ਸ੍ਰੀ ਦਰਬਾਰ ਸਾਹਿਬ ਫਿਰਕੂਆਂ, ਨਸਲਵਾਦੀਆਂ ਦੇ ਨਿਸ਼ਾਨੇ ਉੱਪਰ ਕਿਉਂ?

In ਪੰਜਾਬ
August 19, 2025

ਪੰਥਕ ਹਲਚਲ

ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਏ.ਆਈ. ਤਕਨੀਕ ਨਾਲ ਬਣਾਈ ਗਈ ਇੱਕ ਝੂਠੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਸ ਰੂਹਾਨੀ ਅਸਥਾਨ ਨੂੰ ਹੜ੍ਹਾਂ ਦੇ ਪਾਣੀ ਨਾਲ ਢਹਿ-ਢੇਰੀ ਹੁੰਦਾ ਵਿਖਾਇਆ ਗਿਆ ਹੈ। ਇਹ ਵੀਡੀਓ ‘ਗੁਡ ਫਾਰਮਰ’ ਫਾਰਮ ਏ 17’ ਨਾਂ ਦੇ ਇੱਕ ਸੋਸ਼ਲ ਮੀਡੀਆ ਪੇਜ ਤੋਂ ਅਪਲੋਡ ਕੀਤੀ ਗਈ ਹੈ, ਜਿਸ ਨਾਲ ਲੱਖਾਂ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਹਨ ਅਤੇ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਨੂੰ ਗੰਭੀਰ ਮਾਮਲਾ ਦੱਸਦੇ ਹੋਏ ਸਰਕਾਰ ਨੂੰ ਨਵੇਂ ਕਾਨੂੰਨ ਬਣਾਉਣ ਅਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪ੍ਰਬੰਧਕਾਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੰਗ ਕੀਤੀ ਹੈ ਕਿ ਇਸ ਪੇਜ ਨੂੰ ਤੁਰੰਤ ਹਟਾਇਆ ਜਾਵੇ ਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਮਾਮਲਾ ਪਿਛਲੇ ਕੁਝ ਸਾਲਾਂ ਤੋਂ ਵਧ ਰਹੇ ਏ.ਆਈ. ਤਕਨੀਕ ਨਾਲ ਹੋ ਰਹੇ ਧਾਰਮਿਕ ਬੇਅਦਬੀ ਦੇ ਮਾਮਲਿਆਂ ਦੀ ਇੱਕ ਨਵੀਂ ਕੜੀ ਹੈ। ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ 13 ਅਗਸਤ ਨੂੰ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਇੱਕ ਵਿਸਥਾਰਤ ਸ਼ਿਕਾਇਤ ਭੇਜੀ ਹੈ, ਜਿਸ ਵਿੱਚ ਵੀਡੀਓ ਦੇ ਸਕਰੀਨ ਸ਼ਾਟ ਅਤੇ ਫੋਟੋ ਕਾਪੀਆਂ ਸ਼ਾਮਲ ਹਨ। ਧੰਗੇੜਾ ਨੇ ਕਿਹਾ, ‘ਸ੍ਰੀ ਦਰਬਾਰ ਸਾਹਿਬ ਸਰਬ ਸਾਂਝੀਵਾਲਤਾ ਦਾ ਕੇਂਦਰੀ ਸਥਾਨ ਹੈ। ਇੱਥੇ ਰੋਜ਼ਾਨਾ ਲੱਖਾਂ ਸੰਗਤਾਂ ਦਰਸ਼ਨ ਅਤੇ ਇਸ਼ਨਾਨ ਲਈ ਆਉਂਦੀਆਂ ਹਨ। ਪਰ ਸ਼ਰਾਰਤੀ ਅਨਸਰਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਏਆਈ ਨਾਲ ਛੇੜਛਾੜ ਵਾਲੀਆਂ ਤਸਵੀਰਾਂ ਅਤੇ ਵੀਡੀਓ ਅਪਲੋਡ ਕੀਤੀਆਂ ਜਾ ਰਹੀਆਂ ਹਨ, ਜੋ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ ਬਲਕਿ ਸਮਾਜ ਵਿੱਚ ਵਿਵਾਦ ਪੈਦਾ ਕਰਦੀਆਂ ਹਨ। ਇਸ ਵੀਡੀਓ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਦੋ ਹਿੱਸਿਆਂ ਵਿੱਚ ਟੁੱਟਦੇ ਅਤੇ ਹੜ੍ਹਾਂ ਨਾਲ ਨੁਕਸਾਨ ਵਿਖਾਇਆ ਗਿਆ ਹੈ, ਜੋ ਬਹੁਤ ਮੰਦਭਾਗਾ ਹੈ।’
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਮਲੇ ਨੂੰ ਸਾਈਬਰ ਕਰਾਈਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਅਪਲੋਡ ਕਰਨ ਵਾਲੇ ਵਿਅਕਤੀ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਨਾ ਸਿਰਫ਼ ਧਾਰਮਿਕ ਬੇਅਦਬੀ ਹੈ ਬਲਕਿ ਸਮਾਜ ਵਿੱਚ ਅਸ਼ਾਂਤੀ ਫੈਲਾਉਣ ਦੀ ਸਾਜ਼ਿਸ਼ ਵੀ ਹੋ ਸਕਦੀ ਹੈ।
ਪਰ ਸਵਾਲ ਉੱਠ ਰਿਹਾ ਹੈ ਕਿ ਪੁਲਿਸ ਅਸਲ ਅਪਰਾਧੀਆਂ ਨੂੰ ਕਿਉਂ ਨਹੀਂ ਫੜ ਸਕੀ? ਪਿਛਲੇ ਮਹੀਨਿਆਂ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵੀ ਮਿਲੀਆਂ ਸਨ, ਪਰ ਅਜੇ ਤੱਕ ਕੋਈ ਦੋਸ਼ੀ ਗ੍ਰਿਫ਼ਤਾਰ ਨਹੀਂ ਹੋਇਆ। ਜੁਲਾਈ 2025 ਵਿੱਚ ਤਾਂ ਇੱਕ ਹਫ਼ਤੇ ਵਿੱਚ ਨੌਂ ਧਮਕੀ ਵਾਲੇ ਈਮੇਲ ਆਏ ਸਨ, ਜਿਨ੍ਹਾਂ ਦੇ ਆਈ.ਪੀ. ਐਡਰੈੱਸ ਟਰੈਕ ਕੀਤੇ ਗਏ ਸਨ, ਪਰ ਨਤੀਜਾ ਅਜੇ ਵੀ ਜ਼ੀਰੋ ਹੈ।
ਇਸ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ, ‘ਏ.ਆਈ. ਤਕਨੀਕ ਨਾਲ ਹੋ ਰਹੀ ਗਲਤ ਵਰਤੋਂ ਭਵਿੱਖ ਵਿੱਚ ਸਾਡੇ ਸਮਾਜਿਕ ਤਾਣੇ-ਬਾਣੇ ਅਤੇ ਸਾਂਝੀਵਾਲਤਾ ਲਈ ਬਹੁਤ ਖ਼ਤਰਨਾਕ ਹੈ। ਗਲਤ ਅਨਸਰ ਇਸ ਨੂੰ ਭਾਈਚਾਰਿਆਂ ਵਿੱਚ ਕੁੜੱਤਣ ਪੈਦਾ ਕਰਨ ਲਈ ਵਰਤ ਰਹੇ ਹਨ, ਜੋ ਫਿਰਕੂ ਸੋਚ ਨੂੰ ਉਤਸ਼ਾਹਿਤ ਕਰੇਗੀ। ਸਰਕਾਰਾਂ ਨੂੰ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਅਜੇ ਤੱਕ ਅਜਿਹੇ ਕਾਨੂੰਨ ਨਹੀਂ ਲਿਆ ਰਹੀਆਂ। ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ।’ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਵਿੱਚ ਸਿੱਖ ਗੁਰੂਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਬਾਰੇ ਵੀ ਏ.ਆਈ. ਵੀਡੀਓ ਅਤੇ ਫੋਟੋਆਂ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜੋ ਧਰਮ ਨੂੰ ਬਦਨਾਮ ਕਰ ਰਹੀਆਂ ਹਨ।
ਗਿਆਨੀ ਰਘਬੀਰ ਸਿੰਘ ਨੇ ਵੀ ਇਸ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ, ‘ਹਾਲ ਹੀ ਵਿੱਚ ਅਜਿਹੀ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਢਾਹਿਆ ਵਿਖਾਇਆ ਗਿਆ ਹੈ। ਅਸੀਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੰਗ ਕੀਤੀ ਹੈ ਕਿ ਅਜਿਹੇ ਵੀਡੀਓ ਬਣਾਉਣ ਵਾਲਿਆਂ ਵਿਰੁੱਧ ਢੁੱਕਵੀਂ ਕਾਰਵਾਈ ਕੀਤੀ ਜਾਵੇ। ਸਿੱਖ ਧਰਮ ਨੂੰ ਨਿਸ਼ਾਨਾ ਬਣਾਉਣ ਵਾਲੇ ਇਹ ਅਨਸਰ ਸਾਂਝੀਵਾਲਤਾ ਨੂੰ ਤੋੜਨਾ ਚਾਹੁੰਦੇ ਹਨ।’
ਇਸ ਵੀਡੀਓ ਪਿੱਛੇ ਮਨੋਰਥ ਕੀ ਹੈ? ਕੌਣ ਬਣਾ ਰਿਹਾ ਹੈ ਅਤੇ ਵਾਇਰਲ ਕਰ ਰਿਹਾ ਹੈ? ਇਹ ਸਵਾਲ ਪੰਥਕ ਮਾਨਸਿਕਤਾ ਵਿੱਚ ਗੂੰਜ ਰਹੇ ਹਨ। ਸ੍ਰੀ ਦਰਬਾਰ ਸਾਹਿਬ ਫਿਰਕੂ ਅਤੇ ਨਸਲਵਾਦੀ ਅਨਸਰਾਂ ਨੂੰ ਕਿਉਂ ਰਾਸ ਨਹੀਂ ਆ ਰਿਹਾ? ਇਹ ਅਸਥਾਨ ਸਿੱਖ ਧਰਮ ਦਾ ਕੇਂਦਰ ਹੀ ਨਹੀਂ ਬਲਕਿ ਸਾਰੀਆਂ ਜਾਤਾਂ-ਧਰਮਾਂ ਲਈ ਸਾਂਝੀਵਾਲਤਾ ਦਾ ਪ੍ਰਤੀਕ ਹੈ। ਫਿਰ ਵੀ ਇਸ ਤੇ ਵਾਰ-ਵਾਰ ਹਮਲੇ ਕਿਉਂ ਹੋ ਰਹੇ ਹਨ? ਇਤਿਹਾਸ ਨੂੰ ਵੇਖੀਏ ਤਾਂ ਸ੍ਰੀ ਦਰਬਾਰ ਸਾਹਿਬ ’ਤੇ ਕਈ ਵਾਰ ਹਮਲੇ ਹੋਏ ਹਨ। 18ਵੀਂ ਸਦੀ ਵਿੱਚ ਅਫ਼ਗਾਨ ਹਮਲਾਵਰਾਂ ਨੇ ਕਈ ਵਾਰ ਇਸ ਨੂੰ ਲੁੱਟਿਆ ਅਤੇ ਨੁਕਸਾਨ ਪਹੁੰਚਾਇਆ। ਅਹਿਮਦ ਸ਼ਾਹ ਅਬਦਾਲੀ ਨੇ 1762 ਵਿੱਚ ਇਸ ਨੂੰ ਤੋਪਾਂ ਨਾਲ ਉਡਾਇਆ ਸੀ, ਪਰ ਸਿੱਖ ਪੰਥ ਨੇ ਇਸ ਨੂੰ ਮੁੜ ਬਣਾਇਆ। 1955 ਵਿੱਚ ਭਾਰਤ ਸਰਕਾਰ ਨੇ ਪੰਜਾਬੀ ਸੂਬੇ ਦੀ ਮੰਗ ਤੇ ਅੰਦੋਲਨ ਨੂੰ ਦਬਾਉਣ ਲਈ ਪੁਲੀਸ ਨਾਲ ਹਮਲਾ ਕੀਤਾ, ਜਿਸ ਵਿੱਚ ਟੀਅਰ ਗੈਸ ਸ਼ੈੱਲ ਵਰਤੇ ਗਏ ਅਤੇ ਕਈ ਸਿੱਖ ਜ਼ਖਮੀ ਹੋਏ।
