ਸੁਖਬੀਰ ਬਾਦਲ ਧਾਮੀ ਨੂੰ ਮਨਾਉਣ ਵਿਚ ਕਾਮਯਾਬ ,ਬੰਦ ਕਮਰੇ ਵਿਚ ਮੀਟਿੰਗ

In ਪੰਜਾਬ
March 19, 2025
ਹੁਸ਼ਿਆਰਪੁਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਰਾਜ਼ੀ ਹੋ ਗਏ ਹਨ। ਧਾਮੀ ਨੇ ਕਿਹਾ ਕਿ ਉਹ ਅਗਲੇ ਤਿੰਨ ਚਾਰ ਦਿਨਾਂ ਵਿਚ ਸ੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲੈਣਗੇ। ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇਥੇ ਆਪਣੀ ਰਿਹਾਇਸ਼ ’ਤੇ ਬੰਦ ਕਮਰਾ ਮੀਟਿੰਗ ਮਗਰੋਂ ਇਹ ਗੱਲ ਕਹੀ। ਕਾਬਿਲੇਗੌਰ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਇਕ ਅਹਿਮ ਮੀਟਿੰਗ ਸਥਾਨਕ ਸੈਕਟਰ 5 ਸਥਿਤ ਉਪ ਦਫ਼ਤਰ ਵਿਖੇ ਸ਼ੋ੍ਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਹੋਈ ਸੀ, ਜਿਸ ਵਿਚ ਸ਼ੋ੍ਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਅੰਤਿ੍ੰਗ ਕਮੇਟੀ ਵਲੋਂ ਨਾਮਨਜ਼ੂਰ ਕਰ ਦਿੱਤਾ ਗਿਆ । ਮੀਟਿੰਗ ਉਪਰੰਤ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਨਾਮਨਜ਼ੂਰ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਦੀਆਂ ਸੇਵਾਵਾਂ ਤੁਰੰਤ ਸੰਭਾਲਣ ਲਈ ਉਨ੍ਹਾਂ ਦੇ ਘਰ ਜਾ ਕੇ ਬੇਨਤੀ ਕੀਤੀ ਜਾਵੇਗੀ । ਇਸਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਨਰਲ ਸਕੱਚਰ ਸ਼ੇਰ ਸਿੰਘ ਮੰਡਵਾਲਾ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਸੁਰਜੀਤ ਸਿੰਘ ਤੁਗਲਵਾਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਵਾਸਤੇ ਮਨਾਉਣ ਲਈ ਬੀਤੇ ਦਿਨੀਂ ਉਨ੍ਹਾਂ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ’ਤੇ ਪੁੱਜੇ ਸਨ। ਕਮੇਟੀ ਮੈਂਬਰਾਂ ਨੇ ਪੂਰਾ ਜ਼ੋਰ ਲਗਾਇਆ ਕਿ ਧਾਮੀ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕਰ ਦੇਣ, ਪਰ ਉਹ ਅਜਿਹਾ ਕਰਾਉਣ ਵਿਚ ਅਸਫਲ ਰਹੇ। ਪਰ ਸੁਖਬੀਰ ਸਿੰਘ ਬਾਦਲ ਆਖਿਰ ਉਨ੍ਹਾਂ ਨੂੰ ਮਨਾਉਣ ਵਿਚ ਸਫਲ ਹੋਏ। ਇਸ ਮੌਕੇ ਧਾਮੀ ਨੇ ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕਰਦਿਆਂ ਨਿੱਘੀ ਜੱਫੀ ਪਾਈ ਅਤੇ ਉਨ੍ਹਾਂ ਨੂੰ ਅੰਦਰ ਲੈ ਕੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੀ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਅਤੇ ਸਿੱਧੇ ਹੀ ਅੰਦਰ ਚਲੇ ਗਏ। ਧਾਮੀ ਦੀ ਸੁਖਬੀਰ ਬਾਦਲ ਨਾਲ ਬੰਦ ਕਮਰਾ ਮੀਟਿੰਗ ਹੋਈ। ਹੁਣ ਧਾਮੀ ਨੇ ਕਿਹਾ ਕਿ ਅੰਤਰਿਗ ਕਮੇਟੀ ਵਲੋਂ ਅਸਤੀਫਾ ਰੱਦ ਕਰ ਦੇਣ ਉਪਰੰਤ ਸਮੁੱਚੀ ਅਕਾਲੀ ਲੀਡਰਸ਼ਿਪ ਤੇ ਪੰਥਕ ਧਿਰਾਂ ਨਿਹੰਗ ਸਿੰਘ ਸੰਪਰਦਾਵਾਂ ਦੇ ਮੁਖੀ, ਦਮਦਮੀ ਟਕਸਾਲ, ਸਿੱਖ ਸੰਸਥਾਵਾਂ, ਸ਼੍ਰੋਮਣੀ ਕਮੇਟੀ ਮੈਂਬਰ ਦੇ ਆਖਣ ’ਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਹੁਦਾ ਮੁੜ ਸੰਭਾਲਣ ਦਾ ਫੈਸਲਾ ਕੀਤਾ ਹੈ ਅਤੇ ਉਹ ਦੋ ਚਾਰ ਦਿਨਾਂ ਅੰਦਰ ਇਹ ਸੇਵਾ ਸੰਭਾਲ ਲੈਣਗੇ। ਸ੍ਰੋਮਣੀ ਕਮੇਟੀ ਦਾ ਬਜਟ ਸੈਸ਼ਨ ਹੰਗਾਮੇ ਭਰਪੂਰ ਹੋਵੇਗਾ * ਬਾਦਲ ਦਲ ਵਿਰੋਧੀ ਧਿਰ ਜਥੇਦਾਰਾਂ ਨੂੰ ਹਟਾਉਣ ਵਿਰੁੱਧ ਮਸਲਾ ਉਛਾਲੇਗੀ ਇਹ ਤੈਅ ਹੈ ਕਿ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਸਤਾਵਿਤ ਬਜਟ ਸੈਸ਼ਨ ਵਿੱਚ ਹਫੜਾ-ਦਫੜੀ ਹੋਵੇਗੀ। ਇਜਲਾਸ ਦੇ ਤਹਿਤ, ਐਸਜੀਪੀਸੀ ਮੈਂਬਰਾਂ ਦਾ ਇੱਕ ਸਮੂਹ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਵਿਰੋਧ ਵਿੱਚ ਇੱਕ ਮਤਾ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸੇ ਇਜਲਾਸ ਵਿੱਚ, ਪ੍ਰਸਤਾਵ ਤਹਿਤ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਕਾਰਜਕਾਰੀ ਜਥੇਦਾਰ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਅਤੇ ਸਾਬਕਾ ਜਥੇਦਾਰਾਂ ਗਿਆਨੀ ਰਖਬੀਰ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕਰਨ ਲਈ ਆਵਾਜ਼ ਬੁਲੰਦ ਹੋਣੀ ਯਕੀਨੀ ਹੈ।ਪੰਥਕ ਸੂਤਰਾਂ ਅਨੁਸਾਰ, ਮਤੇ ਨੂੰ ਪਾਸ ਕਰਵਾਉਣ ਦੇ ਹੱਕ ਵਿੱਚ ਅਤੇ ਵਿਰੋਧੀ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਇਸ ਸੰਭਾਵੀ ਮਤੇ ਨੂੰ ਰੱਦ ਕਰਨ ਲਈ ਲਾਬਿੰਗ ਸ਼ੁਰੂ ਹੋ ਗਈ ਹੈ। ਦੇਖਣਾ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਬਾਅਦ ਕਿਵੇਂ ਸਥਿਤੀ ਸੰਭਾਲਦੇ ਹਨ।