
ਸਿਨਸਿਨੈਟੀ, ਓਹਾਇਓ/ਏ.ਟੀ.ਨਿਊਜ਼: ਅਮਰੀਕਾ ਦੇ ਓਹਾਇਓ ਸੂਬੇ ਦੇ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਨੌਜਵਾਨਾਂ ਨੇ ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵੱਲੋਂ ਕਰਵਾਏ ਗਏ ਸਾਲਾਨਾ ਸਿੱਖ ਯੂਥ ਸਿਮਪੋਜ਼ੀਅਮ 2025 ਦੇ ਸਥਾਨਕ ਪੱਧਰ ਦੇ ਮੁਕਾਬਲੇ ਵਿੱਚ ਭਾਗ ਲਿਆ।
ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਸਿੱਖ ਨੌਜਵਾਨਾਂ ਲਈ ਇਹ ਇੱਕ ਵਿਲੱਖਣ ਮੰਚ ਹੈ ਜੋ ਉਹਨਾਂ ਵਿੱਚ ਵਿਚਾਰ ਕਰਨ, ਗੁਰਮਤਿ ਨੂੰ ਸਮਝਣ ਅਤੇ ਭਾਸ਼ਣ ਦੀ ਕਲਾ ਨੂੰ ਉਭਾਰਨ ਦੇ ਉਦੇਸ਼ ਨਾਲ ਕਰਵਾਇਆ ਜਾਂਦਾ ਹੈ। ਇਸ ਸਾਲ ਸਿਮਪੋਜ਼ੀਆ ਵਿੱਚ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੇ 28 ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ ਜਨਵਰੀ ਮਹੀਨੇ ਇੱਕ ਕਿਤਾਬ ਅਤੇ ਤਿੰਨ ਸਵਾਲ ਦਿੱਤੇ ਜਾਂਦੇ ਹਨ। ਇਹਨਾਂ ਤਿੰਨ ਸਵਾਲਾਂ ਦੇ ਜਵਾਬ ਸਿਮਪੋਜ਼ੀਅਮ ਦੌਰਾਨ ਬੱਚਿਆਂ ਨੇ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ।
ਇਸ ਸਾਲ ਪਹਿਲੇ ਗਰੁੱਪ ਨੂੰ “ਸਾਕਾ ਚਮਕੌਰ”, ਦੂਜੇ ਨੂੰ “ਸਿੱਖ ਸਾਖੀਜ਼”, ਤੀਜੇ ਨੂੰ “ਸਿੱਖ ਇਤੀਹਾਸ ਦੀਆਂ ਚੋਣਵੀਆਂ ਸਾਖੀਆਂ” ਅਤੇ ਚੌਥੇ ਨੂੰ “‘ਦ ਮੈਸੇਜ ਆਫ ਗੁਰਬਾਣੀ’” ਪੁਸਤਕ ਦਿੱਤੀ ਗਈ। ਹਰ ਸਾਲ ਵਾਂਗ ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੋਈ।
ਭਾਈਚਾਰੇ ਦੇ ਸੀਨੀਅਰ ਮੈਂਬਰ ਅਤੇ ਪਿਛਲੇ ਕਈ ਸਾਲਾਂ ਤੋਂ ਜੱਜ ਦੀ ਸੇਵਾ ਕਰ ਰਹੇ ਤਰਲੋਚਨ ਸਿੰਘ ਸੰਧਾਵਾਲੀਆ ਨੇ ਇਸ ਸਮਾਗਮ ਦੀ ਸਫਲਤਾ ਲਈ ਬੱਚਿਆਂ, ਅਧਿਆਪਕਾਂ, ਮਾਪਿਆਂ, ਸੇਵਾਦਾਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ। ਉੇਹਨਾਂ ਕਿਹਾ ਕਿ “ਛੋਟੇ ਬੱਚਿਆਂ ਨੇ ਅੱਜ ਵੱਡੇ
ਸੰਦੇਸ਼ ਦਿੱਤੇ, ਭਾਗ ਲੈਣ ਵਾਲੇ ਸਾਰੇ ਬੱਚੇ ਜੇਤੂ ਹਨ।”
ਸੇਵਾਦਾਰ ਅਸੀਸ ਕੌਰ ਨੇ ਕਿਹਾ ਕਿ “ਸਿਮਪੋਜ਼ੀਅਮ ਦੀ ਤਿਆਰੀ ਲਈ ਵਿਸ਼ੇਸ਼ ਕਲਾਸਾਂ ਗੁਰਦੁਆਰਾ ਸਾਹਿਬ ਵਿਖੇ ਲਾਈਆਂ ਜਾਂਦੀਆ ਹਨ, ਜਿੱਥੇ ਬੱਚਿਆਂ
ਨੂੰ ਗੁਰਮਤਿ, ਭਾਸ਼ਣ ਲਿਖਣ ਅਤੇ ਦੇਣ ਸੰਬੰਧੀ ਤਿਆਰੀ ਕਰਾਈ ਜਾਂਦੀ ਹੈ। ਸਮਾਗਮ ਵਾਲੇ ਦਿਨ ਹਰੇਕ ਬੱਚੇ ਦੀ ਮਿਹਨਤ ਉਹਨਾਂ ਦੇ ਭਾਸ਼ਣ ਰਾਹੀਂ ਸਾਫ
ਝਲਕ ਰਹੀ ਸੀ।”
ਭਾਗ ਲੈਣ ਵਾਲੇ ਬੱਚਿਆਂ ਨੂੰ ਪੁਰਸਕਾਰ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ ਸਿਨਸਿਨੈਟੀ ਤੋਂ ਜੇਤੂ ਅੱਠ ਬੱਚੇ, ਓਹਾਇਓ ਅਤੇ
ਪੈਨਸਲਵੇਨੀਆਂ ਸੂਬੇ ਦੇ ਹੋਰਨਾਂ ਸ਼ਹਿਰਾਂ ਦੇ ਜੇਤੂਆਂ ਨਾਲ ਕਲੀਵਲੈਂਡ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।
ਇਸ ਸਲਾਨਾ ਸਮਾਗਮ ਮੌਕੇ ਮਰਹੂਮ ਜੈਪਾਲ ਸਿੰਘ ਨੂੰ ਵੀ ਯਾਦ ਕੀਤਾ ਗਿਆ ਜਿਸ ਨੇ ਸਿੱਖ ਨੌਜਵਾਨਾਂ ਨੂੰ ਸਾਲ ਦਰ ਸਾਲ ਨਿਰਸਵਾਰਥ ਅਤੇ ਪੂਰੀ ਤਨਦੇਹੀ ਨਾਲ ਸਿੱਖਿਆ ਅਤੇ ਮਾਰਗਦਰਸ਼ਨ ਕੀਤਾ। ਇਸ ਤੋਂ ਇਲਾਵਾ, ਹਾਲ ਹੀ ਵਿੱਚ 12ਵੀ ਜਮਾਤ, ਕਾਲਜ ਜਾਂ ਯੁਨੀਵਰਸਿਟੀ ਦੀ ਡਿਗਰੀ ਪੂਰੀ ਕਰਕੇ ਗ੍ਰੈਜੁਏਟ ਹੋਏ ਬੀਤੇ ਸਾਲਾਂ ਦੇ ਭਾਗ ਲੈਣ ਵਾਲੇ ਨੌਜਵਾਨ ਬੱਚੇ ਅਤੇ ਬੱਚੀਆਂ ਨੂੰ ਵੀ ਵਿਸ਼ੇਸ਼ ਅਵਾਰਡ ਦਿੱਤੇ ਗਏ।