ਸੀਰੀਆ ਅਤੇ ਇਜ਼ਰਾਇਲ ਵਿਚਾਲੇ ਹੋਈ ਜੰਗਬੰਦੀ

In ਮੁੱਖ ਖ਼ਬਰਾਂ
July 19, 2025

ਮਜ਼ਰਾ (ਸੀਰੀਆ)/ਏ.ਟੀ.ਨਿਊਜ਼: ਦੋ ਦੇਸ਼ਾਂ ਵਿੱਚ ਜਾਰੀ ਯੁੱਧ ਖ਼ਤਮ ਹੋਣ ਸਬੰਧੀ ਵੱਡੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਇਜ਼ਰਾਇਲ ਅਤੇ ਸੀਰੀਆ ਜੰਗਬੰਦੀ ’ਤੇ ਸਹਿਮਤ ਹੋ ਗਏ ਹਨ। ਸੀਰੀਆ ਵਿੱਚ ਅਮਰੀਕੀ ਰਾਜਦੂਤ ਟੌਮ ਬੈਰੇਕ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਸੀਰੀਆ ਦੇ ਦੱਖਣੀ ਸਵੀਦਾ ਸੂਬੇ ਵਿੱਚ ਡਰੂਜ਼ ਸਮੂਹਾਂ ਅਤੇ ਬੇਦੌਇਨ ਕਬੀਲਿਆਂ ਵਿਚਕਾਰ ਤਾਜ਼ਾ ਲੜਾਈ ਜਾਰੀ ਹੈ, ਜਿਸ ਨਾਲ ਮਨੁੱਖੀ ਸੰਕਟ ਹੋਰ ਡੂੰਘਾ ਹੋ ਗਿਆ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਪਿਛਲੇ ਦਿਨੀਂ ਡਰੂਜ਼ ਸਮੂਹਾਂ ਨਾਲ ਇੱਕ ਵੱਖਰੀ ਜੰਗਬੰਦੀ ’ਤੇ ਸਹਿਮਤ ਹੋਣ ਤੋਂ ਬਾਅਦ ਸਰਕਾਰੀ ਫ਼ੌਜਾਂ ਸਵੀਦਾ ਤੋਂ ਪਿੱਛੇ ਹਟ ਗਈਆਂ ਹਨ।
ਇਸ ਤੋਂ ਪਹਿਲਾਂ ਇਜ਼ਰਾਇਲ ਨੇ ਸਰਕਾਰੀ ਲੜਾਕਿਆਂ ਦੇ ਕਾਫ਼ਲਿਆਂ ’ਤੇ ਦਰਜਨਾਂ ਹਵਾਈ ਹਮਲੇ ਕੀਤੇ ਅਤੇ ਇੱਥੋਂ ਤੱਕ ਕਿ ਕੇਂਦਰੀ ਦਮਿਸ਼ਕ ਵਿੱਚ ਸੀਰੀਆਈ ਰੱਖਿਆ ਮੰਤਰਾਲੇ ਦੇ ਮੁੱਖ ਦਫ਼ਤਰ ’ਤੇ ਵੀ ਹਮਲਾ ਕੀਤਾ। ਇਜ਼ਰਾਇਲ ਨੇ ਕਿਹਾ ਕਿ ਉਹ ਡਰੂਜ਼ ਭਾਈਚਾਰੇ ਦੀ ਰੱਖਿਆ ਲਈ ਇਹ ਕਾਰਵਾਈ ਕਰ ਰਿਹਾ ਹੈ। ਦਰਅਸਲ ਡਰੂਜ਼ ਨੂੰ ਇਜ਼ਰਾਇਲ ਵਿੱਚ ਇੱਕ ਵਫ਼ਾਦਾਰ ਘੱਟ ਗਿਣਤੀ ਵਜੋਂ ਦੇਖਿਆ ਜਾਂਦਾ ਹੈ ਅਤੇ ਇਸ ਭਾਈਚਾਰੇ ਦੇ ਲੋਕ ਅਕਸਰ ਇਜ਼ਰਾਇਲੀ ਫ਼ੌਜ ਵਿੱਚ ਸੇਵਾ ਕਰਦੇ ਹਨ। ਬੈਰੇਕ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਜ਼ਰਾਇਲ ਅਤੇ ਸੀਰੀਆ ਵਿਚਕਾਰ ਨਵੀਂ ਜੰਗਬੰਦੀ ਨੂੰ ਤੁਰਕੀ, ਜਾਰਡਨ ਅਤੇ ਹੋਰ ਗੁਆਂਢੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੈ ਅਤੇ ‘ਡ੍ਰੂਜ਼, ਬੇਦੂਇਨ ਅਤੇ ਸੁੰਨੀਆਂ ਨੂੰ ਆਪਣੇ ਹਥਿਆਰ ਸੁੱਟਣ ਅਤੇ ਇੱਕ ਨਵਾਂ ਅਤੇ ਸੰਯੁਕਤ ਸੀਰੀਆ ਬਣਾਉਣ ਲਈ ਹੋਰ ਘੱਟ ਗਿਣਤੀਆਂ ਨਾਲ ਜੁੜਨ ਦਾ ਸੱਦਾ ਦਿੱਤਾ।’ ਹਾਲਾਂਕਿ ਉਸਨੇ ਸਮਝੌਤੇ ਬਾਰੇ ਕੋਈ ਹੋਰ ਵੇਰਵਾ ਨਹੀਂ ਦਿੱਤਾ।

Loading