ਪ੍ਰਮਿੰਦਰ ਸਿੰਘ ਪ੍ਰਵਾਨਾ :
ਵਿਦੇਸ਼ੀ ਹਮਲਾਵਰਾਂ ਅਤੇ ਧਾੜਵੀਆਂ ਦੇ ਨਾਲ ਇਸਲਾਮ ਵਿੱਚ ਸੂਫ਼ੀਆਂ ਦੀ ਆਮਦ ਭਾਰਤ ਵਿੱਚ 1192 ਦੀ ਮੰਨੀ ਜਾਂਦੀ ਹੈ। ਸਾਰੇ ਧਰਮਾਂ ਦਾ ਮੁਲਅੰਕਣ ਅਤੇ ਸ਼ਾਂਤੀ ਦਾ ਵਿਚਕਾਰਲਾ ਰਸਤਾ ਲੱਭਣ ਲਈ ਭਗਤੀ ਲਹਿਰ ਉੱਠੀ। ਇਸ ਲਹਿਰ ਦਾ ਆਰੰਭ ਮੱਧ ਕਾਲੀਨ ਸਤਵੀਂ ਸਦੀ ਵਿੱਚ ਦੱਖਣ ਭਾਰਤ ਵਿੱਚ ਹੋਇਆ। ਅੱਗੇ ਉੱਤਰੀ ਭਾਰਤ ਅਤੇ ਮੱਧ ਏਸ਼ੀਆ ਤੱਕ ਫ਼ੈਲ ਗਈ। ਇਹ ਲਹਿਰ ਸਮੇਂ ਦੇ ਪ੍ਰਚਲਿਤ ਝੂਠੇ ਕਰਮਕਾਂਡਾਂ, ਵਹਿਮਾਂ, ਭਰਮਾਂ ਅਤੇ ਮੂਰਤੀ ਪੂਜਾ ਦੇ ਵਿਰੋਧ ਵਿੱਚ ਖੜੀ ਹੋਈ। ਭਗਤਾਂ, ਨਾਥਾਂ, ਜੋਗੀਆਂ ਅਤੇ ਸੂਫ਼ੀਆਂ ਦੀ ਤਰਜ਼ ’ਤੇ ਸਨਾਤਨੀ ਬੋਲੀ ਦੀ ਥਾਂ ਲੋਕ ਭਾਸ਼ਾ ਸੰਤ ਭਾਸ਼ਾ ਰਾਹੀਂ ਰਾਗਾਂ ਵਿੱਚ ਗਾ ਕੇ ਪ੍ਰਚਾਰ ਕੀਤਾ। ਦੂਰ ਦੂਰ ਜਾ ਕੇ ਪ੍ਰਚਾਰ ਕਰਨ ਨਾਲ ਪ੍ਰਚਾਰਕਾਂ ਦੀ ਹਰਮਨਪਿਆਰਤਾ ਵੱਧਦੀ ਗਈ। ਸੂਫ਼ੀ ਘੱਟ ਗਿਣਤੀ ਵਿੱਚ ਸਨ ਪਰ ਖੁੱਲ੍ਹੇ ਵਿਚਾਰਾਂ ਦੇ ਸਨ। ਧਾਰਮਿਕ ਬੰਧਨਾਂ ਵਿੱਚ ਨਹੀਂ ਬੱਝੇ ਸਨ। ਉਹਨਾਂ ਨੇ ਮਨੁੱਖਤਾ ਵਿੱਚ ਪਿਆਰ ਦੀ ਗੱਲ ਤੋਰੀ। ਸਾਂਝੇ ਸੱਭਿਆਚਾਰ ਨੂੰ ਅਪਨਾਇਆ ਅਤੇ ਛੇਤੀ ਹੀ ਸਥਾਪਤ ਹੋ ਗਏ। ਉਹਨਾਂ ਦੀ ਜਿੰਦਾਦਿਲੀ ਤੋਂ ਪ੍ਰਭਾਵਿਤ ਹੋ ਕੇ ਲੋਕ ਉਹਨਾਂ ਦੀਆਂ ਖਾਨਗਾਹਾਂ ਵੱਲ ਖਿੱਚੇ ਗੲੈ। ਹੇਠਲੇ ਵਰਗ ਨਾਲ ਨੇੜਤਾ ਵੱਧਣ ਲੱਗੀ।