ਇਹੀ ਕਾਰਣ ਸੀ ਕਿ ਸੁਖਬੀਰ ਸਿੰਘ ਬਾਦਲ ਵਲੋਂ ਧਾਮੀ ਨੂੰ ਮਨਾਉਣ ਦਾ ਯਤਨ ਕੀਤਾ ਗਿਆ।ਸਮਝਿਆ ਜਾਂਦਾ ਹੈ ਕਿ ਬਾਦਲ ਧੜੇ ਕੋਲ ਧਾਮੀ ਸਿਵਾਇ ਕੋਈ ਤਜਰਬੇਕਾਰ ਪੰਥਕ ਲੀਡਰ ਨਹੀਂ ਹੈ ਜੋ ਉਲਝੀ ਸਥਿਤੀ ਸੰਭਾਲ ਸਕੇ।ਸੁਖਬੀਰ ਸਿੰਘ ਬਾਦਲ ਦੇ ਵਿਰੋਧ ਵਿਚ ਖੜੀ ਦਮਦਮੀ ਟਕਸਾਲ ਤੇ ਨਿਹੰਗ ਸਿੰਘ ਜਥੇਬੰਦੀਆਂ ਉਪਰ ਧਾਮੀ ਦਾ ਪ੍ਰਭਾਵ ਹੈ। ਦੂਜੇ ਪਾਸੇ, ਸੂਤਰਾਂ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਵੀ ਵਿਰੋਧੀ ਧਿਰ ਦੇ ਇਸ ਸੰਭਾਵੀ ਪ੍ਰਸਤਾਵ ਦੇ ਵਿਰੁੱਧ ਇਸ ਪ੍ਰਸਤਾਵ ਨੂੰ ਪੇਸ਼ ਨਾ ਹੋਣ ਦੇਣ ਲਈ ਤਿਆਰ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ 70-80 ਤੋਂ ਵੱਧ ਐਸਜੀਪੀਸੀ ਮੈਂਬਰ ਸਾਬਕਾ ਪਾਰਟੀ ਮੁਖੀ ਸੁਖਬੀਰ ਬਾਦਲ ਦੇ ਸੰਪਰਕ ਵਿੱਚ ਹਨ ਅਤੇ ਬਾਦਲ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ ਵੀ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਜਟ ਵਾਲੇ ਦਿਨ ਹਫੜਾ-ਦਫੜੀ ਦੀ ਸੰਭਾਵਨਾ ਦੇ ਵਿਚਕਾਰ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਦੇ ਪਾਸ ਹੋਣ ਦੀਆਂ ਸੰਭਾਵਨਾਵਾਂ ਕਾਫ਼ੀ ਘੱਟ ਗਈਆਂ ਹਨ। ਪਿਛਲੇ ਸਾਲ ਦਾ ਬਜਟ 1260 ਕਰੋੜ ਰੁਪਏ ਸੀ ਜਦੋਂ ਕਿ ਇਸ ਵਾਰ ਇਸਨੂੰ ਵਧਾ ਕੇ 1350 ਕਰੋੜ ਰੁਪਏ ਕੀਤੇ ਜਾਣ ਦੀ ਸੰਭਾਵਨਾ ਹੈ। ਪਰ ਜੇਕਰ ਇਸ ਬਜਟ ਸੈਸ਼ਨ ਦੌਰਾਨ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ, ਤਾਂ ਇਹ ਸੰਭਵ ਹੈ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਬਜਟ ਭਾਸ਼ਣ ਨਾ ਦੇ ਸਕਣ ਅਤੇ ਬਜਟ ਸਦਨ ਵਿੱਚ ਪੇਸ਼ ਨਾ ਕੀਤਾ ਜਾ ਸਕੇ। ਕਿਉਂਕਿ ਇਸ ਵਾਰ ਅਕਾਲੀ ਦਲ ਸਮਰਥਿਤ ਐਸਜੀਪੀਸੀ ਮੈਂਬਰ ਪਾਰਟੀ ਹਾਈਕਮਾਨ ਦਾ ਖੁੱਲ੍ਹ ਕੇ ਵਿਰੋਧ ਕਰਨ ਦੇ ਮੂਡ ਵਿੱਚ ਹਨ। ਇਸ ਹੰਗਾਮੇ ਦੌਰਾਨ ਜੇਕਰ ਬਾਦਲ-ਸਮਰਥਿਤ ਐਸਜੀਪੀਸੀ ਦੇ ਮੈਂਬਰ ਵੀ ਵਾਕਆਊਟ ਕਰ ਦਿੰਦੇ ਹਨ, ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

Loading