ਸਭ ਤੋਂ ਭਿਆਨਕ ਮਾਮਲਾ 1984 ਦਾ ਘਲੂਘਾਰਾ ਸੀ, ਜਦੋਂ ਇੰਦਰਾ ਗਾਂਧੀ ਦੀ ਸਰਕਾਰ ਨੇ ਫੌਜ ਨਾਲ ਹਮਲਾ ਕੀਤਾ। 1 ਤੋਂ 8 ਜੂਨ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਸੈਂਕੜੇ ਸਿੱਖ ਮਾਰੇ ਗਏ ਅਤੇ ਅਕਾਲ ਤਖ਼ਤ ਸਾਹਿਬ ਨੂੰ ਨੁਕਸਾਨ ਪਹੁੰਚਿਆ। ਹਾਲੀਆ ਸਾਲਾਂ ਵਿੱਚ ਵੀ ਦਰਬਾਰ ਸਾਹਿਬ ਨੂੰ ਖਤਮ ਕਰਨ ਦੀਆਂ ਧਮਕੀਆਂ ਜਾਰੀ ਹਨ। ਜੁਲਾਈ 2025 ਵਿੱਚ ਬੰਬ ਧਮਕੀ ਵਾਲੇ ਈਮੇਲ ਆਏ। ਸ਼੍ਰੋਮਣੀ ਗੁਰਦੁਆੜਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਏ.ਆਈ. ਪਲੇਟਫਾਰਮਾਂ ’ਤੇ ਗਲਤ ਜਾਣਕਾਰੀ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਮਿਸਇੰਫਰਮੇਸ਼ਨ ਨੂੰ ਰੋਕਿਆ ਜਾਵੇ।
ਪਰ ਸਵਾਲ ਇਹ ਹੈ ਕਿ ਅਸਲ ਅਪਰਾਧੀ ਕੌਣ ਹਨ ? ਅਤੇ ਪੁਲਿਸ ਕਿਉਂ ਨਹੀਂ ਫੜ ਸਕਦੀ? ਏ.ਆਈ. ਨਾਲ ਹੁਣ ਇਹ ਹਮਲੇ ਡਿਜੀਟਲ ਰੂਪ ਲੈ ਰਹੇ ਹਨ, ਜੋ ਵੱਡਾ ਖ਼ਤਰਾ ਹੈ। ਐੱਸ.ਜੀ.ਪੀ.ਸੀ. ਨੇ ਏ.ਆਈ. ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਗਲਤ ਜਾਣਕਾਰੀ ਨੂੰ ਰੋਕਣ ਲਈ ਵੀ ਅਪੀਲ ਕੀਤੀ ਹੈ।
ਸਿੱਖ ਸਮਾਜ ਵਿੱਚ ਇਸ ਨੂੰ ਲੈ ਕੇ ਗੁੱਸਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਨਵੇਂ ਕਾਨੂੰਨ ਬਣਾਏ। ਏ.ਆਈ. ਨੂੰ ਨਿਯੰਤਰਿਤ ਕਰਨ ਲਈ ਭਾਰਤ ਵਿੱਚ ਅਜੇ ਕੋਈ ਮਜ਼ਬੂਤ ਕਾਨੂੰਨ ਨਹੀਂ ਹੈ, ਜੋ ਇੱਕ ਵੱਡੀ ਘਾਟ ਹੈ। ਅਜਿਹੇ ਅਨਸਰਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ, ਨਹੀਂ ਤਾਂ ਭਵਿੱਖ ਵਿੱਚ ਵੱਡੇ ਵਿਵਾਦ ਪੈਦਾ ਹੋ ਸਕਦੇ ਹਨ।

Loading