ਮਨਪ੍ਰੀਤ ਸਿੰਘ ਰੂਬੀ
ਚਰਖਾ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਜੀਵਨ ਦਾ ਇੱਕ ਅਹਿਮ ਹਿੱਸਾ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਪੰਜਾਬ ਦੇ ਹਰ ਘਰ ਵਿੱਚ ਚਰਖਾ ਮਿਲਦਾ ਸੀ। ਇਹ ਇੱਕ ਸਾਧਾਰਨ ਜਿਹੀ ਲੱਕੜ ਦੀ ਮਸ਼ੀਨ ਹੈ ਜਿਸ ਨੂੰ ਹੱਥ ਨਾਲ ਚਲਾ ਕੇ ਕਪਾਹ ਦੀ ਰੂੰ ਨੂੰ ਕੱਤਿਆ ਜਾਂਦਾ ਅਤੇ ਇਸ ਨਾਲ ਸੂਤ (ਧਾਗਾ) ਤਿਆਰ ਕੀਤਾ ਜਾਂਦਾ ਸੀ। ਚਰਖੇ ਨਾਲ ਤਿਆਰ ਕੀਤਾ ਧਾਗਾ ਕੱਪੜੇ ਤਿਆਰ ਕਰਨ ਲਈ ਵਰਤਿਆ ਜਾਂਦਾ ਸੀ। ਅਸਲ ਵਿੱਚ ਚਰਖਾ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਟੈਕਸਟਾਈਲ ਉਦਯੋਗ ਦੀ ਬੁਨਿਆਦ ਸੀ। ਉਸ ਧਾਗੇ ਨਾਲ ਹੀ ਫਿਰ ਅੱਗੋਂ ਕੱਪੜੇ ਤਿਆਰ ਕੀਤੇ ਜਾਂਦੇ ਸਨ। ਇਸ ਤਰ੍ਹਾਂ ਚਰਖਾ ਘਰੇਲੂ ਉਦਯੋਗ ਦਾ ਮਹੱਤਵਪੂਰਨ ਸਾਧਨ ਸੀ ਅਤੇ ਇਹ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਗੂੜ੍ਹੇ ਤੌਰ ’ਤੇ ਜੁੜਿਆ ਰਿਹਾ ਹੈ। ਸਮੇਂ ਦੇ ਨਾਲ ਨਾਲ ਚਰਖੇ ਦੀ ਬਣਤਰ ਤੇ ਰੂਪ ਬਦਲਦੇ ਰਹੇ ਹਨ।
ਪੰਜਾਬ ਦੇ ਪਿੰਡਾਂ ਵਿੱਚ ਆਮ ਕਰਕੇ ਦੁਪਹਿਰ ਵੇਲੇ ਜਾਂ ਖਾਲੀ ਸਮੇਂ ਦੌਰਾਨ ਮੁਟਿਆਰਾਂ ਇਕੱਠੀਆਂ ਬੈਠ ਕੇ ਚਰਖਾ ਕੱਤਦੀਆਂ ਸਨ। ਚਰਖੇ ਦੀ ਹੌਲੀ-ਹੌਲੀ ਘੁੰਮਦੀ ਧੁਨ ਨਾਲ ਉਹ ਮਿੱਠੇ ਲੋਕ-ਗੀਤ ਗਾਉਂਦੀਆਂ। ਇਸ ਨਾਲ ਮਾਹੌਲ ਖ਼ੁਸ਼ਗਵਾਰ ਹੋ ਜਾਂਦਾ ਸੀ ਅਤੇ ਕੰਮ ਵੀ ਆਸਾਨ ਲੱਗਦਾ ਸੀ। ਉਸ ਵੇਲੇ ਚਰਖਾ ਸਿਰਫ਼ ਇੱਕ ਮਸ਼ੀਨ ਨਹੀਂ ਸੀ, ਸਗੋਂ ਪੰਜਾਬੀ ਲੋਕ-ਸਾਹਿਤ, ਲੋਕ-ਗੀਤਾਂ ਅਤੇ ਰਵਾਇਤਾਂ ਦਾ ਵੀ ਅਟੁੱਟ ਹਿੱਸਾ ਰਿਹਾ ਹੈ। ਸਮੇਂ, ਖੇਤਰ ਅਤੇ ਜ਼ਰੂਰਤ ਅਨੁਸਾਰ ਚਰਖੇ ਦੇ ਰੂਪ ਵੀ ਬਦਲਦੇ ਰਹੇ ਹਨ। ਮੰਨਿਆ ਜਾਂਦਾ ਹੈ ਕਿ ਚਰਖੇ ਦਾ ਪ੍ਰਯੋਗ ਗਿਆਰ੍ਹਵੀਂ ਸਦੀ ਵਿੱਚ ਸ਼ੁਰੂ ਹੋਇਆ ਅਤੇ ਤੇਰ੍ਹਵੀਂ ਸਦੀ ਤੱਕ ਇਹ ਕਾਫ਼ੀ ਵਿਕਸਤ ਹੋ ਚੁੱਕਾ ਸੀ। ਕਈ ਦਹਾਕਿਆਂ ਪਹਿਲਾਂ ਤੱਕ ਚਰਖਾ ਹਰ ਘਰ ਦਾ ਸ਼ਿੰਗਾਰ ਹੁੰਦਾ ਸੀ। ਇੱਕ ਘਰ ਵਿੱਚ ਇੱਕ ਨਹੀਂ ਸਗੋਂ ਇੱਕ ਤੋਂ ਵੱਧ ਚਰਖੇ ਮਿਲ ਜਾਂਦੇ ਸਨ। ਜੇ ਕਹਿ ਲਿਆ ਜਾਵੇ ਕਿ ਘਰ ਵਿੱਚ ਜਿੰਨੀਆਂ ਸੁਆਣੀਆਂ ਹੁੰਦੀਆਂ ਸਨ, ਓਨੇ ਹੀ ਚਰਖੇ ਉਸ ਘਰ ਵਿੱਚ ਹੁੰਦੇ ਸਨ ਤਾਂ ਜੋ ਹਰ ਸੁਆਣੀ ਚਰਖਾ ਕੱਤ ਕੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰ ਸਕੇ। ਇਹੋ ਨਹੀਂ ਲੜਕੀ ਨੂੰ ਵਿਆਹ ਵੇਲੇ ਦਾਜ ਵਿੱਚ ਚਰਖਾ ਵੀ ਦਿੱਤਾ ਜਾਂਦਾ ਸੀ ਤਾਂ ਜੋ ਉਹ ਆਪਣੇ ਪਰਿਵਾਰ ਦੇ ਜੀਵਨ ਨਿਰਵਾਹ ਵਿੱਚ ਆਪਣਾ ਯੋਗਦਾਨ ਪਾ ਸਕੇ।
ਪੰਜਾਬੀ ਲੋਕ-ਗੀਤਾਂ ਵਿੱਚ ਚਰਖੇ ਦਾ ਬਹੁਤ ਸੋਹਣਾ ਵਰਣਨ ਮਿਲਦਾ ਹੈ। ਚਰਖੇ ਦੇ ਤੱਕਲੇ ਦੀ ਤੰਦ ਜੋੜਦਿਆਂ ਹੀ ਪੰਜਾਬੀ ਮੁਟਿਆਰ ਦੇ ਮੂੰਹੋਂ ਆਪ ਮੁਹਾਰੇ ਹੀ ਅਨੇਕਾਂ ਬੋਲ ਗੀਤ ਦੇ ਰੂਪ ਵਿੱਚ ਨਿਕਲ ਕੇ ਬਾਹਰ ਆਉਾਂਦੇਹਨ। ਪੁਰਾਣੇ ਸਮਿਆਂ ਵਿੱਚ ਗਰਮੀ ਦੀ ਦੁਪਹਿਰ ਨੂੰ ਮੁਟਿਆਰਾਂ ਦੀ ਜੁੜਦੀ ਢਾਣੀ ਜਿਸ ਨੂੰ ਪੰਜਾਬੀ ਸੱਭਿਆਚਾਰ ਵਿੱਚ ਤ੍ਰਿੰਝਣ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਵਿੱਚ ਚਰਖੇ ਦੀ ਸਰਦਾਰੀ ਹੁੰਦੀ ਸੀ। ਚਰਖਾ ਕੱਤਦੀਆਂ ਮੁਟਿਆਰਾਂ ਗੀਤਾਂ ਵਿੱਚ ਹੀ ਆਪਣੇ ਮਾਹੀ ਨੂੰ ਯਾਦ ਕਰਦੀਆਂ ਅਤੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਦਿੰਦੀਆਂ। ਅਸਲ ਵਿੱਚ ਕੁੜੀਆਂ ਛੋਟੀ ਉਮਰ ਵਿੱਚ ਹੀ ਚਰਖਾ ਚਲਾਉਣ ਦਾ ਹੁਨਰ ਸਿੱਖ ਲੈਂਦੀਆਂ ਸਨ ਅਤੇ ਸਾਥਣਾਂ ਨਾਲ ਮਿਲ ਕੇ ਚਰਖਾ ਕੱਤਦਿਆਂ ਹੀ ਆਪਣੇ ਕੰਤ ਦੇ ਸੁਪਨੇ ਵੀ ਸਿਰਜ ਲੈਂਦੀਆਂ ਸਨ। ਇਨ੍ਹਾਂ ਸੁਪਨਿਆਂ ਨੂੰ ਹੀ ਉਹ ਆਪਣੇ ਗੀਤ ਦੇ ਬੋਲਾਂ ਨਾਲ ਪ੍ਰਗਟ ਵੀ ਕਰਦੀਆਂ।
ਕੁੜੀਆਂ ਚਰਖਾ ਕੱਤਦਿਆਂ ਜਿੱਥੇ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਾਂਦੀਆਂਤੇ ਆਪਣਾ ਮਨੋਰੰਜਨ ਕਰਦੀਆਂ, ਉੱਥੇ ਚਰਖੇ ਦੀ ਆਵਾਜ਼ ਨਾਲ ਆਪਣੇ ਮਾਹੀ ਨੂੰ ਯਾਦ ਕਰਦੀਆਂ ਹਨ ਜਿਸ ਦੀ ਗਵਾਹੀ ਲੋਕ ਗੀਤ ਦੀਆਂ ਇਹ ਲਾਈਨਾਂ ਭਰਦੀਆਂ ਹਨ;
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ
ਮਾਹੀਆ ਮੈਨੂੰ ਯਾਦ ਆਂਵਦਾ।
ਮੇਰੇ ਦਿਲ ਵਿੱਚ ਉੱਠਦੀ ਏ ਘੂਕ
ਮਾਹੀਆ ਮੈਨੂੰ ਯਾਦ ਆਂਵਦਾ।
ਮੈਂ ਕੱਤਾ ਪ੍ਰੀਤਾਂ ਨਾਲ ਚਰਖਾ ਚੰਨਣ ਦਾ
ਸ਼ਾਵਾ ਚਰਖਾ ਚੰਨਣ ਦਾ।
ਚਰਖੇ ਦੀ ਘੂਕ (ਆਵਾਜ਼) ਬਹੁਤ ਦੂਰ ਤੱਕ ਮਾਰ ਕਰਦੀ ਸੀ ਜਿਸ ਤੋਂ ਜੋਗੀ ਵੀ ਬਚ ਨਹੀਂ ਸਕਦੇ ਸਨ। ਇਸ ਨੂੰ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਥਾਂ ਮਿਲੀ ਹੈ;
ਜੋਗੀ ਉਤਰ ਪਹਾੜੋਂ ਆਇਆ
ਚਰਖੇ ਦੀ ਘੂਕ ਸੁਣ ਕੇ।
