ਡਾ. ਪੂਰਨ ਚੰਦ
ਆਫ਼ਤ ਨੂੰ ਮੌਕੇ ਵਿੱਚ ਬਦਲਣਾ ਹੀ ਜੀਵਨ ਦੀ ਚੁਣੌਤੀ ਹੈ। ਪਰਿਵਾਰ, ਸਮਾਜ ਤੇ ਦੇਸ਼ ਦੇ ਸਾਹਮਣੇ ਸੰਕਟ ਵਰਗੀ ਸਥਿਤੀ ਪੈਦਾ ਹੋ ਜਾਣੀ ਇੱਕ ਆਮ ਗੱਲ ਹੈ। ਜੋ ਇਹ ਸੋਚਦਾ ਹੈ ਕਿ ਵੱਡੀਆਂ-ਵੱਡੀਆਂ ਮੁਸੀਬਤਾਂ ਤਾਂ ਆਉਣਗੀਆਂ ਹੀ, ਉਹ ਵਿਅਕਤੀ ਹੀ ਉਨ੍ਹਾਂ ’ਤੇ ਕਾਬੂ ਪਾ ਸਕਦਾ ਹੈ। ਜੋ ਇਨ੍ਹਾਂ ਮੁਸੀਬਤਾਂ ਦੇ ਸਾਹਮਣੇ ਹੋਣ ’ਤੇ ਇਹ ਮੰਨਣ ਲੱਗ ਪੈਂਦਾ ਹੈ ਕਿ ਹੁਣ ਕੁਝ ਨਹੀਂ ਹੋ ਸਕਦਾ ਤੇ ਉਹ ਕੋਸ਼ਿਸ਼ ਕਰਨੀ ਛੱਡ ਦੇਵੇ ਤਾਂ ਉਸ ਦਾ ਹਾਰਨਾ ਤੈਅ ਹੋ ਜਾਂਦਾ ਹੈ।
ਭਾਰਤ ਇੱਕ ਨਵਾਂ ਅਧਿਆਇ
2025 ਦਾ ਆਖਰੀ ਪੜਾਅ ਇੱਕ ਮਹੱਤਵਪੂਰਨ ਮੋੜ ’ਤੇ ਸਮਾਪਤ ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੀ ਸ਼ਕਤੀ ਪਰਖਣ ਲਈ ਸਾਲ ਦੀ ਸ਼ੁਰੂਆਤ ’ਚ 50% ਟੈਰਿਫ ਲਾ ਕੇ ਆਰਥਿਕ ਮੋਰਚੇ ’ਤੇ ਸਾਡੀ ਸਮਰੱਥਾ ਦੇ ਮੁਲਾਂਕਣ ਦੀ ਕੋਸ਼ਿਸ਼ ਕੀਤੀ, ਸੋਚਿਆ ਹੋਵੇਗਾ ਕਿ ਭਾਰਤ ਡਗਮਗਾ ਜਾਵੇਗਾ, ਉੱਥੇ ਹੀ ਦੂਜੇ ਪਾਸੇ ਏਨੇ ਲੰਬੇ ਸਮੇਂ ਤੱਕ ਸਾਡੀ ਸਹਿਣਸ਼ੀਲਤਾ ਤੇ ਬਰਦਾਸ਼ਤ ਕਰਨ ਦੀ ਤਾਕਤ ਦਾ ਜਾਇਜ਼ਾ ਲੈਣ ਮਗਰੋਂ ਦਸੰਬਰ ’ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਭਾਰਤ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੱਥ ਮਿਲਾਉਣਾ ਭਵਿੱਖ ਵਿੱਚ ਕੁਝ ਵੀ ਉਲਟਫੇਰ ਹੋਣ ਦਾ ਸੰਕੇਤ ਹੈ। ਇਹ ਨਾ ਸਿਰਫ਼ ਇਤਿਹਾਸਕ ਸਾਂਝੇਦਾਰੀ ਦਾ ਪ੍ਰਤੀਕ ਹੈ, ਸਗੋਂ ਅਮਰੀਕਾ ਦੀ ਦਬਾਅ ਵਾਲੀ ਨੀਤੀ ਨੂੰ ਭਾਰਤ ਦੁਆਰਾ ਅਸਫ਼ਲ ਸਿੱਧ ਕਰਨਾ ਵੀ ਹੈ। ਇਹ ਸਾਡੀ ਰਣਨੀਤਕ ਜਿੱਤ ਹੈ, ਕਿਉਂਕਿ ਕੋਈ ਨਾ ਤਾਂ ਇਸ ਤਰ੍ਹਾਂ ਗਲੇ ਮਿਲਦਾ ਹੈ ਤੇ ਨਾ ਹੀ ਕਿਸੇ ਪ੍ਰਤੀ ਬੇਰੁਖ਼ੀ ਦਿਖਾਉਂਦਾ ਹੈ। ਅਮਰੀਕਾ ਤੇ ਰੂਸ ਦੋਵੇਂ ਵਿਸ਼ਵ ਸ਼ਕਤੀਆਂ ਹੋਣ ਦਾ ਦਾਅਵਾ ਕਰਦੇ ਰਹਿੰਦੇ ਹਨ। ਇਸ ਸਿਲਸਿਲੇ ’ਚ ਉਹ ਉਨ੍ਹਾਂ ਦੇਸ਼ਾਂ ਨਾਲ ਸੰਪਰਕ ਕਰਨ ਲਗਦੇ ਹਨ, ਜਿਹੜੇ ਭਵਿੱਖ ’ਚ ਉਨ੍ਹਾਂ ਨੂੰ ਪਛਾੜ ਸਕਦੇ ਹਨ। ਚੀਨ ਇੱਕ ਉਦਾਹਰਨ ਹੈ, ਜੋ ਆਪਣੇ ਸਰੋਤਾਂ ਦੀ ਬਦੌਲਤ ਵਿਸ਼ਵ ’ਚ ਇਨ੍ਹਾਂ ਦੇਸ਼ਾਂ ਨੂੰ ਪਛਾੜਨ ਦੇ ਮੌਕੇ ਲੱਭਦਾ ਰਹਿੰਦਾ ਹੈ। ਇਹ ਕੋਈ ਆਮ ਗੱਲ ਨਹੀਂ ਹੈ ਕਿ ਅਮਰੀਕਾ ਨੇ ਅੜੀਅਲ ਰੁਖ਼ ਅਪਣਾਉਣ ’ਚ ਕੋਈ ਕਸਰ ਨਹੀਂ ਛੱਡੀ ਤੇ ਭਾਰਤ ਨੇ ਨਿਮਰਤਾ ਨਾਲ ਉਸ ਨੂੰ ਸੰਦੇਸ਼ ਦੇਣ ’ਚ ਕੋਈ ਕੁਤਾਹੀ ਨਹੀਂ ਕੀਤੀ, ਕਿ ਭਾਰਤ ਵੀ ਇੱਕ ਵੱਡਾ ਖਿਡਾਰੀ ਬਣਨ ਵੱਲ ਵਧ ਰਿਹਾ ਹੈ। ਇਸ ਲਈ ਟਰੰਪ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਉਸ ਨੇ ‘ਪਹਿਲਾਂ ਭਾਰਤ’ ਦਾ ਨਾਅਰਾ ਦੇਸ਼ ਵਾਸੀਆਂ ਦੇ ਦਿਲ ਤੇ ਦਿਮਾਗ ’ਚ ਬਿਠਾ ਦਿੱਤਾ। ਸਾਡੇ ਜਿਹੜੇ ਖੇਤਰ ਪ੍ਰਭਾਵਿਤ ਹੋ ਰਹੇ ਸੀ, ਉਨ੍ਹਾਂ ’ਚ ਕੱਪੜਾ ਉਦਯੋਗ, ਗਹਿਣੇ ਉਦਯੋਗ, ਦਵਾਈ ਉਦਯੋਗ ਤੇ ਖੇਤੀ ’ਚ ਨਿਰਯਾਤ ’ਤੇ 30-35% ਦੀ ਕਮੀ ਦਾ ਅਨੁਮਾਨ ਲਾਇਆ ਜਾ ਰਿਹਾ ਸੀ, ਜੋ ਇਕ ਬਹੁਤ ਵੱਡੀ ਗਿਰਾਵਟ ਜਾਂ ਆਫ਼ਤ ਦਾ ਸੰਕੇਤ ਸੀ। ਇਸ ਸਮੇਂ ਨੂੰ ਮੌਕੇ ’ਚ ਬਦਲਣ ਲਈ ਸਰਕਾਰ ਨੇ ਵਪਾਰੀਆਂ, ਉਦਯੋਗਪਤੀਆਂ ਤੇ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਨੂੰ ਆਤਮਨਿਰਭਰ ਬਣਨ ਦਾ ਸੰਕਲਪ ਦਿੱਤਾ, ਜਿਸ ਦਾ ਨਤੀਜਾ ਇੱਕ ਨਵੀਂ ਊਰਜਾ ਤੇ ਵਿਸ਼ਵਾਸ ਦੇ ਰੂਪ ’ਚ ਸਾਹਮਣੇ ਆਇਆ। ਅਸੀਂ ਅਜਿਹੀਆਂ ਸਥਿਤੀਆਂ ਨੂੰ ਮੌਕਿਆਂ ’ਚ ਬਦਲਣ ਦੇ ਸਮਰੱਥ ਹਾਂ, ਇਹੀ ਗੱਲ ਸਮਝਣ ’ਚ ਟਰੰਪ ਨੇ ਭੁੱਲ ਕੀਤੀ। ਭਾਰਤ ਦੇ ਵਣਜ ਮੰਤਰੀ ਸ੍ਰੀ ਪੀਊਸ਼ ਗੋਇਲ ਦਾ ਇਹ ਕਹਿਣਾ ਹੀ ਕਾਫ਼ੀ ਸੀ ਕਿ ਅਸੀਂ ਝੁਕਾਂਗੇ ਨਹੀਂ, ਸਗੋਂ ਨਵੇਂ ਬਾਜ਼ਾਰਾਂ ਵੱਲ ਵਧਾਂਗੇ। ਇਸ ਪ੍ਰਕਿਰਿਆ ’ਚ ਯੂਰਪ, ਜਾਪਾਨ, ਅਫਰੀਕਾ ਤੇ ਵੀਅਤਨਾਮ ਵਰਗੇ ਦੇਸ਼ਾਂ ਨਾਲ ਵਪਾਰਕ ਸਮਝੌਤੇ ਕੀਤੇ ਗਏ। ਇਸ ਤਰ੍ਹਾਂ ਅਮਰੀਕਾ ਦੀ ਪ੍ਰਵਾਹ ਨਾ ਕਰਦੇ ਹੋਏ ਭਾਰਤ-ਰੂਸ ਵਪਾਰ ਲਗਭਗ 70 ਅਰਬ ਡਾਲਰ ਤੱਕ ਪਹੁੰਚ ਗਿਆ, ਜਿਸ ਨੂੰ ਆਉਣ ਵਾਲੇ ਸਾਲਾਂ ’ਚ ਦੁੱਗਣਾ-ਤਿੱਗਣਾ ਕੀਤੇ, ਬਿਨਾਂ ਅਮਰੀਕਾ ਨਾਲ ਮੁਕਾਬਲਾ ਕਰਨ ਸੰਭਵ ਨਹੀਂ ਹੈ।
ਖੋਜ ਕਾਰਜ ਤੇ ਵਿਕਾਸ
ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਕਰਨਾ ਹੋਵੇਗਾ ਕਿ ਆਰ ਐਂਡ ਡੀ ਮਤਲਬ ਖੋਜ ਤੇ ਤਕਨਾਲੋਜੀ ਵਿਕਾਸ ’ਤੇ ਜੀ.ਡੀ.