ਸੈਨਟਾ ਕਲਾਰਾ/ਕੈਲੀਫ਼ੋਰਨੀਆ/ਏ.ਟੀ.ਨਿਊਜ਼: ਬੀਤੇ ਦਿਨੀਂ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਸਾਕਾ ਸਰਹਿੰਦ ’ਤੇ ਸਮਰਪਿਤ ਧਾਰਮਿਕ ਕਵੀ ਦਰਬਾਰ ਸੈਨਟਾ ਕਲਾਰਾ ਕੈਲੀਫ਼ੋਰਨੀਆ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਈ ਹਰਪ੍ਰੀਤ ਸਿੰਘ ਨੇ ਕਵੀਆਂ ਦੀ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵੱਲੋਂ ਆਪਣੇ ਧਾਰਮਿਕ ਕਵੀ ਦਰਬਾਰ ਸਜਾਏ ਜਾਂਦੇ ਹਨ। ਅਸੀਂ ਧੰਨਵਾਦੀ ਹਾਂ ਕਿ ਉਹ ਸਮਾਂ ਕੱਢ ਕੇ ਯੋਗਦਾਨ ਪਾ ਰਹੇ ਹਨ। ਇਸ ਮੌਕੇ ਮੰਚ ਸੰਭਾਲਦਿਆਂ ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਕਿਹਾ ਕਿ ਪਹਾੜੀ ਰਾਜਿਆਂ ਦੇ ਜਰਨੈਲਾਂ ਨੇ ਝੂਠੀਆਂ ਕਸਮਾਂ ਖਾ ਕੇ ਕਿਹਾ ਸੀ ਕਿ ਗੁਰੂ ਸਾਹਿਬ ਜੀ ਨੂੰ ਕਿਲਾ ਆਨੰਦਪੁਰ ਛੱਡ ਦੇਣ ’ਤੇ ਸੁਰੱਖਿਅਤ ਜਾਣ ਦਿੱਤਾ ਜਾਵੇਗਾ, ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਦਸੰਬਰ 20-21 ਦੀ ਵਿਚਕਾਰਲੀ ਰਾਤ ਗੁਰੂ ਸਾਹਿਬ ਜੀ ਨੇ ਆਨੰਦਪੁਰ ਛੱਡ ਦਿੱਤਾ। ਇੱਥੋਂ ਹੀ ਚਮਕੌਰ ਸਾਹਿਬ ਦੀ ਜੰਗ ਅਤੇ ਸਾਕਾ ਸਰਹਿੰਦ ਸ਼ੁਰੂ ਹੁੰਦਾ ਹੈ। ਸਿਰਸਾ ਨਦੀ ’ਤੇ ਘਮਸਾਨ ਦਾ ਯੁੱਧ ਹੋਇਆ। ਦੋ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋ ਗਏ। ਮਾਤਾ ਗੁਜ਼ਰੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਰਸੋਈਏ ਗੰਗੂ ਨੇ ਸਰਹਿੰਦ ਦੇ ਨਵਾਬ ਕੋਲ ਕੈਦ ਕਰਵਾ ਦਿੱਤਾ। ਇਸਲਾਮ ਨਾ ਕਬੂਲ ਕਰਨ ’ਤੇ ਤਿੰਨਾਂ ਨੇ ਸ਼ਹੀਦੀ ਪਾਈ। ਸਿਰਫ਼ 7-9 ਸਾਲ ਦੀ ਉਮਰ ਦੇ ਸਾਹਿਬਜ਼ਾਦੇ ਧਰਮ ਦੇ ਸਿਦਕ ਤੋਂ ਨਹੀਂ ਹਾਰੇ। ਕਵੀ ਦਰਬਾਰਾ ਵਿੱਚ ਕਵੀ ਤਰਲੋਚਨ ਸਿੰਘ ਦੁਪਾਲਪੁਰੀ, ਤਰਸੇਮ ਸਿੰਘ ਸੁਮੰਨ, ਜਸਦੀਪ ਸਿੰਘ ਫ਼ਰੀਮੋਂਟ, ਬਲਕਾਰ ਸਿੰਘ, ਅਮਰਜੀਤ ਸਿੰਘ ਮੁਲਤਾਨੀ, ਆਹਨ ਸਿੰਘ ਅਤੇ ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਬੀਰ ਰਸ ਦੀਆਂ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਯਾਦਗਾਰੀ ਤਸਵੀਰਾਂ ਨਾਲ ਸਮਾਗਮ ਸੰਪੂਰਨ ਹੋਇਆ।
![]()
