ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ 1961 ਨੂੰ ਪਿੰਡ ਖੇੜੀ ਨੋਧ ਸਿੰਘ ਜ਼ਿਲ੍ਹਾ ਫ਼ਤਿਹਗ੍ਹੜ ਸਾਹਿਬ ਵਿਖੇ ਪਿਤਾ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਅਤੇ ਮਾਤਾ ਲੀਲਾਵਤੀ ਦੀ ਕੱੁਖੋਂ ਹੋਇਆ। ਇਸ ਦੇ ਪਿਤਾ ਬਹੁਤ ਵਧੀਆ ਗਾ ਲੈਂਦੇ ਸਨ, ਆਪਣੀ ਗਾਇਕੀ ਦੀ ਸੇਵਾ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਕਰਦੇ ਰਹਿੰਦੇ। ਸਰਦੂਲ ਸਿਕੰਦਰ ਨੇ ਆਪਣੀ ਗਾਇਕੀ ਆਪਣੇ ਪਿਤਾ ਕੋਲੋਂ ਸਿੱਖੀ ਪਰ ਇਹ ਚਰਨਜੀਤ ਅਹੂਜਾ ਨੂੰ ਆਪਣਾ ਉਸਤਾਦ ਮੰਨਦਾ। ਇਹ ਪਰਿਵਾਰ ਸੰਗੀਤ ਦੇ ਪਟਿਆਲਾ ਘਰਾਣੇ ਨਾਲ ਸਬੰਧਿਤ ਹੈ।
ਸਰਦੂਲ ਸਿਕੰਦਰ ਹੋਰੀ ਤਿੰਨ ਭਰਾ ਸਨ ਸਭ ਤੋਂ ਵੱਡਾ ਗਮਦੂਰ, ਇਸ ਤੋਂ ਛੋਟਾ ਭਰਭੂਰ ਅਲੀ, ਸਭ ਤੋਂ ਛੋਟਾ ਸਰਦੂਲ ਸਿਕੰਦਰ ਸੀ। ਸਰਦੂਲ ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਬੱਬਰ ਸ਼ੇਰ ਹੁੰਦਾ ਹੈ। ਸਿਕੰਦਰ ਸ਼ਬਦ ਸਿਕੰਦਰ ਮਹਾਨ ਹੋਣ ਕਰਕੇ ਇਸ ਦੇ ਨਾਮ ਨਾਲ ਦਰਸ਼ਕਾਂ ਨੇ ਲਾ ਦਿੱਤਾ। ਇਹ ਤਿੰਨੇ ਭਰਾ 1976-77 ਵਿੱਚ ਬਹੁਤ ਵਧੀਆ ਧਾਰਮਿਕ ਪ੍ਰੋਗਰਾਮ ਕਰਦੇ ਸਨ। ਸਰਦੂਲ ਸਿਕੰਦਰ ਬਹੁਤ ਵਧੀਆ ਕੀਰਤਨ ਕਰ ਲੈਂਦਾ ਸੀ। ਪਰ ਅਫ਼ਸੋਸ ਅੱਜ ਤਿੰਨੇ ਭਰਾ ਹੀ ਇਸ ਦੁਨੀਆਂ ’ਤੇ ਨਹੀ ਹਨ।
ਸਰਦੂਲ ਸਿਕੰਦਰ ਦਾ ਵਿਆਹ ਫ਼ਿਲਮੀ ਕਲਾਕਾਰ ਅਮਰ ਨੂਰੀ ਨਾਲ 1993 ਵਿੱਚ ਹੋਇਆ। ਇਸ ਦੇ ਘਰ ਦੋ ਪੁਤਰਾਂ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਨੇ ਜਨਮ ਲਿਆ, ਦੋਵੇ ਹੀ ਸੰਗੀਤਕ ਇੰਡਸਟਰੀ ਨਾਲ ਜੁੜੇ ਹੋਏ ਹਨ।
ਸਰਦੂਲ ਸਿਕੰਦਰ ਨੇ ਆਪਣੀ ਗਾਇਕੀ ਦੀ ਸ਼ੁਰੂਆਤ 1980 ਵਿੱਚ ਰੇਡੀਓ ਅਤੇ ਟੈਲੀਵੀਜ਼ਨ ਤੋਂ ਸ਼ੁਰੂ ਕੀਤੀ। ਸਰਦੂਲ ਸਿਕੰਦਰ ਇੱਕ ਵਾਰ ਦਿੱਲੀ ਐਚ ਐਮ ਵੀ ਕੰਪਨੀ ਵਿੱਚ ਕਰਤਾਰ ਰਮਲੇ ਦੇ ਗੀਤ ਵਿੱਚ ਤੂੰਬੀ ਵਜਾਉਣ ਗਿਆ ਉੱਥੇ ਇਹ ਆਪਣੀ ਆਵਾਜ਼ ਵਿੱਚ ਗੁਣ ਗੁਣਾ ਰਿਹਾ ਸੀ ਅਤੇ ਇਸ ਦੀ ਆਵਾਜ਼ ਕੰਪਨੀ ਦੇ ਕੰਨੀ ਪੈ ਗਈ। ਕੰਪਨੀ ਨੇ ਇਸ ਨੂੰ ਰਿਕਾਡਿੰਗ ਲਈ ਹਾਮੀ ਭਰ ਦਿੱਤੀ। ਇਹ ਮਜ਼ਾਕੀਆ ਸੁਭਾਹ ਦਾ ਇੰਨਸਾਨ ਸੀ ਇਹ ਹੋਰ ਵਿਅਕਤੀਆਂ ਦੀ ਬੋਲੀ ਆਪਣੀ ਆਵਾਜ਼ ਵਿੱਚ ਸਹਿਜੇ ਹੀ ਬੋਲ ਲੈਂਦਾ ਸੀ। ਲਗਭਗ 1980 ਨੂੰ ਐਚ ਐਮ ਵੀ ਕੰਪਨੀ ਵਿੱਚ ਇਸ ਦੀ ਇਕ ਕੈਸਿਟ ‘ਆ ਗਈ ਰੋਡਵੇਜ਼ ਦੀ ਲਾਰੀ’ ਆਈ ਇਸ ਗੀਤ ਵਿੱਚ ਇਸ ਨੇ ਕਈ ਕਲਾਕਾਰਾਂ ਦੇ ਸਟਾਇਲ ਨੂੰ ਆਪਣੀ ਆਵਾਜ਼ ਵਿੱਚ ਗਾਇਆ ਜੋ ਬੇਹੱਦ ਮਕਬੂਲ ਹੋਇਆ ਸੀ ਅਤੇ ਇਸ ਗੀਤ ਤੋਂ ਹੀ ਇਸ ਦੀ ਗਾਇਕੀ ਦਾ ਮੁੱਢ ਬੱਝਿਆ ਸੀ।
ਜਦ ਸਾਡੀ ਪੰਜਾਬੀ ਗਾਇਕੀ ’ਤੇ ਪੱਛਮੀ ਸੱਭਿਆਚਾਰ ਦਾ ਅਸਰ ਹੋਣ ਲੱਗਿਆ ਤਾਂ ਸਾਡੇ ਗਾਇਕਾਂ ਨੇ ਆਪਣੀ ਗਾਇਕੀ ਦੀ ਟਿਊਨ ਬਦਲਣੀ ਸ਼ੁਰੂ ਕਰ ਦਿੱਤੀ ਫਿਰ ਇਸ ਨੇ ਸਮਸ਼ੇਰ ਸੰਧੂ ਦਾ ਲਿਖਿਆ ਗੀਤ ਗਾਇਆ ‘ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ ’ ਇਹ ਗੀਤ ਬੇਹੱਦ ਮਕਬੂਲ ਹੋਇਆ।
ਇਸ ਦੇ ਹੋਰ ਗੀਤ, ਸਿੱਖ ਲੈ ਕਲਿਹਰੀਆ ਮੋਰਾ ਤੁਰਨਾ ਤੋਰ ਪੰਜਾਬਣ ਦੀ, ਫੁੱਲਾਂ ਦੀਏ ਕੱਚੀਏ ਵਪਾਰਨੇ, ਸਾਡਿਆਂ ਪਰਾਂ ਤੋਂ ਸਿੱਖੀ ਉਡਣਾ, ਇੱਕ ਚਰਖ਼ਾ ਗਲੀ ਦੇ ਵਿੱਚ ਡਾਹ ਲਿਆ, ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ, ਭਾਬੀਏੇ ਗਿੱਧੇ ਦੇ ਵਿੱਚ ਨੱਚ ਲੈ, ਤੇਰਾ ਲਿਖਦੂ ਸਫੈਦਿਆਂ ’ਤੇ ਨਾਂ ਆਦਿ ਬਹੁਤ ਸਾਰੇ ਹਿਟ ਗੀਤ ਗਾ ਕੇ ਸਰੋਤਿਆਂ ਦੀ ਝੋਲੀ ਪਾਏ। ਸਰਦੂਲ ਸਿਕੰਦਰ ਨੇ ਲਗਭਗ 50 ਦੇ ਕਰੀਬ ਸੰਗੀਤ ਦੀਆਂ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ।
ਇਸ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਜਿਵੇ ਜੱਗਾ ਡਾਕੂ, ਖੁਸ਼ੀਆਂ, ਪਿੰਡ ਦੀ ਕੁੜੀ, ਚੂੜੀਆਂ, ਪੰਚਾਇਤ, ਪੁਲੀਸ ਇੰਨ ਪੋਲੀਵੁਡ ਆਦਿ ਫਿਲਮਾਂ ਵਿੱਚ ਕੰਮ ਕੀਤਾ।
ਸਰਦੂਲ ਸਕੰਦਰ ਦੇ ਸਰੀਰ ਛੱਡਣ ਤੋਂ ਪੰਜ ਸਾਲ ਪਹਿਲਾਂ ਸਰਦੂਲ ਸਿਕੰਦਰ ਦਾ ਗੁਰਦਾ ਬਦਲੀ ਕੀਤਾ ਗਿਆ ਇਹ ਗੁਰਦਾ ਅਮਰ ਨੂਰੀ ਵੱਲੋਂ ਦਿੱਤਾ ਗਿਆ ਸੀ। ਕਰੋਨਾ ਦੀ ਲਹਿਰ ਵੇਲੇ ਦਸੰਬਰ 2020 ਵਿੱਚ ਸਰਦੂਲ ਸਿਕੰਦਰ ਨੂੰ ਕਰੋਨਾ ਪਾਜ਼ਿਟਵ ਆ ਗਿਆ ਅਤੇ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਸੀ। ਇਸ ਕਰਕੇ ਡੇਢ ਮਹੀਨਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਰਿਹਾ, ਉਹ ਦਿਲ ਅਤੇ ਸ਼ੂਗਰ ਦਾ ਮਰੀਜ਼ ਵੀ ਸੀ ਉਸ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਕਰਕੇ 24 ਫ਼ਰਵਰੀ 2021 ਨੂੰ ਸਾਡੇ ਕੋਲੋ ਸਦਾ ਲਈ ਵਿੱਛੜ ਗਿਆ। 25 ਫ਼ਰਵਰੀ 2021 ਨੂੰ ਉਸ ਦੇ ਪਿੰਡ ਖੇੜੀਨੋਧ ਸਿੰਘ ਵਿਖੇ ਸਪੁਰਦ-ਏ-ਖਾਕ ਕੀਤਾ ਗਿਆ।
ਸੁਖਵਿੰਦਰ ਸਿੰਘ ਮੁੱਲਾਂਪੁਰ