ਸ੍ਰੀ ਅਨੰਦਪੁਰ ਸਾਹਿਬ/ਏ.ਟੀ.ਨਿਊਜ਼: ਸਾਊਦੀ ਅਰਬ ਦੇ ਹੋਟਲ ਦੀ ਦੀਵਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਸਾਊਦੀ ਅਰਬ ਦੇ ਅਲ-ਕੁਰਿਆਦ ਸ਼ਹਿਰ ਦੇ ਇੱਕ ਹੋਟਲ ਗੋਲਡ ਡੋਮ ਰੈਸਟੋਰੈਂਟ ਦੇ ਆਲੇ-ਦੁਆਲੇ ਅਤੇ ਬਾਹਰਲੀਆਂ ਦੀਵਾਰਾਂ ਉੱਤੇ ਸੱਖਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਸਰਬੱਤ ਦਾ ਭਲਾ ਗਰੁੱਪ ਦੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਬੈਂਸ ਅਤੇ ਸੰਦੀਪ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਕੀਤੇ ਗਏ ਸਾਂਝੇ ਯਤਨਾਂ ਨਾਲ ਉਤਾਰ ਦਿੱਤੀਆਂ ਗਈਆਂ ਹਨ।
ਜਸਵਿੰਦਰ ਸਿੰਘ ਬੈਂਸ ਅਤੇ ਸੰਦੀਪ ਖ਼ਾਲਸਾ ਨੇ ਦੱਸਿਆ ਕਿ ਉਹ ਸਾਊਦੀ ਅਰਬ ਦੇ ਅਲ-ਕੁਰਿਆਦ ਸ਼ਹਿਰ ਵਿੱਚ ਬਣਾਏ ਗਏ ਗੋਲਡਨ ਡੋਮ ਰੈਸਟੋਰੈਂਟ ਦਾ ਆਕਾਰ ਸੱਖਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਬਣਾਇਆ ਗਿਆ ਸੀ ਅਤੇ ਇਸ ਹੋਟਲ ਦੇ ਬਾਹਰ ਆਲੇ-ਦੁਆਲੇ ਅਤੇ ਬਾਹਰਲੀਆਂ ਦੀਵਾਰਾਂ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ।
ਇਥੇ ਹੀ ਬਸ ਨਹੀਂ ਇਸ ਹੋਟਲ ਵਿੱਚ ਮੀਟ ਅਤੇ ਤਬਾਕੂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਸ ਦੀ ਸੂਚਨਾ ਗਰੁੱਪ ਨੂੰ ਮਿਲੀ ਤਾਂ ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ, ਪੰਜਾਬ ਸਰਕਾਰ ਅਤੇ ਸੰਤਾਂ-ਮਹਾਂਪੁਰਸ਼ਾ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਦੇ ਹੱਲ ਲਈ ਕੌਮਾਂਤਰੀ ਪੱਧਰ ’ਤੇ ਯਤਨ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਊਦੀ ਅਰਬ ਸਰਾਫਤ ਖ਼ਾਨੇ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਦੇ ਹੱਲ ਲਈ ਢੁੱਕਵੇਂ ਯਤਨ ਕਰਨ ਦੀ ਹਦਾਇਤ ਵੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਇੱਕ ਵਫ਼ਦ ਲੈ ਕੇ ਸਾਊਦੀ ਅਰਬ ਦੇ ਹੋਟਲ ਦੇ ਮਾਲਕ ਸ਼ੇਖ ਨੂੰ ਵੀ ਮਿਲੇ ਅਤੇ ਫਿਰ ਉਕਤ ਸ਼ੇਖ ਨਾਲ ਸਹਿਮਤੀ ਬਣਾ ਕੇ ਉਸ ਨੂੰ ਤਸਵੀਰਾਂ ਅਤੇ ਹੋਰ ਲੋੜੀਂਦਾ ਖ਼ਰਚਾ ਦੇ ਕੇ ਜੇ. ਸੀ. ਬੀ. ਦੀ ਮਦਦ ਨਾਲ ਪੰਜਾਬੀ ਨੌਜਵਾਨਾਂ ਵੱਲੋਂ ਇਹ ਤਸਵੀਰਾਂ ਲਾਹ ਦਿੱਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਹੋਟਲ ’ਤੇ ਬੀਤੇ 7 ਸਾਲਾਂ ਤੋਂ ਲੱਗੀਆਂ ਸਨ ਅਤੇ ਉਨ੍ਹਾਂ ਵੱਲੋਂ ਦੋ ਮਹੀਨੇ ਪਹਿਲਾਂ ਇਨ੍ਹਾਂ ਨੂੰ ਹੋਟਲ ਤੋਂ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰ ਸੇਵਾ ਵਿੱਚ ਸਫ਼ਲਤਾ ਹਾਸਲ ਕੀਤੀ। ਬੈਂਸ ਅਤੇ ਖ਼ਾਲਸਾ ਨੇ ਕਿਹਾ ਕਿ ਫਿਰ ਇਨ੍ਹਾਂ ਤਸਵੀਰਾਂ ਦਾ ਸਿੱਖ ਰੀਤੀ-ਰਿਵਾਜਾਂ ਨਾਲ ਦਾਹ ਸਸਕਾਰ ਕਰਕੇ ਰਾਖ ਨੂੰ ਸਮੁੰਦਰ ਵਿੱਚ ਜਲ-ਪ੍ਰਵਾਹ ਕਰ ਦਿੱਤਾ ਗਿਆ। ਦੋਵੇਂ ਨੌਜਵਾਨਾਂ ਵੱਲੋਂ ਸਹਿਯੋਗ ਲਈ ਸਾਰੀਆਂ ਸਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ ਗਿਆ।
ਜਦੋਂ ਇਸ ਦੀ ਸੂਚਨਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਸ੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਨੂੰ ਮਿਲੀ ਤਾਂ ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਇਨ੍ਹਾਂ ਨੌਜਵਾਨਾਂ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਜਿਨ੍ਹਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਿਆ ਅਤੇ ਆਪਣੀ ਕਿਰਤ ਕਮਾਈ ਵਿੱਚੋਂ ਇੱਕ ਵੱਡੀ ਰਾਸ਼ੀ ਸਾਊਦੀ ਅਰਬ ਸ਼ੇਖ ਨੂੰ ਵੀ ਅਦਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਨੌਜਵਾਨਾਂ ਦਾ ਪੰਜਾਬ ਆਉਣ ’ਤੇ ਵਿਸ਼ੇਸ਼ ਸਨਮਾਨ ਕਰੇਗੀ।
![]()