ਬਾਬਾ ਫ਼ਰੀਦ ਜੀ ਪਹਿਲੇ ਪੜਾ ਦੇ ਸੂਫ਼ੀ ਕਵੀ ਸਨ। ਬਾਹੂ ਗੁਰੂ ਨਾਨਕ ਕਾਲ ਦਾ ਸੂਫ਼ੀ ਕਵੀ ਮੰਨਿਆ ਜਾਂਦਾ ਹੈ। ਬਾਹੂ ਸਰਵਰੀ ਕਾਦਰੀ ਸੂਫ਼ੀ ਸੰਪਰਦਾ ਦਾ ਮੋਢੀ ਮੁਸਲਮਾਨ ਸੂਫ਼ੀ ਸੰਤ ਸੀ। ਪੰਜਾਬੀ ਸਾਹਿਤ ਵਿੱਚ ਕਾਦਰੀ ਸੰਪਰਦਾ ਦੇ ਸੂਫ਼ੀ ਕਵੀ ਸ਼ਾਹ ਹੁਸੈਨ ਤੋਂ ਬਾਅਦ ਦੂਸਰਾ ਮਹਾਨ ਕਵੀ ਹੈ। ਉਹ ਸਰਵਉੱਚ ਸੂਫ਼ੀਆਂ ਵਿੱਚ ਦਰਵੇਸ਼ ਗਿਣਿਆ ਜਾਂਦਾ ਹੈ। ਸੂਫ਼ੀ ਕਾਵਿ ਧਾਰਾ ਅਧਿਆਤਮਕ ਸਾਹਿਤ ਦੀ ਮਹੱਤਵਪੂਰਨ ਧਾਰਾ ਹੈ, ਜਿਸ ਵਿੱਚ ਬਾਹੂ ਦਾ ਵੱਡਾ ਨਾਉਂ ਹੈ।
ਬਾਹੂੁ ਦਾ ਜਨਮ ਪਿੰਡ ਅਵਾਣ ਝੰਗ ਵਿੱਚ ਪਿਤਾ ਜਿੰਮੀਦਾਰ ਬਾਜ਼ੀਦ ਮੁਹੰਮਦ ਅਤੇ ਮਾਤਾ ਬੀਬੀ ਰਾਸਤੀ ਕਦਮ ਸਰਾ ਦੇ ਘਰ 1628 ਵਿੱਚ ਹੋਇਆ। ਉਹਨਾਂ ਦੇ ਵਡੇਰੇ ਕਰਬਲਾਂ ਦੀ ਜੰਗ ਤੋਂ ਬਾਅਦ ਪਹਿਲਾਂ ਜੇਹਲਮ ਦਰਿਆ ਦੇ ਕੰਢੇ ਪਿੰਡ ਦਾਦਨਖਾ ਵਿੱਚ ਆਬਾਦ ਹੋਏ। ਉਸ ਦੇ ਪਿਤਾ ਨੂੰ ਮੁਗਲ ਸਮਰਾਟ ਸ਼ਾਹ ਜਹਾਂ ਵੱਲੋਂ ਝਨਾਂ ਦੇ ਕੰਢੇ ਕਹਿਰਗਾਨ ਵਿੱਚ ਜਗੀਰ ਮਿਲੀ ਸੀ। ਬਾਹੂ ਬਚਪਨ ਵਿੱਚ ਹੀ ਰੱਬੀ ਨੂਰ ਸੀ। ਮੁੱਢਲੀ ਸਿੱਖਿਆ ਉਸ ਨੇ ਆਪਣੀ ਅਧਿਆਤਮਕ ਮਾਤਾ ਕੋਲੋਂ ਪ੍ਰਾਪਤ ਕੀਤੀ।
