-ਡਾ. ਪਰਮਵੀਰ ਸਿੰਘ :
ਪੰਜਾਬ ਦੀ ਰਾਜਨੀਤੀ ਵਿਚ ਅਕਾਲੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਤੇ ਕਿਸੇ ਸਮੇਂ ਇਹ ਇੰਨਾ ਪ੍ਰਭਾਵਸ਼ਾਲੀ ਸੀ ਕਿ ਦਿੱਲੀ ਦੀ ਸਰਕਾਰ ਵੀ ਅਕਾਲੀਆਂ ਨੂੰ ਨਾਰਾਜ਼ ਕਰ ਕੇ ਕੋਈ ਰਾਜਨੀਤਕ ਫ਼ੈਸਲਾ ਲੈਣ ਤੋਂ ਸੰਕੋਚ ਕਰਦੀ ਸੀ। ਅਕਾਲੀ ਆਗੂਆਂ ਦੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਦੇਸ਼ ਦੇ ਵੱਡੇ ਆਗੂਆਂ ਨਾਲ ਸਿੱਧੀ ਗੱਲਬਾਤ ਹੋਇਆ ਕਰਦੀ ਸੀ।
ਜਦੋਂ ਅਕਾਲੀ ਆਗੂ ਕੋਈ ਬਿਆਨ ਦਿੰਦੇ ਸਨ ਤਾਂ ਕੋਈ ਨਾ ਕੋਈ ਕੇਂਦਰੀ ਆਗੂ ਜਾਂ ਮੰਤਰੀ ਉਨ੍ਹਾਂ ਦੀ ਹਮਾਇਤ ਕਰ ਦਿੰਦਾ ਸੀ ਜਿਸ ਨਾਲ ਅਕਾਲੀਆਂ ਦਾ ਕੇਂਦਰੀ ਸੱਤਾ ਵਿਚ ਪ੍ਰਭਾਵ ਦੇਖਣ ਨੂੰ ਮਿਲ ਜਾਂਦਾ ਸੀ। ਦੇਸ਼ ਤੇ ਕੌਮ ਖ਼ਾਤਰ ਲਾਸਾਨੀ ਕੁਰਬਾਨੀਆਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਪਾਸੇ ਬੋਲਬਾਲਾ ਸੀ।
ਇਸ ਦੇਸ਼ ਦੀ ਸਿਆਸੀ ਮੁੱਖਧਾਰਾ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਸੀ ਅਕਾਲੀ ਦਲ। ਅਕਾਲੀ ਆਗੂ ਕਈ ਵਾਰੀ ਲੜੇ ਅਤੇ ਕਈ ਵਾਰ ਫਿਰ ਇਕੱਠੇ ਹੋਏ ਹਨ। ਇਹ ਸਮਝਿਆ ਜਾਂਦਾ ਸੀ ਕਿ ਇਕਜੁੱਟ ਹੋਏ ਅਕਾਲੀਆਂ ਨੂੰ ਚੋਣਾਂ ਵਿਚ ਹਰਾਉਣਾ ਲਗਪਗ ਅਸੰਭਵ ਜਾਪਦਾ ਹੈ। ਆਮ ਲੋਕ ਅਕਸਰ ਇਹ ਗੱਲਾਂ ਕਰਦੇ ਸਨ ਕਿ ਹੁਣ ਪਿੰਡਾਂ ਵਾਲੇ ਭਾਵ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵੀ ਕਮਰਕੱਸੇ ਕਰ ਕੇ ਅਤੇ ਕੇਸਰੀ ਝੰਡੀਆਂ ਫੜੀ ਸਕੂਟਰਾਂ-ਬਾਈਕਾਂ, ਸਾਈਕਲਾਂ ’ਤੇ ਨਜ਼ਰ ਆਉਣ ਲੱਗ ਪਏ ਹਨ, ਹੁਣ ਇਨ੍ਹਾਂ ਨੂੰ ਸਰਕਾਰ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ। ਬਾਦਲ, ਟੌਹੜਾ ਅਤੇ ਤਲਵੰਡੀ ਦੀ ਤਿੱਕੜੀ ਪੰਜਾਬ ਵਿਚ ਮਸ਼ਹੂਰ ਰਹੀ ਹੈ ਅਤੇ ਇਹ ਸਮਝਿਆ ਜਾਂਦਾ ਸੀ ਕਿ ਜਦੋਂ ਇਹ ਇਕੱਠੇ ਹੋ ਗਏ ਤਾਂ ਪੰਥ ਵਿਚ ਏਕਤਾ ਹੋ ਗਈ ਅਤੇ ਜਦੋਂ ਇਹ ਲੜ ਪਏ ਤਾਂ ਪੰਥ ਵਿਚ ਦੁਫਾੜ ਪੈ ਗਈ ਹੈ। ਪੰਜਾਬ ਵਿਚ ਇਨ੍ਹਾਂ ਨੂੰ ਪੰਥ ਸਮਝਿਆ ਜਾਣ ਲੱਗਾ ਸੀ।
