ਸੁਖੀ ਵਸੇ ਬਾਬਲ ਦਾ ਵਿਹੜਾ…….

In ਮੁੱਖ ਲੇਖ
September 18, 2025

ਜਸਪ੍ਰੀਤ ਕੌਰ ਮਠਾੜੂ
-ਹਰ ਔਰਤ ਦੇ ਚੇਤਿਆਂ ਵਿੱਚ ਉਸਦਾ ਪੇਕਾ ਘਰ ਹਮੇਸ਼ਾ ਹੀ ਵਸਿਆ ਰਹਿੰਦਾ ਹੈ। ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਸਦੇ ਪੇਕਿਆਂ ਤੋਂ ਹਮੇਸ਼ਾ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ। ਹਰ ਔਰਤ ਜਿਥੇ ਆਪਣੇ ਪਰਿਵਾਰ ਦੀ ਹਰ ਦਿਨ ਪਰਮਾਤਮਾ ਤੋਂ ਸੁੱਖ ਮੰਗਦੀ ਹੈ, ਉਥੇ ਉਹ ਆਪਣੇ ਪੇਕਿਆਂ ਦੀ ਸੁੱਖ ਲਈ ਵੀ ਪਰਮਾਤਮਾ ਅੱਗੇ ਬੇਨਤੀ ਕਰਨੀ ਨਹੀਂ ਭੁਲਦੀ। ਮਾਂ ਬਾਪ ਦੇ ਹੁੰਦਿਆਂ ਹਰ ਵਿਆਹੁਤਾ ਔਰਤ ਪੂਰੇ ਮਾਣ ਅਤੇ ਹੱਕ ਨਾਲ ਪੇਕੇ ਜਾਂਦੀ ਹੈ। ਮਾਪਿਆਂ ਦੇ ਤੁਰ ਜਾਣ ਤੋਂ ਬਾਅਦ ਅਕਸਰ ਅਨੇਕਾਂ ਔਰਤਾਂ ਦਾ ਪੇਕਿਆਂ ਦੇ ਘਰ ਆਉਣਾ ਜਾਣਾ ਘੱਟ ਹੋ ਜਾਂਦਾ ਹੈ, ਕਿਉਂਕਿ ਅਕਸਰ ਨਣਾਨ ਭਰਜਾਈ ਦੀ ਸੋਚ ਵਿੱਚ ਵਖਰੇਵਾਂ ਹੁੰਦਾ ਹੈ। ਇਸਦੇ ਬਾਵਜੂਦ ਵੱਡੀ ਗਿਣਤੀ ਔਰਤਾਂ ਆਪਣੇ ਸਕੇ ਭਰਾਵਾਂ ਨੂੰ ਆਪਣੇ ਸਾਰੀ ਉਮਰ ਦੇ ਮਾਪੇ ਸਮਝਦੀਆਂ ਹਨ। ਭਰਾ ਵੀ ਆਪਣੀ ਪੂਰੀ ਜਿੰਮੇਵਾਰੀ ਨਿਭਾਉਂਦੇ ਹਨ ਅਤੇ ਨਾਨਕ ਛੱਕਾਂ ਪੂਰਦੇ ਹਨ, ਜਿਸ ਕਰਕੇ ਅਕਸਰ ਭੈਣਾਂ ਕਹਿੰਦੀਆਂ ਹਨ ਕਿ ਛੱਕਾਂ ਪੂਰਦੇ ਅੰਮਾ ਦੇ ਜਾਏ, ਚਾਚੇ ਤਾਏ ਮਤਲਬ ਦੇ।
ਅਕਸਰ ਔਰਤਾਂ ਆਪਣੇ ਸਹੁਰੇ ਘਰ ਵਿੱਚ ਰਹਿੰਦਿਆਂ ਵੀ ਪੇਕਿਆਂ ਦੀ ਸੁੱਖ ਸਾਂਦ ਮੰਗਦੀਆਂ ਰਹਿੰਦੀਆਂ ਹਨ। ਔਰਤਾਂ ਹਮੇਸ਼ਾ ਚਾਹੁੰਦੀਆਂ ਹਨ ਕਿ ਉਹਨਾਂ ਦਾ ਪੇਕਿਆਂ ਦਾ ਘਰ ਵਸਦਾ ਰਹੇ। ਜਿਹੜੇ ਘਰ ਵਿੱਚ ਔਰਤ ਦਾ ਜਨਮ ਹੋਇਆ ਹੁੰਦਾ ਹੈ ਅਤੇ ਬਚਪਣ ਬੀਤਿਆ ਹੁੰਦਾ ਹੈ ਤੇ ਜਵਾਨੀ ਚੜ੍ਹੀ ਹੁੰਦੀ ਹੈ। ਉਸੇ ਘਰ ਨੂੰ ਵਿਆਹ ਤੋਂ ਬਾਅਦ ਹਰ ਔਰਤ ਨੂੰ ਛੱਡਣਾ ਪੈਂਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਘਰ ਨੂੰਹ ਨੇ ਸਾਂਭ ਲਿਆ, ਧੀ ਤੁਰ ਗਈ ਝਾੜ ਕੇ ਪੱਲੇ। ਪੇਕਿਆਂ ਦੀ ਯਾਦ ਹਰ ਔਰਤ ਨੂੰ ਸਾਰੀ ਉਮਰ ਆਉਂਦੀ ਰਹਿੰਦੀ ਹੈ। ਹਰ ਔਰਤ ਆਨੀ ਬਹਾਨੀ ਆਪਣੇ ਪੇਕਿਆਂ ਨੂੰ ਫੋਨ ਕਰਕੇ ਉਹਨਾਂ ਦੀ ਸੁਖ ਸਾਂਦ ਪੁੱਛਦੀ ਰਹਿੰਦੀ ਹੈ। ਹਰ ਔਰਤ ਆਪਣੇ ਬੱਚਿਆਂ ਤੋਂ ਵੱਧ ਆਪਣੇ ਭਤੀਜੇ ਭਤੀਜੀਆਂ ਨੂੰ ਪਿਆਰ ਕਰਦੀ ਹੈ।
ਅਕਸਰ ਔਰਤਾਂ ਆਪਣੇ ਪੇਕਿਆਂ ਦੇ ਪਿੰਡ/ਸ਼ਹਿਰ ’ਚ ਲੱਗੇ ਦਰਖ਼ਤਾਂ ਨੂੰ ਵੀ ਯਾਦ ਕਰਦੀਆਂ ਰਹਿੰਦੀਆਂ ਹਨ। ਅਕਸਰ ਔਰਤਾਂ ਸਹੁਰੇ ਘਰ ਬੈਠੀਆਂ ਕਹਿੰਦੀਆਂ ਹਨ-
ਪੇਕੇ ਪਿੰਡ ਦਿਆ ਪਿੱਪਲਾ,
ਪੌਣਾਂ ਹੱਥ ਸੁਨੇਹਾ ਦੇ ਦੇਈਂ ਵੇ।
ਹਰ ਨਵਵਿਆਹੁਤਾ ਮੁਟਿਆਰ ਨੂੰ ਤੀਆਂ ਮੌਕੇ ਪੇਕੇ ਜਾਣ ਦਾ ਬਹੁਤ ਚਾਅ ਹੁੰਦਾ ਹੈ। ਜੇ ਕਿਸੇ ਮੁਟਿਆਰ ਦਾ ਭਰਾ ਤੀਆਂ ਮੌਕੇ ਉਸ ਨੂੰ ਲੈਣ ਨਾ ਆਏ ਤਾਂ ਅਕਸਰ ਸੱਸ ਨਿਹੌਰੇ ਮਾਰਦੀ ਹੈ
ਤੈਨੂੰ ਤੀਆਂ ’ਤੇ ਲੈਣ ਨਾ ਆਏ,
ਨੀ ਬਹੁਤੇ ਭਰਾਵਾਂ ਵਾਲੀਏ
ਜਦੋਂ ਵੀਰ ਆਪਣੀ ਭੈਣ ਦੇ ਘਰ ਪਹੁੰਚਦਾ ਹੈ ਤਾਂ ਭੈਣ ਚਾਹੁੰਦੀ ਹੈ ਕਿ ਉਸਦੀ ਪੂਰੀ ਆਓ ਭਗਤ ਕੀਤੀ ਜਾਵੇ। ਅਕਸਰ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਸੱਸੇ ਤੇਰੀ ਮਹਿੰ ਮਰ ਜਾਵੇ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।
ਹਰ ਔਰਤ ਆਪਣੇ ਜਨਮ ਤੋਂ ਲੈ ਕੇ ਮੌਤ ਤਕ ਆਪਣੇ ਪੇਕਿਆਂ ਦੀ ਸੁੱਖ ਮੰਗਦੀ ਹੈ ਅਤੇ ਪੇਕਾ ਘਰ ਉਸਦੇ ਦਿਲ ਵਿੱਚ ਹਮੇਸ਼ਾ ਵਸਦਾ ਰਹਿੰਦਾ ਹੈ।

Loading