ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਖੋਲ੍ਹਿਆ ਜਾਵੇੇ : ਜਥੇਦਾਰ

In ਪੰਜਾਬ
November 10, 2025

ਅੰਮ੍ਰਿਤਸਰ/ਏ.ਟੀ.ਨਿਊਜ਼: ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਜੱਥੇ ਦੇ ਨਾਲ 3 ਨਵੰਬਰ ਨੂੰ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਿਛਲੇ ਦਿਨੀਂ ਵਾਪਸ ਭਾਰਤ ਪਰਤ ਆਏ ਹਨ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਵਾਹਗਾ-ਅਟਾਰੀ ਸਰਹੱਦ ’ਤੇ ਰਵਾਨਗੀ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਨਿੱਘੀ ਵਿਦਾਇਗੀ ਦਿੱਤੀ। ਵਾਪਸੀ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਥੇਦਾਰ ਨੇ ਗੁਰੂ ਘਰਾਂ ਵਿੱਚ ਦਰਸ਼ਨ ਸਮੇਂ ਦੇ ਅਨੁਭਵ ਅਤੇ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ’ਤੇ ਵਿਚਾਰ ਸਾਂਝੇ ਕੀਤੇ। ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਸੀਸ ਨਾਲ ਜਥੇ ਨੇ ਸ਼ਾਂਤੀਪੂਰਨ ਤਰੀਕੇ ਨਾਲ ਪਾਕਿਸਤਾਨ ਦੇ ਗੁਰੂਧਾਮਾਂ ਵਿੱਚ ਦਰਸ਼ਨ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਚੰਗੇ ਪ੍ਰਬੰਧ ਕੀਤੇ ਸਨ, ਜਿਸ ਲਈ ਉਨ੍ਹਾਂ ਨੇ ਲਹਿੰਦੇ ਪੰਜਾਬ ਦੀ ਸਰਕਾਰ ਤੇ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਰਿਹਾਇਸ਼, ਲੰਗਰ, ਪੂਰਾ ਪ੍ਰੋਟੋਕਾਲ, ਸੁਰੱਖਿਆ ਤੇ ਮੈਡੀਕਲ ਪ੍ਰਬੰਧ ਬਹੁਤ ਸ਼ਾਨਦਾਰ ਸਨ। ਜਥੇਦਾਰ ਨੇ ਦੱਸਿਆ ਕਿ ਉੱਥੇ ਸਿੱਖ ਸੰਗਤ ਦੇ ਨਾਲ-ਨਾਲ ਸਿੰਧੀ ਸਮਾਜ ਦੇ ਲੱਖਾਂ ਗੁਰੂ ਨਾਨਕ ਨਾਮ ਲੇਵਾ ਭਾਈ-ਭੈਣਾਂ ਨਾਲ ਵੀ ਗੱਲਬਾਤ ਹੋਈ। ਸਭ ਨੂੰ ਗੁਰਬਾਣੀ ਨਾਲ ਜੁੜਨ, ਆਪਸੀ ਪਿਆਰ ਤੇ ਚੜ੍ਹਦੀਕਲਾ ਵਿਚ ਰਹਿਣ ਦਾ ਪੈਗਾਮ ਦਿੱਤਾ ਗਿਆ।
