ਸੈਨੇਟ ਵੱਲੋਂ ਘਰੇਲੂ ਖਰਚ ਤੇ ਟੈਕਸ ਕਟੌਤੀ ਬਿਲ ਪਾਸ

In ਅਮਰੀਕਾ
July 04, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਘਰੇਲੂ ਖਰਚ ਤੇ ਟੈਕਸ ਕਟੌਤੀ ਬਿਲ ਨੂੰ ਪਾਸ ਕਰ ਦਿੱਤਾ ਹੈ ਜਿਸ ਤਹਿਤ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਸਿਹਤ ਬੀਮਾ ਪ੍ਰੋਗਰਾਮ ਉਪਰ ਵੱਡੀ ਪੱਧਰ ’ਤੇ ਅਸਰ ਪਵੇਗਾ। ਬਿੱਲ ਦੇ ਹੱਕ ਤੇ ਵਿਰੋਧ ਵਿੱਚ ਬਰਾਬਰ 50-50 ਵੋਟਾਂ ਪਈਆਂ, ਜਿਸ ਕਾਰਨ ਉਪ ਰਾਸ਼ਟਰਪਤੀ ਜੇ. ਡੀ. ਵੈਂਸ. ਨੂੰ ਵੋਟ ਪਾਉਣ ਲਈ ਮਜਬੂਰ ਹੋਣਾ ਪਿਆ ਤੇ ਬਿੱਲ 51-50 ਦੇ ਫ਼ਰਕ ਨਾਲ ਪਾਸ ਹੋ ਗਿਆ। ਟੈਕਸ ਕਟੌਤੀ ਤੇ ਇਮੀਗ੍ਰੇਸ਼ਨ ਨੂੰ ਮਜ਼ਬੂਤ ਕਰਨ ਵਾਲੇ ਬਿਲ, ਜਿਸ ਨੂੰ ਰਾਸ਼ਟਰਪਤੀ ‘ਬਿੱਗ ਬਿਊਟੀਫ਼ੁੱਲ ਬਿਲ’ ਕਹਿੰਦੇ ਹਨ, ਤਹਿਤ ਡਾਕਟਰੀ ਸਹਾਇਤਾ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਤੇ ਅੰਗਹੀਣਾਂ ਲਈ ਰਾਜ- ਸੰਘ ਸਿਹਤ ਪ੍ਰੋਗਰਾਮ ਵਿਚੋਂ ਤਕਰੀਬਨ 10 ਖਰਬ ਡਾਲਰ ਦੀ ਕਟੌਤੀ ਕੀਤੀ ਗਈ ਹੈ। ਬਿੱਲ ਤਹਿਤ ਅਗਲੇ ਦਹਾਕੇ ਦੌਰਾਨ 1.18 ਕਰੋੜ ਲੋਕਾਂ ਲਈ ਬੀਮਾ ਛੱਤਰੀ ਖਤਮ ਕਰਨ ਦਾ ਟੀਚਾ ਹੈ।
ਜਾਰਜਟਾਊਨ ਯੁਨੀਵਰਸਿਟੀ ਦੇ ਸੈਂਟਰ ਫ਼ਾਰ ਚਾਇਲਡਰਨ ਐਂਡ ਫ਼ੈਮਲੀਜ਼ ਦੇ ਖੋਜ਼ ਪ੍ਰੋਫ਼ੈਸਰ, ਕਾਰਜਕਾਰੀ ਡਾਇਰੈਕਟਰ ਤੇ ਸਹਿ ਸੰਸਥਾਪਿਕ ਜੋਆਨ ਐਲਕਰ ਨੇ ਕਿਹਾ ਹੈ ਕਿ ਅਮਰੀਕਾ ਦੇ ਇਤਿਹਾਸ ਵਿੱਚ ਸਿਹਤ ਸੰਭਾਲ ਖੇਤਰ ਵਿੱਚ ਸਭ ਤੋਂ ਵੱਡੀ ਕਟੌਤੀ ਕੀਤੀ ਗਈ ਹੈ । ਬਿਲ ਦਾ ਵਿਰੋਧ ਕਰ ਰਹੇ ਡੈਮੋਕਰੈਟਿਕ ਆਗੂਆਂ ਅਨੁਸਾਰ ਇਸ ਬਿੱਲ ਨਾਲ ਗਰੀਬ ਲੋਕ ਹੋਰ ਗਰੀਬ ਹੋ ਜਾਣਗੇ ਤੇ ਉਨ੍ਹਾਂ ਲਈ ਕੋਈ ਸਹਾਰਾ ਨਹੀਂ ਬਚੇਗਾ।

Loading