ਸੂਹੇ ਰੰਗ ਦੀ ਫੁਲਕਾਰੀ ਮੇਰੀ…..

In ਮੁੱਖ ਲੇਖ
September 11, 2025

ਫੁਲਕਾਰੀ ਸਿਰਫ਼ ਪਰੰਪਰਾਗਤ ਕਲਾ ਨਹੀਂ ਹੈ, ਇਹ ਪੰਜਾਬ ਦੇ ਜਜ਼ਬਾਤ, ਪਿਆਰ, ਰੰਗ, ਸੱਭਿਆਚਾਰ ਤੇ ਪਰੰਪਰਾਵਾਂ ਦੀ ਕਹਾਣੀ ਹੈ। ਫੁਲਕਾਰੀ ਦੀ ਸਾਰਥਿਕਤਾ ਅੱਜ ਵੀ ਘੱਟ ਨਹੀਂ ਹੋਈ ਹੈ ਅਤੇ ਪੰਜਾਬ ਵਿੱਚ ਹੋਣ ਵਾਲੇ ਸਾਰੇ ਵਿਆਹਾਂ, ਜਨਮ, ਤਿਉਹਾਰਾਂ ਤੇ ਰਸਮਾਂ ਦਾ ਅਨਿੱਖੜਵਾਂ ਅੰਗ ਬਣੀ ਹੋਈ ਹੈ। ਪਰ ਸਮੇਂ ਦੇ ਹਿਸਾਬ ਨਾਲ ਬਹੁਤ ਸਾਰੇ ਇਲਾਕਿਆਂ ’ਚ ਇਹ ਲੋਪ ਹੋ ਚੁੱਕੀ ਹੈ। ਫੁਲਕਾਰੀ ਅੱਜ ਕੱਲ੍ਹ ਜਿਵੇਂ ਬੁਝਾਰਤ ਬਣ ਕੇ ਗੀਤਾਂ ਆਦਿ ਵਿੱਚ ਹੀ ਸਮੋ ਕੇ ਰਹਿ ਗਈ ਹੈ। ਅੱਜ ਕਿਸੇ ਨੇ ਫੁਲਕਾਰੀ ਦੇਖਣੀ ਹੋਵੇ ਤਾਂ ਅਜਾਇਬ ਘਰਾਂ ਵਿੱਚ ਜਾਂ ਵਿਆਹ ਸ਼ਾਦੀਆਂ ਮੌਕੇ ਮੈਰਿਜ ਪੈਲਿਸਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਨ ਵਾਲਿਆਂ ਦੀ ਸਟੇਜਾਂ ਤੇ ਫੁੱਲਕਾਰੀ ਦੀ ਝਲਕ ਮਿਲ ਸਕਦੀ ਹੈ।
ਜੇਕਰ ਅਸੀਂ ਕਹੀਏ ਕਿ ਸਾਡੀਆਂ ਪੰਜਾਬਣਾਂ ਨੇ ਫੁਲਕਾਰੀ ਨੂੰ ਪੂਰੀ ਤਰਾਂ ਵਿਸਾਰ ਦਿੱਤਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ। ਫੁਲਕਾਰੀ ਕਢਾਈ ਭਾਰਤ ਤੇ ਪਾਕਿਸਤਾਨ ਦੇ ਪੰਜਾਬ ਖੇਤਰ ਤੋਂ ਇੱਕ ਰਵਾਇਤੀ ਕਢਾਈ ਤਕਨੀਕ ਹੈ। ‘ਫੁਲਕਾਰੀ’ ਸ਼ਬਦ ਦਾ ਅਰਥ ਹੈ ‘ਫੁੱਲਾਂ ਦਾ ਕੰਮ’ ਅਤੇ ਕਢਾਈ ਦੀ ਇਹ ਸ਼ੈਲੀ ਗੁੰਝਲਦਾਰ ਫੁੱਲਾਂ ਦੇ ਨਮੂਨਿਆਂ ਦੀ ਵਿਸ਼ੇਸ਼ਤਾ ਵਾਲੇ ਇਸਦੇ ਜੀਵੰਤ ਤੇ ਰੰਗੀਨ ਡਿਜ਼ਾਈਨ ਲਈ ਜਾਣੀ ਜਾਂਦੀ ਹੈ। ਫੁਲਕਾਰੀ ਦੀ ਕਢਾਈ ਅਕਸਰ ਸ਼ਾਲਾਂ, ਦੁਪੱਟਿਆਂ (ਸਕਾਰਫ਼ਾਂ) ਅਤੇ ਹੋਰ ਕੱਪੜਿਆਂ ’ਤੇ ਕੀਤੀ ਜਾਂਦੀ ਹੈ, ਅਤੇ ਇਹ ਇਸ ਖੇਤਰ ਵਿੱਚ ਸੱਭਿਆਚਾਰਕ ਅਤੇ ਪ੍ਰਤੀਕਾਤਮਕ ਮਹੱਤਵ ਰੱਖਦੀ ਹੈ। ਤਕਨੀਕ ਵਿਚ ਆਮ ਤੌਰ ’ਤੇ ਫੈਬਰਿਕ ਦੇ ਪਿਛਲੇ ਪਾਸੇ ਡਰਨ ਸਟੀਚ ਦੀ ਵਰਤੋਂ ਸ਼ਾਮਲ ਹੁੰਦੀ ਹੈ, ਜਿਸ ਨਾਲ ਸਾਹਮਣੇ ਵਾਲੇ ਪਾਸੇ ਇੱਕ ਵਿਲੱਖਣ ਦਿੱਖ ਬਣ ਜਾਂਦੀ ਹੈ।
ਜਦੋਂ ਕਿਸੇ ਸੱਜ-ਵਿਆਹੀ ਦਾ ਮਾਹੀ ਉਸ ਵੱਲ ਘੱਟ ਤਵੱਜੋਂ ਦਿੰਦਾ ਹੈ ਤਾਂ ਉਸਦੀ ਨਾਰ ਆਪਣੇ ਸੱਜਣ ਨੂੰ ਨਿਹੋਰਾ ਮਾਰ ਕੇ ਬੜੇ ਗੁੱਸੇ ਅਤੇ ਪਿਆਰ ਨਾਲ ਸਮਝਾਉਂਦੀ ਹੈ ਅਤੇ ਆਪਣੇ ਸੁਹੱਪਣ ਤੇ ਉੱਤੇ ਲਈ ਫੁਲਕਾਰੀ ਦਾ ਵਾਸਤਾ ਵੀ ਦਿੰਦੀ ਹੈ। ਨਾਲ ਹੀ ਉਨ੍ਹਾਂ ਲੋਕਾਂ ਦਾ ਚੇਤਾ ਵੀ ਕਰਵਾਉਂਦੀ ਹੈ ਜੋ ਕਿ ਸਾਰੀ ਉਮਰ ਔਰਤ ਦਾ ਸਾਥ ਨਾ ਲੱਭ ਸਕੇ ਤੇ ਲੋਕਾਂ ਵੱਲ ਦੇਖ ਕੇ ਝੁਰਦਿਆਂ ਹੀ ਉਮਰ ਬਿਤਾ ਦਿੱਤੀ,
ਸੋਹਣੀ ਸੁਨੱਖੀ ਮੁਟਿਆਰ ਤੇਰੀ, ਉੱਤੇ ਸੂਹੀ ਫੁਲਕਾਰੀ
ਕਈ ਰੰਨਾਂ ਨੂੰ ਝੂਰਦੇ ਹੋ ਗਏ ਬੁੱਢੇ, ਤੂੰ ਮੂਰਖਾ ਮਨੋਂ ਵਿਸਾਰੀ।
ਪੰਜਾਬ ਦੀਆਂ ਔਰਤਾਂ ਵੱਲੋਂ ਫੁਲਕਾਰੀ ਕਲਾ ਦਾ ਅਭਿਆਸ ਕੀਤਾ ਜਾਂਦਾ ਸੀ। ਦਰੱਖ਼ਤ ਦੀ ਸੁਰੱਖਿਆ ਵਾਲੀ ਛਾਂ ਵਿੱਚ ਖਿੱਚੀਆਂ ਚਰਖੜੀਆਂ ’ਤੇ ਬੈਠ ਕੇ, ਪੰਜਾਬ ਭਰ ਦੇ ਪਿੰਡਾਂ ਅਤੇ ਛੋਟੇ ਕਸਬਿਆਂ ਦੀਆਂ ਔਰਤਾਂ ਅਕਸਰ ਦੁਪੱਟਿਆਂ, ਸ਼ਾਲਾਂ ਜਾਂ ਹੋਰ ਕੱਪੜਿਆਂ ’ਤੇ ਸ਼ਾਨਦਾਰ ‘ਫੁਲਕਾਰੀ’ ਫੁੱਲਾਂ ਦੀ ਕਢਾਈ ਕਰਨ ਵਿੱਚ ਰੁੱਝੀਆਂ ਰਹਿੰਦੀਆਂ ਸਨ। ਇਹ ਕਲਾ ਪੂਰੇ ਪੰਜਾਬ ਵਿੱਚ ਪ੍ਰਚਲਿਤ ਸੀ ਜੋ 1947 ਦੀ ਵੰਡ ਤੋਂ ਬਾਅਦ ਵੰਡੀ ਗਈ ਸੀ। ਇਸ ਲਈ ਹੁਣ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿੱਚ ਫੁਲਕਾਰੀ ਦਾ ਅਭਿਆਸ ਕੀਤਾ ਜਾਂਦਾ ਹੈ। ਫੁਲਕਾਰੀ ਦੀਆਂ ਤਾਰਾਂ ਦੋਹਾਂ ਦੇਸ਼ਾਂ ਦੇ ਸੱਭਿਆਚਾਰਕ ਰਿਸ਼ਤੇ ਨੂੰ ਜੋੜਦੀਆਂ ਹਨ। ਔਰਤਾਂ ਕੱਪੜਿਆਂ ’ਤੇ ਸ਼ਾਨਦਾਰ ਕਢਾਈ ਕਰਦੇ ਲੋਕ ਗੀਤ ਗਾਉਂਦੀਆਂ ਸਨ।