ਪੀ. ਦਾ ਖ਼ਰਚ 5% ਕਰਨਾ ਹੋਵੇਗਾ, ਖ਼ਾਸ ਕਰਕੇ ਸੈਮੀਕੰਡਕਟਰ ਤੇ ਬਿਜਲਈ ਉਪਕਰਨਾਂ ਦੇ ਖੇਤਰ ’ਚ ਉਤਪਾਦਨ ਨੂੰ ਬੜ੍ਹਾਵਾ ਦੇਣ ਲਈ ਤਾਂ ਕਿ ਵਿਸ਼ਵ ਪੱਧਰ ’ਤੇ ਕੰਮ ਕਰ ਰਹੀਆਂ ਕੰਪਨੀਆਂ ਭਾਰਤ ਵਿੱਚ ਉਪਲਬਧ ਸਹੂਲਤਾਂ ਨੂੰ ਭਰੋਸੇਮੰਦ ਸਮਝਣ ਤੇ ਇੱਥੇ ਆਉਣ। ਇਹੀ ਇਕ ਰਸਤਾ ਹੈ ਜੋ ਦੇਸ਼ ਨੂੰ ਉਤਪਾਦਨ ਹੱਬ ਬਣਾ ਸਕਦਾ ਹੈ। ਸਾਡੀ ਜੋ ਸਪਲਾਈ ਚੇਨ ਹੈ, ਉਸ ਦਾ ਸਾਡੇ ’ਤੇ ਨਿਰਭਰ ਹੋਣਾ ਹੀ ਸਾਨੂੰ ਆਰਥਿਕ ਦ੍ਰਿਸ਼ਟੀ ਤੋਂ ਬਿਹਤਰ ਬਣਾ ਸਕਦਾ ਹੈ ਤੇ ਆਤਮਨਿਰਭਰ ਬਣਾ ਸਕਦਾ ਹੈ। ਅਮਰੀਕਾ ਦੁਆਰਾ ਟੈਰਿਫ ਲਾ ਕੇ ਸਾਨੂੰ ਕਮਜ਼ੋਰ ਕਰ ਸਕਣਾ ਸੰਭਵ ਨਹੀਂ ਹੈ। ਆਪਣੀ ਤਕਨਾਲੋਜੀ ’ਤੇ ਆਧਾਰਿਤ ਉਤਪਾਦਨ ਜਾਰੀ ਰੱਖਣਾ ਤੇ ਸਾਡੀਆਂ ਵਿਗਿਆਨਕ ਪ੍ਰਯੋਗਸ਼ਾਲਾਵਾਂ ਤੇ ਵਿਗਿਆਨੀਆਂ ਦੁਆਰਾ ਵਿਕਸਿਤ ਤਕਨੀਕ ਦੀ ਵਰਤੋਂ ਇਸ ਦੀ ਪਹਿਲੀ ਸ਼ਰਤ ਹੈ। ਅਜਿਹੀ ਤਕਨੀਕ ਜੋ ਵਿਸ਼ਵ ’ਚ ਕਿਸੇ ਕੋਲ ਨਹੀਂ ਹੈ ਤੇ ਉਹ ਵੀ ਬਹੁਤ ਘੱਟ ਕੀਮਤ ’ਚ ਉਪਲਬਧ ਹੋਣਾ ਸਾਡੀ ਵਿਸ਼ੇਸ਼ਤਾ ਹੈ। ਬਦਕਿਸਮਤੀ ਇਹ ਵੀ ਰਹੀ ਹੈ ਕਿ ਦਹਾਕਿਆਂ ਤੱਕ ਸਰਕਾਰਾਂ ਨੇ ਵਿਦੇਸ਼ੀ ਤਕਨਾਲੋਜੀ ’ਤੇ ਭਰੋਸਾ ਕੀਤਾ ਪਰ ਪਿਛਲੇ ਕੁਝ ਸਾਲਾਂ ’ਚ ਜਿਸ ਤਰ੍ਹਾਂ ਸਵਦੇਸ਼ੀ ਤਕਨੀਕ ਦੀ ਵਰਤੋਂ ਕਰਕੇ ਭਾਰਤ ਨੇ ਦੁਨੀਆ ਨੂੰ ਹੈਰਾਨ ਕੀਤਾ, ਉਸ ਤੋਂ ਸਪੱਸ਼ਟ ਹੈ ਕਿ ਉਹ ਸ਼ਕਤੀਆਂ ਜੋ ਸਾਡੇ ’ਤੇ ਭਾਰੂ ਰਹਿੰਦੀਆਂ ਸਨ, ਉਨ੍ਹਾਂ ਦੇ ਦਿਨ ਹੁਣ ਸਮਾਪਤ ਹੋਏ, ਕਿਉਂਕਿ ਇਹ ਨਵਾਂ ਭਾਰਤ ਹੈ ਜਿਸ ਦੇ ਨਾਗਰਿਕ ਮੌਕਾ ਮਿਲਣ ’ਤੇ ਚੌਕਾ ਮਾਰਨ ਦੇ ਸਮਰੱਥ ਹਨ। ਇਸ ਦੌਰਾਨ ਜਦ ਪੁਤਿਨ ਭਾਰਤ ਆਉਂਦੇ ਹਨ ਤੇ ਜਿਸ ਤਰ੍ਹਾਂ ਦੀ ਨੇੜਤਾ ਦਿਖਾਉਂਦੇ ਹਨ, ਉਸ ਤੋਂ ਇਹ ਵਿਸ਼ਵਾਸ ਤਾਂ ਹੋ ਹੀ ਜਾਂਦਾ ਹੈ ਕਿ ਇਹ ਸਿਰਫ਼ ਇੱਕ ਰਸਮੀ ਕਾਰਵਾਈ ਜਾਂ ਕਿਸੇ ਵੱਡੀ ਸ਼ਕਤੀ ਦੁਆਰਾ ਆਪਣਾ ਦਬਦਬਾ ਕਾਇਮ ਕਰਨ ਦੀ ਕਵਾਇਦ ਨਹੀਂ, ਸਗੋਂ ਬਰਾਬਰੀ ਦੇ ਆਧਾਰ ’ਤੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਹੈ। ਵਾਰਤਾ ਚਾਹੇ ਫ਼ੌਜੀ ਉਪਕਰਨਾਂ ਦੀ ਹੋਵੇ ਜਾਂ ਊਰਜਾ ਦੀ, ਦੋਵੇਂ ਦੇਸ਼ਾਂ ਵੱਲੋਂ ਇੱਕ-ਦੂਜੇ ਨਾਲ ਲੰਬੇ ਸਮੇਂ ਲਈ ਸਾਂਝੇਦਾਰੀ ਬਣਾਉਣਾ ਇੱਕ ਪਾਸੇ ਏਸ਼ੀਆ ’ਚ ਅਮਰੀਕਾ ਦਾ ਦਬਦਬਾ ਘਟਾਉਣਾ ਹੈ ਤੇ ਨਾਲ ਹੀ ਭਾਰਤ ਵੱਲੋਂ ਇਨ੍ਹਾਂ ਦੇਸ਼ਾਂ ਦੀ ਅਗਵਾਈ ਕਰਨਾ ਵੀ ਹੈ। ਬਹੁਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਮਜ਼ਬੂਤ ਸਥਿਤੀ ’ਚ ਹੋਵੇਗਾ ਤਾਂ ਇਹ ਅਮਰੀਕਾ ਨੂੰ ਅਲੱਗ-ਥਲੱਗ ਕਰ ਸਕਦਾ ਹੈ। ਇਹੀ ਨਹੀਂ, ਚੀਨ ਦਾ ਬਦਲ ਵੀ ਬਣ ਸਕਦਾ ਹੈ। ਕਹਿ ਸਕਦੇ ਹਾਂ ਕਿ 2026 ’ਚ ਭਾਰਤ ਵਿਸ਼ਵਵਿਆਪੀ ਅਰਥਵਿਵਸਥਾ ’ਚ ਇੱਕ ਨਵਾਂ ਮਾਡਲ ਬਣ ਸਕਦਾ ਹੈ।
ਬੁਨਿਆਦੀ ਫਰਕ
ਇਹ ਵੀ ਧਿਆਨ ’ਚ ਰੱਖਣਾ ਹੋਵੇਗਾ ਕਿ ਅਮਰੀਕਾ ’ਚ ਪੂੰਜੀਵਾਦੀ ਤੇ ਰੂਸ ’ਚ ਸਮਾਜਵਾਦ ਆਧਾਰਤ ਰਾਜਨੀਤਕ ਤੇ ਸਮਾਜਿਕ ਵਿਵਸਥਾ ਹੈ। ਇਨ੍ਹਾਂ ’ਚੋਂ ਕਿਸੇ ਨੂੰ ਵੀ ਅਪਣਾਉਣਾ ਭਾਰਤ ਦੇ ਹਿੱਤ ਵਿੱਚ ਨਹੀਂ ਹੈ। ਸਾਡਾ ਪਰਿਵਾਰਕ, ਸਮਾਜਿਕ ਤੇ ਇਤਿਹਾਸਕ ਪਿਛੋਕੜ ਇਨ੍ਹਾਂ ਦੋਵਾਂ ਤੋਂ ਵੱਖਰਾ ਹੈ। ਸਾਡੀ ਆਸਥਾ ਸਾਰੀਆਂ ਆਰਥਿਕ ਸਰਗਰਮੀ ਨੂੰ ਪ੍ਰਭਾਵਿਤ ਕਰਦੀ ਹੈ। ਇਹੀ ਕਾਰਨ ਹੈ ਕਿ ਰਾਜਿਆਂ ਦੇ ਸਮੇਂ ਤੋਂ ਲੈ ਕੇ ਅੱਜ ਦੇ ਲੋਕਤੰਤਰ ਤੱਕ ਧਾਰਮਿਕ ਸਥਾਨਾਂ ਦਾ ਨਿਰਮਾਣ ਹੋਰ ਜ਼ਰੂਰੀ ਸਥਾਨਾਂ ਜਿਵੇਂ ਕਿ ਸਕੂਲ, ਹਸਪਤਾਲ ਆਦਿ ਦੇ ਨਾਲ-ਨਾਲ ਹੁੰਦਾ ਰਿਹਾ ਹੈ। ਇਸ ਤਰ੍ਹਾਂ ਧਾਰਮਿਕ ਪੂਜਾ-ਪਾਠ ਮਗਰੋਂ ਹੀ ਕਿਸੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਪੂੰਜੀਵਾਦੀ ਜਾਂ ਸਮਾਜਵਾਦੀ ਦੇਸ਼ਾਂ ’ਚ ਅਜਿਹੀ ਕੋਈ ਪਰੰਪਰਾ ਨਾ ਹੋਣ ਕਰਕੇ ਉਹ ਅਕਸਰ ਸਾਡੇ ’ਤੇ ਢੋਂਗੀ, ਪਖੰਡੀ ਜਾਂ ਕੱਟੜਪੰਥੀ ਹੋਣ ਦਾ ਦੋਸ਼ ਲਾ ਕੇ ਖ਼ੁਦ ਸਰਬੋਤਮ ਹੋਣ ਦਾ ਦਿਖਾਵਾ ਕਰਦੇ ਹਨ। ਉਹ ਇਹ ਨਹੀਂ ਜਾਣਦੇ ਕਿ ਸਾਡੀ ਇਹੀ ਪਛਾਣ ਹੈ ਤੇ ਅਸੀਂ ਇਸੇ ਕਾਰਨ ਉਨ੍ਹਾਂ ਨਾਲੋਂ ਬਰਾਬਰੀ ਜਾਂ ਬਿਹਤਰੀ ਦਾ ਦਾਅਵਾ ਕਰਦੇ ਹਾਂ। ਇਸ ਲਈ ਟਰੰਪ ਦਾ ਧੰਨਵਾਦ ਕਿ ਉਨ੍ਹਾਂ ਨੇ ਭਾਰਤ ਨੂੰ ਸਵੈ-ਨਿਰਭਰ ਬਣਨ ਦਾ ਤੋਹਫ਼ਾ ਦਿੱਤਾ। ਇਸੇ ਤਰ੍ਹਾਂ ਪੁਤਿਨ ਦਾ ਵੀ ਧੰਨਵਾਦ, ਕਿ ਉਨ੍ਹਾਂ ਨੇ ਪੁਰਾਣੀ ਮਿੱਤਰਤਾ ਨੂੰ ਨਵਾਂ ਜੀਵਨ ਦੇ ਕੇ ਅਹਿਸਾਸ ਦਿਵਾਇਆ ਕਿ ਅਮਰੀਕਾ ਨਾਲ ਵਪਾਰ ਜ਼ੋਖ਼ਮ ਭਰਿਆ ਤੇ ਰੂਸ ਨਾਲ ਵਿਹਾਰਕ ਸੰਬੰਧਾਂ ’ਤੇ ਆਧਾਰਿਤ ਹੋ ਸਕਦਾ ਹੈ। ਹੁਣ ਅਮਰੀਕਾ ਦੀ ਬਜਾਏ ਭਾਰਤੀ ਰੂਸ ਤੇ ਚੀਨ ਵਿੱਚ ਪੜ੍ਹਾਈ ਤੋਂ ਲੈ ਕੇ ਉੱਥੇ ਵਸਣ ਦੇ ਸੁਪਨੇ ਦੇਖਣ ਲੱਗੇ ਹਨ। ਇਹ ਅਮਰੀਕਾ ਲਈ ਚਿੰਤਾ ਦਾ ਕਾਰਨ ਹੋ ਸਕਦਾ ਹੈ ਪਰ ਸਾਡੇ ਲਈ ਇਹ ਸੰਕਟ ਇੱਕ ਮੌਕੇ ਦੇ ਬਰਾਬਰ ਹੈ।
![]()
