ਜਲੰਧਰ/ਏ.ਟੀ.ਨਿਊਜ਼: ਪੰਜਾਬ ਦੇ ਬਾਰਡਰ ਇਲਾਕਿਆਂ ਵਿੱਚ ਆਈਆਂ ਭਿਆਨਕ ਹੜ੍ਹਾਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਸੀ। ਸਰਹੱਦ ਨਾਲ ਲੱਗਦੇ ਪਿੰਡ ਖੋਖਰ, ਅਜਨਾਲਾ, ਦਿਆਲ ਭੱਟੀ, ਡੇਰਾ ਬਾਬਾ ਨਾਨਕ ਤੇ ਚੋਂਤਰਾਂ ਵਰਗੇ ਇਲਾਕਿਆਂ ਵਿੱਚ ਲੋਕ ਅੱਜ ਵੀ ਟੁੱਟੇ-ਫੁੱਟੇ ਘਰਾਂ ਵਿੱਚ ਜਾਂ ਰਿਸ਼ਤੇਦਾਰਾਂ ਕੋਲ ਪਨਾਹ ਲੈ ਕੇ ਰਹਿਣ ਲਈ ਮਜਬੂਰ ਹਨ। ਸਰਕਾਰੀ ਮਦਦ ਦਾ ਇੰਤਜ਼ਾਰ ਕਰਦਿਆਂ ਕਰਦਿਆਂ ਬਹੁਤ ਸਾਰੇ ਪੀੜਤ ਥੱਕ ਚੁੱਕੇ ਹਨ। ਇਸੇ ਦੌਰਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਮਾਨਵਤਾ ਦੀ ਸੇਵਾ ਦਾ ਇੱਕ ਸ਼ਾਨਦਾਰ ਉਦਾਹਰਣ ਪੇਸ਼ ਕੀਤਾ ਹੈ।
ਸੁਸਾਇਟੀ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ (ਯੂ.ਕੇ.) ਤੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਬੀਤੇ ਦਿਨੀਂ ਇਨ੍ਹਾਂ ਪਿੰਡਾਂ ਦਾ ਦੌਰਾ ਕੀਤਾ। ਵਫ਼ਦ ਨੇ ਖ਼ੁਦ ਜਾ ਕੇ ਪੀੜਤ ਪਰਿਵਾਰਾਂ ਦੀ ਦੁੱਖ-ਤਕਲੀਫ਼ ਸੁਣੀ ਤੇ ਉਨ੍ਹਾਂ ਦੇ ਢਹਿ-ਢੇਰੀ ਹੋਏ ਮਕਾਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੁਸਾਇਟੀ ਨੇ ਪੰਜ ਹੜ ਪੀੜਤ ਕਿਰਤੀ ਪਰਿਵਾਰਾਂ ਦੇ ਮਕਾਨ ਪੂਰੀ ਤਰ੍ਹਾਂ ਮੁੜ ਉਸਾਰ ਕੇ ਦੇਣ ਦਾ ਐਲਾਨ ਕੀਤਾ।
ਜਿਨ੍ਹਾਂ ਪਰਿਵਾਰਾਂ ਨੂੰ ਇਹ ਸਹਾਇਤਾ ਮਿਲੇਗੀ, ਉਨ੍ਹਾਂ ਵਿੱਚ ਸ਼ਾਮਲ ਹਨ:
ਪਿੰਡ ਖੋਖਰ ਤੋਂ ਅੰਮ੍ਰਿਤਧਾਰੀ ਬੀਬੀ ਹਰਜੀਤ ਕੌਰ
ਪਿੰਡ ਦਿਆਲ ਭੱਟੀ ਤੋਂ ਰਮਨਦੀਪ ਕੌਰ
ਅਜਨਾਲਾ ਤੋਂ ਗੁਰਮੀਤ ਸਿੰਘ
ਗੁਰਦਾਸਪੁਰ ਬਾਰਡਰ ਨੇੜੇ ਪਿੰਡ ਚੋਂਤਰਾਂ ਤੋਂ ਰਛਪਾਲ ਸਿੰਘ ਤੇ ਦੀਪਕ ਕੌਰ ਵਫ਼ਦ ਨਾਲ ਗਏ ਮਸ਼ਹੂਰ ਬਿਲਡਰ ਹਰਦੇਵ ਸਿੰਘ ਗਰਚਾ ਨੇ ਮੌਕੇ ’ਤੇ ਹੀ ਹਰੇਕ ਮਕਾਨ ਦਾ ਅੰਦਾਜ਼ਨ ਲਗਾਇਆ ਤੇ ਦੱਸਿਆ ਕਿ ਇੱਕ ਪੱਕਾ ਮਕਾਨ ਬਣਾਉਣ ਵਿੱਚ ਲਗਭਗ ਪੰਜ ਲੱਖ ਰੁਪਏ ਦਾ ਖਰਚ ਆਵੇਗਾ। ਸੁਸਾਇਟੀ ਨੇ ਸਪੱਸ਼ਟ ਕੀਤਾ ਕਿ ਸਾਰਾ ਖਰਚਾ ਉਹ ਆਪਣੇ ਸੰਗਤ ਦੇ ਸਹਿਯੋਗ ਨਾਲ ਚੁੱਕੇਗੀ।
ਰਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਉਪਰ ਸਾਨੂੰ ਇਹ ਮੌਕਾ ਮਿਲਿਆ ਹੈ ਕਿ ਅਸੀਂ ਸੱਚੇ ਅਰਥਾਂ ਵਿੱਚ ‘ਵੰਡ ਛਕੀਏ’ ਦਾ ਸਿਧਾਂਤ ਅਮਲੀ ਰੂਪ ਦੇ ਸਕੀਏ। ਸਰਕਾਰ ਕਈ ਇਲਾਕਿਆਂ ਤੱਕ ਨਹੀਂ ਪਹੁੰਚ ਸਕੀ, ਪਰ ਸੰਗਤ ਦੀ ਸੇਵਾ ਕਿਤੇ ਵੀ ਰੁਕਦੀ ਨਹੀਂ।”
