ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਕਿੱਥੇ ਹੈ?

In ਖਾਸ ਰਿਪੋਰਟ
August 09, 2025

ਡਾ. ਮਹਿੰਦਰ ਸਿੰਘ

1966 ਦਾ ਨਵਾਂ ਸਾਲ ਸਿੱਖ ਭਾਈਚਾਰੇ ਲਈ ਇੱਕ ਕੀਮਤੀ ਤੋਹਫ਼ਾ ਲੈ ਕੇ ਆਇਆ-1849 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਾਖਾਨਾ ਵਿਚੋਂ ਭਾਰਤ ਦੇ ਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਡਲਹੌਜ਼ੀ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੀ ਵਾਪਸੀ। ਭਾਰਤ ਸਰਕਾਰ, ਜਿਸ ਦੀ ਅਗਵਾਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਕਰ ਰਹੇ ਸਨ, ਦੀਆਂ ਕੋਸ਼ਿਸ਼ਾਂ ਰਾਹੀਂ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੀ ਵਾਪਸੀ ਨੇੜੇ ਦੇ ਸਿੱਖ ਇਤਿਹਾਸ ਵਿੱਚ ਇੱਕ ਮੀਲ-ਪੱਥਰ ਸੀ। ਬਰਤਾਨੀਆ ਤੋਂ ਪਵਿੱਤਰ ਨਿਸ਼ਾਨੀਆਂ ਦੀ ਵਾਪਸੀ ਦੀ ਖ਼ਬਰ ਦਾ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਮੈਂ ਉਚੇਚਾ ਪਟਿਆਲਾ ਤੋਂ ਦਿੱਲੀ ਗਿਆ, ਇਹ ਜਾਣਦਿਆਂ ਹੋਇਆਂ ਵੀ ਕਿ ਇਸ ਕੀਮਤੀ ਵਿਰਾਸਤ ਨੂੰ ਮੇਰੇ ਸ਼ਹਿਰ ਵਿਚੋਂ ਵੀ ਜੁਲੂਸ ਦੇ ਰੂਪ ਵਿੱਚ ਲਿਜਾਇਆ ਜਾਣਾ ਹੈ। ਸਫ਼ਦਰਜੰਗ ਹਵਾਈ ਅੱਡੇ ’ਤੇ ਏਅਰ ਇੰਡੀਆ ਦੇ ਵਿਸ਼ੇਸ਼ ਹਵਾਈ ਜਹਾਜ਼-ਆਕਾਸ਼ ਦੂਤ-ਦੇ ਆਉਣ ਨੂੰ ਦੇਖਣਾ ਇੱਕ ਅਜਿਹਾ ਅਨੁਭਵ ਸੀ ਜਿਸ ਨੂੰ ਸੀਮਤ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਨੂੰ ਸਤਿਕਾਰ ਸਹਿਤ ਪ੍ਰਾਪਤ ਕਰਕੇ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਸਰਦਾਰ ਬਹਾਦਰ ਉੱਜਲ ਸਿੰਘ ਨੂੰ ਸੌਂਪਿਆ। ਇਨ੍ਹਾਂ ਪਵਿੱਤਰ ਨਿਸ਼ਾਨੀਆਂ ਨੂੰ ਸਿੱਖ ਰੈਜੀਮੈਂਟ ਰਾਹੀਂ ‘ਗਾਰਡ ਆਫ਼ ਆਨਰ’ ਦਿੱਤਾ ਜਾਣਾ ਵੇਖਣਾ ਮੇਰੇ ਲਈ ਬੜੀ ਸੰਤੁਸ਼ਟੀ ਅਤੇ ਖੁਸ਼ੀ ਦੇ ਪਲ ਸਨ।
ਕੌਮੀ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਅਤੇ ਪੰਜਾਬ ਦੇ ਮਹੱਤਵਪੂਰਨ ਸ਼ਹਿਰਾਂ ਵਿੱਚ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਲਿਜਾਣ ਤੋਂ ਬਾਅਦ ਇਸ ਕੀਮਤੀ ਵਿਰਾਸਤ ਨੂੰ ਖ਼ਾਲਸਾ ਪੰਥ ਦੀ ਸਿਰਜਣਾ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਥਾਈ ਰੂਪ ਵਿੱਚ ਸੰਭਾਲ ਲਿਆ ਗਿਆ। ਜਿਥੇ ਸਿੱਖ ਭਾਈਚਾਰਾ ਆਪਣੀ ਬਹੁਮੁੱਲੀ ਵਿਰਾਸਤ ਦੀ ਭਾਰਤ ਵਾਪਸੀ ਕਰਕੇ ਖੁਸ਼ ਸੀ, ਉਥੇ ਨਿਰਾਸ਼ਾ ਇਸ ਗੱਲ ਦੀ ਸੀ ਕਿ ਕਲਗੀਧਰ ਪਾਤਸ਼ਾਹ ਦੀ ਕਲਗੀ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਵਿੱਚ ਸ਼ਾਮਲ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਾਖਾਨੇ ਵਿੱਚ ਸੁਰੱਖਿਅਤ ਕਲਗੀ ਅਤੇ ਹੋਰ ਪਵਿੱਤਰ ਨਿਸ਼ਾਨੀਆਂ ਦੇ ਸਪੱਸ਼ਟ ਸਬੂਤ ਹਨ। ਤੋਸ਼ਾਖਾਨਾ ਦੇ ਇੰਚਾਰਜ ਮਿਸਰ ਮੇਘ ਰਾਮ ਦੀ ਅਰਜ਼ੀ (ਪਟੀਸ਼ਨ) ਦੇ ਬਿਰਤਾਂਤ ਅਨੁਸਾਰ ਵੈਰੋਵਾਲ ਦੇ ਇੱਕ ਸਾਹਿਬਜ਼ਾਦੇ (ਗੁਰੂ ਨਾਨਕ ਦੇਵ ਜੀ ਦੇ ਵੰਸ਼ਜ਼) ਰਾਹੀਂ 7 ਚੇਤ 1881 ਬਿ: (1824 ਈ.) ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਹੇਠ ਲਿਖੀਆਂ ਵਸਤਾਂ ਭੇਂਟ ਕੀਤੀਆਂ ਗਈਆਂ ਸਨ: ਦਾਏ ਆਹਿਣੀ, ਨੇਜਾ, ਚੱਕਰ-ਏ-ਆਹਿਣੀ, ਸ਼ਮਸ਼ੀਰ ਤੇਗ਼, ਕਲਗੀ-ਏ-ਕੁਚ (ਚਾਂਦੀ ਦੇ ਕੇਸ ਵਿੱਚ ਕੱਚ ਦਾ ਇੱਕ ਕਰੈਸਟ), ਬਰਛੀ, ਬਰਛਾ।
