
ਮਾਲੇਰਕੋਟਲਾ/ਏ.ਟੀ.ਨਿਊਜ਼:
ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਲਈ ਗਠਿਤ ਕੀਤੀ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਇੱਥੋਂ ਦੇ ਮਿਲਨ ਪੈਲੇਸ ਵਿੱਚ ਕੀਤੇ ਗਏ ਮੈਂਬਰਸ਼ਿਪ ਭਰਤੀ ਸਮਾਗਮ ਨੂੰ ਜ਼ਿਲ੍ਹੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਭਰਤੀ ਕਮੇਟੀ ਦੇ ਮੈਂਬਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਦੇ ਪ੍ਰਬੰਧਾਂ ਹੇਠ ਕਰਵਾਏ ਸਮਾਗਮ ਵਿੱਚ ਜਿਥੇ ਐਡਵੋਕੇਟ ਝੂੰਦਾਂ ਦੇ ਨਾਲ ਭਰਤੀ ਕਮੇਟੀ ਦੇ ਮੈਂਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸੰਤਾ ਸਿੰਘ ਉਮੈਦਪੁਰੀ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਸ਼ਾਮਲ ਹੋਏ, ਉਥੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਜ਼ਿਲ੍ਹੇ ਵਿੱਚ ਆਪਣੇ ਵੱਡੀ ਗਿਣਤੀ ਸਮਰਥਕ ਅਕਾਲੀ ਆਗੂਆਂ ਤੇ ਵਰਕਰਾਂ ਸਣੇ ਮੌਜੂਦ ਰਹੇ। ਜ਼ਿਲ੍ਹਾ ਮਾਲੇਰਕੋਟਲਾ ਵਿੱਚ ਪਿਛਲੇ ਪੰਜ ਵਰਿ੍ਹਆਂ ਦੌਰਾਨ ਢੀਂਡਸਾ ਅਤੇ ਝੂੰਦਾਂ ਸਣੇ ਉਨ੍ਹਾਂ ਦੇ ਹਮਾਇਤੀ ਪਹਿਲੀ ਵਾਰ ਇੱਕ ਮੰਚ ’ਤੇ ਨਜ਼ਰ ਆਏ। ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਭਰਤੀ ਕਮੇਟੀ ਦੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ। ਅਕਾਲੀ ਦਲ ’ਤੇ ਕਾਬਜ਼ ਆਗੂਆਂ ਵੱਲੋਂ ਪਿਛਲੇ ਵਰਿ੍ਹਆਂ ਦੌਰਾਨ ਲਗਾਤਾਰ ਕੀਤੀਆਂ ਗ਼ਲਤੀਆਂ ਅਤੇ ਗੁਨਾਹਾਂ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਦਿੱਲੀ ਕਿਸਾਨ ਮੋਰਚੇ ਦੇ ਹੱਕ ਵਿੱਚ ਡਟਣ ਦੀ ਥਾਂ ਭਾਜਪਾ ਦੀ ਹਾਂ ਵਿੱਚ ਹਾਂ ਮਿਲਾਉਣ ਤੋਂ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੱਕ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ, ਪੰਜਾਬ ਪ੍ਰਸਤ ਅਤੇ ਕਿਸਾਨ ਹਿਤੈਸ਼ੀ ਸੋਚ ਨੂੰ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਅੱਜ ਜਿਹੜੀ ਲੜਾਈ ਕਿਸਾਨ ਜਥੇਬੰਦੀਆਂ ਲੜ ਰਹੀਆਂ ਹਨ, ਇਹ ਲੜਾਈ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਅਕਾਲੀ ਦਲ ਨੂੰ ਲੜਨੀ ਚਾਹੀਦੀ ਸੀ। ਭਰਤੀ ਕਮੇਟੀ ਦੇ ਮੈਂਬਰਾਂ ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾਂ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਪੰਜਾਬ ਦੇ ਸਿਆਸੀ ਮੰਚ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਗੈਰਹਾਜ਼ਰੀ ਨੂੰ ਬੇਹੱਦ ਮੰਦਭਾਗਾ ਅਤੇ ਚਿੰਤਾਜਨਕ ਦੱਸਦਿਆਂ ਕਿਹਾ ਕਿ ਅੱਜ ਅਕਾਲੀ ਦਲ ਦੀ ਗੈਰਹਾਜ਼ਰੀ ਕਾਰਨ ਪੰਜਾਬ ਨੂੰ ਦਿੱਲੀ ਦੇ ਧਾੜਵੀ ਦੋਵੇਂ ਹੱਥੀਂ ਲੁੱਟ ਰਹੇ ਹਨ ਅਤੇ ਯੂਨੀਵਰਸਿਟੀਆਂ, ਡੈਮਾਂ ਅਤੇ ਕੁਦਰਤੀ ਸਰੋਤ ਕੰਟਰੋਲ ਅਥਾਰਟੀਆਂ ਵਿੱਚੋਂ ਪੰਜਾਬ ਦੀ ਨੁਮਾਇੰਦਗੀ ਲਗਾਤਾਰ ਖਤਮ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਮੰਤਰੀ ਚੌਧਰੀ ਅਬਦੁਲ ਗਫਾਰ, ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਅਮਰਿੰਦਰ ਸਿੰਘ ਮੰਡੀਆਂ, ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ, ਜਥੇਦਾਰ ਮੇਘ ਸਿੰਘ ਗੁਆਰਾ ਆਦਿ ਮੌਜੂਦ ਸਨ।