ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਕੁਝ ਲੋਕ : ਗਿਆਨੀ ਹਰਪ੍ਰੀਤ ਸਿੰਘ

In ਪੰਜਾਬ
March 07, 2025
ਅੰਮ੍ਰਿਤਸਰ/ਏ.ਟੀ.ਨਿਊਜ਼ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਉਨ੍ਹਾਂ ’ਤੇ ਦੋਸ਼ ਲਗਾਏ ਹਨ, ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਗੁੱਝੇ ਭੇਤ ਖੋਲ੍ਹਣ ਦੀਆਂ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਹੁਣ ਮੇਰੇ ਬਾਰੇ ਕੀ ਖਬਰ ਹੈ ਤਾਂ ਉਨ੍ਹਾਂ ਨੇ ਜਥੇਦਾਰ ਨੂੰ ਕਹਿ ਦਿੱਤਾ ਕਿ ਪਤਾ ਲਗਾ ਹੈ ਕਿ ਤੁਹਾਨੂੰ ਵੀ ਸਮਾਂ ਆਉਣ ’ਤੇ ਬਦਨਾਮ ਤੇ ਦੱਬਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਤਰਨ ਤਾਰਨ ਵਿਖੇ ਧਾਰਮਿਕ ਸਮਾਗਮ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਦੀ ਭਰਤੀ ਲਈ 7 ਮੈਂਬਰੀ ਕਮੇਟੀ ਬਣਾਈ ਸੀ, ਉਸ ਵਿੱਚ ਹੁਣ ਪੰਜ ਮੈਂਬਰ ਰਹਿ ਗਏ ਹਨ, ਜਿਨ੍ਹਾਂ ਦੀ ਦ੍ਰਿੜਤਾ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਅਖਵਾਉਣ ਵਾਲੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਪਰ ਸੰਗਤਾਂ ਦੇ ਸਹਿਯੋਗ ਨਾਲ ਇਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਹੁਣ ਇਹ ਕਹਿ ਰਹੇ ਹਨ ਕਿ ਪੰਜ ਮੈਂਬਰੀ ਜਿਹੜੀ ਭਰਤੀ ਕਰੇਗੀ, ਇਹ ਗੈਰ-ਕਾਨੂੰਨੀ ਹੈ। ਹੁਣ ਜਿਹੜੀ ਭਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਹੋਵੇਗੀ, ਉਸ ਨੂੰ ਇਹ ਗੈਰ-ਕਾਨੂੰਨੀ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ ਜਦੋਂ ਪੰਜ ਮੈਂਬਰੀ ਕਮੇਟੀ ਭਰਤੀ ਲਈ ਆਵੇਗੀ, ਪਹਿਲਾਂ ਇਨ੍ਹਾਂ ਦਾ ਸਨਮਾਨ ਕਰਿਓ ਤੇ ਫ਼ਿਰ ਭਰਤੀ ਵਿੱਚ ਸਹਿਯੋਗ ਕਰਿਓ, ਲੋੜ ਪੈਣ ’ਤੇ ਪਾਰਟੀ ਵੀ ਰਜਿਸਟਰਡ ਕਰਵਾ ਲਵਾਂਗੇ। ਪੰਜ ਮੈਂਬਰੀ ਕਮੇਟੀ ਭਰਤੀ ਆਧਾਰ ਕਾਰਡ ਦੇ ਨਾਲ ਹੀ ਕਰੇਗੀ ਅਤੇ ਇਹ ਭਰਤੀ ਰਿਕਾਰਡਤੋੜ ਹੋਵੇਗੀ। ਉਨ੍ਹਾਂ ਕਿਹਾ ਕਿ 2 ਦਸੰਬਰ ਦਾ ਹੁਕਮਨਾਮਾ ਅਸੀਂ ਸੰਗਤ ਨਾਲ ਮਿਲ ਕੇ ਲਾਗੂ ਕਰਾਵਾਂਗੇ।

Loading