ਸੁਖਬੀਰ ਬਾਦਲ ਬਣੇ ਅਕਾਲੀ ਦਲ ਬਾਦਲ ਦੇ ਮੁੜ ਪ੍ਰਧਾਨ

In ਮੁੱਖ ਖ਼ਬਰਾਂ
April 12, 2025
ਅੰਮ੍ਰਿਤਸਰ, 12 ਅਪਰੈਲ : : ਤੇਜਾ ਸਿੰਘ ਸਮੁੰਦਰੀ ਹਾਲ ਵਿਚ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਬੰਧੀ ਡੈਲੀਗੇਟ ਇਜਲਾਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਬ ਸੰਮਤੀ ਨਾਲ ਚੁਣ ਲਿਆ ਗਿਆ ਹੈ। ਉਨ੍ਹਾਂ ਦਾ ਨਾਂਅ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪੇਸ਼ ਕੀਤਾ, ਜਦੋਂ ਕਿ ਪਰਮਜੀਤ ਸਰਨਾ ਨੇ ਉਹਨਾਂ ਦੇ ਨਾਂਅ ਦੀ ਤਾਈਦ ਕੀਤੀ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਮਜੀਦ ਕੀਤੀ । ਡੈਲੀਗੇਟਾ ਕੋਲੋਂ ਪ੍ਰਧਾਨ ਦੇ ਉਮੀਦਵਾਰ ਵਾਸਤੇ ਹੋਰ ਨਾਂਅ ਦੀ ਪੇਸ਼ਕਸ਼ ਮੰਗੀ ਗਈ ਪਰ ਕੋਈ ਨਾਅ ਨਾ ਆਉਣ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਸਰਬ ਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨ ਦਿੱਤਾ ਗਿਆ। ਜਿਸ ਦੀ ਹਾਲ ਵਿੱਚ ਡੈਲੀਗੇਟਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ। ਇਸ ਤੋਂ ਪਹਿਲਾਂ ਮਤੇ ਪੜ੍ਹੇ ਗਏ, ਜਿਨ੍ਹਾਂ ਨੂੰ ਹਾਲ ਵਿੱਚ ਜੈਕਾਰਿਆਂ ਦੇ ਨਾਲ ਪ੍ਰਵਾਨ ਕੀਤਾ ਗਿਆ। ਇੱਕ ਮਤੇ ਰਾਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖ਼ਰ-ਏ-ਕੌਮ ਅਵਾਰਡ ਵਾਪਸ ਲੈਣ ਦੇ ਮਾਮਲੇ ਤੇ ਮੁੜ ਵਿਚਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਅੱਜ ਦੇ ਇਜਲਾਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਗੈਰ ਹਾਜ਼ਰ ਰਹੇ, ਜਿਸ ਕਾਰਨ ਸਿੱਖ ਹਲਕਿਆਂ ਵਿਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Loading