ਉਨ੍ਹਾਂ ਦੋਨਾਂ ਸਰਕਾਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਨਾਲ ਇਹ ਧਾਰਮਿਕ ਯਾਤਰਾ ਸੰਭਵ ਬਣੀ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਗੱਲ ਕਰਦੇ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਆਏ ਹੜ੍ਹ ਕਾਰਨ ਨੁਕਸਾਨ ਦੇ ਬਾਵਜੂਦ ਹੁਣ ਉੱਥੇ ਸਫ਼ਾਈ ਤੇ ਸੰਭਾਲ ਦੇ ਪ੍ਰਬੰਧ ਬੇਹਤਰੀਨ ਹਨ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ’ਚ ਅਮਨ ਤੇ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਲਦੀ ਖੋਲ੍ਹਿਆ ਜਾਵੇ, ਤਾਂ ਜੋ ਹੋਰ ਵੱਡੀ ਗਿਣਤੀ ਵਿਚ ਸਿੱਖ ਯਾਤਰੀ ਦਰਸ਼ਨ ਲਈ ਜਾ ਸਕਣ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਹੈ, ਤਾਂ ਕਰਤਾਰਪੁਰ ਲਾਂਘਾ ਖੋਲ੍ਹਣਾ “ਸੋਨੇ ’ਤੇ ਸੁਹਾਗਾ” ਵਰਗੀ ਗੱਲ ਹੋਵੇਗੀ। ਇਹ ਲਾਂਘਾ ਸਿਰਫ਼ ਰਾਹ ਨਹੀਂ, ਸਗੋਂ ਦਿਲਾਂ ਨੂੰ ਜੋੜਨ ਵਾਲਾ ਪੁਲ਼ ਹੈ ਜੋ ਦੋਨਾਂ ਦੇਸ਼ਾਂ ਦੇ ਲੋਕਾਂ ਵਿੱਚ ਪ੍ਰੇਮ ਤੇ ਸਾਂਝ ਵਧਾਉਂਦਾ ਹੈ।
ਗਿਆਨੀ ਗੜਗੱਜ ਨੇ ਕਿਹਾ ਕਿ ਪਾਕਿਸਤਾਨ ਦੇ ਆਮ ਲੋਕਾਂ ਵਿੱਚ ਭਾਰਤੀ ਸਿੱਖਾਂ ਲਈ ਪਿਆਰ ਤੇ ਸਤਿਕਾਰ ਵੇਖਣ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਲਾਹੌਰ ਦੇ ਬਾਜ਼ਾਰਾਂ ਵਿੱਚ ਲੋਕ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਮਿਲੇ ਅਤੇ ਕਿਹਾ ਕਿ “ਦਸਤਾਰ ਵਾਲੇ ਕਦੋਂ ਆਉਂਣਗੇ?”ਇਹ ਗੱਲ ਦਰਸਾਉਂਦੀ ਹੈ ਕਿ ਦੋਨਾਂ ਪਾਸਿਆਂ ਦੇ ਆਮ ਲੋਕਾਂ ਵਿਚ ਨਫ਼ਰਤ ਨਹੀਂ, ਸਗੋਂ ਭਾਵਨਾਤਮਕ ਸਾਂਝ ਹੈ।
ਉਨ੍ਹਾਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਕਿਸੇ ਯਾਤਰੀ ਨੂੰ ਵੀਜ਼ਾ ਮਿਲ ਜਾਵੇ, ਤਾਂ ਉਹਨੂੰ ਗੁਰੂ ਘਰ ਦੇ ਦਰਸ਼ਨ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਨਾਲ ਹੀ ਦੋਨਾਂ ਪਾਸਿਆਂ ਦੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਨੂੰ ਆਪਸੀ ਤੀਰਥ ਸਥਾਨਾਂ ਦੇ ਦਰਸ਼ਨ ਲਈ ਵੀ ਵੀਜ਼ਾ ਸੁਵਿਧਾ ਦਿੱਤੀ ਜਾਵੇ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਿਆਰ, ਏਕਤਾ ਅਤੇ ਸਾਂਝ ਦਾ ਪੈਗ਼ਾਮ ਦਿੱਤਾ ਸੀ। ਅਸੀਂ ਦੋਨਾਂ ਦੇਸ਼ਾਂ ਵਿਚਕਾਰ ਸ਼ਾਂਤੀ ਤੇ ਭਰਾਵਾਂ ਵਾਲਾ ਮਾਹੌਲ ਬਣਾਈਏ, ਇਹੀ ਸਾਡੀ ਅਰਦਾਸ ਹੈ।

Loading