ਨੈਸ਼ਨਲ ਆਰਕਾਈਵਜ਼ ਆਫ ਇੰਡੀਆ ਦੀਆਂ ਫਾਈਲਾਂ ਵਿੱਚ ਮੈਨੂੰ ਭਾਰਤ ਦੇ ਗਵਰਨਰ ਲਾਰਡ ਡਲਹੌਜ਼ੀ ਦਾ ਇੱਕ ਹੱਥ ਲਿਖਤ ਨੋਟ ਵੀ ਮਿਲਿਆ ਜਿਸ ਵਿੱਚ ਲਿਖਿਆ ਸੀ, ‘ਇਹ ਪਵਿੱਤਰ ਨਿਸ਼ਾਨੀਆਂ ਬਹਾਦਰ ਸਿੱਖ ਕੌਮ ਦਾ ਅਮੁੱਲ ਵਿਰਸਾ ਹੈ ਤੇ ਇਹ ਕਿਸੇ ਵੀ ਸਿੱਖ ਸੰਸਥਾ ਨੂੰ ਤੋਹਫੇ ਦੇ ਰੂਪ ’ਚ ਜਾਂ ਨਿਲਾਮੀ ਰਾਹੀਂ ਵੇਚਣਾ ਨੀਤੀ ਨਿਪੁੰਨ ਨਹੀਂ ਹੋਵੇਗਾ। ਬਹਾਦਰ ਸਿੱਖ ਕੌਮ ਲਈ ਗੁਰੂ ਸਾਹਿਬ ਦੀਆਂ ਇਹ ਪਵਿੱਤਰ ਨਿਸ਼ਾਨੀਆਂ ਬੇਸ਼ਕੀਮਤੀ ਹਨ ਜਿਸ ਕਰਕੇ ਲਾਰਡ ਡਲਹੌਜ਼ੀ ਨੇ ਲੰਦਨ ਭੇਜਣ ਤੋਂ ਪਹਿਲਾਂ ਨਿਸ਼ਾਨੀਆਂ ਦਾ ਬੀਮਾ ਕਰਵਾਉਣ ਵਿੱਚ ਨਿੱਜੀ ਦਿਲਚਸਪੀ ਲਈ।
ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਕਲਗੀ ਮਹਾਰਾਜੇ ਦੇ ਤੋਸ਼ਾਖਾਨਾ ਵਿੱਚ ਮੌਜੂਦ ਸੀ, ਇਸ ਗੱਲ ਦੀ ਪ੍ਰੋੜ੍ਹਤਾ ਪ੍ਰਸਿੱਧ ਬਿਰਤਾਂਤਾਂ ਦੁਆਰਾ ਵੀ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸਵੇਰ ਦੇ ਇਸ਼ਨਾਨ ਤੋਂ ਬਾਅਦ ਮਹਾਰਾਜਾ ਉਸ ਆਦਿ ਗ੍ਰੰਥ ਤੋਂ ਵਾਕ ਲੈਂਦੇ ਸਨ (ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਦੁਆਰਾ ਤਿਆਰ ਕਰਵਾਇਆ ਸੀ) ਅਤੇ ਨਿੱਤਨੇਮ ਕਰਨ ਤੋਂ ਪਹਿਲਾਂ ਕਲਗੀ ਨੂੰ ਮਸਤਕ ’ਤੇ ਛੁਆਉਂਦੇ ਸਨ। ਕਲਗੀ ਦੇ ਲਾਰਡ ਡਲਹੌਜ਼ੀ ਦੇ ਵੰਸ਼ਜਾਂ ਦੇ ਕਬਜ਼ੇ ਵਿੱਚ ਮੌਜੂਦ ਹੋਣ ਦਾ ਤੱਥ ਡਲਹੌਜ਼ੀ ਪਰਿਵਾਰ ਦੇ ਕਰਨਲ ਡਬਲਿਊ.