ਪਰਮਿੰਦਰ ਪਾਲ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਨੂੰ ਸਿੱਧੀ ਅਪੀਲ ਕੀਤੀ ਕਿ ਹੜ ਪੀੜਤਾਂ ਦੀ ਸਹਾਇਤਾ ਕੀਤੀ ਜਾਵੇ ਤੇ ਜਿਨ੍ਹਾਂ ਘਰ ਢਹਿ ਗਏ ਹਨ, ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ, “ਸਾਡੀ ਸੁਸਾਇਟੀ ਆਪਣੇ ਪੱਧਰ ’ਤੇ ਜਿੱਥੇ ਵੀ ਸੰਭਵ ਹੋਵੇਗਾ, ਬਾਂਹ ਫੜੇਗੀ, ਪਰ ਸਰਕਾਰ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੈ। ਖਾਲਸਾ ਨੇ ਕਿਹਾ ਕਿ ਹਰ ਇਨਸਾਨ ਦੀ ਮੁੱਖ ਲੋੜ ‘ਰੋਟੀ, ਕੱਪੜਾ ਤੇ ਮਕਾਨ’ ਹੈ ਅਤੇ ਇੱਥੇ ਲੋਕਾਂ ਕੋਲ ਕੁਝ ਰਿਹਾ ਹੀ ਨਹੀਂ ਸੀ, ਨਾ ਮਕਾਨ, ਨਾ ਪਾਉਣ ਵਾਲਾ ਕੱਪੜਾ ਤੇ ਨਾ ਰਾਸ਼ਨ। ਹਾਲਾਤ ਬੇਹੱਦ ਚੁਣੌਤੀ ਭਰੇ ਹੋ ਗਏ ਸਨ।”
ਇਸ ਦੌਰੇ ਮੌਕੇ ਸਾਹਿਬ ਸਿੰਘ, ਬਿਲਡਰ ਹਰਦੇਵ ਸਿੰਘ ਗਰਚਾ, ਸੰਦੀਪ ਸਿੰਘ ਚਾਵਲਾ, ਹਰਿਭਜਨ ਸਿੰਘ ਬੈਂਸ, ਕਮਲਜੀਤ ਸਿੰਘ ਜਮਸ਼ੇਰ, ਗੁਰਪ੍ਰੀਤ ਸਿੰਘ ਰਾਜੂ, ਅਰਿੰਦਰਜੀਤ ਸਿੰਘ ਚੱਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਸੇਵਾਦਾਰ ਤੇ ਪੀੜਤ ਪਰਿਵਾਰ ਮੌਜੂਦ ਸਨ।
ਅਜਨਾਲਾ ਤੋਂ ਗੁਰਮੀਤ ਸਿੰਘ ਨੇ ਕਿਹਾ ਕਿ ਹਾਲਾਤ ਬਹੁਤ ਮਾੜੇ ਸਨ, ਪਤਾ ਹੀ ਨਹੀਂ ਸੀ ਕਿ ਪਾਣੀ ਵਧੇਗਾ ਜਾਂ ਘਟੇਗਾ। ਕੁਝ ਸਮਾਨ ਗਿੱਲਾ ਹੋ ਗਿਆ, ਕੁਝ ਬਚ ਗਿਆ। ਨੁਕਸਾਨ ਕਾਫੀ ਹੋਇਆ ਹੈ।
ਪੀੜਤ ਬੀਬੀ ਹਰਜੀਤ ਕੌਰ ਨੇ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ ਕਿ “ਪਾਣੀ ਆਉਣ ਤੋਂ ਬਾਅਦ ਹਾਲਾਤ ਬਹੁਤ ਮਾੜੇ ਹੋ ਗਏ ਸਨ ਤੇ ਕੋਈ ਆਸ ਹੀ ਨਹੀਂ ਬਚੀ ਸੀ। ਅਸੀਂ ਆਪਣੀ ਜਾਨਾਂ ਬਚਾ ਕੇ ਛੱਤ ਉੱਤੇ ਰਹੇ। 10-15 ਦਿਨਾਂ ਤੱਕ ਅਸੀਂ ਛੱਤ ’ਤੇ ਰਹੇ। ਸਾਨੂੰ ਲੱਗਦਾ ਸੀ ਸਾਡਾ ਸੁਪਨਾ ਹੀ ਢਹਿ ਗਿਆ, ਪਰ ਗੁਰੂ ਦੀ ਕਿਰਪਾ ਨਾਲ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਸਾਡੀ ਬਾਂਹ ਫੜ ਲਈ।”
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਦਰਸਾਇਆ ਹੈ ਕਿ ਸਿੱਖੀ ਦਾ ਸਿਧਾਂਤ “ਸਰਬਤ ਦਾ ਭਲਾ” ਜ਼ਿੰਦਾ ਹੈ ਤੇ ਸੰਗਤ ਦੀ ਸੇਵਾ ਕਦੇ ਨਹੀਂ ਰੁਕਦੀ। ਪੀੜਤਾਂ ਦੀ ਬਾਂਹ ਫੜਨਾ ਹਰੇਕ ਸਿੱਖ ਦਾ ਕਰਮ ਹੈ।
![]()
