
ਅੰਮ੍ਰਿਤਸਰ, 3 ਦਸੰਬਰ:
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਤਨਖ਼ਾਹ ਨੂੰ ਪੂਰਾ ਕਰਨ ਵਾਸਤੇ ਮੰਗਲਵਾਰ ਸਵੇਰੇ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੋਵਾਂ ਨੇ ਇੱਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਦਰਸ਼ਨੀ ਡਿਉੜੀ ਦੇ ਬਾਹਰ ਬੈਠ ਕੇ ਸੇਵਾਦਾਰ ਵਿੱਚੋਂ ਸੇਵਾ ਕੀਤੀ ਹੈ। ਦੋਵੇਂ ਹੀ ਵੀਲ੍ਹ ਚੇਅਰ ‘ਤੇ ਬੈਠੇ ਹੋਏ ਸਨ ਅਤੇ ਉਨ੍ਹਾਂ ਨੇ ਸੇਵਾਦਾਰ ਵਾਲਾ ਨੀਲੇ ਰੰਗ ਦਾ ਚੋਲਾ ਪਾਇਆ ਹੋਇਆ ਸੀ ਤੇ ਹੱਥ ਵਿੱਚ ਬਰਛੇ ਫੜੇ ਹੋਏ ਸਨ। ਦੋਵਾਂ ਦੇ ਗਲੇ ਵਿੱਚ ਤਖ਼ਤੀਆਂ ਸਨ।
ਇਨ੍ਹਾਂ ਦੋਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਿਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਮੁੱਖ ਦੁਆਰ ‘ਤੇ ਇੱਕ ਘੰਟਾ ਸੇਵਾਦਾਰ ਵੱਜੋਂ ਸੇਵਾ ਨਿਭਾਉਣ ਦੀ ਤਨਖ਼ਾਹ ਲਾਈ ਗਈ ਹੈ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਲਈ ਬਣੇ ਪਖਾਨਿਆਂ ਦੀ ਸਫਾਈ ਦੀ ਸੇਵਾ, ਲੰਗਰ ਘਰ ਵਿੱਚ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ, ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦੀ ਸੇਵਾ ਅਤੇ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸੇਵਾ ਸੁਣਾਈ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਇਹ ਦੋ-ਦੋ ਦਿਨ ਵਾਸਤੇ ਇਹ ਸੇਵਾਵਾਂ ਪੂਰੀਆਂ ਕਰਨਗੇ।