ਐਚ. ਬ੍ਰਾਊਨ ਅਤੇ ਲੰਡਨ ਦੇ ਸਾਊਥ ਕੈਨਸਿੰਗਟਨ ਮਿਊਜ਼ੀਅਮ ਦੇ ਸੇਸਿਲ ਸਮਿਥ ਵਿਚਕਾਰ ਹੋਏ ਪੱਤਰ ਵਿਹਾਰ ਤੋਂ ਬਿਨਾਂ-ਸ਼ੱਕ ਸਾਬਤ ਹੁੰਦਾ ਹੈ, ਜਿਸ ਵਿੱਚ ਸਪੱਸ਼ਟ ਤੌਰ ’ਤੇ ਇਸ ਕੀਮਤੀ ਨਿਸ਼ਾਨੀ ਨੂੰ 28 ਅਗਸਤ 1918 ਨੂੰ ਭਾਰਤ ਦੇ ਬੇਸ਼ਕੀਮਤੀ ਹੀਰੇ-ਜਵਾਹਰਾਤ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕਰਨ ਲਈ ਮਿਊਜ਼ੀਅਮ ਨੂੰ ਉਧਾਰ ਦਿੱਤੇ ਜਾਣ ਦਾ ਜ਼ਿਕਰ ਹੈ।
ਜਨਵਰੀ 1966 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੀ ਭਾਰਤ ਵਾਪਸੀ ਤੋਂ ਬਾਅਦ ਸਰਕਾਰਾਂ ਜਾਂ ਸਿੱਖ ਸੰਸਥਾਵਾਂ ਰਾਹੀਂ ਗੁੰਮ ਹੋਈ ਕਲਗੀ ਨੂੰ ਲੱਭਣ ਲਈ ਕੋਈ ਗੰਭੀਰ ਯਤਨ ਨਹੀਂ ਕੀਤੇ ਗਏ। ਬਾਅਦ ਵਿੱਚ ਪੰਜਾਬ ਦੇ ਮੁੱਖ-ਮੰਤਰੀ ਗਿਆਨੀ ਜ਼ੈਲ ਸਿੰਘ ਨੇ ਇੱਕ ਉਚ-ਪੱਧਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਡਾ. ਗੰਡਾ ਸਿੰਘ, ਪ੍ਰੋ. ਹਰਬੰਸ ਸਿੰਘ, ਪ੍ਰੋ. ਪ੍ਰੀਤਮ ਸਿੰਘ, ਗਿਆਨੀ ਨਾਹਰ ਸਿੰਘ ਐਮ.ਏ. ਅਤੇ ਸ. ਤਰਲੋਚਨ ਸਿੰਘ ਅਤੇ ਸੂਬੇ ਦੇ ਮੁੱਖ ਸਕੱਤਰ ਮੈਂਬਰ ਵਜੋਂ ਸ਼ਾਮਿਲ ਸਨ। ਚੂੰਕਿ ਮੈਂ ਇੰਗਲੈਂਡ ਵਿੱਚ ਆਪਣੀ ਡਾਕਟਰੇਟ ਖੋਜ ਲਈ ਇਸ ਕਲਗੀ ਨੂੰ ਲੱਭਣ ਵਿੱਚ ਕੁਝ ਸਮਾਂ ਬਿਤਾਇਆ ਸੀ, ਇਸ ਲਈ ਮੈਨੂੰ ਵਾਪਸੀ ’ਤੇ ਕਮੇਟੀ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ। ਮੁੱਖ ਮੰਤਰੀ ਦੇ ਦਫਤਰ ਵਿੱਚ 5 ਅਕਤੂਬਰ, 1976 ਨੂੰ ਹੋਈ ਮੀਟਿੰਗ ਵਿੱਚ ਕਮੇਟੀ ਨੇ ਇਸ ਮਹੱਤਵਪੂਰਨ ਨਿਸ਼ਾਨੀ ਨੂੰ ਲੱਭਣ ਅਤੇ ਵਾਪਸ ਲਿਆਉਣ ਦੇ ਉਦੇਸ਼ ਨਾਲ ਹੋਰ ਖੋਜ ਕਰਨ ਦੇ ਤਰੀਕਿਆਂ ਅਤੇ ਸਾਧਨਾਂ ’ਤੇ ਗੰਭੀਰਤਾ ਸਹਿਤ ਵਿਚਾਰ-ਵਟਾਂਦਰਾ ਕੀਤਾ। ਮੈਨੂੰ ਹੈਰਾਨੀ ਹੋਈ ਕਿ ਮੁੱਖ-ਮੰਤਰੀ ਨੇ ਸੁਝਾਅ ਦਿੱਤਾ ਕਿ ਮੈਨੂੰ ਹੋਰ ਖੋਜ ਕਰਨ ਅਤੇ ਕਲਗੀ ਨੂੰ ਵਾਪਸ ਲਿਆਉਣ ਲਈ ਲੰਦਨ ਜਾਣਾ ਚਾਹੀਦਾ ਹੈ। ਚੂੰਕਿ ਮੈਂ ਯੂ.ਕੇ. ਵਿੱਚ ਆਪਣਾ ਖੇਤਰੀ ਕੰਮ ਪੂਰਾ ਕਰਨ ਤੋਂ ਬਾਅਦ ਹੁਣੇ ਹੀ ਵਾਪਸ ਆਇਆ ਸੀ ਅਤੇ ਆਪਣਾ ਡਾਕਟਰੇਟ ਦਾ ਥੀਸਿਸ ਪੂਰਾ ਕਰਨ ਲਈ ਉਤਸੁਕ ਸੀ, ਮੈਂ ਇਸ ਉਦਾਰ ਪੇਸ਼ਕਸ਼ ਨੂੰ ਸਵੀਕਾਰ ਕਰਨ ਵਿੱਚ ਆਪਣੀ ਅਸਮਰੱਥਾ ਜ਼ਾਹਿਰ ਕੀਤੀ।
ਕਲਗੀ ਵਿੱਚ ਮੇਰੀ ਦਿਲਚਸਪੀ ਅਚਾਨਕ ਉਦੋਂ ਮੁੜ ਸੁਰਜੀਤ ਹੋਈ ਜਦੋਂ ਸ਼੍ਰੋਮਣੀ ਕਮੇਟੀ ਨੇ ਸ. ਕਮਲਜੀਤ ਸਿੰਘ ਬੋਪਾਰਾਏ ਦੇ ਯਤਨਾਂ ਸਦਕਾ ਗੁੰਮ ਹੋਈ ਕਲਗੀ ਦੇ ਵਾਪਸ ਆਉਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਸ ਦੇ ਪ੍ਰਦਰਸ਼ਨ ਦਾ ਐਲਾਨ ਕੀਤਾ ਅਤੇ ਹੋਰ ਪਵਿੱਤਰ ਨਿਸ਼ਾਨੀਆਂ ਦੇ ਨਾਲ ਇਸ ਨੂੰ ਅਕਾਲ ਤਖ਼ਤ ’ਤੇ ਪ੍ਰਦਰਸ਼ਿਤ ਕੀਤਾ। ਜਿਵੇਂ ਹੀ ਕਲਗੀ ਦੀ ਪ੍ਰਮਾਣਿਕਤਾ ’ਤੇ ਵਿਵਾਦ ਖੜ੍ਹਾ ਹੋਇਆ, ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਰਿਪੋਰਟ ਦੇਣ ਲਈ ਵਿਦਵਾਨਾਂ ਦੀ ਇੱਕ ਕਮੇਟੀ ਬਣਾਈ। ਜਦੋਂ ਮੈਂ ਕਮੇਟੀ ਵਿੱਚ ਸੇਵਾ ਕਰਨ ਤੋਂ ਅਸਮਰੱਥਾ ਜ਼ਾਹਿਰ ਕੀਤੀ, ਤਾਂ ਮੇਰੇ ਪੁਰਾਣੇ ਅਧਿਆਪਕ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਮੈਨੂੰ ਜ਼ਿੰਮੇਵਾਰੀ ਕਬੂਲ ਕਰਨ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਗੁੰਝਲ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਲਈ ਮਨਾ ਲਿਆ। ਜਦੋਂ ਮੈਂ ਮੀਟਿੰਗ ਲਈ ਪਹੁੰਚਿਆ ਤਾਂ ਮੈਨੂੰ ਕਈ ਟੀਵੀ ਚੈਨਲਾਂ ਅਤੇ ਹੋਰ ਗੈਰ-ਮੈਬਰਾਂ ਨੂੰ ਪਹਿਲਾਂ ਹੀ ਬੈਠੇ ਅਤੇ ਮੁੱਦੇ ’ਤੇ ਚਰਚਾ ਕਰਦੇ ਹੋਏ ਵੇਖ ਕੇ ਹੈਰਾਨੀ ਹੋਈ। ਮੇਰੀ ਬੇਨਤੀ ’ਤੇ ਟੀਵੀ ਚੈਨਲ ਅਤੇ ਗ਼ੈਰ-ਮੈਂਬਰ ਕਮੇਟੀ ਰੂਮ ਤੋਂ ਬਾਹਰ ਚਲੇ ਗਏ ਤਾਂ ਜੋ ਇਸ ਮੁੱਦੇ ਦੀ ਗੰਭੀਰ ਅਤੇ ਅਰਥਪੂਰਨ ਚਰਚਾ ਅਤੇ ਹੱਲ ਨੂੰ ਯਕੀਨੀ ਬਣਾਇਆ ਜਾ ਸਕੇ। ਚੂੰਕਿ ਮੈਂ ਲੰਦਨ ਅਤੇ ਬਾਅਦ ਵਿੱਚ ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ, ਨਵੀਂ ਦਿੱਲੀ ਵਿਚ ਇਸ ਵਿਸ਼ੇ ’ਤੇ ਕੁਝ ਕੰਮ ਕਰ ਚੁੱਕਾ ਸਾਂ, ਇਸ ਲਈ ਮੈਂ ਸ੍ਰੀ ਬੋਪਾਰਾਏ ਨੂੰ ਇੱਕ ਸਧਾਰਨ ਸਵਾਲ ਪੁੱਛਿਆ ਕਿ ਇੰਗਲੈਂਡ ਵਿੱਚ ਲਾਰਡ ਡਲਹੌਜ਼ੀ ਦੇ ਵੰਸ਼ਜਾਂ ਕੋਲ ਪਈ ਇਹ ਕਲਗੀ ਡਾ. ਚੰਨਣ ਸਿੰਘ ਦੀ ਧੀ ਕੋਲ ਕੈਨੇਡਾ ਕਿਵੇਂ ਪਹੁੰਚੀ ਅਤੇ ਜਿਸ ਦੀ ਪ੍ਰਮਾਣਿਕਤਾ ਸ਼ੱਕੀ ਸੀ। ਕੋਈ ਵੀ ਤਰਕਪੂਰਨ ਜਵਾਬ ਦੇਣ ਦੀ ਬਜਾਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਕਲਗੀ ਲਾਹੌਰ ਵਿੱਚ ਰਾਜਕੁਮਾਰੀ ਬੰਬਾ ਦੇ ਸੰਗ੍ਰਹਿ ਤੋਂ ਮਿਲੀ ਸੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸੰਨ 2000 ਵਿੱਚ ਆਪਣੀ ਖੋਜਾਰਥੀਆਂ ਦੀ ਟੀਮ ਨਾਲ ਲਾਹੌਰ ਕਿਲ੍ਹੇ ਦੇ ਅਜਾਇਬ ਘਰ ਵਿੱਚ ਬੰਬਾ ਸੰਗ੍ਰਹਿ ਦੇਖਿਆ ਸੀ। ਮੈਂ ਉਨ੍ਹਾਂ ਨੂੰ ਇਸ ਸੰਗ੍ਰਹਿ ਦਾ ਛਪਿਆ ਕੈਟਾਲਾਗ ਵੀ ਦਿਖਾਇਆ, ਜਿਸ ਵਿੱਚ ਸਪੱਸ਼ਟ ਤੌਰ ’ਤੇ ਇਸ ਦਾ ਜ਼ਿਕਰ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਦੀ ਕਲਗੀ ਵਜੋਂ ਕੀਤਾ ਗਿਆ ਹੈ ਜਿਸ ਵਿੱਚ ਹੇਠ ਲਿਖੇ ਵੇਰਵੇ ਹਨ:
ਸਰ ਬੰਦ : 77 ਛੋਟੇ ਅਤੇ 6 ਦਰਮਿਆਨੇ ਆਕਾਰ ਦੇ ਫੁੱਲਾਂ ਨਾਲ ਸੈੱਟ, ਸੋਨੇ ਦੀ ਪਲੇਟ ’ਚ, ਅੱਠ ਪੱਤੀਆਂ ਦੇ ਨਾਲ, ਹਰੇਕ ਪੱਤੀ ਫਿਰੋਜ਼ੀ ਨਾਲ ਜੁੜੀ ਹੋਈ; ਇੱਕ ਟਿੱਕਾ ਭਾਰ 10 ਤੋਲਾ ਸੋਨਾ, ਜਿਸ ਵਿੱਚ 100 ਕੈਰੇਟ ਦੇ ਦਸ ਪੈਂਡੈਂਟ ਹਨ; ਇੱਕ ਕਲਗੀ ਅਤੇ ਦੋ ਠੋਸ ਸੋਨੇ ਦੇ ਬੱਕਲ- ਟਿੱਕਾ ਅਤੇ ਕਲਗੀ ਹੀਰਿਆਂ ਨਾਲ ਭਰਪੂਰ ਹਨ।
ਅਸਲ ਕੈਟਾਲਾਗ ਦੇਖਣ ਅਤੇ ਉਸ ਵਿਚ ਦਿੱਤੇ ਵੇਰਵੇ ਪੜ੍ਹਨ ਤੋਂ ਬਾਅਦ ਬੋਪਾਰਾਇ ਅਤੇ ਉਨ੍ਹਾਂ ਦੇ ਸਾਥੀ ਸ੍ਰ. ਹਰਪ੍ਰੀਤ ਸਿੰਘ ਸਿੱਧੂ ਨੂੰ ਆਪਣਾ ਬਚਾਅ ਕਰਨਾ ਮੁਸ਼ਕਿਲ ਹੋ ਗਿਆ। ਗੱਲਬਾਤ ਜਾਰੀ ਰੱਖਣ ਦੀ ਬਜਾਇ ਉਹ ਅਚਾਨਕ ਮੀਟਿੰਗ ਵਿਚੋਂ ਚਲੇ ਗਏ। ਕਮੇਟੀ ਦੇ ਪ੍ਰਧਾਨ ਅਤੇ ਹੋਰ ਮੈਂਬਰ ਸੰਤੁਸ਼ਟ ਸਨ ਕਿ ਮੈਂ ਤੱਥਾਂ ਦੇ ਆਧਾਰ ’ਤੇ ਬੋਪਾਰਾਇ ਅਤੇ ਉਸ ਦੀ ਟੀਮ ਦੇ ਬੇਬੁਨਿਆਦ ਦਾਅਵਿਆਂ ਨੂੰ ਖਾਰਜ ਕੀਤਾ ਹੈ। ਇਹ ਯਕੀਨੀ ਬਣਾਉਣ ਲਈ ਕਿ ਇਹ ਮੁੱਦਾ ਮੁੜ ਨਾ ਉੱਭਰੇ, ਮੈਂ ਕਮੇਟੀ ਦੇ ਅਧਿਕਾਰੀਆਂ ਨੂੰ ‘ਕਲਗੀ’ ਲਿਆਉਣ ਦੀ ਬੇਨਤੀ ਕੀਤੀ ਤਾਂ ਜੋ ਸਾਰੇ ਮੈਂਬਰ ਇਸ ਨੂੰ ਆਪਣੇ ਆਪ ਦੇਖ-ਪਰਖ ਸਕਣ ਕਿ ਕੀ ਇਹ ਕਲਗੀ ਗੁਰੂ ਸਾਹਿਬ ਦੀ ਹੋ ਸਕਦੀ ਹੈ। ਸਾਰੇ ਮੈਂਬਰਾਂ ਦੀ ਸੰਤੁਸ਼ਟੀ ਹੋਣ ਤੋਂ ਬਾਅਦ ਮੇਰੀ ਬੇਨਤੀ ’ਤੇ ਇਸ ਵਿਵਾਦਿਤ ਕਲਗੀ ਨੂੰ ਮਾਲਖਾਨੇ ਭੇਜ ਦਿੱਤਾ ਗਿਆ।
ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਨੂੰ ਲੰਦਨ ਭੇਜਣ ਅਤੇ ਡਲਹੌਜ਼ੀ ਪਰਿਵਾਰ ਰਾਹੀਂ 9 ਜੂਨ, 1898 ਨੂੰ ਲੰਦਨ ਵਿੱਚ ਇੱਕ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕਰਨ ਲਈ ਦੱਖਣੀ ਕੇਨਸਿੰਗਟਨ ਮਿਊਜ਼ੀਅਮ ਨੂੰ ਉਧਾਰ ਦੇਣ ਦੇ ਵਿਕਟੋਰੀਆ ਅਤੇ ਅਲਬਰਟ ਮਿਊਜ਼ੀਅਮ ਦੀ ਡਾਇਰੈਕਟਰ ਨੇ ਉਸ ਸਾਰੇ ਖਤੋ-ਖਿਤਾਬ ਦੀ ਨਕਲ ਮੈਨੂੰ ਭੇਜੀ, ਜਿਸ ਤੋਂ ਇਹ ਗਲ ਬਹੁਤ ਸਾਫ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਦੀ ਪਵਿੱਤਰ ਕਲਗੀ ਲਾਰਡ ਡਲਹੌਜ਼ੀ ਨੇ ਬਰਤਾਨੀਆ ਭੇਜੀ ਤੇ ਇਹ ਉਨ੍ਹਾਂ ਦੇ ਪਰਿਵਾਰ ਕੋਲ ਸੁਰੱਖਿਅਤ ਸੀ। ਮਿਊਜ਼ੀਅਮ ਦੇ ਰਿਕਾਰਡ ਵਿੱਚ ਅੱਜ ਵੀ ਇਸ ਗੱਲ ਦਾ ਸਬੂਤ ਹੈ ਕਿ ਇਹ ਪਵਿੱਤਰ ਕਲਗੀ ਤੇ ਹੋਰ ਬੇਸ਼ਕਿਮਤੀ ਨਿਸ਼ਾਨੀਆਂ ਲਾਰਡ ਡਲਹੌਜੀ ਦੇ ਪਰਿਵਾਰਕ ਮੈਂਬਰ ਡਬਲਿਊ.ਐਚ. ਬਰਾਊਨ ਨੇ 9 ਜੂਨ 1898 ਨੂੰ ਕੈਨਜ਼ਿੰਗਟਨ ਮਿਊਜ਼ੀਅਮ (ਅੱਜਕਲ੍ਹ ਵਿਕਟੋਰੀਆ ਅਤੇ ਅਲਬਰਟ ਮਿਊਜ਼ੀਅਮ) ਨੂੰ ਉਧਾਰ ਦਿੱਤੀ। ਪਰ ਨਾ ਤਾਂ ਇਸ ਪਵਿੱਤਰ ਕਲਗੀ ਦੀ ਵਾਪਸੀ ਅਤੇ ਨਾ ਹੀ ਇਸ ਦੀ ਨਿਲਾਮੀ ਸੰਬੰਧੀ ਕੋਈ ਸਬੂਤ ਮਿਲਦਾ ਹੈ ਤਾਂ ਇਹ ਕਲਗੀ ਕਿੱਥੇ ਹੈ, ਇਹ ਬੁਝਾਰਤ ਅਜੇ ਤੱਕ ਅਣਸੁਲਝੀ ਹੈ।

  • ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਅਤੇ ਭਾਰਤ ਸਰਕਾਰ ਦੇ ਘੱਟਗਿਣਤੀ ਵਿੱਦਿਅਕ ਸੰਸਥਾਵਾਂ ਲਈ ਰਾਸ਼ਟਰੀ ਕਮਿਸ਼ਨ ਦੇ ਸਾਬਕਾ ਮੈਂਬਰ।

Loading