-ਦਰਬਾਰਾ ਸਿੰਘ ਕਾਹਲੋਂ
ਭਾਰਤੀ ਉਪ ਮਹਾਦੀਪ ਵਿੱਚ ਪੰਜਾਬ ਨੂੰ ਪੰਜ ਦਰਿਆਵਾਂ, ਜਰਖ਼ੇਜ਼ ਮੈਦਾਨਾਂ, ਅਲੌਕਿਕ ਭੂਗੋਲਿਕ ਹੋਂਦ ਅਤੇ ਅਮੀਰ ਸੰਸਕ੍ਰਿਤੀ ਕਰਕੇ ਵੱਖਰਾ ਦੇਸ਼ ਸਮਝਿਆ ਜਾਂਦਾ ਸੀ। ਇਸ ਦੀ ਖ਼ੂਬਸੂਰਤੀ, ਪ੍ਰਭੂਸੱਤਾ ਸੰਪੰਨਤਾ, ਪੰਜਾਬੀ ਭਾਸ਼ਾ, ਨਿੱਘੇ ਸਮਾਜਿਕ ਅਤੇ ਸੱਭਿਆਚਾਰਕ ਰਸਮੋ-ਰਿਵਾਜਾਂ, ਉੱਚ ਮਾਨਵੀ ਕਦਰਾਂ-ਕੀਮਤਾਂ ਕਰਕੇ ‘ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ’ ਪੁਕਾਰਿਆ ਜਾਂਦਾ ਸੀ। ਵਿਸ਼ਵ ਵਿਜੇਤਾ ਸਿਕੰਦਰ ਮਹਾਨ ਨੂੰ ਦਰਿਆ ਬਿਆਸ ਤੋਂ ਵਾਪਸੀ ਲਈ ਮਜਬੂਰ ਕਰਨਾ, ਮੁਗ਼ਲ ਕਾਲ ਦੇ ਸਿਖਰ ਸਮੇਂ ਬੰਦਾ ਸਿੰਘ ਬਹਾਦਰ ਦੀ ਰਾਹਨੁਮਾਈ ਹੇਠ ਤਾਕਤਵਰ ਨਿਰਦਈ ਸੂਬਾ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣਾ, ਪੰਜਾਬੀ ਸਿੱਖ ਮਹਾਨਾਇਕ ਮਹਾਰਾਜਾ ਰਣਜੀਤ ਸਿੰਘ ਵੱਲੋਂ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਇਕ ਮਜ਼ਬੂਤ ਰਾਜ ਦੀ ਸਥਾਪਨਾ ਕਰਨਾ ਪੰਜਾਬੀ ਭਾਈਚਾਰੇ ਦੀਆਂ ਮਹਾਨ ਇਤਿਹਾਸਕ ਪ੍ਰਾਪਤੀਆਂ ਹਨ ਜਿਨ੍ਹਾਂ ਵਿੱਚ ਹਿੰਦੂ, ਸਿੱਖ, ਮੁਸਲਿਮ ਅਤੇ ਦਲਿਤ ਭਾਈਚਾਰੇ ਸ਼ਾਮਲ ਸਨ।
ਪੰਜਾਬੀ ਵਿਦੇਸ਼ੀ ਹਮਲਾਵਰਾਂ ਅਤੇ ਮੁਗ਼ਲ ਸ਼ਾਸਕਾਂ ਦੀਆਂ ਜ਼ਿਆਦਤੀਆਂ ਦਾ ਕਰਾਰਾ ਜਵਾਬ ਦਿੰਦੇ ਰਹੇ ਹਨ ਪਰ ਅੰਗਰੇਜ਼ ਸਾਮਰਾਜ ਅਤੇ ਬਸਤੀਵਾਦ ਨੇ ਪੰਜਾਬੀਆਂ ਨੂੰ ਸਦੀਵੀ ਤੌਰ ’ਤੇ ਕਮਜ਼ੋਰ ਅਤੇ ਆਪਸੀ ਜੰਗ ਵਿਚ ਉਲਝਾਉਣ ਦੇ ਚੱਕਰਵਿਊ ਵਿੱਚ ਬੁਰੀ ਤਰ੍ਹਾਂ ਫਸਾ ਕੇ ਰੱਖ ਦਿੱਤਾ। ਪਹਿਲੀ ਵਿਸ਼ਵ ਜੰਗ 1914 ਤੋਂ 1919 ਦੌਰਾਨ ਹੋਈ ਜਿਸ ਵਿੱਚ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨਾਲ ਸਬੰਧਤ ਫ਼ੌਜੀਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਲੇਕਿਨ ਬ੍ਰਿਟਿਸ਼ ਬਸਤੀਵਾਦੀ ਸਾਮਰਾਜ ਨੇ ਇਸ ਦਾ ਤੋਹਫ਼ਾ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ, ਅੰਮ੍ਰਿਤਸਰ ਦੇ ਸਾਕੇ ਦੇ ਰੂਪ ’ਚ ਦਿੱਤਾ ਜਿਸ ਵਿੱਚ ਹਜ਼ਾਰਾਂ ਨਿਹੱਥੇ ਪੰਜਾਬੀ ਗੋਲ਼ੀਆਂ ਨਾਲ ਭੁੰਨ ਦਿੱਤੇ ਗਏ। ਦੂਸਰੀ ਆਲਮੀ ਜੰਗ 1939 ਤੋਂ 1945 ਦਰਮਿਆਨ ਹੋਈ ਜਿਸ ਵਿੱਚ ਪੰਜਾਬੀਆਂ ਤੇ ਖ਼ਾਸ ਕਰਕੇ ਸਿੱਖ ਫ਼ੌਜੀਆਂ ਨੇ ਬ੍ਰਿਟੇਨ ਨੂੰ ਹਿਟਲਰ ਦੀ ਬਰਬਾਦੀ ਤੋਂ ਬਚਾਇਆ। ਦੋਹਾਂ ਜੰਗਾਂ ਵਿਚ 83005 ਸਿੱਖ ਫ਼ੌਜੀ ਮਾਰੇ ਗਏ, 109045 ਜ਼ਖ਼ਮੀ ਹੋਏ। ਇਸ ਦਾ ਤੋਹਫ਼ਾ 15 ਅਗਸਤ 1947 ਨੂੰ ਦੇਸ਼ ਦੇ ਬਟਵਾਰੇ ਵਜੋਂ ਪੰਜਾਬ ਤੇ ਬੰਗਾਲ ਦੀ ਵੰਡ ਤੇ ਪਾਕਿਸਤਾਨ ਦੀ ਸਥਾਪਤੀ ਵਜੋਂ ਦਿੱਤਾ ਗਿਆ। ਦੇਸ਼ ਦੀ ਵੰਡ ਮੌਕੇ 10 ਲੱਖ ਤੋਂ ਵੱਧ ਪੰਜਾਬੀ ਫ਼ਿਰਕੂ ਕੱਟੜਵਾਦੀ ਹਿੰਸਾ ਦੇ ਸ਼ਿਕਾਰ ਹੋ ਗਏ ਤੇ ਢਾਈ ਕਰੋੜ ਘਰ-ਘਾਟ ਗੁਆ ਬੈਠੇ।
ਬ੍ਰਿਟਿਸ਼ ਬਸਤੀਵਾਦੀ ਸਾਮਰਾਜ ਭਾਰਤ ਆਜ਼ਾਦ ਕਰਕੇ ਨਹੀਂ ਗਿਆ ਬਲਕਿ ਗੋਰੇ ਸ਼ਾਸਕਾਂ ਦੀ ਥਾਂ ਕਾਲੇ ਸ਼ਾਸਕ ਬਸਤੀਵਾਦੀਆਂ ਨੂੰ ਸੱਤਾ ਦਾ ਤਬਾਦਲਾ ਕਰ ਕੇ ਚਲਾ ਗਿਆ। ਭਾਰਤੀ ਸੰਵਿਧਾਨ ਰਾਜਾਂ ਨੂੰ ਕੇਂਦਰੀ ਸ਼ਾਸਨ ਦੀਆਂ ਬਸਤੀਆਂ ਬਣਨੋਂ ਨਹੀਂ ਰੋਕ ਸਕਿਆ। ਅੱਜ ਸਭ ਭਾਰਤੀ ਰਾਜ ਸੰਘਵਾਦ ਦੇ ਉਲਟ ਸੱਤਾ ਦੇ ਕੇਂਦਰੀਕਰਨ ਕਰ ਕੇ ਭਿਖਾਰੀ ਬਸਤੀਆਂ ਬਣ ਦਿੱਤੇ ਗਏ ਹਨ।
ਸੰਨ 1953 ਦੇ ਫ਼ਜ਼ਲ ਅਲੀ ਭਾਸ਼ਾ ਆਧਾਰਤ ਰਾਜਾਂ ਦੇ ਪੁਨਰਗਠਨ ਅਧੀਨ ਪੰਜਾਬ ਨੂੰ ਨਾਂਹ ਕਰ ਦਿੱਤੀ ਗਈ। ਪੰਜਾਬੀ ਸੂਬੇ ਦੇ ਮੋਰਚੇ ਤੋਂ ਬਾਅਦ ਪਹਿਲੀ ਨਵੰਬਰ, 1966 ਨੂੰ ਇਕ ਲੰਗੜਾ ਬਸਤੀਵਾਦੀ ਪੰਜਾਬ ਸਥਾਪਤ ਕੀਤਾ ਗਿਆ ਜਿਸ ਨੂੰ ਰਾਜਧਾਨੀ, ਪਾਣੀਆਂ, ਪੰਜਾਬੀ ਭਾਸ਼ੀ ਇਲਾਕਿਆਂ, ਹੈੱਡ ਵਰਕਸਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ, ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧ ਤੋਂ ਮਹਿਰੂਮ ਰਖਿਆ।
ਗੈਂਗਸਟਰਵਾਦ, ਨਸ਼ੀਲੇ ਪਦਾਰਥਾਂ ਅਤੇ ਬੇਰੁਜ਼ਗਾਰੀ ਕਰਕੇ ਪਿੰਜੇ ਪੰਜਾਬ ਨੇ ਲੱਖਾਂ ਦੀ ਗਿਣਤੀ ਵਿਚ ਜ਼ਮੀਨਾਂ-ਜਾਇਦਾਦਾਂ ਵੇਚ ਕੇ ਨੌਜਵਾਨ ਬੱਚੇ-ਬੱਚੀਆਂ ਵਿਦੇਸ਼ ਭੇਜ ਦਿੱਤੇ। ਅੱਜ ਲਗਪਗ 50 ਲੱਖ ਤੋਂ ਵੱਧ ਭਾਰਤੀ ਪੰਜਾਬੀ ਏਸ਼ੀਅਨ, ਅਰਬ, ਅਫ਼ਰੀਕਨ, ਪੱਛਮੀ ਦੇਸ਼ਾਂ ਵਿਚ ਵਸੇ ਹੋਏ ਹਨ। ਭਾਰਤ ਦੇ ਹੋਰ ਸੂਬਿਆਂ ਵਿੱਚ ਡੇਢ ਕਰੋੜ ਤੋਂ ਵੱਧ ਪੰਜਾਬੀ ਵਸਦੇ ਹਨ। ਆਲਮੀ ਪੱਧਰ ’ਤੇ ਵੱਡੀ ਉਥਲ-ਪੁਥਲ ਅਤੇ ਆਰਥਿਕ ਮੰਦਹਾਲੀ ਕਰਕੇ ਪਰਵਾਸੀ ਬਾਸ਼ਿੰਦਿਆਂ ’ਤੇ ਹਰ ਦੇਸ਼ ਅੰਦਰ ਘੋਰ ਸੰਕਟਾਂ ਦੇ ਬੱਦਲ ਮੰਡਰਾ ਰਹੇ ਹਨ। ਘੱਟ ਗਿਣਤੀਆਂ ਧਰਮ, ਭਾਸ਼ਾ, ਪਹਿਰਾਵੇ, ਸੱਭਿਆਚਾਰ, ਰੁਜ਼ਗਾਰ ਨੂੰ ਲੈ ਹਰ ਦੇਸ਼ ਅਤੇ ਇਲਾਕੇ ਵਿਚ ਹਮੇਸ਼ਾ ਜ਼ਿਆਦਤੀਆਂ, ਬੇਇਨਸਾਫ਼ੀ ਅਤੇ ਹਿੰਸਕ ਦਮਨ ਦਾ ਸ਼ਿਕਾਰ ਰਹੀਆਂ ਹਨ। ਅੱਜ ਪੰਜਾਬੀ ਭਾਈਚਾਰਾ ਵੀ ਦੇਸ਼-ਵਿਦੇਸ਼ ਅੰਦਰ ਬੇਇਨਸਾਫ਼ੀ ਦਾ ਸ਼ਿਕਾਰ ਹੈ। ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹਾਲਾਤ ਬਹੁਤ ਹੀ ਪੇਚੀਦਾ ਬਣ ਗਏ ਹਨ। ਉਸ ਦੇ ਪਦਚਿੰਨ੍ਹਾਂ ’ਤੇ ਚੱਲਦੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਬ੍ਰਿਟੇਨ ਅਤੇ ਹੋਰ ਯੂਰਪੀ ਦੇਸ਼ਾਂ ਦੇ ਨਿਸ਼ਾਨੇ ’ਤੇ ਪੰਜਾਬੀ ਆ ਚੁੱਕੇ ਹਨ। ਵੱਡੇ ਪੱਧਰ ’ਤੇ ਛਾਣਬੀਣ ਰਾਹੀਂ ਉਨ੍ਹਾਂ ਨੂੰ ਜਬਰੀ ਡਿਪੋਰਟ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ।
ਕੈਨੇਡਾ, ਬ੍ਰਿਟੇਨ , ਆਸਟ੍ਰੇਲੀਆ ਅਤੇ ਅਮਰੀਕਾ ਅੰਦਰ ਭਾਰਤੀ ਕੱਟੜਪੰਥੀ ਅਤੇ ਪਾਕਿਸਤਾਨੀ ਬਦਨਾਮ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਏਜੰਟ ਪੰਜਾਬੀ ਸਿੱਖਾਂ ਅਤੇ ਹਿੰਦੂ ਭਾਈਚਾਰਿਆਂ ਵਿੱਚ ਖਾਲਿਸਤਾਨ ਨੂੰ ਖਾਹ-ਮਖਾਹ ਉਭਾਰ ਕੇ ਟਕਰਾਅ ਪੈਦਾ ਕਰਨ ਦੇ ਰੌਂਅ ਵਿਚ ਹਨ। ਲੇਖਕ ਨੂੰ ਇਹ ਪ੍ਰਤੱਖ ਸੁਣ ਕੇ ਉਦੋਂ ਹੈਰਾਨੀ ਹੋਈ ਜਦੋਂ ਇੱਕ ਪਾਕਿਸਤਾਨੀ ਕਹਿ ਰਿਹਾ ਸੀ ਕਿ ਜੇ ਮਾਸਟਰ ਤਾਰਾ ਸਿੰਘ ਸਿੱਖਾਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨੋਂ ਉੱਕ ਗਿਆ ਤਾਂ ਹੁਣ ਕਿਹੜੀ ਦੇਰੀ ਹੋ ਗਈ ਹੈ। ਸਿੱਖ ਹੁਣ ਪਾਕਿਸਤਾਨ ਵਿੱਚ ਸ਼ਾਮਲ ਹੋ ਜਾਣ। ਇਵੇਂ ਅਜਿਹੇ ਆਈ.ਐੱਸ.ਆਈ. ਏਜੰਟ ਵਿਦੇਸ਼ਾਂ ਵਿੱਚ ਹੀ ਨਹੀਂ, ਪੰਜਾਬ ਵਿੱਚ ਵੀ ਸਿੱਖ ਨੌਜਵਾਨਾਂ ਨੂੰ ਗੁਮਰਾਹ ਕਰਨ ਲਈ ਯਤਨਸ਼ੀਲ ਹਨ। ਹਿੰਦੂ ਕੱਟੜਵਾਦੀ ਏਜੰਟ ਐਸੇ ਪ੍ਰਾਪੇਗੰਡੇ ਨੂੰ ਭੜਕਾਉਣ ਵਿੱਚ ਸਹਾਈ ਹੁੰਦੇ ਹਨ। ਦਲਿਤ ਭਾਈਚਾਰੇ ਨਾਲ ਅਮਰੀਕਾ, ਬ੍ਰਿਟੇਨ ਤੇ ਆਸਟ੍ਰੇਲੀਆ ਵਿੱਚ ਜਾਤੀਵਾਦੀ ਨਫ਼ਰਤ ਦੀ ਅੱਗ ਬਾਲੀ ਜਾਂਦੀ ਹੈ। ਪੰਜਾਬੀਆਂ ਦੇ ਦੇਸ਼-ਵਿਦੇਸ਼ ਵਿਚ ਹਿੱਤਾਂ ਦੀ ਰਾਖੀ, ਉਨ੍ਹਾਂ ਦੇ ਸਨਮਾਨ, ਧਾਰਮਿਕ, ਰਾਜਨੀਤਕ, ਸਮਾਜਿਕ ਅਧਿਕਾਰਾਂ ਅਤੇ ਸੱਭਿਆਚਾਰ ਦੀ ਸੁਰੱਖਿਆ, ਪੰਜਾਬੀਅਤ ਦੀ ਇਕਜੁੱਟਤਾ ਤੇ ਇਕਸੁਰਤਾ ਲਈ ਸਮੁੱਚੇ ਭਾਈਚਾਰੇ ਨੂੰ ਇੱਕ ਕੌਮਾਂਤਰੀ ਕੌਂਸਲ ਗਠਿਤ ਕਰਨੀ ਚਾਹੀਦੀ ਹੈ। ਕੈਨੇਡਾ ਵਿਚ 20 ਕੁ ਪੰਜਾਬੀ ਸਾਂਸਦ, ਕਈ ਸੂਬਿਆਂ ਵਿੱਚ ਵਿਧਾਨਕਾਰ ਹਨ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਮਲੇਸ਼ੀਆ, ਸਿੰਗਾਪੁਰ, ਦੱਖਣੀ ਅਫ਼ਰੀਕਾ, ਕੀਨੀਆ ਤੇ ਇਟਲੀ ਵਿਚ ਸਾਂਸਦ, ਕੌਂਸਲਰ, ਮੇਅਰ ਪਦਾਂ ’ਤੇ ਹਨ। ਸ਼ਾਸਨ ਪ੍ਰਬੰਧ, ਪੁਲਿਸ ਅਤੇ ਫ਼ੌਜ ਵਿੱਚ ਅੱਛੇ ਪਦਾਂ ’ਤੇ ਹਨ। ਵੱਡੇ ਕਾਰੋਬਾਰੀ, ਟ੍ਰਾਂਸਪੋਰਟਰ, ਕਿਸਾਨ, ਸਨਅਤਕਾਰ, ਡਿਪਲੋਮੈਟ ਤੇ ਵਕੀਲ ਆਦਿ ਹਨ। ਭਾਰਤੀ ਪੰਜਾਬ ਅਤੇ ਦੂਸਰੇ ਸੂਬਿਆਂ ਦੇ ਉੱਘੇ ਪੰਜਾਬੀ ਮਿਲ ਕੇ ਗਲੋਬਲ ਪੰਜਾਬੀ ਪਾਰਲੀਮੈਂਟ ਦਾ ਗਠਨ ਕਰਨ ਆਪਣੀ ਗਿਣਤੀ ਆਧਾਰਤ ਪ੍ਰਤੀਨਿਧਤਾ ਦੇ ਆਧਾਰ ’ਤੇ। ਇਸ ਵੱਲੋਂ ਚੁਣੀ ਕੌਮਾਂਤਰੀ ਪੰਜਾਬੀ ਕੌਂਸਲ ਪੰਜਾਬੀ ਭਾਈਚਾਰੇ ਦੇ ਮਸਲੇ ਹੱਲ ਕਰਨ ਲਈ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨਾਲ ਰਾਬਤਾ ਕਰੇ। ਪੰਜਾਬੀ ਭਾਸ਼ਾ, ਸੱਭਿਆਚਾਰ, ਰੀਤੀ-ਰਿਵਾਜ, ਤਿਉਹਾਰ, ਸਿੱਖਿਆ, ਸਿਹਤ, ਸਾਂਝੀਵਾਲਤਾ ਪ੍ਰਤੀ ਧਿਆਨ ਕੇਂਦਰਿਤ ਕਰਨ। ਇਸ ਕੌਂਸਲ ਵਿੱਚ ਪ੍ਰਬੁੱਧ ਹਿੰਦੂ, ਸਿੱਖ, ਮੁਸਲਿਮ, ਈਸਾਈ ਦਲਿਤ ਪੰਜਾਬੀ ਸ਼ਾਮਲ ਕੀਤੇ ਜਾਣ।
