ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਬੰਧੀ ਉੱਤਰੀ ਕੈਲੀਫ਼ੋਰਨੀਆ ਦੇ ਗੁਰਦੁਆਰਿਆਂ ਵੱਲੋਂ ਗੁਰਦੁਆਰਾ ਸਾਹਿਬ ਫ਼ਰੀਮਾਂਟ ਵਿਖੇ ਵਿਸ਼ੇਸ਼ ਸਮਾਗਮ

In ਅਮਰੀਕਾ
December 04, 2025

ਫ਼ਰੀਮਾਂਟ/ਏ.ਟੀ.ਨਿਊਜ਼: ਮਨੁੱਖੀ ਅਧਿਕਾਰਾਂ ਦੇ ਲਾਸਾਨੀ ਰਹਿਬਰ ਅਤੇ ਧਰਮ ਦੀ ਰਾਖੀ ਲਈ ਕੁਰਬਾਨੀ ਦੀ ਮਹਾਨ ਤੇ ਅਨੋਖੀ ਮਿਸਾਲ ਪੇਸ਼ ਕਰਨ ਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕੈਲੀਫ਼ੋਰਨੀਆ ਦੇ ਗੁਰਧਾਮਾਂ ਵੱਲੋਂ ਗੁਰਦੁਆਰਾ ਸਾਹਿਬ ਫ਼ਰੀਮਾਂਟ ਵਿਖੇ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਿੱਖਾਂ ਦੇ ਨੌਵੇਂ ਗੁਰੂ ਹੋਏ ਹਨ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪੋਤਰੇ, ਚਾਰ ਸ਼ਹੀਦ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ) ਦੇ ਦਾਦਾ ਜੀ; ‘ਸੂਰਬੀਰ ਬਚਨ ਕੇ ਬਲੀ’ ਮੀਰੀ ਪੀਰੀ ਦੇ ਮਾਲਕ ਯੋਧੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਅਤੇ ‘‘ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ ਜੀ/1105) ਵਚਨਾਂ ਨੂੰ ਅਮਲੀ ਜੀਵਨ ਵਿੱਚ ਪਹਿਰਾ ਦੇਣ ਵਾਲੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਹੋਣ ਦਾ ਮਾਣ ਹਾਸਲ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਸੰਸਾਰ ਇਤਿਹਾਸ ਦੇ ਪਹਿਲੇ ਧਾਰਮਿਕ ਮਹਾਨ ਗੁਰੂ ਹਨ ਜਿਨ੍ਹਾਂ ਨੇ ਸਰਬ-ਧਾਰਮਿਕ ਆਜ਼ਾਦੀ ਦੀ ਰੱਖਿਆ ਲਈ, ਨਿਰਦੋਸ਼ਾਂ ਦੇ ਹੱਕ ਅਤੇ ਨਿਆਂ ਲਈ, ਆਪਣੀ ਜਾਨ ਨਿਛਾਵਰ ਕਰ ਦੇਣ ਦਾ ਵਰਨਣ ਕੀਤਾ। ਉਨ੍ਹਾਂ ਦੀ ਕੁਰਬਾਨੀ ਮਨੁੱਖਤਾ ਨੂੰ ਹੌਸਲੇ, ਸੱਚਾਈ ਅਤੇ ਵਿਸ਼ਵ ਮਨੁੱਖੀ ਅਧਿਕਾਰਾਂ ਵੱਲ ਮਾਰਗਦਰਸ਼ਨ ਕਰਦੀ ਰਹਿੰਦੀ ਹੈ। ਬੁਲਾਰਿਆਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖੀ ਨੂੰ ਨਵਾਂ ਆਤਮਬਲ ਦਿੱਤਾ। ਉਹਨਾਂ ਨੇ ਧਰਮ ਦੀ ਆਜ਼ਾਦੀ ਲਈ ਆਵਾਜ਼ ਉੱਚੀ ਕੀਤੀ, ਔਰੰਗਜ਼ੇਬ ਦੀ ਜ਼ਬਰਦਸਤੀ ਤਾਕਤ ਦਾ ਮੁਕਾਬਲਾ ਧੀਰਜ ਨਾਲ ਕੀਤਾ ਅਤੇ ਆਉਣ ਵਾਲੀ ਪੀੜ੍ਹੀ ਨੂੰ ਹਿੰਮਤ, ਸੱਚਾਈ ਅਤੇ ਅਟੱਲਤਾ ਸਿਖਾਈ।
ਸਮਾਗਮ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਪੱਛਮੀ ਤੱਟ (ਵੈਸਟ ਕੋਸਟ) ਦੇ ਗੁਰਧਾਮਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਰਲ ਕੇ ਵੈਸਟ ਕੋਸਟ ਕਮੇਟੀ ਨੂੰ ਸੰਗਠਿਤ ਕਰਨ ਦਾ ਉਪਰਾਲਾ ਕਰਨ ਤਾਂ ਜੋ ਪੰਥ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਨੌਜਵਾਨਾਂ ਨੂੰ ਗਲਤ ਰਾਹਾਂ ਤੇ ਭਟਕਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਭਾਈ ਜਸਵਿੰਦਰ ਸਿੰਘ ਜੰਡੀ ਨੇ ਇਸ ਸਮਾਗਮ ਦੀ ਸਫ਼ਲਤਾ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਲਈ ਭਾਈ ਤਰਸੇਮ ਸਿੰਘ ਟਲੇਰੀ, ਹਰਨੇਕ ਸਿੰਘ ਅਟਵਾਲ ਸਟਾਕਟਨ, ਚਰਨਜੀਤ ਸਿੰਘ ਸਮਰਾ ਐਲ ਸੋਬਰਾਂਟੇ, ਭਾਈ ਜਸਵੰਤ ਸਿੰਘ ਹੋਠੀ ਏਜੀਪੀਸੀ, ਭਾਈ ਮਨਜੀਤ ਸਿੰਘ ਸਿੱਖ ਫ਼ੈਡਰੇਸ਼ਨ ਅਤੇ ਡਾਕਟਰ ਪ੍ਰਿਤਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।