ਉੱਚ ਸਿੱਖਿਆ ਲਈ ਜਦੋਂ ਉਹ ਨਿਕਲਿਆ ਤਾਂ ਮੁਲਤਾਨ ਜਾ ਕੇ ਹਜਰਤ ਬਹਾਊ ਅਲ ਹਕ ਮੁਲਤਾਨੀ ਦੇ ਮੰਜਾਰ ’ਤੇ ਚਿਲਿਆ ਕਮਾਇਆ। ਫ਼ਿਰ ਹਬੀਬ ਉਲ ਕਾਦਰੀ ਨੂੰ ਆਪਣਾ ਪੀਰ ਧਾਰਿਆ। ਅਖੀਰ ਉਹ ਦਿੱਲੀ ਜਾ ਕੇ ਉਹ ਸੱਯਦ ਅਬਦੁਲ ਰਹਿਮਾਨ ਦਾ ਮੁਰੀਦ ਬਣ ਗਿਆ ਅਤੇ ਉਚ ਕੋਟੀ ਦੀ ਅਧਿਆਤਮਕ ਵਿਦਿਆ ਪ੍ਰਾਪਤ ਕੀਤੀ। ਉਸ ਦੀਆਂ ਅਰਬੀ ਤੇ ਫ਼ਾਰਸੀ ਵਿੱਚ 140 ਰਚਨਾਵਾਂ ਹਨ, ਜੋ ਸੂਫ਼ੀ ਸਿਧਾਂਤ ’ਤੇ ਹਨ। ਉਸ ਦੀਆਂ ਫ਼ਾਰਸੀ ਵਿੱਚ 50 ਗ਼ਜ਼ਲਾਂ ‘ਦੀਵਾਨੇ ਬਾਹੂ’ ਦਾ ਪੰਜਾਬੀ ਅਨੁਵਾਦ ਮੌਲਵੀ ਮੁਹੰਮਦ ਅਲਾਦੀਨ ਕਾਦਰੀ ਸਰਵਰ ਨੇ ਕੀਤਾ। ਪੰਜਾਬੀ ਵਿੱਚ ਉਸ ਦੀਆਂ ਕਾਫ਼ੀਆਂ ਤੇ ਸੀਹਰਫ਼ੀਆਂ ਬਹੁਤ ਪ੍ਰਸਿੱਧ ਹਨ। ਸੀਹਰਫ਼ੀ ਫ਼ਾਰਸੀ ਦਾ ਸ਼ਬਦ ਭਾਵ ‘ਤੀਹ ਅੱਖਰੀ’ ਬਾਹੂ ਸੀਹਰਫ਼ੀ ਕਾਵਿ ਦਾ ਮੋਢੀ ਸੂਫ਼ੀ ਕਵੀ ਹੈ। ਬਾਹੂ ਰਚਨਾ ਦੀ ਤੁਕ ਤੋਂ ਬਾਅਦ ‘ਹੂ’ ਸੰਗੀਤਕ ਲੈਅ ਭਰਦਾ ਹੈ ਅਤੇ ਉਸ ਨੂੰ ਬਾਕੀ ਕਵੀਆਂ ਤੋਂ ਵੱਖਰਾ ਕਰਦਾ ਹੈ।
ਬਾਹੂ ਦੀ ਕਾਵਿ ਰਚਨਾ ਦੀ ਸਾਦੀ ਭਾਸ਼ਾ ਵਿੱਚ ਸਾਦਗੀ ਅਤੇ ਮਿਠਾਸ ਦੇ ਵਿਚਾਰਾਂ ਦਾ ਸੁਮੇਲ ਹੈ। ਉਪਰੰਤ ਬੌਧਿਕ ਅੰਸ਼ ਹੈ। ਆਤਮ ਸ਼ੁੱਧੀ ਅਤੇ ਸ਼ੁਭ ਅਮਲਾਂ ਦੀ ਪ੍ਰੇਰਣਾ ਹੈ। ਉਸ ਦੇ ਕਲਾਮ ਨੂੰ ਕੱਵਾਲਾਂ ਨੇ ਗਾਇਆ ਵੀ ਹੈ। ਉਸ ਦੀ ਕਵਿਤਾ ਨੇ ਅਨੁੱਠੀ ਛਾਪ ਛੱਡੀ ਹੈ। ਆਪਣੀ ਰਚਨਾ ਵਿੱਚ ਇਸ਼ਕ ਹਕੀਕੀ ਪ੍ਰਭੂ ਪ੍ਰਾਪਤੀ ਲਈ ਉਹ ਵਿਖਾਵੇ ਅਤੇ ਕਰਮਕਾਂਡਾਂ ਦੀ ਵਿਅੰਗਮਈ ਨਿਖੇਧੀ ਕਰਦਾ ਹੈ। ਆਪਾ ਵਾਰਨ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਉਸ ਸਭ ਬੰਧਨਾਂ ਤੋਂ ਉਪਰ ਉਠ ਕੇ ਰੱਬ ਦੀ ਰਜ਼ਾ ਦਾ ਇੱਛੁਕ ਹੈ। ਉਸ ਦੀ ਰਚਨਾ ਵਿੱਚ ਰੱਬ ਬਾਰੇ ਜਾਨਣਾ ਅਤੇ ਮੁਹੱਬਤ ਰਾਹੀਂ ਉਸ ਦੀ ਪ੍ਰਾਪਤੀ ਕਰਨਾ ਹੈ
ਕਾਫ਼ ਕਰ ਮੁਹਬਤ ਕੁਝ ਹਾਸਲ ਹੋਵੇ, ਉਮਰ ਏ ਚਾਰ ਦਿਹਾੜੇ ਹੂ
ਰੱਬ ਦੀ ਪ੍ਰਾਪਤੀ ਦਾ ਢੰਗ ਦਸਦਾ ਹੈ
ਯੇ ਯਾਰ ਯਰਾਨਾ ਮਿਲਸੀ, ਤੈਂ ਜੋ ਸਿਰ ਦੀ ਬਾਜੀ ਲਾਈ ਹੂ
ਇਸ਼ਕ ਅੱਲ੍ਹਾ ਦੇ ਵਿੱਚ ਹੈ ਮਸਤਾਨਾ ਹੂ ਹੂ ਸਦਾ ਅੱਲ੍ਹਾ ਏ ਹੂ
ਨਾਲ ਸਤਵਰ ਇਲਮ ਅੱਲ੍ਹਾ ਦੇ ਦਮ ਨੂੰ ਕੈਦ ਲਗਾਏਂ ਹੂ
ਜਾਤੀ ਨਾਲ ਜੇ ਜਾਤੀ ਰਲਿਆ ਤਦ ਬਾਹੂ ਨਾਮ ਸਦਾਏਂ ਹੂ
ਇਬਾਬਤ ਵਿੱਚ ਜੋ ਕਲਮਾਂ ਪੜਿਆ ਜਾਂਦਾ ਹੈ। ਕਲਮਾਂ ਇਸਲਾਮ ਦਾ ਮੂਲ ਮੰਤਰ ਹੈ। ਉਸ ਵਿੱਚ ਬਾਹੂ ਦਾ ਵਿਸ਼ਵਾਸ਼ ਹੈ ਕਿ ਕਲਮ ਮਨੁੱਖ ਨੂੰ ਪਾਕਿ ਪਵਿੱਤਰ ਕਰਨ ਵਾਲਾ ਹੈ ਅਤੇ ਬਹਿਸ਼ਤ ਪਹੁੰਚਾਉਣ ਵਾਲਾ ਹੈ ਤੇ ਰੱਬ ਨਾਲ ਮਿਲਾਪ ਕਰਾਣ ਵਾਲਾ ਹੈ।
ਕਾਫ਼ ਕਲਮੇ ਨਾਲ ਮੈਂ ਨਾਤੀ ਧੋਤੀ ਕਲਮੇ ਨਾਲ ਵਿਆਹੀ ਹੂ,
ਕਲਮੇ ਮੇਰਾ ਪੜਿਆ ਜਨਾਜ਼ਾ ਕਲਮੇ ਗੌਰ ਸੋਹਾਈ ਹੂ,
ਕਲਮੇ ਨਾਲ ਬਹਿਸ਼ਤੀ ਜਾਣਾ ਕਲਮਾ ਕਰੇ ਸਫ਼ਾਈ ਹੂ,
ਮੁੜਨ ਮੁਹਾਲ ਤਿਨਾ ਨੂੰ ਬਾਹੂ ਜਿਨ ਸਾਹਿਬ ਆਪ ਬੁਲਾਈ ਹੂ॥
ਅੱਲ੍ਹਾ ਦੇ ਮਿਲਾਪ ਲਈ ਜ਼ਰੂਰੀ ਹੈ ਕਿ ਮਨੁੱਖ ਅੰਦਰ ਚਾਨਣ ਹੋਵੇ। ਅਗਿਆਨ ਦਾ ਅੰਧੇਰਾ ਦੂਰ ਹੋਵੇ।
ਜਿਥੇ ਹੂ ਕਰੇ ਰੋਸ਼ਨਾਈ ਉਥੋਂ ਤੋੜ ਅਨੇਰਾ ਵੈਦਾ ਹੂ
ਗਿਆਨ ਮਨੁੱਖ ਦੇ ਅੰਦਰ ਹੀ ਹੈ
ਅਲਫ਼ ਅੰਦਰ ਹੂ ਤੇ ਬਾਹਰ ਹੂ ਵਤ ਬਾਹਰ ਕਿਥੋਂ ਲੱਭਦਾ ਹੂ
ਜਿਵੇਂ ਅੱਲ੍ਹਾ ਦੇ ਪਿਆਰ ਦਾ ਬੂਟਾ ਵੱਧਦਾ ਹੈ ਤਿਵੇਂ ਆਤਮਿਕ ਅਵਸਥਾ ਬਦਲਦੀ ਹੈ। ਅੰਦਰ ਭਿੰਨੀ ਭਿੰਨੀ ਖੁਸ਼ਬੂ ਦੇ ਸੰਚਾਰ ਨਾਲ ਮਹਿਕ ਦਾ ਅੰਬਰ ਬਣ ਜਾਂਦਾ ਹੈ ਕਿ
ਅੰਦਰ ਬੂਟੀ ਮੁਸਕ ਮਚਾਇਆ ਜਾ ਫ਼ੁਲਣ ਪਰ ਆਈ ਹੂ,
ਜਿਸਦੇ ਅੰਦਰ ਇਲਾਹੀ ਮੁਹਬਤ ਜਾਗ ਪੈਂਦੀ ਹੈ ਉਸ ਦੇ ਅੰਦਰ ਬਿਰਹਾ ਦਾ ਭਾਂਬੜ ਮੱਚਦਾ ਹੈ। ਰਾਤ ਦਿਨ ਨੀਂਦ ਨਹੀਂ ਆਉਂਦੀ। ਆਸ਼ਕ ਨਿਮਾਣਾ ਨਿਤਾਣਾ ਬਣ ਜਾਂਦਾ ਹੈ। ਅਲਾ ਨੂੰ ਮਿਲਣ ਦਾ ਚਾਉ ਹਮੇਸ਼ਾ ਮੱਘਦਾ ਹੈ।
ਐਨ ਇਸ਼ਕ ਮਾਹੀ ਦੇ ਲਾਈਆਂ ਅੱਗੀ, ਉਹਨਾਂ ਲੱਗੀਆਂ ਕੌਣ ਬੁਜਾਵੇ ਹੂ,
ਮੈਂ ਕੀ ਜਾਣਾਂ ਜਾਤ ਇਕ ਦੀ ਕੇਹੀ, ਜੇੜਾਂ ਦਰ ਦਰ ਜਾ ਝੁਕਾਵੇ ਹੂ,
ਨਾ ਖੁਦ ਸੋਂਵੇ ਨਾ ਸੋਵਣ ਦੇਵੇ, ਹੱਥੋਂ ਸੁਣਿਆ ਆਪ ਜਗਾਵੇ ਹੂ,
ਮੈਂ ਕੁਰਬਾਨ ਤਿੰਨਾਂ ਦੇ ਬਾਹੂ ਜਿਹੜਾ ਵਿਛੜੇ ਯਾਰ ਮਿਲਾਵੇ ਹੂ।
ਸੂਫ਼ੀ ਮਾਰਚ ’ਤੇ ਚੱਲਦਿਆਂ ਮਾਰਗ ਬੜਾ ਬਿਖੜਾ ਹੈ
ਰਾਹ ਫ਼ਕਰ ਦਾ ਮੁਸ਼ਕਲ ਬਾਹੂ ਮਾਂ ਨਾ ਸੰਗ ਰਿੱਧਾ ਹੂ
ਸੂਫ਼ੀ ਰਾਹ ਤੇ ਚੱਲਣ ਲਈ ਪਹਿਲਾਂ ਮੌਤ ਕਬੂਲ ਕਰਨੀ ਪੈਂਦੀ ਹੈ
ਨਾਮ ਫ਼ਕੀਰ ਤਿੰਨਾ ਦਾ ਬਾਹੂ , ਕਬਰ ਜਿੰਨਾ ਦੀ ਜੀਵੇ ਹੂ
ਮੁਰਸ਼ਦ ਮੁਰੀਦ ਨੂੰ ਅੱਲ੍ਹਾ ਦੇ ਭੇਤ ਤੋਂ ਜਾਣੂ ਕਰਵਾ ਦਿੰਦਾ ਹੈ।
ਮੈਂ ਕੁਰਬਾਨ ਮੁਰਸ਼ਦ ਤੋਂ ਬਾਹੂ ਜਿਸ ਦਸਿਆ ਭੇਤ ਇਲਾਹੀ ਹੂ।
ਸੂਫ਼ੀ ਲਈ ਸਿਦਕ ਜ਼ਰੂਰੀ ਹੈ ਕਿ ਸਿੱਦਕ ਦ੍ਰਿੜਤਾ ਸਵੈ ਵਿਸ਼ਵਾਸ਼ ਅਤੇ ਭਰੋਸੇ ਨਾਲ ਅੱਗੇ ਵੱਧਣ ਦੇ ਗੁਣ ਪੈਦਾ ਕਰਦਾ ਹੈ।
ਸੇ ਸਾਬਤ ਸਿਦਕ ਤੇ ਕਦਮ ਅਗਾਹਾਂ ਤਾਂ ਹੀ ਰੱਬ ਲਭਿਓ ਏ ਹੂ,
ਲੂੰ ਲੂੁੰ ਦੇ ਵਿੱਚ ਜ਼ਿਕਰ ਅੱਲ੍ਹਾ ਦਾ ਹਰਦਮ ਪੜਿਓ ਏ ਹੂ।
ਇਨਸਾਨ ਨੂੰ ਨਰਮ ਦਿਲ ਹੋ ਕੇ ਲੋਕਾਂ ਦਾ ਦੁੱਖ ਸਮਝਣਾ ਚਾਹੀਦਾ ਹੈ। ਪੱਥਰ ਦਿਲ ਨਹੀਂ ਹੋਣਾ ਚਾਹੀਦਾ।
ਪੱਥਰ ਚਿੱਤ ਜਿਨਾ ਦਾ ਬਾਹੂ ਉਤੇ ਜਾਇਆ ਵੱਸਦਾ ਮੀਂਹ ਹੂ।
ਜੇ ਪਰਾਈ ਨਿੰਦਾ ਦਾ ਔਗੁਣ ਨਹੀਂ ਛੱਡਿਆ ਤਾਂ
ਰਾਤੀ ਜਾਗ ਤੇ ਕਰੇ ਇਬਾਦਤ ਦੇਂਹ ਨਿੰਦਿਆ ਕਰ ਪਰਾਈ ਹੂ।
ਇਨਸਾਨ ਨੂੰ ਅੰਦਰੋਂ ਪਾਕਿ ਪਵਿੱਤਰ ਹੋਣਾ ਚਾਹੀਦਾ ਹੈ। ਆਪਣੀ ਮੈਂ ਮਾਰਨੀ ਚਾਹੀਦੀ ਹੈ। ਬੰਦਾ ਕੋਝਾ ਹੋਵੇ ਉਹ ਬੁਰਾ ਨਹੀਂ, ਪਰ ਜੇ ਅੰਦਰੋਂ ਦਿਲ ਕਾਲਾ ਹੋਵੇ ਤੇ ਮੂੰਹ ਰੋਸ਼ਨ ਹੋਵੇ ਇਹ ਚੰਗਿਆਈ ਨਹੀਂ।
ਦਿਲ ਕਾਲੇ ਕੰਨੋ ਮੂੰਹ ਕਾਲਾ ਜੰਗਾ ਜੇ ਕੋ ਇਸ ਨੂੰ ਜਾਣੇ ਹੂ,