ਇੱਕ ਹੋਰ ਲੋਕ-ਗੀਤ ਵਿੱਚ ਚਰਖੇ ਦੀ ਮਿੱਠੀ ਆਵਾਜ਼ ਅਤੇ ਆਪਣੇ ਪਿਆਰੇ ਦੀ ਯਾਦ ਦਾ ਵਰਣਨ ਮਿਲਦਾ ਹੈ;
ਕੱਤਾਂ ਚਰਖੇ ਦੇ ਘੂੰਗਰੂ ਵੱਜਣ
ਰਾਤੀਂ ਨੀਂਦ ਨਾ ਆਵੇ।
ਦਿਲ ਵਿੱਚ ਵੱਸਿਆ ਸੱਜਣ ਮੇਰਾ
ਯਾਦ ਉਸ ਦੀ ਸਤਾਵੇ।
ਇਹੋ ਨਹੀਂ ਸਗੋਂ ਚਰਖਾ ਬਣਾਉਣ ਵਾਲੇ ਕਾਰੀਗਰ ਦੀ ਵੀ ਗੀਤ ਵਿੱਚ ਸਿਫ਼ਤ ਇਸ ਤਰ੍ਹਾਂ ਕੀਤੀ ਗਈ ਮਿਲਦੀ ਹੈ;
ਕਾਰੀਗਰ ਨੂੰ ਦਿਓ ਵਧਾਈ, ਚਰਖਾ ਜਿਹਨੇ ਬਣਾਇਆ
ਰੰਗਲੇ ਮੁੰਨੇ, ਰੰਗਲੀਆਂ ਗੁੱਡੀਆਂ, ਗੋਲ ਮਝੇਰੂ ਪਾਇਆ
ਮੇਖਾਂ ਲਾਈਆਂ ਵਿੱਚ ਸੁਨਹਿਰੀ, ਹੀਰਿਆਂ ਜੜਤ ਜੜਾਇਆ
ਬੀੜੀਆਂ ਨਾਲ ਖਹੇ ਦਮਕੜਾ, ਤੱਕਲਾ ਫਿਰੇ ਸਵਾਇਆ।
ਕੱਤ ਲੈ ਕੁੜੀਏ ਨੀਂ, ਤੇਰੇ ਵਿਆਹ ਦਾ ਲਾਗੀ ਆਇਆ।
ਗੱਭਰੂ ਵੀ ਚਰਖੇ ਦੇ ਨਾਲ ਨਾਲ ਮੁਟਿਆਰ ਦੀ ਸਿਫ਼ਤ ਇਨ੍ਹਾਂ ਬੋਲਾਂ ਨਾਲ ਕਰਦਾ ੈ;
ਕੂਕੇ ਚਰਖਾ ਬਿਸ਼ਨੀਏ ਤੇਰਾ
ਲੋਕਾਂ ਭਾਵੇਂ ਮੋਰ ਬੋਲਦਾ।
ਚਰਖਾ ਕੱਤਣ ਦੀ ਮੁਹਾਰਤ ਰੱਖਣ ਵਾਲੀ ਮੁਟਿਆਰ ਵੀ ਆਪਣੀ ਮੰਗ ਆਪਣੇ ਪਿਆਰੇ ਅੱਗੇ ਕੁਝ ਇਸ ਤਰ੍ਹਾਂ ਰੱਖਦੀ ਹੈ;
ਮਾਂ ਮੇਰੀ ਨੇ ਚਰਖਾ ਦਿੱਤਾ
ਪੀੜ੍ਹੀ ਲੈ ਦੇ ਤੂੰ।
ਮੈਂ ਸਾਰੀ ਰਾਤ ਕੱਤਿਆ ਕਰੂੰ
ਕੱਤਿਆ ਕਰੂੰ ਤੇਰੀ ਰੂੰ।
ਚਰਖਾ ਪੰਜਾਬੀ ਔਰਤਾਂ ਦੀ ਮਿਹਨਤ, ਸਬਰ ਅਤੇ ਕਲਾ ਦਾ ਪ੍ਰਤੀਕ ਵੀ ਹੈ। ਅਸਲ ਵਿੱਚ ਔਰਤਾਂ ਪ੍ਰਾਚੀਨ ਸਮੇਂ ਆਪਣੀ ਮਿਹਨਤ ਨਾਲ ਚਰਖਾ ਕੱਤ ਕੇ ਰੂੰ ਤੋਂ ਧਾਗਾ ਤਿਆਰ ਕਰਦੀਆਂ ਅਤੇ ਘਰ ਦੀਆਂ ਲੋੜਾਂ ਪੂਰੀਆਂ ਕਰਦੀਆਂ ਸਨ। ਇਸ ਤਰ੍ਹਾਂ ਚਰਖਾ ਆਤਮ-ਨਿਰਭਰਤਾ ਅਤੇ ਸਾਦਗੀ ਦਾ ਪ੍ਰਤੀਕ ਵੀ ਰਿਹਾ ਹੈ।