‘ਕੌਮਾਂਤਰੀ ਪੰਜਾਬੀ ਕੌਂਸਲ’ ਲਹਿੰਦੇ ਪੰਜਾਬ ਦੇ 12 ਕਰੋੜ ਪੰਜਾਬੀਆਂ ਨਾਲ ਵੀ ਤਾਲਮੇਲ ਕਰ ਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਇਕਜੁੱਟਤਾ, ਭਾਈਚਰਕ, ਵਪਾਰਕ ਤੇ ਸਮਾਜਿਕ ਸਾਂਝ ਪੈਦਾ ਕਰੇ। ਜੇ ਭਾਰਤ ਗੁਜਰਾਤ, ਮੁੰਬਈ ਬੰਦਰਗਾਹਾਂ ਰਾਹੀਂ ਪਾਕਿਸਤਾਨ ਨਾਲ ਵਪਾਰ ਜਾਰੀ ਰੱਖ ਸਕਦਾ ਹੈ ਤਾਂ ਵਾਹਗਾ, ਹੁਸੈਨੀਵਾਲਾ, ਕਰਤਾਰਪੁਰ ਲਾਂਘਿਆਂ ਰਾਹੀਂ ਕਿਉਂ ਨਹੀਂ? ਦੋਹਾਂ ਪੰਜਾਬ ਦੀ ਨੇੜਤਾ ਭਾਰਤ ਅਤੇ ਪਾਕਿਸਤਾਨ ਟਕਰਾਅ ਨੂੰ ਸਦੀਵੀ ਤੌਰ ’ਤੇ ਰੋਕਣ ਲਈ ਪੁਲ ਦਾ ਕੰਮ ਕਰ ਸਕਦੀ ਹੈ।
ਅਜੋਕੇ ਪੰਜਾਬ ਦੇ ਫ਼ਿਰਕੂ ਸੋਚ ਵਾਲੇ ਆਗੂ, ਕੇਂਦਰੀ ਸਥਾਪਤ ਨਿਜ਼ਾਮ ਦੇ ਪਿੱਠੂ ਅਕਾਲੀ ਆਗੂ, ਰੈਡੀਕਲ ਸਿੱਖ ਅਨਸਰ, ਵੰਡਿਆ ਹੋਇਆ ਦਲਿਤ ਭਾਈਚਾਰਾ, ਵੰਡਿਆ ਹੋਇਆ ਹਿੰਦੂ ਅਤੇ ਸਿੱਖ ਭਾਈਚਾਰਾ ਪੰਜਾਬ ਦੇ ਮਸਲੇ ਹੱਲ ਨਹੀਂ ਕਰ ਸਕਦੇ। ਅੱਜ ਪੰਜਾਬੀ ਭਾਈਚਾਰੇ ਨੂੰ ਮਜ਼ਬੂਤ ਸਰਬ-ਸਾਂਝੀਵਾਲਤਾ ਨਾਲ ਗੁੰਦ ਕੇ ਨਰੋਈ ਪੰਜਾਬੀ ਪਾਰਟੀ ਗਠਿਤ ਕਰਨੀ ਚਾਹੀਦੀ ਹੈ। ਸੰਨ 2027 ਦੀਆਂ ਵਿਧਾਨ ਸਭਾ ਚੋਣਾਂ ਸਮੂਹ ਪੰਜਾਬੀ ਹਿੰਦੂ, ਸਿੱਖ, ਦਲਿਤ, ਈਸਾਈ ਤੇ ਮੁਸਲਿਮ ਭਾਈਚਾਰਾ ਇਸ ਦੀ ਅਗਵਾਈ ਵਿਚ ਲੜੇ। ਇਕ ਤਾਕਤਵਰ ਸਰਕਾਰ ਗਠਿਤ ਕਰ ਕੇ ਪੰਜਾਬ ਨੂੰ ਕੇਂਦਰੀ ਦਾਬੇ ਤੋਂ ਛੁਟਕਾਰਾ ਦਿਵਾਏ। ਆਪਣੀ ਰਾਜਧਾਨੀ, ਪਾਣੀ, ਪੰਜਾਬੀ ਭਾਸ਼ੀ ਇਲਾਕੇ, ਹੈੱਡਵਰਕਸਾਂ ਅਤੇ ਯੂਨੀਵਰਸਿਟੀ ਦਾ ਪ੍ਰਬੰਧ ਹਾਸਲ ਕਰੇ। ‘ਕੌਮਾਂਤਰੀ ਪੰਜਾਬੀ ਕੌਂਸਲ’ ਦੀ ਮਦਦ ਲਈ ਜਾ ਸਕਦੀ ਹੈ। ਪੰਜਾਬੀਆਂ ਦੀ ਮਜ਼ਬੂਤ ਇੱਛਾ ਸ਼ਕਤੀ ਵਾਲੀ ਸਰਕਾਰ ਅੱਗੇ ਕੋਈ ਨਹੀਂ ਅੜ ਸਕਦਾ। ਨਾ ਕੇਂਦਰ, ਨਾ ਗੈਂਗਸਟਰਵਾਦ, ਨਾ ਨਸ਼ਾ, ਨਾ ਭ੍ਰਿਸ਼ਟਾਚਾਰ, ਨਾ ਅੱਤਵਾਦ ਜਾਂ ਵੱਖਵਾਦ।
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
![]()
