ਸ੍ਰੀ ਦਰਬਾਰ ਸਾਹਿਬ ਬਾਹਰ ਸੇਵਾ ਦੌਰਾਨ ਸੁਖਬੀਰ ਬਾਦਲ ‘ਤੇ ਚੱਲੀ ਗੋਲ਼ੀ

In ਮੁੱਖ ਖ਼ਬਰਾਂ
December 04, 2024
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ 'ਤੇ ਫ਼ਾਇਰਿੰਗ ਹੋ ਗਈ ਹੈ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਤਹਿਤ ਦੂਜੇ ਦਿਨ ਦੀ ਸੇਵਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਵਜੋਂ ਬੈਠੇ ਹੋਏ ਸਨ। ਇਸ ਦੌਰਾਨ ਕਿਸੇ ਵੱਲੋਂ ਸੁਖਬੀਰ ਬਾਦਲ 'ਤੇ ਗੋਲ਼ੀ ਚਲਾ ਦਿੱਤੀ ਗਈ ਹੈ। ਸੇਵਾਦਾਰਾਂ ਦੀ ਚੌਕਸੀ ਕਾਰਨ ਗੋਲ਼ੀ ਉਨ੍ਹਾਂ ਦੇ ਨਹੀਂ ਲੱਗੀ। ਮੌਕੇ ਤੋਂ ਹੀ ਗੋਲ਼ੀ ਚਲਾਉਣ ਵਾਲੇ ਨੂੰ ਕਾਬੂ ਕਰ ਲਿਆ ਗਿਆ। ਇਸ ਹਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਕ ਸ਼ਖ਼ਸ ਸਾਹਮਣੇ ਤੋਂ ਸੁਖਬੀਰ ਬਾਦਲ ਵੱਲ ਵੱਧਦਾ ਹੈ। ਇਕ ਸੇਵਾਦਾਰ ਵੱਲੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ। ਇੰਨੇ ਨੂੰ ਉਹ ਸ਼ਖ਼ਸ ਪਿਸਤੌਲ ਕੱਢ ਕੇ ਸੁਖਬੀਰ ਬਾਦਲ ਵੱਲ ਕਰਨ ਹੀ ਲੱਗਦਾ ਹੈ ਕਿ ਇਕ ਸੇਵਾਦਾਰ ਵੱਲੋਂ ਉਸ ਨੂੰ ਤੁਰੰਤ ਫੜ ਲਿਆ ਜਾਂਦਾ ਹੈ ਤੇ ਪਿਸਤੌਲ ਉੱਪਰ ਨੂੰ ਕਰ ਦਿੱਤੀ ਜਾਂਦੀ ਹੈ। ਇਸ ਕਾਰਨ ਜਦੋਂ ਗੋਲ਼ੀ ਚੱਲੀ ਤਾਂ ਪਿਸਤੌਲ ਦਾ ਰੁਖ ਉੱਪਰ ਨੂੰ ਹੋ ਗਿਆ ਤੇ ਸੁਖਬੀਰ ਬਾਦਲ ਵਾਲ-ਵਾਲ ਬੱਚ ਗਏ। ਇਸ ਹਮਲੇ ਦੇ ਨਾਲ ਹੀ ਇੰਟੈਲੀਜੈਂਸ ਏਜੰਸੀਆਂ 'ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਸੁਖਬੀਰ ਬਾਦਲ ਇਸ ਵੇਲੇ ਦੇਸ਼ ਦੇ ਵੱਡੇ ਸਿੱਖ ਆਗੂ ਹਨ ਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਕਾਰਨ 2 ਦਿਨ ਤੋਂ ਜਨਤਕ ਥਾਵਾਂ 'ਤੇ ਬੈਠ ਰਹੇ ਹਨ। ਇਸ ਦੌਰਾਨ ਸੁਖਬੀਰ ਬਾਦਲ ਦੀ ਸੁਰੱਖਿਆ ਲਈ ਪੰਜਾਬ ਪੁਲਸ ਦੇ ਨਾਲ-ਨਾਲ ਕੇਂਦਰੀ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਸੀ।

Loading