ਮੂੰਹ ਕਾਲਾ ਦਿਲ ਅੱਛਾ ਹੋਵੇ ਇਹ ਦਿਲ ਯਾਰ ਪਛਾਣੇ ਹੂ।
ਕਰਮਾਂ ਅਨੁਸਾਰ ਦਰਗਾਹ ਵਿੱਚ ਨਿਬੇੜਾ ਹੁੰਦਾ ਹੈ। ਜੈਸਾ ਅਮਲ ਵੈਸਾ ਫ਼ਲ ਪ੍ਰਾਪਤ ਹੋਵੇਗਾ।
ਵਿੱਚ ਦਰਗਾਹ ਦੇ ਅਮਲਾਂ ਬਾਝੋਂ ਬਾਹੂ ਹੋਣਾਂ ਨਾ ਕੁਝ ਨਿਬੇੜਾ ਹੂ।
ਜੋ ਅੱਲ੍ਹਾ ਦੀ ਮੁਹੱਬਤ ਮਨ ਵਿੱਚ ਵਸਾਉਂਦੇ ਹਨ ਜਦੋਂ ਅਨੁਭਵ ਕਰਦੇ ਹਨ ਅੱਲ੍ਹਾ ਦਾ ਨਾਮ ਅੰਦਰ ਆ ਕੇ ਨਹੀਂ ਵੱਸਦਾ। ਜਦ ਅੰਦਰ ਝਾਤੀ ਪਾਉਂਦੇ ਹਨ ਅੱਲ੍ਹਾ ਇੱਕ ਦਿਖਾਈ ਦਿੰਦਾ ਹੈ।
ਐਨ ਇਸ਼ਕ ਅਸਾਂ ਨੂੰ ਲਿਸਿਆ ਜਾਤਾ ਬੈਠਾ ਮਾਰ ਪੱਥਲਾ ਹੂ,
ਵਿਚ ਜਿਗਰ ਦੇ ਸਨ ਚਲਾ ਯਸ ਕੀਤੋਸ ਕੰਮ ਅਵੱਲਾ ਹੂ
ਜਾ ਅੰਦਰ ਵੜਕੇ ਝਾਤੀ ਪਾਈ ਡਿੱਠਾ ਯਾਰ ਇੱਕਲਾ ਹੂ।
ਜਦ ਕਿਸੇ ਨੇ ਇਸ਼ਕ ਹਕੀਕੀ ਹਾਸਲ ਕਰ ਲਿਆ। ਉਹ ਇਸ ਨੂੰ ਨਸ਼ਰ ਨਹੀਂ ਕਰਦੇ ਸਗੋਂ ਸੀਨੇ ਅੰਦਰ ਛੁਪਾ ਕੇ ਰੱਖਦੇ ਹਨ।
ਇਸ਼ਕ ਹਕੀਕੀ ਜਿੰਨਾ ਪਾਇਆ ਮੂੰਹੋਂ ਨਾ ਕੁਝ ਅਲਾਵਣ ਹੂ
ਜਿੰਨ੍ਹਾਂ ਦੇ ਦਿਲ ਅੱਲ੍ਹਾ ਦੀ ਮੁਹੱਬਤ ਤੋਂ ਖਾਲੀ ਹਨ, ਉਨ੍ਹਾਂ ਦਾ ਜੀਵਨ ਨਿਸਫ਼ਲ ਜਾਂਦਾ ਹੈ
ਜੋ ਦਿਲ ਇਸ਼ਕ ਨਾ ਹੋਵੇ ਬਾਹੂ ਗਏ ਜਹਾਨੋ ਖਾਲੀ ਹੂ।
ਹੰਕਾਰੀ ਰਹਿਬਰ ਨਾਲੋਂ ਹਲੀਮੀ ਨਾਲ ਰੱਬ ਦੇ ਰਾਹ ’ਤੇ ਚੱਲਣ ਵਾਲਾ ਸੂਫ਼ੀ ਚੰਗਾ ਹੈ।
