ ਅਤੇ ਸਵੈ-ਨਿਰਣੇ ਦੇ ਅਧਿਕਾਰ ਲਈ ਇੱਕ ਰਾਸ਼ਟਰੀ ਘਰ ਦੀ ਲੋੜ ’ਤੇ ਜ਼ੋਰ ਦਿੱਤਾ।
ਸਿੱਖ ਪੰਥ ਨੇ ਵੀ 18ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖ਼ਾਲਸਾ ਰਾਜ ਦੀ ਜੋਤ ਜਗਾਈ ਸੀ, ਜਿਸ ਨਾਲ ਪੰਜਾਬ ਦੀ ਧਰਤੀ ਨਿਆਂ, ਅਮਨ ਤੇ ਮਨੁੱਖਤਾ ਦੇ ਹਿਤ ਵਿੱਚ ਸੋਨੇ ਵਾਂਗ ਚਮਕੀ। ਪਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਬਾਅਦ ਸੰਧੇਵਾਲੀਆਂ ਅਤੇ ਡੋਗਰਿਆਂ ਦੀ ਗੱਦਾਰੀ ਨੇ ਇਸ ਦੇਸ ਪੰਜਾਬ ਸਾਮਰਾਜ ਨੂੰ 1849 ਵਿੱਚ ਅੰਗਰੇਜ਼ਾਂ ਦੇ ਹੱਥੀਂ ਢੁਆ ਦਿੱਤਾ। 1984 ਦੀ ਸਿੱਖ ਲਹਿਰ ਨੇ, ਸਿੱਖਾਂ ਦੀ ਸਿਆਸੀ ਚੇਤਨਾ ਨੂੰ ਜਗਾਇਆ, ਪਰ ਯਹੂਦੀਆਂ ਵਾਂਗ ਵਿਸ਼ਵ ਪੱਧਰੀ ਸਿਆਸੀ ਪ੍ਰਭਾਵ ਸਥਾਪਤ ਕਰਨ ਵਿੱਚ ਸਿੱਖ ਅਜੇ ਪਛੜੇ ਹੋਏ ਨੇ।
ਯਹੂਦੀਆਂ ਨੇ ਸਿੱਖਿਆ ਨੂੰ, ਆਪਣੀ ਕੌਮ ਦੀ ਰੂਹ ਵਿੱਚ ਉਤਾਰਿਆ। ਉਹਨਾਂ ਦੀਆਂ ਸੰਸਥਾਵਾਂ, ਜਿਵੇਂ ਹੀਬਰੂ ਯੂਨੀਵਰਸਿਟੀ, ਸੰਸਾਰ ਦੇ ਗਿਆਨ ਦੇ ਸਮੁੰਦਰ ਵਿੱਚ ਮੋਤੀਆਂ ਵਾਂਗ ਚਮਕਦੀਆਂ ਨੇ। ਸਿੱਖ ਪੰਥ ਨੇ ਵੀ ਸਿੰਘ ਸਭਾ ਲਹਿਰ ਅਧੀਨ ਖ਼ਾਲਸਾ ਕਾਲਜ ਵਰਗੀਆਂ ਸੰਸਥਾਵਾਂ ਸਥਾਪਿਤ ਕੀਤੀਆਂ, ਪਰ ਇਹ ਸੰਸਥਾਵਾਂ ਸਥਾਨਕ ਰੌਸ਼ਨੀ ਤੱਕ ਹੀ ਸੀਮਤ ਰਹੀਆਂ, ਵਿਸ਼ਵ ਦੀਆਂ ਮੋਹਰੀ ਸੰਸਥਾਵਾਂ ਦੇ ਮੁਕਾਬਲੇ ਇਹ ਤੁਛ ਨੇ। ਇਹ ਸੰਸਥਾਵਾਂ ਆਰੀਅਨ,ਇਸਾਈ ,ਇਸਲਾਮੀ ਸੰਸਥਾਵਾਂ ਦਾ ਮੁਕਾਬਲਾ ਕਰਨ ਤੋਂ ਅਸਮਰਥ ਹਨ।
ਯਹੂਦੀਆਂ ਨੇ ਮੀਡੀਆ ਅਤੇ ਕਲਾ ਦੇ ਖੇਤਰ ਵਿੱਚ ਆਪਣੀ ਪਛਾਣ ਨੂੰ ਸੰਸਾਰ ਦੇ ਕੋਨੇ-ਕੋਨੇ ’ਤੇ ਫ਼ੈਲਾਇਆ। ਸਟੀਵਨ ਸਪੀਲਬਰਗ ਵਰਗੇ ਵਿਦਵਾਨਾਂ ਨੇ ਨਾ ਸਿਰਫ਼ ਯਹੂਦੀ ਸੱਭਿਆਚਾਰ ਨੂੰ ਉਜਾਗਰ ਕਰਦੇ ਨੇ, ਸਗੋਂ ਸੰਸਾਰਕ ਸੱਭਿਆਚਾਰ ਨੂੰ ਨਵੀਂ ਰਾਹ ਵਿਖਾਉਂਦੇ ਨੇ। ਸਟੀਵਨ ਸਪੀਲਬਰਗ ਇੱਕ ਮਸ਼ਹੂਰ ਅਮਰੀਕੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਹਨ। ਉਹ ਹਾਲੀਵੁੱਡ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਸਫ਼ਲ ਫ਼ਿਲਮ ਨਿਰਮਾਤਾਵਾਂ ਵਿੱਚੋਂ ਇੱਕ ਹਨ। ਸਪੀਲਬਰਗ ਨੇ ਆਪਣੀਆਂ ਫ਼ਿਲਮਾਂ ਰਾਹੀਂ ਕਈ ਅਕਾਦਮੀ ਅਵਾਰਡ (ਆਸਕਰ) ਜਿੱਤੇ ਹਨ ਅਤੇ ਉਸ ਦਾ ਕੰਮ ਵਿਭਿੰਨ ਸ਼ੈਲੀਆਂ ਜਿਵੇਂ ਕਿ ਸਾਇੰਸ ਫ਼ਿਕਸ਼ਨ, ਸਾਹਸਿਕ, ਇਤਿਹਾਸਕ ਅਤੇ ਡਰਾਮਾ ਵਿੱਚ ਫ਼ੈਲਿਆ ਹੋਇਆ ਹੈ। ਉਸ ਦੀਆਂ ਫ਼ਿਲਮਾਂ ਆਮ ਤੌਰ ’ਤੇ ਭਾਵਨਾਤਮਕ ਡੂੰਘਾਈ, ਸ਼ਾਨਦਾਰ ਵਿਜ਼ੂਅਲਸ ਅਤੇ ਮਨੋਰੰਜਕ ਕਹਾਣੀਆਂ ਲਈ ਜਾਣੀਆਂ ਜਾਂਦੀਆਂ ਹਨ।
ਪਰ ਸਿੱਖਾਂ ਦੀ ਚੈਰਿਟੀ, ਸੇਵਾ, ਲੰਗਰ ਪ੍ਰਥਾ ਮਨੁੱਖਤਾ ਤੇ ਸਾਂਝੀਵਾਲਤਾ ਦੀ ਸੇਵਾ ਦਾ ਪ੍ਰਤੀਕ ਹੈ। ਸੁਨਾਮੀ, ਭੂਚਾਲ, ਜਾਂ ਮਹਾਮਾਰੀ ਦੀਆਂ ਆਫ਼ਤਾਂ ਵਿੱਚ, ਸਿੱਖ ਸੰਗਠਨ, ਗੁਰਦੁਆਰੇ ਮੁਫ਼ਤ ਭੋਜਨ ਅਤੇ ਸਹਾਇਤਾ ਨਾਲ ਮਨੁੱਖਤਾ ਦੀ ਸੇਵਾ ਕਰਦੇ ਨੇ। ਸਿੱਖ ਉਦਮੀ, ਜਿਵੇਂ ਤਰਜੀਤ ਸਿੰਘ ਗਰੇਵਾਲ ਅਤੇ ਮਲਵਿੰਦਰ ਸਿੰਘ, ਵਪਾਰ ਦੇ ਖੇਤਰ ਵਿੱਚ, ਨਾਮਣਾ ਖੱਟ ਰਹੇ ਨੇ। ਨਰਿੰਦਰ ਸਿੰਘ ਕਪਾਨੀ (1926-2020): ਫ਼ਾਈਬਰ ਆਪਟਿਕਸ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਟੀਕਲ ਫ਼ਾਈਬਰ ਤਕਨਾਲੋਜੀ ਦੀ ਖੋਜ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ, ਜੋ ਮੋਡਰਨ ਟੈਲੀਕਮਿਊਨੀਕੇਸ਼ਨ ਅਤੇ ਇੰਟਰਨੈੱਟ ਦਾ ਅਧਾਰ ਹੈ। ਵਿਸ਼ਵ ਬੈਂਕ ਦਾ ਮੌਜੂਦਾ ਪ੍ਰਧਾਨ (ਚੇਅਰਮੈਨ ਜਾਂ ਪ੍ਰੈਜ਼ੀਡੈਂਟ) ਅਜੇ ਸਿੰਘ ਬੰਗਾ ਹੈ, ਜਿਨ੍ਹਾਂ ਨੇ 2 ਜੂਨ 2023 ਨੂੰ ਇਹ ਅਹੁਦਾ ਸੰਭਾਲਿਆ।
ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਗਿਆਨ ਦੀ ਜੋਤ ਨੂੰ, ਆਪਣੇ ਦਿਲਾਂ ਵਿੱਚ ਜਗਾਉਣ ਜੋ ਸਤਿਗੁਰੂ ਨਾਨਕ ਸਾਹਿਬ ਦਾ ਨੈਰੇਟਿਵ ਹੈ। ਸਿੱਖਾਂ ਨੂੰ, ਯਹੂਦੀਆਂ ਦੀ ਹੀਬਰੂ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਸਥਾਪਤ ਕਰਨੀਆਂ ਚਾਹੀਦੀਆਂ ਨੇ। ਗੁਰਦੁਆਰੇ, ਸਿਰਫ਼ ਪ੍ਰਾਰਥਨਾ ਪੂਜਾ ਦੀ ਥਾਂ ਨਹੀਂ, ਸਗੋਂ ਗਿਆਨ ਦੇ ਸੋਮੇ ਵੀ ਹਨ। ਸਿੱਖ ਪੰਥ ਫ਼ਿਲਮਾਂ, ਵੈਬ ਸੀਰੀਜ਼ ਅਤੇ ਸੋਸ਼ਲ ਮੀਡੀਆ ਰਾਹੀਂ ਸਿੱਖ ਸੱਭਿਆਚਾਰ ਨੂੰ ਵਿਸ਼ਵ ਦੇ ਕੋਨੇ-ਕੋਨੇ ’ਤੇ ਪਹੁੰਚਾਏ। ਸਿੱਖ ਸੰਗਠਨਾਂ ਨੂੰ ਯਹੂਦੀਆਂ ਵਾਂਗ ਆਪਸੀ ਮੱਤਭੇਦਾਂ ਨੂੰ ਛੱਡ ਕੇ ਸਾਂਝੇ ਟੀਚੇ ਲਈ ਜੁਝਣਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਸੰਸਾਰਕ ਪੱਧਰ ’ਤੇ ਮਨੁੱਖੀ ਅਧਿਕਾਰਾਂ,ਨਸਲਵਾਦ ਵਿਰੁੱਧ ਮਨਾਈ ਜਾਣੀ ਚਾਹੀਦੀ।
ਪੰਜਾਬੀ, ਜਿਵੇਂ ਸਿੱਖੀ ਦੀ ਰੂਹ ਨੂੰ ਸੰਭਾਲਣ ਲਈ ਸਕੂਲ, ਔਨਲਾਈਨ ਪਲੇਟਫ਼ਾਰਮ ਅਤੇ ਘਰਾਂ ਵਿੱਚ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਯਹੂਦੀਆਂ ਨੇ “ਨਰੈਟਿਵ ਵਾਰ” ਤੋਂ ਸਿੱਖਣ ਦੀ ਲੋੜ ਹੈ ਕਿ ਉਹਨਾਂ ਨੇ ਸੰਸਾਰ ਵਿੱਚ ਲੋਕਾਂ ਦੇ ਦਿਲ ਕਿਵੇਂ ਜਿੱਤੇ। ਸਿੱਖ ਪੰਥ ਨੂੰ ਆਪਣੇ ਹੱਕਾਂ ਦੀ ਮੁਹਿੰਮ ਸੰਸਾਰਕ ਮੰਚ ’ਤੇ ਲਿਜਾਣ ਦੀ ਲੋੜ ਹੈ। ਸੋਸ਼ਲ ਮੀਡੀਆ, ਫ਼ਿਲਮਾਂ, ਅਤੇ ਸਾਹਿਤ, ਦੀ ਸਿੱਖਾਂ ਨੂੰ ਯੋਗ ਵਰਤੋਂ ਕਰਨੀ ਚਾਹੀਦੀ ਹੈ। ਯਹੂਦੀਆਂ ਦੀ ਤਰ੍ਹਾਂ, ਸਿੱਖਾਂ ਨੂੰ ਆਪਣੀਆਂ ਜੜ੍ਹਾਂ ਨੂੰ ਸੰਭਾਲਦਿਆਂ, ਆਧੁਨਿਕਤਾ ਦੀ ਹਵਾ ਵਿੱਚ ਉੱਡਣ ਦਾ ਹੁਨਰ ਸਿੱਖਣਾ ਹੋਵੇਗਾ। ਜਦੋਂ ਸਿੱਖ ਗੁਰਦੁਆਰਿਆਂ ਨੂੰ ਗਿਆਨ ਦੇ ਸੋਮੇ, ਪੰਜਾਬੀ ਨੂੰ ਰੂਹ ਦੀ ਬੋਲੀ ਅਤੇ ਸਿੱਖੀ ਨੂੰ ਸੰਸਾਰਕ ਮੰਚ ਦੀ ਸਾਂਝੀਵਾਲਤਾ ਦੀ ਜੋਤ ਬਣਾਉਣਗੇ, ਤਾਂ ਗੁਰੂ ਨਾਨਕ ਸਾਹਿਬ ਦਾ ਸੁਨੇਹਾ “ਨਾਨਕ ਨਾਮ ਚੜ੍ਹਦੀ ਕਲਾ” ਸੱਚਮੁੱਚ ਜਗਮਗਾਏਗਾ।