ਪੰਜਾਬ ਦੇ ਇਤਿਹਾਸ ਤੇ ਆਜ਼ਾਦੀ ਦੀ ਲੜਾਈ ਵਿੱਚ ਵੀ ਚਰਖੇ ਦੀ ਖ਼ਾਸ ਥਾਂ ਹੈ। ਆਜ਼ਾਦੀ ਦੀ ਲਹਿਰ ਦੌਰਾਨ ਚਰਖਾ ਖੁਦਮੁਖਤਿਆਰੀ ਅਤੇ ਦੇਸੀ ਵਸਤਾਂ ਦਾ ਪ੍ਰਤੀਕ ਬਣ ਕੇ ਉੱਭਰਿਆ ਸੀ। ਭਾਰਤੀ ਲੋਕਾਂ ਨੂੰ ਆਪਣੇ ਕੱਪੜੇ ਆਪ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਵਿਦੇਸ਼ੀ ਵਸਤਾਂ ਦੀ ਵਰਤੋਂ ਘੱਟ ਹੋ ਸਕੇ। ਇਸ ਤਰ੍ਹਾਂ ਚਰਖੇ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ।
ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਚਰਖਾ ਪੰਜਾਬੀ ਸੱਭਿਆਚਾਰ, ਲੋਕ-ਗੀਤਾਂ ਅਤੇ ਪਰੰਪਰਾਵਾਂ ਦਾ ਅਟੁੱਟ ਹਿੱਸਾ ਹੈ। ਇਹ ਸਾਡੀ ਵਿਰਾਸਤ, ਮਿਹਨਤ ਅਤੇ ਸਾਦਗੀ ਦਾ ਪ੍ਰਤੀਕ ਹੈ। ਸਮੇਂ ਦੀ ਚਾਲ ਅਤੇ ਆਧੁਨਿਕਤਾ ਦੀ ਮਾਰ ਚਰਖੇ ਨੂੰ ਝੱਲਣੀ ਪਈ ਹੈ। ਕਿਸੇ ਸਮੇਂ ਹਰ ਘਰ ਦਾ ਸ਼ਿੰਗਾਰ ਮੰਨਿਆ ਜਾਂਦਾ ਚਰਖਾ ਹੁਣ ਗਾਇਬ ਹੋ ਚੁੱਕਾ ਹੈ। ਹੁਣ ਚਰਖਾ ਕੇਵਲ ਅਜਾਇਬ ਘਰਾਂ, ਪ੍ਰਦਰਸ਼ਨੀਆਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ। ਅੱਜ ਆਧੁਨਿਕਤਾ ਦੇ ਦੌਰ ਵਿੱਚ ਵੀ ਆਪਣੀ ਇਸ ਵਿਰਾਸਤ ਨੂੰ ਸਾਂਭ ਕੇ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਦੀ ਮਹੱਤਤਾ ਬਾਰੇ ਜਾਣੂ ਕਰਾਉਣਾ ਸਮੇਂ ਦੀ ਵੱਡੀ ਲੋੜ ਹੈ ਤਾਂ ਜੋ ਇਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਜਿਉਂਦਾ ਰੱਖਿਆ ਜਾ ਸਕੇ।
![]()