ਸੂਹੇ ਰੰਗ ਦੀ ਫੁਲਕਾਰੀ ਮੇਰੀ, ਉੱਤੇ ਫੁੱਲ ਬੂਟੇ ਮੈਂ ਪਾਂਦੀ ਆਂ
ਸੱਜਣਾਂ ਦੀ ਉਡੀਕ ਵਿੱਚ, ਰੋਜ਼ ਮੈਂ ਇੱਕ ਤੰਦ ਪਾਂਦੀ ਆਂ।
ਫੁਲਕਾਰੀ ਨੂੰ ਸਿਰਫ਼ ਕਲਾ ਨਹੀਂ ਮੰਨਿਆ ਜਾਂਦਾ, ਇਹ ਇੱਕ ਲੜਕੀ ਦਾ ਆਪਣੀ ਮਾਂ ਨਾਲ ਭਾਵਨਾਤਮਕ ਬੰਧਨ ਵੀ ਸੀ। ਜਿਸਨੇ ਉਸਦੇ ਲਈ ਫੁਲਕਾਰੀ ਬੁਣਾਈ ਸੀ। ਜਦੋਂ ਕੋਈ ਕੁੜੀ, ਔਰਤ, ਪਤਨੀ ਜਾਂ ਮਾਂ ਬਣ ਜਾਂਦੀ ਸੀ ਤਾਂ ਉਸ ਲਈ ਫੁਲਕਾਰੀ ਦੁਪੱਟਾ, ਸ਼ਾਲ ਜਾਂ ਕੱਪੜੇ ਦਾ ਸੁੰਦਰ ਟੁਕੜਾ ਬਣਾਇਆ ਜਾਂਦਾ ਸੀ ਪਰ ਅੱਜ ਕੱਲ੍ਹ ਤਾਂ ਸ਼ਾਇਦ ਇਨ੍ਹਾਂ ਗੱਲਾਂ ਵਾਰੇ ਸੁਪਨੇ ਵਿੱਚ ਵੀ ਨਹੀਂ ਸੋਚਦਾ।
ਕਢਾਈ ਦਾ ਰੂਪ
ਫੁਲਕਾਰੀ ਕਢਾਈ ਦਾ ਪਰੰਪਰਾਗਤ ਰੂਪ ਹੈ ਜੋ ਪੰਜਾਬ ਤੋਂ ਉਪਜੀ ਹੈ। ਇਹ ਫੁੱਲਾਂ ਦੇ ਆਕਾਰ (ਫੁਲ-ਅਕਾਰੀ) ਵਿੱਚ ਅਨੁਵਾਦ ਕਰਦਾ ਹੈ, ਹਾਲਾਂਕਿ ਪੈਟਰਨ ਹੁਣ ਫੁੱਲਾਂ ਤੱਕ ਸੀਮਿਤ ਨਹੀਂ ਸਨ। ਫੁਲਕਾਰੀ ਬਾਰੇ ਸਭ ਤੋਂ ਅਜੀਬ ਗੱਲ ਇਹ ਹੈ ਕਿ ਨਮੂਨੇ ਕੱਪੜੇ ਦੇ ਮੋਟੇ ਪਾਸੇ ’ਤੇ ਬਣਾਏ ਗਏ ਹਨ। ਕਢਾਈ ਦੇ ਇਸ ਰੂਪ ਨੂੰ ਇਸ ਅਨੁਸਾਰ ਤੌਰ ’ਤੇ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ:
ਬਾਗ਼
ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਪਹਿਲਾਂ ਹੀ ਬਾਗ਼ ਦਾ ਅਰਥ ਹੈ ਬਾਗ। ਇਸ ਲਈ ਬਾਗ਼ ਵਿੱਚ, ਪੂਰਾ ਅਧਾਰ ਕੱਪੜਾ ਫੁੱਲਾਂ ਨਾਲ ਭਰਿਆ ਹੁੰਦਾ ਹੈ, ਕਢਾਈ ਦੇ ਕੰਮ ਦੀ ਘਣਤਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਕੰਮ ਆਪਣੇ ਆਪ ਵਿੱਚ ਇੱਕ ਫੈਬਰਿਕ ਬਣ ਜਾਂਦਾ ਹੈ। ਇਸ ਦਾ ਨਤੀਜਾ ਵਧੇਰੇ ਸਮਾਂ ਲੈਣ ਵਾਲਾ ਅਤੇ ਮਹਿੰਗਾ ਹੁੰਦਾ ਹੈ।