ਸਮਾਗਮ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਅਮਰੀਕਾ ਵਿੱਚ ਚਲ ਰਹੀਆਂ ਵੱਖ-ਵੱਖ ਚੁਣੌਤੀਆਂ ਅਤੇ ਮੁੱਦਿਆਂ ਬਾਰੇ ਵੱਖ ਵੱਖ ਮਤੇ ਪਾਸ ਕੀਤੇ ਗਏ:
ਪਹਿਲੇ ਮਤੇ ਵਿੱਚ ਕਿਹਾ ਗਿਆ ਕਿ ਗੁਰਦੁਆਰਾ ਸਾਹਿਬਾਨ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀਆਂ ਧਰਾਤਲ ਨਾਲ ਜੁੜੀਆਂ ਸੰਸਥਾਵਾਂ ਹਨ ਅਤੇ ਅਸੀਂ ਹਰ ਕਿਸਮ ਦੀ ਗੈਂਗਸਟਰਵਾਦੀ ਗਤੀਵਿਧੀਆਂ — ਜਿਵੇਂ ਹਿੰਸਾ, ਧਮਕੀਆਂ, ਜਬਰ-ਵਸੂਲੀ, ਅਗਵਾ, ਨਸ਼ਾ ਤਸਕਰੀ ਜਾਂ ਫ਼ਰਾਰ ਅਪਰਾਧ ਦੀ ਸਖ਼ਤੀ ਨਾਲ ਨਿੰਦਾ ਕਰਦੇ ਹਾਂ, ਭਾਵੇਂ ਉਹ ਸਿੱਖ ਕੌਮ ਦੇ ਕਿਸੇ ਵਿਅਕਤੀ ਵੱਲੋਂ ਹੋਣ ਜਾਂ ਕਿਸੇ ਹੋਰ ਭਾਈਚਾਰੇ ਵੱਲੋਂ ਇਹ ਨਿੰਦਣਯੋਗ ਹਨ।
ਅਜਿਹੀਆਂ ਕਾਰਵਾਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਬਿਲਕੁਲ ਵਿਰੁੱਧ ਹਨ, ਜਿੱਥੇ ਸੱਚ, ਦਇਆ, ਨਿਮਰਤਾ ਅਤੇ ਸ਼ਾਂਤੀ ਨਾਲ ਜੀਵਨ ਜੀਊਣ ਦੀ ਪ੍ਰੇਰਣਾ ਦਿੱਤੀ ਗਈ ਹੈ। ਸਿੱਖ ਧਰਮ ਕਿਸੇ ਵੀ ਕਿਸਮ ਦੀ ਨਫ਼ਰਤ, ਅਨਿਆਂ ਜਾਂ ਦੂਜੇ ਨੂੰ ਨੁਕਸਾਨ ਪਹੁੰਚਾਉਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਇਸ ਲਈ ਗਲਤ ਅਨਸਰਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਵੀ ਇਸ ਤੋਂ ਕਿਨਾਰਾ ਕਰਨ ਦੀ ਬੇਨਤੀ ਕੀਤੀ ਗਈ ਕਿਉਂਕਿ ਇਹ ਸਭ ਕੁੱਝ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਸੋਚੀ-ਸਮਝੀ ਚਾਲ ਹੈ ਜਿਸ ਵਿੱਚ ਭਾਰਤ ਸਰਕਾਰ ਸਿੱਧੇ ਰੂਪ ਵਿੱਚ ਸ਼ਾਮਿਲ ਹੈ।
ਇੱਕ ਹੋਰ ਮਤੇ ਵਿੱਚ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਨੌਜਵਾਨਾਂ ਅਤੇ ਸਾਰੀ ਸੰਗਤ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਸਾਡੇ ਗੁਰੂਆਂ ਦੀ ਸਿੱਖਿਆ ਅਨੁਸਾਰ ਨੇਕੀ, ਸਿੱਖਿਆ ਅਤੇ ਇਮਾਨਦਾਰ ਜੀਵਨ (ਕਿਰਤ ਕਰਨੀ) ਦੇ ਰਸਤੇ ’ਤੇ ਚੱਲਣ। ਅਸੀਂ ਪਰਿਵਾਰਾਂ, ਬਜ਼ੁਰਗਾਂ ਅਤੇ ਭਾਈਚਾਰੇ ਦੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਨੌਜਵਾਨਾਂ ਨੂੰ ਨਾਸ਼ਨੁਮਾਈ ਪ੍ਰਭਾਵਾਂ ਤੋਂ ਬਚਾ ਕੇ, ਚੰਗੇ, ਅਧਿਆਤਮਿਕ ਅਤੇ ਰਚਨਾਤਮਕ ਜੀਵਨ ਵੱਲ ਪ੍ਰੇਰਿਤ ਕਰਨ।

Loading