
ਬੀਤੇ ਦਿਨੀ ਬਹਿਬਲ ਕਲਾਂ ਗੋਲੀਕਾਂਡ ਵਿਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਪ੍ਰੈੱਸ ਕਾਨਫਰੰਸ ਕਰਕੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲ਼ੜਨ ਦਾ ਐਲਾਨ ਕਰ ਚੁਕੇ ਹਨ।ਜੇਕਰ ਉਹ ਮੈਦਾਨ ਵਿਚ ਉਤਰਦੇ ਹਨ ਤਾਂ ਇਥੇ ਬਾਦਲ ਅਕਾਲੀ ਦਲ ਲਈ ਵਡੀ ਚੁਣੌਤੀ ਹੋਵੇਗੀ।ਸੰਭਾਵਨਾ ਇਹ ਵੀ ਹੈ ਕਿ ਬਾਗੀ ਅਕਾਲੀ ਸੁਖਰਾਜ ਦੀ ਹਮਾਇਤ ਕਰ ਸਕਦੇ ਹਨ।ਉਨ੍ਹਾਂ ਆਪਣਾ ਉਮੀਦਵਾਰ ਨਾ ਖੜਾ ਕਰਨ ਦਾ ਐਲਾਨ ਕੀਤਾ ਹੈ।ਇਥੇ ਪਹਿਲਾਂ ਸੁਖਬੀਰ ਬਾਦਲ ਦਾ ਮਨ ਖੁਦ ਚੋਣ ਲੜਨ ਦਾ ਸੀ,ਪਰ ਹਰਦੀਪ ਸਿੰਘ ਡਿੰਪੀ ਢਿਲੋਂ ਵਲੋਂ ਆਪ ਪਾਰਟੀ ਦੀ ਸ਼ਮੂਲੀਅਤ ਕਰਨ ਬਾਅਦ ਇਹ ਵਿਚਾਰ ਤਿਆਗ ਦਿਤਾ ਹੈ।ਇਸ ਕਾਰਣ ਅਕਾਲੀ ਦਲ ਨੂੰ ਵਡਾ ਝਟਕਾ ਲਗਾ ਸੀ।ਹੁਣ ਬਾਦਲ ਅਕਾਲੀ ਦਲ ਵਲੋਂ ਕਿਸੇ ਹੋਰ ਉਮੀਦਵਾਰ ਦੇ ਚੋਣ ਕਰਨ ਦੀ ਸੰਭਾਵਨਾ ਹੈ।
ਪਰ ਸੁਖਰਾਜ ਦੇ ਇਸ ਐਲਾਨ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਨੂੰ ਵਡੀ ਚੁਣੌਤੀ ਮਿਲੀ ਹੈ।
ਸੁਖਰਾਜ ਨੇ ਕਿਹਾ ਸੀ ਕਿ ਉਹ ਆਜ਼ਾਦ ਚੋਣ ਪੰਥਕ ਉਮੀਦਵਾਰ ਵਜੋਂ ਲੜਨਗੇ। ਸੁਖਰਾਜ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ। ਬਹੁਤ ਸਾਰੀਆਂ ਜਥੇਬੰਦੀਆਂ ਸੁਖਰਾਜ ਦੀ ਹਮਾਇਤ ਉਪਰ ਹਨ।ਸੁਖਰਾਜ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਚੋਣ ਲੜਨ ਦਾ ਮਨ ਬਣਾਇਆ ਗਿਆ ਹੈ ਤਾਂ ਕੌਮ ਦੇ ਮਸਲਿਆ ਨੂੰ ਹੱਲ ਕਰਵਾਉਣ ਲਈ, ਕੌਮ ਦੀ ਅਵਾਜ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਸਾਨੂੰ ਖੁਦ ਨੂੰ ਵਿਧਾਨ ਸਭਾ ਦਾ ਰੁਖ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੁਝ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਪੂਰਨ ਭਰੋਸਾ ਦਵਾਇਆ ਗਿਆ ਹੈ ਉਹ ਅਗਾਮੀਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦਾ ਸਾਥ ਦੇਣਗੇ।
ਉਨ੍ਹਾਂ ਕਿਹਾ ਕਿ ਕਰੀਬ 9 ਸਾਲ ਬੀਤ ਜਾਣ ਬਾਅਦ ਵੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦਾ ਇਨਸਾਫ ਨਹੀਂ ਹੋਇਆ। ਬੇਅਦਬੀ ਤੇ ਗੋਲੀਕਾਂਡ ਮਾਮਲਿਆ ਦੇ ਇਨਸਾਫ ਨੂੰ ਆਧਾਰ ਬਣਾ ਕੇ ਪਹਿਲਾਂ ਕਾਂਗਰਸ ਪਾਰਟੀ ਨੇ 5 ਸਾਲ ਰਾਜ ਕੀਤਾ। ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਵੀ ਕਰੀਬ ਢਾਈ ਸਾਲ ਬੀਤ ਗਏ, ਪਰ ਕਿਸੇ ਨੇ ਵੀ ਕੌਮ ਨੂੰ ਇਨਸਾਫ ਦੇਣ ਵੱਲ ਇਕ ਵੀ ਕਦਮ ਨਹੀਂ ਵਧਾਇਆ।
ਸੁਖਰਾਜ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਖਿਲਾਫ 3 ਮੁਕਦਮੇਂ 295ਏ ਤਹਿਤ ਦਰਜ ਹਨ, ਪਰ ਪੰਜਾਬ ਸਰਕਾਰ ਦਾ ਗ੍ਰਹਿ ਸਕੱਤਰ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਡੇਰਾ ਮੁਖੀ ਖਿਲਾਫ ਧਾਰਾ 295ਏ ਤਹਿਤ ਕਾਰਵਾਈ ਸੁਰੂ ਕਰਨ ਲਈ ਮਨਜੂਰੀ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਇਸ ਸਭ ਤੋਂ ਸਾਫ ਜਾਹਰ ਹੈ ਕਿ ਸਰਕਾਰ ਸਿੱਖ ਕੌਮ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀ ਇਸੇ ਲਈ ਉਨ੍ਹਾਂ ਵੱਲੋਂ ਵੱਖ ਵੱਖ ਸਿੱਖ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਕਰ ਚੋਣ ਮੈਦਾਨ ਵਿਚ ਉਤਰਨ ਦਾ ਮਨ ਬਣਾਇਆ ਗਿਆ ਹੈ।