ਪਿਛਲੇ ਇਕ-ਡੇਢ ਦਹਾਕੇ ਦੌਰਾਨ ਜਦੋਂ ਦਾ ਪੰਜਾਬ ਦੀ ਰਾਜਨੀਤੀ ਨੇ ਪਲਟਾ ਖਾਧਾ ਹੈ ਤਾਂ ਆਮ ਲੋਕ ਇਹ ਸਮਝਣ ਲੱਗੇ ਕਿ ਆਗੂ ਪੰਥ ਨਹੀਂ ਹਨ। ਪੰਥ ਤਾਂ ਉਹ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ, ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਂਦਾ ਹੈ, ਲੰਗਰ ਵਿਚ ਸੇਵਾ ਕਰਦਾ ਹੈ, ਜੋੜਿਆਂ ਦੀ ਸੇਵਾ ਕਰਦਾ ਹੈ, ਸਾਈਕਲ-ਸਕੂਟਰ ਸਟੈਂਡ ’ਤੇ ਲਵਾਉਣ ਦੀ ਸੇਵਾ ਵਿਚ ਜੁਟਿਆ ਹੋਇਆ ਹੈ, ਦਰਬਾਰ ਸਾਹਿਬ ਨੂੰ ਇਸ਼ਨਾਨ ਕਰਵਾ ਰਿਹਾ ਹੈ, ਸਰੋਵਰਾਂ ਵਿਚ ਇਸ਼ਨਾਨ ਕਰ ਰਿਹਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਾ ਹੈ, ਪ੍ਰਭਾਤ-ਫੇਰੀਆਂ ਕੱਢਦਾ ਹੈ, ਨਗਰ-ਕੀਰਤਨ ਵਿਚ ਉਤਸ਼ਾਹ ਨਾਲ ਸ਼ਾਮਲ ਹੁੰਦਾ ਹੈ, ਆਦਿ।
ਆਗੂ ਤਾਂ ਪੰਥ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਅਤੇ ਪੰਥਕ ਮਸਲੇ ਹੱਲ ਕਰਾਉਣ ਦਾ ਕਾਰਜ ਕਰਦੇ ਹਨ। ਭਾਵੇਂ ਉਨ੍ਹਾਂ ਦੀ ਭੂਮਿਕਾ ਵੀ ਅੱਖੋਂ-ਪਰੋਖੇ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਇਹ ਚਿੰਤਨ ਹੋਣ ਲੱਗਾ ਹੈ ਕਿ ਕਿਹੜੇ ਪੰਥਕ ਆਗੂ ਇਹ ਕਾਰਜ ਕਰ ਰਹੇ ਹਨ।
ਜਦੋਂ ਆਗੂਆਂ ਦੇ ਪੰਥਕ ਕਾਰਜਾਂ ਦੀ ਪੜਚੋਲ ਆਰੰਭ ਹੋਈ ਤਾਂ ਆਮ ਸੰਗਤ ਭਾਵੇਂ ਇਸ ਗੱਲ ’ਤੇ ਤਾਂ ਖ਼ੁਸ਼ੀ ਮਹਿਸੂਸ ਕਰ ਰਹੀ ਸੀ ਕਿ ਸਿੱਖ ਇਤਿਹਾਸ ਦੀਆਂ ਯਾਦਗਾਰਾਂ ਸੜਕਾਂ ’ਤੇ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ ਜਿਸ ਨਾਲ ਬੱਚਿਆਂ ਅਤੇ ਆਮ ਲੋਕਾਂ ਨੂੰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਤੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ। ਇਸ ਦੇ ਨਾਲ ਇਹ ਵੀ ਚਿੰਤਨ ਦਾ ਹਿੱਸਾ ਬਣ ਗਿਆ ਕਿ ਅਕਾਲੀਆਂ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਬਿਨਾਂ-ਮੰਗਿਆਂ ਮਾਫ਼ੀ ਦਿੱਤੀ ਗਈ। ਪੰਥ ਅਤੇ ਗੁਰੂ ਗ੍ਰੰਥ ਤੋਂ ਸ਼ਕਤੀ ਲੈ ਕੇ ਸਰਕਾਰਾਂ ਬਣਾਉਣ ਵਾਲਾ ਅਕਾਲੀ ਦਲ ਗਾਡੀ ਰਾਹ ਦਾ ਤਿਆਗ ਕਰ ਕੇ ਔਝੜੇ ਰਾਹ ਪੈ ਗਿਆ ਪ੍ਰਤੀਤ ਹੋਇਆ। ਇਸ ਦੇ ਨਾਲ ਹੀ ਬਹੁਤ ਸਾਰੀਆਂ ਅਜਿਹੀਆਂ ਹੋਰ ਘਟਨਾਵਾਂ ਵੀ ਜੁੜਦੀਆਂ ਗਈਆਂ ਜਿਨ੍ਹਾਂ ਨੇ ਅਕਾਲੀਆਂ ਦੁਆਰਾ ਕੀਤੇ ਗਏ ਚੰਗੇ ਕੰਮਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਿਸ ਦੇ ਫਲਸਰੂਪ ਉਹ ਸੱਤਾ ਵਿੱਚੋਂ ਬਾਹਰ ਹੋ ਗਏ। ਸੱਤਾ ਵਿੱਚੋਂ ਬਾਹਰ ਹੋਣ ਤੋਂ ਬਾਅਦ ਜਿਵੇਂ ਅਕਾਲੀ ਆਗੂ ਇਕ-ਦੂਜੇ ਦੇ ਨੇੜੇ ਆਉਣ ਦੀਆਂ ਕੋਸ਼ਿਸ਼ਾਂ ਕਰ ਲੈਂਦੇ ਸਨ, ਇਸ ਵਾਰ ਉਹ ਰੁਝਾਨ ਨਜ਼ਰ ਨਹੀਂ ਆ ਰਿਹਾ।
ਮੌਜੂਦਾ ਸਮੇਂ ਵਿਚ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਇਨ੍ਹਾਂ ਦੀ ਲੜਾਈ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੋ ਗਈ ਹੈ। ਅਕਾਲੀ ਸਫ਼ਾਂ ਤੱਕ ਸੀਮਿਤ ਹੋਣ ਵਾਲੀ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪੁੱਜ ਗਈ ਹੈ ਜਿਸ ਨਾਲ ਸਮੁੱਚੇ ਪੰਥ ਵਿਚ ਉਦਾਸੀ ਅਤੇ ਨਿਰਾਸ਼ਾ ਵਾਲੀ ਸਥਿਤੀ ਪੈਦਾ ਹੋ ਗਈ ਹੈ।
ਪੰਜਾਬ ਦੇ ਬਹੁਤੇ ਲੋਕ ਅਕਾਲੀ ਦਲ ਨਾਲ ਜੁੜੇ ਹੋਏ ਹਨ, ਉਨ੍ਹਾਂ ਦੇ ਵੱਡੇ-ਵਡੇਰਿਆਂ ਨੇ ਪੰਥ-ਕੌਮ ਲਈ ਕੁਰਬਾਨੀਆਂ ਕੀਤੀਆਂ ਹਨ। ਪੰਜਾਬ ਦੇ ਹਿੱਤਾਂ ਲਈ ਮੋਰਚੇ ਲਾਉਣ ਅਤੇ ਇੱਥੋਂ ਦੇ ਮਸਲੇ ਹੱਲ ਕਰਾਉਣ ਲਈ ਜਿਹੜੇ ਯਤਨ ਉਨ੍ਹਾਂ ਦੇ ਬਜ਼ੁਰਗਾਂ ਨੇ ਕੀਤੇ ਸਨ, ਉਨ੍ਹਾਂ ’ਤੇ ਮਾਣ ਕਰ ਕੇ ਉਹ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਹੁਣ ਜਦੋਂ ਅਕਾਲੀਆਂ ਦੀ ਰਾਜਨੀਤਕ ਹਾਲਤ ਪਤਲੀ ਹੁੰਦੀ ਜਾ ਰਹੀ ਹੈ ਤਾਂ ਵੀ ਉਹ ਚਾਹੁੰਦੇ ਹਨ ਕਿ ਕੋਈ ਅਜਿਹਾ ਰਾਹ ਨਿਕਲੇ ਕਿ ਪੰਜਾਬ ਵਿਚ ਪੰਥ ਦੀ ਗੂੰਜ ਦੁਬਾਰਾ ਪੈਦਾ ਹੋ ਸਕੇ। ਇੱਥੋਂ ਤੱਕ ਕਿ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਜਿਹੜੀਆਂ ਅਕਸਰ ਅਕਾਲੀਆਂ ਦੇ ਵਿਰੋਧ ਵਿਚ ਭੁਗਤਦੀਆਂ ਰਹੀਆਂ ਹਨ, ਉਨ੍ਹਾਂ ਦੇ ਆਗੂ ਵੀ ਇਹ ਚਾਹੁੰਦੇ ਹਨ ਕਿ ਅਕਾਲੀਆਂ ਦਾ ਪੰਜਾਬ ਵਿਚ ਪੁਨਰ-ਸਥਾਪਨ ਹੋਣਾ ਚਾਹੀਦਾ ਹੈ।
ਰਾਜਨੀਤਕ ਪਾਰਟੀਆਂ ਦੇ ਆਪਣੇ ਏਜੰਡੇ ਹੁੰਦੇ ਹਨ ਪਰ ਅਕਾਲੀ ਦਲ ਦੀ ਮਜ਼ਬੂਤੀ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਕਿਤੇ ਨਾ ਕਿਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਪ੍ਰਗਟ ਕਰਦੇ ਪ੍ਰਤੀਤ ਹੁੰਦੇ ਹਨ। ਇਹ ਸਮਝਿਆ ਜਾਣ ਲੱਗਿਆ ਹੈ ਕਿ ਕੇਂਦਰੀ ਪਾਰਟੀਆਂ ਨੂੰ ਹੁਕਮ ਕੇਂਦਰੀ ਆਗੂਆਂ ਵੱਲੋਂ ਕੀਤੇ ਜਾਂਦੇ ਹਨ ਜਿਸ ਨਾਲ ਕਈ ਵਾਰ ਪੰਜਾਬ ਦੇ ਹਿੱਤਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਂਦਾ ਹੈ।
ਕੇਂਦਰੀ ਪਾਰਟੀਆਂ ਨਾਲ ਜੁੜੇ ਹੋਏ ਆਗੂ ਪਾਰਟੀ ਲਾਈਨ ਨਾਲ ਜੁੜੇ ਹੋਣ ਕਰਕੇ ਕਈ ਵਾਰੀ ਅਜਿਹੇ ਫ਼ੈਸਲੇ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰ ਸਕਦੇ। ਇਸ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੈ। ਅਜਿਹਾ ਨਹੀਂ ਕਿ ਹੁਣ ਸਭ ਕੁਝ ਖ਼ਤਮ ਹੋ ਗਿਆ ਹੈ। ਸ਼ਾਮ ਨੂੰ ਪੰਜਾਬੀ ਵਿਚ ਚੱਲਣ ਵਾਲੇ ਸਮੂਹ ਚੈਨਲਾਂ ਦੇ ਪ੍ਰਾਈਮ-ਟਾਈਮ ਅਕਾਲੀ ਰਾਜਨੀਤੀ ’ਤੇ ਕੇਂਦਰਿਤ ਹੁੰਦੇ ਹਨ। ਪੰਜਾਬ ਦੇ ਕਿਹੜੇ ਪ੍ਰਮੁੱਖ ਮਸਲੇ ਹਨ, ਉਨ੍ਹਾਂ ਦਾ ਕਿਵੇਂ ਨਿਵਾਰਨ ਹੋ ਸਕਦਾ ਹੈ, ਆਮ ਲੋਕਾਂ ਨੂੰ ਸਰਕਾਰ ਦੀਆਂ ਕਿਹੜੀਆਂ ਨੀਤੀਆਂ ਪ੍ਰਭਾਵਿਤ ਕਰਦੀਆਂ ਹਨ; ਇਹ ਸਭ ਗੱਲਾਂ ਪ੍ਰਮੁੱਖ ਵਿਚਾਰ-ਚਰਚਾ ਵਿੱਚੋਂ ਲੋਪ ਹੋ ਗਈਆਂ ਜਾਪਦੀਆਂ ਹਨ। ਕੇਵਲ ਅਕਾਲੀ ਰਾਜਨੀਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਸਬੰਧੀ ਖ਼ਬਰਾਂ ਅਤੇ ਵਿਚਾਰ-ਚਰਚਾ ਜਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀ ਜਾਂਦੀ ਹੈ, ਉਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਲੋਕਾਂ ਦੇ ਮਨ ਵਿਚ ਪੰਥ ਦੀਆਂ ਇਹ ਸੰਸਥਾਵਾਂ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਮੌਜੂਦ ਹਨ ਜਿਨ੍ਹਾਂ ਨੂੰ ਬਾਹਰ ਰੱਖ ਕੇ ਨਹੀਂ ਦੇਖਿਆ ਜਾ ਸਕਦਾ।
ਮੌਜੂਦਾ ਸਮੇਂ ਵਿਚ ਇਹੀ ਪ੍ਰਮੁੱਖ ਅਤੇ ਵੱਡਾ ਮਸਲਾ ਆਮ ਲੋਕਾਂ ਦੀ ਦ੍ਰਿਸ਼ਟੀ ਵਿਚ ਮਹੱਤਵਪੂਰਨ ਹੈ। ਅਜਿਹੇ ਮਾਹੌਲ ਵਿਚ ਅਕਾਲੀਆਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀਆਂ ਸੰਸਥਾਵਾਂ ਦਾ ਸਤਿਕਾਰ ਬਹਾਲ ਕਰਨ-ਕਰਾਉਣ ਲਈ ਯਤਨਸ਼ੀਲ ਹੋਣ, ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਅਤੇ ਆਮ ਲੋਕਾਂ ਦੇ ਮਸਲਿਆਂ ਪ੍ਰਤੀ ਸੰਜੀਦਾ ਪਹੁੰਚ ਅਪਣਾਉਣ ਦਾ ਯਤਨ ਕਰਨ। ਇਸ ਖ਼ੁਸ਼ਫਹਿਮੀ ਵਿੱਚੋਂ ਬਾਹਰ ਨਿਕਲਣ ਕਿ ਦੂਜੀਆਂ ਪਾਰਟੀਆਂ ਜਾਂ ਸਰਕਾਰਾਂ ਤੋਂ ਦੁਖੀ ਹੋ ਕੇ ਲੋਕ ਉਨ੍ਹਾਂ ਲਈ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰ ਦੇਣਗੇ।
ਅਕਾਲੀਆਂ ਦੀ ਰਾਜਨੀਤੀ ਗੁਰੂ ਹਰਿਗੋਬਿੰਦ ਸਾਹਿਬ ਤੋਂ ਆਰੰਭ ਹੁੰਦੀ ਹੈ ਜਿਸ ਨਾਲ ਸੇਵਾ, ਨਿਮਰਤਾ, ਪਰਉਪਕਾਰ, ਸਮਰਪਣ ਆਦਿ ਦੀ ਭਾਵਨਾ ਜੁੜੀ ਹੋਈ ਹੈ। ਮੌਜੂਦਾ ਅਕਾਲੀ ਆਗੂਆਂ ਵਿਚ ਇਹ ਭਾਵਨਾ ਮਨਫ਼ੀ ਦਿਖਾਈ ਦੇ ਰਹੀ ਹੈ। ਟੀਵੀ ਚੈਨਲਾਂ ’ਤੇ ਉੱਚੀ ਅਤੇ ਰੁੱਖੀ ਭਾਸ਼ਾ ਨਾਲ ਪੱਖ ਪੇਸ਼ ਕਰਨ ਦੀ ਨੀਤੀ ਕੁਝ ਨਹੀਂ ਸੰਵਾਰ ਸਕਦੀ ਅਤੇ ਨਾ ਹੀ ਆਮ ਲੋਕਾਂ ਵਿਚ ਕੋਈ ਉਸਾਰੂ ਪ੍ਰਭਾਵ ਸਿਰਜ ਸਕਦੀ ਹੈ। ਅੱਜ ਇਹ ਚਿੰਤਨ ਕਰਨ ਦੀ ਲੋੜ ਹੈ ਕਿ 400 ਸਾਲ ਪਹਿਲਾਂ ਛੇਵੇਂ ਪਾਤਸ਼ਾਹ ਦੁਆਰਾ ਸਥਾਪਤ ਹੋਈ ਸਿੱਖ ਰਾਜਨੀਤੀ ਵਿਚ ਅਸੀਂ ਕਿੱਥੇ ਖੜ੍ਹੇ ਹਾਂ ਤੇ ਜਿਹੜੀਆਂ ਪਾਰਟੀਆਂ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ, ਉਹ ਅੱਗੇ ਕਿਵੇਂ ਲੰਘ ਗਈਆਂ ਹਨ?