ਬਾਵਨ ਬਾਗ਼
ਬਾਵਨ ਬਾਗ਼ ਇੱਕ ਕੱਪੜੇ ਉੱਤੇ 52 ਵੱਖ-ਵੱਖ ਪੈਟਰਨਾਂ ਵਾਲਾ ਮੋਜ਼ੇਕ ਹੈ। ਇਸਦੀ ਵਰਤੋਂ ਪੇਸ਼ੇਵਰ ਕਢਾਈ ਕਰਨ ਵਾਲੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਕਰਦੇ ਸਨ। ਅਫ਼ਸੋਸ ਕਿ ਅੱਜ ਫੁਲਕਾਰੀ ਤੇ ਬਾਗ਼ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਏ ਹਨ ਜਿਸ ਬਾਰੇ ਕਿਸੇ ਤਰ੍ਹਾਂ ਭਰਮ ਭੁਲੇਖਾ ਨਹੀਂ ਹੈ।
ਅਸੀਂ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਹੌਲੀ-ਹੌਲੀ ਦੂਰ ਹੋਈ ਜਾ ਰਹੇ ਹਾਂ ਜਿਸ ਦੇ ਅਸੀਂ ਖ਼ੁਦ ਜ਼ਿੰਮੇਵਾਰ ਹਾਂ ਕਿਉਂਕਿ ਧੀਆਂ-ਪੁੱਤ ਤਾਂ ਅਸੀਂ ਜ਼ਮੀਨਾਂ-ਜਾਇਦਾਦਾਂ ਗਹਿਣੇ, ਜਾਂ ਵੇਚ ਵੱਟ ਕੇ ਪ੍ਰਦੇਸੀਂ ਤੋਰ ਦਿੱਤੇ ਅਤੇ ਮਾਂ-ਬਾਪ ਸਾਰਾ ਪਰਿਵਾਰ ਕਰਜ਼ੇ ਦੀਆਂ ਕਿਸ਼ਤਾਂ ਉਤਾਰਦਾ ਹੀ ਬੁੱਢਾ ਹੋ ਜਾਂਦਾ। ਫਿਰ ਕਦੋਂ ਮਿਲੇਗਾ ਫੁਲਕਾਰੀਆਂ ਲਈ ਸਮਾਂ। ਬਾਕੀ ਬਚੀ-ਖੁਚੀ ਕਸਰ ਬਦਲਦੇ ਜ਼ਮਾਨੇ ਨੇ ਪੂਰੀ ਕਰ ਦਿੱਤੀ ਪਰ ਅਸੀਂ ਸ਼ਾਇਦ ਜ਼ਿਆਦਾ ਹੀ ਅਵੇਸਲੇ ਹਾਂ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਵੀ ਜ਼ਿੰਮੇਵਾਰੀ ਨਹੀਂ ਦਿਖਾਉਂਦੇ। ਸਾਨੂੰ ਇਹ ਯਤਨ ਕਰਨੇ ਚਾਹੀਦੇ ਹਨ ਕਿ ਸਾਡੇ ਵਿਰਸੇ ਦੀ ਪਛਾਣ ਫੁਲਕਾਰੀ ਨੂੰ ਹਮੇਸ਼ਾ ਲਈ ਆਪਣਾ ਅੰਗ ਬਣਾ ਕੇ ਰੱਖੀਏ। ਇਹ ਸਾਡੇ ਸਾਂਝੇ ਹੰਬਲੇ ਨਾਲ ਹੀ ਸੰਭਵ ਹੈ।
-ਸੁਰਜੀਤ ਸਿੰਘ

Loading