ਪੜ ਪੜ ਇਲਮ ਮਸ਼ਾਇੰਖ ਸਦਾਵਣ ਕਰਨ ਇਬਾਦਤ ਦੂਣੀ ਹੂ, ਅੰਦਰ ਝੁਗੀ ਪਈ ਲੁਟੀਵੇ ਤਨ ਮਨ ਖਬਰ ਨਾ ਹੋਣੀ ਹੂ
ਮੌਲਾ ਵਾਲੇ ਸਦਾ ਸੁਖਾਲੇ ਦਿਲ ਨੂੰ ਲਾ ਨਗੂਣੀ ਹੂ
ਰੱਬ ਤਿੰਨਾਂ ਨੂੰ ਹਾਸਲ ਬਾਹੂ ਜਿੰਨਾ ਚੱਕ ਨਾ ਕੀਤੀ ਚੂ
ਨੀ ਹੂ।
ਕਾਮਲ ਮੁਰਸ਼ਦ ਆਪਣੀ ਨਿਗਾਹ ਅਤੇ ਨਜ਼ਰ ਨਾਲ ਮੁਰੀਦ ਦੀ ਮੈਲ ਧੋ ਦਿੰਦਾ ਹੈ। ਤਦ ਮੁਰੀਦ ਦੇ ਲੂੰ ਲੂੰ ਵਿੱਚ ਐਸਾ ਕਾਮਲ ਮੁਰਸ਼ਦ ਵਸ ਜਾਂਦਾ ਹੈ
ਕਾਮਲ ਮੁਰਸ਼ਦ ਐਸਾ ਹੋਵੇ ਜਿਹੜਾ ਧੌਬੀ ਵਾਂਗ ਛੱਟੇ ਹੂ,
ਨਾਲ ਨਿਗਾਹ ਦੇ ਪਾਕ ਕਰੇਂਦਾ ਇਹ ਸੱਜੀ ਸਾਬਣ ਨਾ ਘੱਤੇ ਹੂ,
ਮੈਲਿਆ ਬੀ ਕਰ ਦਿੰਦਾ ਚਿੱਟਾ ਵਿੱਚ ਜਗ ਮੈਲ ਨਾ ਰੱਖੇ ਹੂ
ਐਸਾ ਮੁਰਸ਼ਦ ਹੋਵੇ ਬਾਹੂ ਜਿਹੜਾ ਲੂੰ ਲੂੰ ਵਿੱਚ ਵਸੇ ਹੂ।
ਔਰੰਗਜੇਬ ਸੁਲਤਾਨ ਬਾਹੂ ਦਾ ਬੜਾ ਸਤਿਕਾਰ ਕਰਦਾ ਸੀ ਪਰ ਬਾਹੂ ਨੇ ਕਦੇ ਉਸ ਦੀ ਪ੍ਰਵਾਹ ਨਾ ਕੀਤੀ। ਬਾਹੂ ਆਪਣੇ ਸੂਫ਼ੀ ਰੰਗ ਵਿੱਚ ਰੰਗਿਆ ਵਿਚਰਦਾ ਰਿਹਾ। ਉਸ ਦੀ ਮੌਤ 1691ਈ. ਵਿੱਚ 63 ਸਾਲ ਦੀ ਉਮਰ ਵਿੱਚ ਹੋਈ। ਉਸ ਨੂੰ ਪਿੰਡ ਕਹਿਰਗਾਨ ਦੇ ਕਿਲੇ ਵਿੱਚ ਦਫ਼ਨਾਇਆ ਗਿਆ। ਸੰਨ 1775 ਵਿੱਚ ਝਨਾਂ ਨੇ ਬਹੁਤ ਸਾਰੀਆਂ ਕਬਰਾਂ ਰੋੜ ਦਿੱਤੀਆਂ, ਬਾਹੂ ਦਾ ਮੰਜਾਰ ਵੀ ਰੁੜ ਗਿਆ ਪਰ ਉਸ ਦੇ ਸੰਦੂਕ ਨੂੰ ਬਚਾ ਕੇ ਇੱਕ ਵੱਡੇ ਦਰਖ਼ਤ ਥੱਲੇ ਦਬਾ ਕੇ ਵੱਡਾ ਥੜਾ ਬਣਾ ਕੇ ਉਸ ਦੀ ਯਾਦਗਾਰੀ ਬਣਾਈ।